Saturday, February 20, 2016

JNU ਦਾ ਮਾਮਲਾ ਹੋਰ ਭਖਿਆ-ਲੁਧਿਆਣਾ ਵਿੱਚ ਵੀ ਰੋਸ ਵਖਾਵਾ

ਖੱਬੀਆਂ ਧਿਰਾਂ ਨੇ ਕੀਤੀ ਰੋਸ ਰੈਲੀ ਅਤੇ ਵਿਸ਼ਾਲ ਮਾਰਚ 
ਲੁਧਿਆਣਾ 20 ਫ਼ਰਵਰੀ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ  ਹੋਈ ਨਾਅਰੇਬਾਜ਼ੀ ਅਤੇ ਕੁਝ ਘਟਨਾਵਾਂ ਮਗਰੋਂ ਭਖਿਆ ਵਿਵਾਦ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਇਹ ਲੜਾਈ ਹੁਣ ਖੱਬੀਆਂ ਸੈਕੁਲਰ ਧਿਰਾਂ ਅਤੇ ਭਾਜਪਾ ਦਰਮਿਆਨ  ਹੈ। ਭਾਜਪਾ ਵਾਲੇ ਖੱਬੀਆਂ ਧਿਰਾਂ  ਅਤੇ  ਗੱਦਾਰ ਆਖ  ਰਹੇ ਹਨ ਅਤੇ  ਖੱਬੇ  ਨਾਲ ਜੁੜੇ ਆਗੂ ਭਾਜਪਾ ਨੂੰ ਫਾਸ਼ੀ ਦੱਸਦੇ ਹੋਏ ਹਿਟਲਰ ਨਾਲ ਜੋੜ ਰਹੇ ਹਨ। ਅੱਜ ਲੁਧਿਆਣਾ ਵਿੱਚ ਖੱਬੀਆਂ ਧਿਰਾਂ ਨੇ ਜ਼ੋਰਦਾਰ ਰੋਸ ਵਖਾਵਾ ਕਰਨ ਲਈ ਭਾਈ  ਨੇੜੇ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿੱਚ ਭਰਵੀਂ ਰੋਸ  ਰੈਲੀ ਕੀਤੀ ਅਤੇ ਮਗਰੋਂ ਜਗਰਾਓਂ ਪੁਲ 'ਤੇ ਬਣੀ ਸ਼ਹੀਦੀ ਯਾਦਗਾਰ ਤੱਕ ਜੋਸ਼ੀਲਾ ਰੋਸ ਮਾਰਚ ਵੀ ਕੀਤਾ।  ਆਗੂਆਂ ਦੇ ਮੁਤਾਬਿਕ ਅਚਾਨਕ ਐਲਾਨੇ ਪ੍ਰੋਗਰਾਮ ਕਾਰਨ ਵਰਕਰਾਂ ਦੀ ਗਿਣਤੀ ਜਿਆਦਾ ਨਹੀਂ ਸੀ ਪਰ ਜਿਹੜੇ ਆਏ ਸਨ ਓਹ  ਪੂਰੇ ਜਾਹੋ ਜਲਾਲ ਵਿੱਚ ਸਨ। ਮਾਰਚ ਸ਼ਾਂਤਮਈ ਸੀ ਪਰ ਫਿਰ ਵੀ ਪੁਲਿਸ ਦੀ ਭਾਰੀ ਫੋਰਸ ਨਾਲ ਨਾਲ ਰਹੀ।  
ਦੇਸ਼ ਵਿੱਚ ਆਰ ਐਸ ਐਸ ਅਤੇ ਭਾਜਪਾ ਦੇ ਵਧ ਰਹੇ ਫ਼ਾਸ਼ੀਵਾਦੀ ਰੁਝਾਨ ਦੇ ਖ਼ਿਲਾਫ਼ ਫ਼ਿਰਕਾਪ੍ਰਸਤੀ ਵਿਰੋਧੀ ਸਾਂਝਾ ਮੰਚ ਵਲੋ ਇੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਰੈਲੀ ਕਰਕੇ ਤੇ  ਉਪਰੰਤ ਜਗਰਾਓ ਤੱਕ ਜਲੂਸ ਕੱਢ ਕੇ ਕਾਮਰੇਡ ਕਨ੍ਹਈਆ ਕੁਮਾਰ ਦੀ ਬਿਨਾ ਸ਼ਰਤ ਰਿਹਾਈ ਦੀ ਮੰਗ ਕੀਤੀ। ਬੁਲਾਰਿਆਂ ਨੇ ਯਾਦ ਕਰਾਇਆ ਕਿ ਅੱਜ  ਦੇ ਹੀ ਦਿਨ ਇੱਕ ਸਾਲ ਪਹਿਲਾਂ ਫ਼ਾਸ਼ੀਵਾਦੀ ਸ਼ਕਤੀਆਂ ਵਲੋ ਕਾਮਰੇਡ ਗੋਵਿੰਦ ਪੰਸਰੇ ਨੁੰ ਸ਼ਹੀਦ ਕੀਤਾ ਗਿਆ ਸੀ। ਉਹਨਾਂ ਸ਼ਕਤੀਆਂ ਵਲੋ ਹੀ 9 ਫ਼ਰਵਰੀ ਨੂੰ  ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਇੱਕ ਡੰੂਘੀ ਸਾਜ਼ਿਸ਼ ਤਹਿਤ ਚਣੇ ਹੋਏ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਾਮਰੇਡ ਕਨ੍ਹਈਆ ਕੁਮਾਰ ਨੂੰ ਦੇਸ਼ ਧਰੋਹ ਦੇ ਝੂਠੇ ਦੋਸ਼ ਲਾ ਕੇ ਗਿਰਫ਼ਤਾਰ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ  ਸਰਕਾਰ ਤੇ ਪੁਲਿਸ ਦੀ ਧੱਕੇਸ਼ਾਹੀ,  ਏ ਬੀ ਵੀ ਪੀ ਦੀ ਗੁੰਡਾਗਰਦੀ ਅਤੇ ਬਾਅਦ ਵਿੱਚ ਪਟਿਆਲਾ ਹਾਊਸ ਕੋਰਟ ਵਿੱਚ ਕਾਨੂੰਨ ਦੇ ਰਖਵਾਲੇ ਅਖਵਾਉਣ ਵਾਲੇ ਕੁੱਝ ਵਕੀਲਾਂ ਵਲੋ ਪੱਤਰਕਾਰਾਂ, ਵਿਦਿਆਰਥੀਆਂ ਅਤੇ   ਅਧਿਆਪਕਾਂ ਦੀ ਕੁੱਟਮਾਰ ਅਤੇ ਭਾ ਜ ਪਾ ਦੇ ਐਮ ਐਲ ਏ ਉਮ ਪ੍ਰਕਾਸ ਸ਼ਰਮਾ ਦੁਆਰਾ ਕੁੱਟਮਾਰ ਤੇ ਜਾਨੋ ਮਾਰ ਦੇਣ ਦੀਆਂ ਧਮਕੀਆਂ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਸੌੜੇ ਰਾਸ਼ਟਰਵਾਦ ਦੇ ਨਾਮ ਹੇਠ ਆਪਣੇ ਆਪ ਨੂੰ ਦੇਸ਼ਭਗਤ ਅਖਵਾਉਣ ਵਾਲੇ ਆਰ ਐਸ ਐਸ ਦੇ ਆਗੂਆਂ, ਉਹਨਾਂ ਦੇ ਨਾਲ ਸਬੰਧਤ ਹੋਰ ਜੱਥੇਬੰਦੀਆਂ ਅਤੇ ਭਾ ਜ ਪਾ ਦੇ ਆਗੂਆਂ ਦੀ ਸੱਚਾਈ ਸਾ੍ਹਮਣੇ ਆ ਗਈ ਹੈ। ਇਹ ਗੱਲ ਦੇਖਣ ਤੇ ਸਮਝਣ ਦੀ ਲੋੜ ਅੱਜ ਬਹੁਤ ਵੱਧ ਗਈ ਹੈ ਕਿ ਦੇਸ਼ ਭਗਤ ਹੈ ਕੌਣ। ਉਹ ਕਨ੍ਹਈਆ ਕੁਮਾਰ ਜੋ ਕਿ ਗਰੀਬਾਂ ਦੀ ਗੱਲ ਕਰਦਾ ਹੈ ਤੇ ਆਪਣੇ ਜੀਵਨ ਨੂੰ ਖਤਰੇ ਵਿੱਚ ਪਾ ਕੇ 9 ਫਰਵਰੀ ਦੀ ਸ਼ਾਮ ਨੂੰ ਝਗੜ ਰਹੇ ਵਿਦਿਅਰਥੀ ਗੁੱਟਾਂ ਨੂੰ ਸਮਝਾਣ ਦੀ ਕੋਸ਼ਿਸ਼ ਕਰਦਾ ਹੈ ਯਾ ਉਹ ਜੋ ਕਿ ਉਸਤੇ ਗਲਤ ਇਲਜਾਮ ਲਾ ਕੇ ਤੇ ਵੀਡਿਓ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ। ਪਰ ਹੁਣ ਹੌਲੀ ਹੌਲੀ  ਸੱਚਾਈ ਸਾ੍ਹਮਣੇ ਆ ਰਹੀ ਹੈ ਕਿ ਕਿਵੇ ਵੀਡਿਓ ਦੇ ਨਾਲ ਛੇੜਛਾੜ ਆਪਣੇ ਮਕਸਦ ਦੀ ਪੂਰਤੀ ਲਈ ਕੀਤੀ ਗਈ। ਐਵੈ ਤੇ ਨਹੀ ਕਿ ਪੁਲਸ ਮੁਖੀ ਕਹਿਣ ਲੱਗ ਪਿਆ ਹੈ ਕਿ ਉਹ ਕਨ੍ਹਈਆ ਦੀ ਜਮਾਨਤ ਦਾ ਵਿਰੋਧ ਨਹੀ ਕਰਨਗੇ।
ਜੇ ਐਨ ਯੂ ਲਗਾਤਾਰ ਵਿਚਾਰਾਂ ਦੀ ਸੁਤੰਤਰਤਾ ਦਾ ਇੱਕ ਕੇਦਰ ਰਿਹਾ ਹੈ ਜਿੱਥੇ  ਗਰੀਬ ਤੋ ਗਰੀਬ ਵਿਦਿਆਰਥੀ ਵੀ ਮੈਰਿਟ ਦੇ ਅਧਾਰ ਤੇ ਆ ਕੇ ਪੜ੍ਹਾਈ ਕਰ ਸਕਦਾ ਹੈ ਤੇ ਅਜ਼ਾਦ ਵਿਚਾਰਾਂ ਵਾਲਾ ਚੇਤਨ ਵਿਅਕਤੀ ਬਣ ਸਕਦਾ ਹੈ। ਪਰ ਇਹ ਸਰਕਾਰ ਜੋ ਕਿ ਵਿੱਦਿਆ ਦਾ ਬਜ਼ਾਰੀਕਰਨ ਕਰਕੇ ਵੇਚਣ ਤੇ ਤੁਲੀ ਹੋਈ ਹੈ।  ਇਸ ਵਿਸ਼ਵਵਿਦਿਅਆਲੇ ਦੇ ਇਸ ਸਰੂਪ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਕਿ ਗਰੀਬ ਲੋਕ ਇਸਤੋ ਇਸਤੋ ਵਾਂਝੇ ਹੋ ਜਾਣ। ਇਸ ਲਈ ਇੱਕ ਸਾਜ਼ਿਸ਼ ਦੇ ਤਹਿਤ  ਪਹਿਲਾਂ ਕੁਝ ਵਿਦਿਆਰਥੀਆਂ ਨੂੰ ਇੱਕ ਮੀਟਿੰਗ ਦੀ ਇਜ਼ਾਜ਼ਤ ਦਿੱਤੀ ਗਈ ਤੇ ਐਨ ਮੌਕੇ ਤੇ ਰੋਕ ਲਾਈ ਗਈ। ਕਨ੍ਹਈਆ ਦਾ ਇਸਦੇ ਨਾਲ ਕੋਈ ਸਰੋਕਾਰ ਨਹੀ ਸੀ। ਉਸਨੂੰ ਤਾਂ ਸਿਕਿਉਰਿਟੀ ਨੇ ਲਗਭਗ ਡੇਢ ਘੰਟਾ ਬਾਅਦ ਬੁਲਾਇਆ ਸੀ ਕਿ ਉਹ ਉੱਥੇ ਵਿਗੜਦੇ ਹਾਲਾਤ ਨੂੰ ਸੰਭਾਲੇ। ਉਹ ਆਪਣੀ ਡਿਉਟੀ ਸਮਝ ਕੇ ਉੱਥੇ ਆਇਆ ਤੇ ਸਮਝਾਣ ਬੁਝਾਣ ਲੱਗਾ। ਉਸੇ ਸਮੇ ਏ ਬੀ ਵੀ ਪੀ ਵਾਲੇ ਵੀਡੀਓ ਬਣਾ ਰਹੇ ਸਨ। ਪਰ ਬਾਅਦ ਵਿੱਚ ਉਸ ਵੀਡੀਓ ਦੀ ਛੇੜਛਾੜ ਕਰਕੇ ਕਨ੍ਹਈਆ ਨੂੰ ਨਾਅਰੇ ਮਾਰਦੇ ਦਿਖਾਇਆ ਗਿਆ।
ਦੇਸ਼ ਦੀ ਅਜ਼ਾਦੀ ਦੇ ਸੰਘਰਸ ਦੇ ਇਤਿਹਾਸ ਵਿੱਚ ਇਹਨਾਂ ਅਖੌਤੀ ਦੇਸ਼ ਭਗਤਾਂ ਨੇ ਅੰਗਰੇਜ ਸਰਕਾਰ ਦੇ ਖਿਲਾਫ ਇੱਕ ਵੀ ਨਾਅਰਾ ਨਹੀ ਮਾਰਿਆ ਬਲਕਿ ਉਹਨਾਂ ਦੀ ਮੁਖਬਰੀ ਕੀਤੀ।  ਆਰ ਐਸ ਐਸ ਦੇ ਦੂਜੇ ਸੰਘ ਸੰਚਾਲਕ ਗੋਲਵਲਕਰ ਨੇ ਆਪਣੇ ਵਿਚਾਰਾਂ ਵਿੱਚ ਸਾਫ਼ ਲਿਖਿਆ ਹੈ ਕਿ ‘ਹਿੰਦੂਓ, ਅੰਗਰੇਜਾਂ ਦੇ ਖਿਲਾਫ ਲੜਨ ਵਿੱਚ ਆਪਣੀ ਤਾਕਤ ਵਿਅਰਥ ਨਾਂ ਗਵਾਉ।  ਇਸਨੂੰ ਆਪਣੇ ਅੰਦਰੂਨੀ ਦੁਸ਼ਮਨ ਯਾਨਿ ਕਿ ਇਸਾਈ, ਮੁਸਲਮਾਨਾਂ ਤੇ ਕਮਿਉਨਿਸਟਾਂ ਦੇ ਖਿਲਾਫ ਲੜਨ ਲਈ ਬਚਾ ਕੇ ਰੱਖੋ’। ਇਸ ਕਥਨ ਨੇ ਭਗਤ ਸਿੰਘ ਤੇ ਹੋਰ ਇੰਨਕਲਾਬੀਆਂ ਦੀ ਸਹਾਦਤ ਨੂੰ ਬਿਲਕੁਲ ਨਕਾਰ ਦਿੱਤਾ ਜਿਹਨਾ ਕਿ ਇੱਕ ਧਰਮ ਨਿਰਪੱਖ, ਜਮਹੂਰੀ ਤੇ ਨਿਆ ਤੇ ਅਧਾਰਿਤ ਦੇਸ ਦਾ ਸੁਪਣਾ ਸਿਰਜਿਆ ਸੀ। 
ਆਰ ਐਸ ਐਸ ਦੀ ਵਿਚਾਰਧਾਰਾ ਨੂੰ ਪਰਨਾਏ ਇਹ ਲੋਕ ਦੇਸ਼ ਵਿੱਚ ਕੱਟੜਪੰਥੀ ਹਿੰਦੂ ਰਾਸ਼ਟਰ ਸਥਾਪਤ ਕਰਨਾ ਚਾਹੁੰਦੇ ਹਨ ਜਿਸ ਵਿੱਚ ਘੱਟ ਗਿਣਤੀਆਂ ਤੇ ਦਲਿਤ ਇਹਨਾਂ ਦੇ ਰਹਿਮੋ ਕਰਮ ਤੇ ਹੋਣ। ਇਸਦੀਆਂ ਮਿਸਾਲਾਂ ਇਹਨਾਂ ਵਲੋ ਘਰ ਵਾਪਸੀ ਦੇ ਨਾਮ ਹੇਠ ਧਰਮ ਪਰਿਵਰਤਨ, ਹੈਦਰਾਬਾਦ ਵਿਖੇ ਰੋਹਿਤ ਵੈਮੂਲਾ ਵਰਗੇ ਹੋਨਹਾਰ ਵਿਦਿਆਰਥੀਆਂ ਨੂੰ ਆਤਮ ਹੱਤਿਆ ਦੇ ਲਈ ਮਜ਼ਬੂਰ ਕਰਨਾ ਕਿਉਕਿ ਉਹ ਦਲਿਤ ਸੀ, ਔਰਤਾਂ ਨੂੰ ਸਤੀ ਸਵਿਤਰੀ ਆਖ ਕੇ ਉਹਨਾਂ ਦੇ ਅਸਲੀ ਅਧਿਕਾਰਾਂ ਤੋ ਵਾਂਝੇ ਰੱਖਣਾ ਹੈ।  
ਇਸਨੂੰ ਸੰਬੋਧਨ ਕਰਨ ਵਾਲੇ ਸਨ ਕਾਮਰੇਡ, ਕਾ: ਕਰਤਾਰ ਸਿੰਘ ਬੁਆਣੀ,  ਪ੍ਰੌ: ਜਗਮੋਹਨ ਸਿੰਘ,  ਕਾ: ਡੀ ਪੀ ਮੌੜ , ਡਾ: ਅਰੁਣ ਮਿੱਤਰਾ,  ਕਾ: ਜਗਦੀਸ ਚੰਦ, ਕਾ: ਲਖਵਿੰਦਰ ਸਿੰਘ, ਕਾ: ਚਰਨ ਸਰਾਭਾ , ਕਾ: ਗੁਰਨਾਮ ਸਿੱਧੂ , ਕਾ: ਰਮੇਸ਼ ਰਤਨ, ਕਾ: ਕਸਤੂਰੀ ਲਾਲ, ਪ੍ਰੋ: ਏ ਕੇ ਮਲੇਰੀ,  ਕਾ: ਜਸਵੰਤ ਜ਼ੀਰਖ, ਕਾ: ਕੇਵਲ ਬਨਵੈਤ, ਕਾ: ਸਤੀਸ਼ ਸਚਦੇਵਾਕਾ: ਜਸਦੇਵ ਲਲਤੋ, , ਕਾ: ਵਿਜੈ ਨਰਾਇਣ, ਕਾ: ਕੁਲਦੀਪ ਸਿੰਘ ਐਡਵੋਕੇਟ, ਕਾ: ਤਰਸੇਮ ਜੋਧਾਂ। 

No comments: