Saturday, February 20, 2016

JNU: ਫਿਰਕੂ ਤਾਕਤਾਂ ਆਪਣਾ ਏਜੰਡਾ ਲਾਗੂ ਕਰਨ ਲਈ ਉਤਾਰੂ- Left

ਲੋਕਾਂ ਦਾ ਧਿਆਨ ਅਸਲੀ ਮਸਲਿਆਂ ਤੋਂ ਹਟਾਉਣ ਦੀ ਸਾਜ਼ਿਸ਼ 
                                                                                                                           ਆਨੰਦ ਪ੍ਰਕਾਸ਼ ਤਿਵਾੜੀ ਦੀ ਪ੍ਰੋਫਾਈਲ ਤੋਂ ਧੰਨਵਾਦ ਸਹਿਤ 
ਨਵੀਂ ਦਿੱਲੀ: 19 ਫਰਵਰੀ 2016:  (ਪੰਜਾਬ ਸਕਰੀਨ ਬਿਊਰੋ): 
ਆਨੰਦ ਪ੍ਰਕਾਸ਼ ਤਿਵਾੜੀ ਦੀ ਪ੍ਰੋਫਾਈਲ ਤੋਂ ਧੰਨਵਾਦ ਸਹਿਤ 
ਜੇ ਐਨ ਯੂ ਮੁੱਦੇ ਨੂੰ ਲੈ ਕੇ ਪੈਦਾ ਹੋਈ ਜਨਤਕ ਕਤਾਰਬੰਦੀ ਲਗਾਤਾਰ ਤਿੱਖੀ ਹੋ ਰਹੀ ਹੈ। ਖੱਬੇ ਪੱਖੀ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਹਰਮਨ ਪਿਆਰਤਾ ਵਿੱਚ ਤੇਜ਼ੀ ਨਾਲ ਵਾਧਾ ਜਾਰੀ ਹੈ।  ਉਸਦੀ ਤਸਵੀਰ ਵਾਲੀਆਂ ਟੀਸ਼ਰਟਾਂ ਵੀ ਬਾਜ਼ਾਰ ਵਿੱਚ ਹਨ। ਇੱਕ ਪਾਸੇ ਬੀਜੇਪੀ ਸਮਰਥਕ ਹਿੰਦੂ ਸੰਗਠਨ ਅਤੇ ਦੂਜੇ ਪਾਸੇ ਦੇਸ਼ ਭਰ ਦੇ ਸੈਕੂਲਰ ਸੰਗਠਨ ਖੱਬੀਆਂ ਧਿਰਾਂ ਨਾਲ ਆ ਰਹੇ ਹਨ। ਕੁਲ ਮਿਲਾ ਕੇ ਦੇਸ਼ ਲਗਾਤਾਰ ਵਿਦਿਆਰਥੀ ਕ੍ਰਾਂਤੀ ਵੱਲ ਵਧ ਰਿਹਾ ਪ੍ਰਤੀਤ ਹੋ ਰਿਹਾ ਹੈ। ਵਿਦਿਆਰਥੀ ਵਰਗ ਦੇ ਨਾਲ ਨਾਲ ਹੁਣ ਵਕੀਲਾਂ ਅਤੇ ਮੀਡੀਆ ਵਿੱਚ ਵੀ ਲਕੀਰ ਗੂਹੜੀ ਹੋ ਰਹੀ ਹੈ। ਹਰ ਖੇਤਰ  ਵਿੱਚ ਦੋ ਧਿਰਾਂ ਦੀ ਪਛਾਣ ਖੁਲ੍ਹ ਕੇ ਸਾਹਮਣੇ ਆ ਰਹੀ ਹੈ।  
ਇਸੇ ਦੌਰਾਨ 6 ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਐਮ, ਆਰ ਐਸ ਪੀ, ਆਲ ਇੰਡੀਆ ਫਾਰਵਰਡ ਬਲਾਕ, ਸੀ ਪੀ ਆਈ (ਐਮ ਐਲ) ਅਤੇ ਐਸ ਯੂ ਸੀ ਆਈ (ਸੀ) ਦੇ ਆਗੂਆਂ ਦੀ ਅੱਜ ਹੋਈ ਮੀਟਿੰਗ 'ਚ ਸੰਘ ਅਤੇ ਭਾਜਪਾ ਵੱਲੋਂ ਖੱਬੀਆਂ ਅਤੇ ਹੋਰ ਪ੍ਰੋਗਰੈਸਿਵ ਤਾਕਤਾਂ 'ਤੇ ਹਮਲੇ ਦੀ ਨਿਖੇਧੀ ਕੀਤੀ ਗਈ। ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਦੇਸ਼ ਧਰੋਹੀ ਹੋਣ ਦੇ ਝੂਠੇ ਦੋਸ਼ ਲਾ ਕੇ ਸੰਘ ਅਤੇ ਭਾਜਪਾ ਨੇ ਭਾਰਤੀ ਲੋਕਾਂ 'ਤੇ ਦੇਸ਼ ਭਰ 'ਚ ਹਮਲੇ ਤੇਜ਼ ਕਰ ਦਿੱਤੇ ਹਨ। ਮੀਟਿੰਗ 'ਚ ਕਿਹਾ ਗਿਆ ਕਿ ਫਿਰਕੂ ਤਾਕਤਾਂ ਉੱਚ ਸਿੱਖਿਆ ਸੰਸਥਾਵਾਂ 'ਚ ਆਪਣਾ ਏਜੰਡਾ ਲਾਗੂ ਕਰਨ ਲਈ ਸਭ ਕੁਝ ਕਰ ਰਹੀਆਂ ਹਨ ਅਤੇ ਜੇ ਐਨ ਯੂ ਵਿਵਾਦ, ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਆਫ਼ ਇੰਡੀਆ ਦੀਆਂ ਘਟਨਾਵਾਂ ਅਤੇ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੀ ਘਟਨਾ, ਜਿਸ ਕਰਕੇ ਰੋਹਿਤ ਵੇਮੁੱਲਾ ਨੇ ਖੁਦਕੁਸ਼ੀ ਕਰ ਲਈ ਅਤੇ ਹੁਣ ਆਈ ਆਈ ਟੀ ਚੇਨਈ ਅਤੇ ਜਾਦਵਪੁਰ ਯੂਨੀਵਰਸਿਟੀ ਦੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਸਾਫ਼ ਹੈ ਕਿ ਫ਼ਿਰਕੂ ਤਾਕਤਾਂ ਸਿੱਖਿਆ ਸੰਸਥਾਵਾਂ 'ਚ ਆਪਣਾ ਏਜੰਡਾ ਲਾਗੂ ਕਰਨ ਲਈ ਹਰ ਹਰਬਾ ਵਰਤਣ ਦੇ ਰਾਹ ਤੁਰ ਪਈਆਂ ਹਨ। ਇਸ ਲੁਕਵੇਂ ਏਜੰਡੇ ਦਾ ਵਿਰੋਧ ਵੀ ਲਗਾਤਾਰ ਤਿੱਖਾ ਹੋ ਰਿਹਾ ਹੈ। 
ਆਨੰਦ ਪ੍ਰਕਾਸ਼ ਤਿਵਾੜੀ ਦੀ ਪ੍ਰੋਫਾਈਲ ਤੋਂ ਧੰਨਵਾਦ ਸਹਿਤ 
ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਸੰਘ ਅਤੇ ਭਾਜਪਾ ਵੱਲੋਂ ਲੋਕਾਂ ਦੇ ਜਮਹੂਰੀ ਅਤੇ ਸੰਵਿਧਾਨਕ ਹੱਕਾਂ 'ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਦੇਸ਼ ਦਾ ਫ਼ਿਰਕੂ ਅਧਾਰ 'ਤੇ ਧਰੁਵੀਕਰਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਹ ਸਭ ਕੁਝ ਲੋਕਾਂ ਦਾ ਅਸਲੀ ਮਸਲਿਆਂ ਤੋਂ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਮੋਦੀ ਸਰਕਾਰ ਹਰੇਕ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ। ਮੀਟਿੰਗ 'ਚ ਮੰਗ ਕੀਤੀ ਗਈ ਕਿ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਵਿਦਿਆਰਥੀਆਂ ਵਿਰੁੱਧ ਦੇਸ਼ ਧਰੋਹ ਦੇ ਸਾਰੇ ਕੇਸ ਵਾਪਸ ਲਏ ਜਾਣ। ਉਨ੍ਹਾ ਕਿਹਾ ਕਿ ਸੱਚ ਸਾਹਮਣੇ ਆ ਗਿਆ ਹੈ ਕਿ ਕਨ੍ਹੱਈਆ ਕੁਮਾਰ ਵਿਰੁੱਧ ਸਾਰੇ ਦੋਸ਼ ਗਲਤ ਅਤੇ ਮਨਘੜ੍ਹਤ ਹਨ। ਉਨ੍ਹਾ ਕਿਹਾ ਕਿ ਝੂਠੇ ਦੋਸ਼ ਲਾਉਣ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਇਸ ਮੰਗ ਨੂੰ ਲੈ ਕੇ ਰੋਸ ਵਖਾਵੇ ਤੇਜ਼ ਹੋ ਰਹੇ ਹਨ। 
ਇਸ ਹੰਗਾਮੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਸੀ ਪੀ ਐਮ ਦੇ ਸੀਤਾ ਰਾਮ ਯੇਚੁਰੀ, ਪ੍ਰਕਾਸ਼ ਕਰਤ ਅਤੇ ਐਸ ਰਾਮਚੰਦਰਨ ਪਿਲੈ, ਸੀ ਪੀ ਆਈ ਦੇ ਸੁਧਾਕਰ ਰੈਡੀ, ਗੁਰਦਾਸ ਦਾਸ ਗੁਪਤਾ ਅਤੇ ਡੀ ਰਾਜਾ, ਸੀ ਪੀ ਐਮ ਲਿਬਰੇਸ਼ਨ ਵੱਲੋਂ ਸਵੱਪਨ ਮੁਖਰਜੀ, ਆਰ ਐਸ ਪੀ ਦੇ ਅਬਾਨੀ ਰਾਏ, ਐਸ ਯੂ ਸੀ ਆਈ (ਸੀ) ਦੇ ਪ੍ਰਧਾਨ ਸ਼ਰਮਾ ਅਤੇ ਆਲ ਇੰਡੀਆ ਫਾਰਵਰਡ ਬਲਾਕ ਦੇ ਦੇਬਬ੍ਰਤ ਬਿਸਵਾਸ ਹਾਜ਼ਰ ਸਨ। ਇਸ ਮੀਟਿੰਗ ਦੇ ਫੈਸਲੇ ਅਤੇ ਪਹੁੰਚ ਸਰਦੇ ਦੇਸ਼ ਵਿਚਹ ਆਪਣਾ ਅਸਰ ਦਿਖਾਉਣ ਵਾਲੀ ਹੈ। 

No comments: