Sunday, February 07, 2016

ਸ੍ਰੀ ਮੁਕਤਸਰ ਸਾਹਿਬ:ਸੁਮਿਤ ਜਾਰੰਗਲ ਨੇ DC ਵਜੋਂ ਅਹੁਦਾ ਸੰਭਾਲਿਆ

Sun, Feb 7, 2016 at 3:32 PM
ਚੰਗਾ ਪ੍ਰਸ਼ਾਸ਼ਨ ਦੇਣ ਅਤੇ ਲੋਕਾਂ ਦੀਆਂ ਆਸਾਂ 'ਤੇ ਖਰਾ ਉਤਰਨ ਦਾ ਵਚਨ 
 ਜ਼ਿਲੇ ਦੇ ਵਿਕਾਸ ਨੂੰ ਦਿੱਤੀ ਜਾਵੇਗੀ ਹੋਰ ਗਤੀ
ਸ਼੍ਰੀ ਮੁਕਤਸਰ ਸਾਹਿਬ: 7 ਫਰਵਰੀ 2016: (ਪੰਜਾਬ ਸਕਰੀਨ ਬਿਊਰੋ):; 
ਸ੍ਰੀ ਸੁਮਿਤ ਜਾਰੰਗਲ ਨੇ ਅੱਜ ਇੱਥੇ ਸ੍ਰੀ ਮੁਕਤਸਰ ਸਾਹਿਬ ਦੇੇ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਹ 2009 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ। ਸ੍ਰੀ ਸੁਮਿਤ ਜਾਰੰਗਲ ਇਸ ਤੋਂ ਪਹਿਲਾਂ ਬਠਿੰਡਾ ਅਤੇ ਫ਼ਾਜ਼ਿਲਕਾ ਵਿਖੇ ਬਤੌਰ ਵਧੀਕ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾਅ ਚੁੱਕੇ ਹਨ। 
ਵਿਦਿਅਕ ਯੋਗਤਾ ਪੱਖੋਂ ਐਮ.ਬੀ.ਬੀ.ਐਸ. ਸ੍ਰੀ ਜਾਰੰਗਲ ਨੇ ਇਸ ਤੋਂ ਪਹਿਲਾਂ ਵੱਖ ਵੱਖ ਜ਼ਿਲਿਆਂ ਵਿਚ ਆਪਣੇ ਕਾਰਜਕਾਰਲ ਦੌਰਾਨ ਪ੍ਰਸਾਸ਼ਨਿਕ ਕਾਰਜਕੁਸ਼ਲਤਾ ਦੀ ਨਵੀਂ ਮਿਸਾਲ ਸਥਾਪਿਤ ਕੀਤੀ ਹੈ।  ਅੱਜ ਇੱਥੇ ਪੁੱਜਣ ਤੇ ਸ੍ਰੀ ਜਾਰੰਗਲ ਨੂੰ ਨਹਿਰੀ ਵਿਸ਼ਰਾਮ ਘਰ ਵਿਖੇ ਜ਼ਿਲਾ ਪੁਲੀਸ ਦੀ ਟੁਕੜੀ ਵੱਲੋਂ 'ਗਾਰਡ ਆਫ਼ ਆਨਰ' ਵੀ ਦਿੱਤਾ ਗਿਆ। ਇਸ ਮੌਕੇ ਉਨਾਂ ਨਾਲ ਉਨਾਂ ਦੇ ਪਤਨੀ ਮੈਡਮ ਈਸ਼ਾ ਆਈ.ਏ.ਐਸ. ਕਮਿਸ਼ਨਰ ਬਠਿੰਡਾ ਨਗਰ ਨਿਗਮ ਵੀ ਹਾਜਰ ਸਨ। ਇਸ ਮੌਕੇ ਉਨਾਂ ਦਾ ਸਵਾਗਤ ਕਰਨ ਵਾਲੇ ਜ਼ਿਲਾ ਅਧਿਕਾਰੀਆਂ ਵਿੱਚ ਏ.ਡੀ.ਸੀ. ਵਿਕਾਸ ਸ: ਕੁਲਵੰਤ ਸਿੰਘ ਆਈ.ਏ.ਐਸ., ਐਸ.ਪੀ. ਸ੍ਰੀ ਐਨ.ਪੀ.ਐਸ. ਸਿੱਧੂ, ਐਸ.ਡੀ.ਐਮ. ਮਲੋਟ ਸ੍ਰੀ ਵਿਸੇਸ਼ ਸਾਰਗੰਲ, ਐਸ.ਡੀ.ਐਮ. ਗਿੱਦੜਬਾਹਾ ਡਾ: ਮਨਦੀਪ ਕੌਰ, ਤਹਿਸਲੀਦਾਰ ਸ: ਦਰਸ਼ਨ ਸਿੰਘ ਆਦਿ ਸ਼ਾਮਿਲ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੁਮਿਤ ਜਾਰੰਗਲ ਨੇ ਕਿਹਾ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਦਾ ਮਹੱਤਵਪੂਰਨ ਜ਼ਿਲਾ ਹੈ। ਇੱਥੇ ਉਨਾਂ ਦਾ ਉਦੇਸ਼ ਜ਼ਿਲੇ ਦੇ ਲੋਕਾਂ ਨੂੰ ਬਿਹਤਰ ਅਤੇ ਸਮਾਂਬੱਧ ਤਰੀਕੇ ਨਾਲ ਸਰਕਾਰੀ ਨਾਗਰਿਕ ਸੇਵਾਵਾਂ ਉਪਲਬੱਧ ਕਰਵਾਉਣਾ ਹੋਵੇਗਾ। ਇਸ ਤੋਂ ਬਿਨਾਂ ਜ਼ਿਲੇ ਵਿਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਜ਼ਿਲਾ ਵਾਸੀਆਂ ਦੀ ਸਮੂਹਿਕ ਭਾਗੀਦਾਰੀ ਨਾਲ ਤੈਅ ਸਮਾਂ ਹੱਦ ਅੰਦਰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰਨਾ ਵੀ ਉਨਾਂ ਦਾ ਮੁੱਖ ਟੀੱਚਾ ਰਹੇਗਾ। ਉਨਾਂ ਕਿਹਾ ਕਿ ਲੋਕਾਂ ਨੂੰ ਚੰਗਾ ਪ੍ਰਸਾਸ਼ਨ ਉਪਲਬੱਧ ਕਰਵਾ ਕੇ ਉਹ ਲੋਕਾਂ ਦੀਆਂ ਆਸਾਂ ਊਮੀਦਾਂ ਤੇ ਖਰਾ ਉਤਰਨ ਦਾ ਯਤਨ ਕਰਣਗੇ। 
  ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਹੁਦਾ ਸੰਭਾਲਣ ਬਾਅਦ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਕੁਲਵੰਤ ਸਿੰਘ ਤੋਂ ਜ਼ਿਲੇ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਅਤੇ ਲੋਕ ਭਲਾਈ ਸਕੀਮਾਂ ਬਾਰੇ ਸੰਖੇਪ ਜਾਣਕਾਰੀ ਵੀ ਲਈ।
ਬਾਅਦ ਵਿੱਚ ਉਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਟੁੰਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦਾਂ ਵਿਖੇ ਵੀ ਗਏ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। 

No comments: