Thursday, February 18, 2016

ਭਾਜਪਾ ਕਾਰਕੁਨਾਂ ਦਾ ਰਵੱਈਆ ਗੁੰਡਿਆਂ ਵਰਗਾ--CPI

ਮੈਡੀਕਲ ਟੀਮ ਨੇ ਵੀ ਕੀਤੀ ਮਾਰਕੁਟ ਦੌਰਾਨ ਸੱਟਾਂ ਲਗਣ ਦੀ ਪੁਸ਼ਟੀ 
ਨਵੀਂ ਦਿੱਲੀ: 17 ਫਰਵਰੀ 2016: (ਪੰਜਾਬ ਸਕਰੀਨ ਬਿਊਰੋ)
ਜੇ.ਐਨ.ਯੂ. "ਦੇਸ਼ ਧ੍ਰੋਹ" ਦੇ ਮਾਮਲੇ 'ਚ ਗ੍ਰਿਫਤਾਰ ਖੱਬੇ ਪੱਖੀ ਵਿਦਿਆਰਥੀ ਆਗੂ ਕਨੱਈਆ ਕੁਮਾਰ ਨੂੰ 2 ਮਾਰਚ ਤੱਕ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਫੈਸਲਾ ਪਟਿਆਲਾ ਹਾਊਸ ਅਦਾਲਤ ਨੇ ਸੁਣਾਇਆ। ਸੀਪੀਆਈ ਨਾਲ ਸਬੰਧਤ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ  ਕਨੱਈਆ ਕੁਮਾਰ 'ਤੇ ਪਟਿਆਲਾ ਹਾਊਸ ਅਦਾਲਤ 'ਚ ਪੁਲਿਸ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵਕੀਲਾਂ ਨੇ ਇਕ ਵਾਰ ਫਿਰ ਹਮਲਾ ਕਰ ਦਿੱਤਾ ਪਰ ਪੁਲਿਸ ਨੇ ਕਨੱਈਆ ਕੁਮਾਰ ਨੂੰ ਬਚਾ ਲਿਆ। ਜਿਕਰਯੋਗ ਹੈ ਕਿ ਕਨੱਈਆ ਕੁਮਾਰ ਨੂੰ ਪਟਿਆਲਾ ਹਾਊਸ 'ਚ ਪੇਸ਼ੀ ਲਈ ਲਿਆਂਦਾ ਗਿਆ ਸੀ। ਜੇਲ੍ਹ ਭੇਜਣ ਤੋਂ ਪਹਿਲਾਂ ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ ਦੀ ਮੈਡੀਕਲ ਜਾਂਚ ਕਰਵਾਈ ਗਈ। ਮੈਡੀਕਲ ਟੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਨ੍ਹੱਈਆ ਦੀ ਮਾਰਕੁਟ ਕੀਤੀ ਗਈ ਹੈ, ਜਿਸ ਦੌਰਾਨ ਉਸ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਕਨ੍ਹੱਈਆ ਨੂੰ ਤੇਹਾੜ ਜੇਲ੍ਹ ਦੀ ਤਿੰਨ ਨੰਬਰ ਜੇਲ੍ਹ ਵਿਚ ਰੱਖਿਆ ਜਾਵੇਗਾ। ਜੇਲ੍ਹ ਪ੍ਰਸ਼ਾਸਨ ਮੁਤਾਬਕ ਉਸ ਨੂੰ ਸਖਤ ਸੁਰੱਖਿਆ ਇੰਤਜ਼ਾਮ ਕਰਨ ਦੇ ਹੁਕਮ ਮਿਲੇ ਹਨ। ਇਸ ਲਈ ਉਸ ਨੂੰ ਬਾਕੀ ਕੈਦੀਆਂ ਨਾਲੋਂ ਅਲੱਗ ਰੱਖਿਆ ਜਾ ਸਕਦਾ ਹੈ।
ਲਗਾਤਾਰ ਹਰਮਨ ਪਿਆਰਾ ਹੋ ਰਿਹਾ ਹੈ ਕਨੱਈਆ
"ਦੇਸ਼ ਧ੍ਰੋਹ" ਦਾ ਕੇਸ ਬਣਾਏ ਜਾਣ ਤੋਂ ਬਾਅਦ ਕਨੱਈਆ ਕੁਮਾਰ ਲਗਾਤਾਰ ਹਰਮਨ ਪਿਆਰਾ ਹੋ ਰੋਹ ਹੈ। ਸੋਸ਼ਲ ਮੀਡੀਆ 'ਤੇ ਉਸਦੇ ਸਾਥੀ ਲਗਾਤਾਰ ਇੱਕ ਇੱਕ ਪਲ ਦੀ ਰਿਪੋਰਟ ਦੇ ਰਹੇ ਹਨ ਅਤੇ ਉਸਦੇ ਵਿਚਾਰਾਂ ਨੂੰ ਲਗਾਤਾਰ ਲੋਕਾਂ ਸਾਹਮਣੇ ਲਿਆ ਰਹੇ ਹਨ। ਸੋਸ਼ਲ ਮੀਡੀਆ ਵਿਚ ਇਸ ਮੁੱਦੇ ਨੂੰ ਲੈ ਕੇ ਪਲ ਪਲ ਨਵੀਆਂ ਜਾਣਕਾਰੀਆਂ ਪੋਸਟ ਹੋ ਰਹੀਆਂ ਹਨ। ਦੇਸ਼ ਧ੍ਰੋਹ ਦੇ ਦੋਸ਼ ਦਾ ਸਾਹਮਣਾ ਕਰ ਰਹੇ ਇਸ ਖੱਬੇ ਪੱਖੀ ਵਿਦਿਆਰਥੀ ਆਗੂ ਦੀਆਂ ਤਸਵੀਰਾਂ ਨੂੰ ਪਸੰਦ ਕਰਨ ਵਾਲੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। 
ਦੇਸ਼ ਧ੍ਰੋਹ ਅਤੇ ਦੇਸ਼ ਭਗਤੀ ਦੀ ਪਰਿਭਾਸ਼ਾ ਬਾਰੇ ਬਹਿਸ ਤਿੱਖੀ  
ਇਸ ਸਾਰੇ ਮਾਮਲੇ ਦੇ ਨਾਲ ਹੀ ਦੇਸ਼ ਧ੍ਰੋਹ ਅਤੇ ਦੇਸ਼ ਭਗਤੀ ਦੀ ਪਰਿਭਾਸ਼ਾ ਬਾਰੇ ਤਿੱਖੀ ਬਹਿਸ ਵੀ ਸ਼ੁਰੂ ਹੋ ਗਈ ਹੈ।  ਖੱਬੇ ਪੱਖੀ ਵਿਚਾਰਾਂ ਵਾਲੇ ਲਗਾਤਾਰ ਆਖ ਰਹੇ ਹਨ ਕਿ ਉਹਨਾਂ ਨੇ ਮਹਾਤਮਾ ਗਾਂਧੀ ਦੇ ਕਾਤਲ ਗੋਡਸੇ ਦੇ ਵਾਰਸਾਂ ਕੋਲੋਂ ਦੇਸ਼ ਭਗਤੀ ਦਾ ਸਬਕ ਨਹੀਂ ਸਿੱਖਣਾ। ਕੁਲ ਮਿਲਾ ਕੇ ਇਹ ਮੁੱਦਾ ਦੇਸ਼ ਭਰ ਵਿੱਚ ਵਿਦਿਆਰਥੀ ਵਰਗ ਨੂੰ ਲਾਮਬੰਦ ਕਰਨ ਵਿੱਚ ਸਹੀ ਸਾਬਤ ਹੋ ਰਿਹਾ ਹੈ। ਫਿਰਕਾਪ੍ਰਸਤ ਅਤੇ ਸੈਕੁਲਰ ਤਾਕਤਾਂ ਦਰਮਿਆਨ ਲਕੀਰ ਇਸ ਨਾਲ ਹੋਰ ਗੂਹੜੀ ਹੋ ਰਹੀ ਹੈ। ਇਸੇ ਦੌਰਾਨ ਵਿਦਿਆਰਥੀ ਅੰਦੋਲਨ ਦੇ ਇਹ ਅਗਨੀ ਪੰਜਾਬ ਵਿੱਚ ਵੀ ਪਹੁੰਚ ਗਈ ਹੈ। ਇਸਦੇ ਨਾਲ ਹੀ ਖੱਬੀਆਂ ਧਿਰਾਂ ਇਸ ਮੁੱਦੇ ਤੇ ਇੱਕਜੁੱਟ ਹੋਣ ਲੱਗ ਪਈਆਂ ਹਨ ਜਿਸ ਕਾਰਨ ਖੱਬੀਆਂ ਸਫਾਂ ਨਾਲ ਜੁੜੇ ਕਾਰਕੁੰਨ ਹੁਣ ਉਤਸ਼ਾਹ ਵਿੱਚ ਹਨ। 
ਸੀ ਪੀ ਆਈ ਵੱਲੋਂ ਅਦਾਲਤ ਵਿੱਚ ਦੋਬਾਰਾ ਹਮਲੇ ਦੀ ਨਿਖੇਧੀ 
ਸੀ ਪੀ ਆਈ ਦੀ ਕੇਂਦਰੀ ਸਕੱਤਰੇਤ ਨੇ ਅੱਜ ਪਟਿਆਲਾ ਹਾਊਸ ਅਦਾਲਤ 'ਚ ਪੇਸ਼ੀ ਮੌਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ 'ਤੇ ਕਥਿਤ ਵਕੀਲਾਂ ਵੱਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਹੈ। ਇੱਕ ਬਿਆਨ 'ਚ ਸਕੱਤਰੇਤ ਨੇ ਕਿਹਾ ਕਿ ਭਾਜਪਾ ਨਾਲ ਸੰਬੰਧਤ ਵਕੀਲਾਂ ਅਤੇ ਸੰਘ ਦੇ ਗੁੰਡਿਆਂ ਵੱਲੋਂ ਕੌਮੀ ਝੰਡੇ ਫੜ ਕੇ ਕਨ੍ਹੱਈਆ ਹਮਾਇਤੀ ਵਕੀਲਾਂ ਅਤੇ ਪੱਤਰਕਾਰਾਂ ਨਾਲ ਵੀ ਕੁੱਟਮਾਰ ਕੀਤੀ ਗਈ ਅਤੇ ਇਹ ਸਭ ਕੁਝ ਸਖਤ ਸੁਰੱਖਿਆ ਮੁਹੱਈਆ ਕਰਾਉਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕੀਤਾ ਗਿਆ। ਪਾਰਟੀ ਨੇ ਕਿਹਾ ਕਿ ਅਜਿਹਾ ਪੁਲਸ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ। ਭਾਜਪਾ ਕਾਰਕੁਨਾਂ ਦੇ ਮਨਾਂ 'ਚ ਨਿਆਂਪਾਲਿਕਾ ਅਤੇ ਲੋਕਤੰਤਰ ਦਾ ਸਨਮਾਨ ਨਹੀਂ ਅਤੇ ਉਹਨਾਂ ਦਾ ਰਵੱਈਆ ਗੁੰਡਿਆਂ ਵਰਗਾ ਹੈ। ਸਕੱਤਰੇਤ ਨੇ ਕਿਹਾ ਕਿ ਸਾਰਾ ਮਾਮਲਾ ਘੜਿਆ-ਘੜਾਇਆ ਹੈ ਅਤੇ ਇਹ ਸਭ ਕੁਝ ਸਿਖਿਆ ਸੰਸਥਾਵਾਂ ਦੇ ਭਗਵੇਂਕਰਨ ਦੀ ਸਾਜ਼ਿਸ਼ ਹੇਠ ਕੀਤਾ ਜਾ ਰਿਹਾ ਹੈ।
ਪਾਰਟੀ ਨੇ ਕਨੱਈਆ ਕੁਮਾਰ, ਵਕੀਲਾਂ ਅਤੇ ਪੱਤਰਕਾਰਾਂ 'ਤੇ ਹਮਲੇ ਕਰਨ ਵਾਲੇ ਕਥਿਤ ਵਕੀਲਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਮੰਗ ਕੀਤੀ ਕਿ ਪੁਲਸ ਕਮਿਸ਼ਨਰ ਨੂੰ ਸਾਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਅਮਨ ਕਾਨੂੰਨ ਬਣਾਈ ਰੱਖਣ 'ਚ ਨਾਕਾਮ ਰਹਿਣ 'ਤੇ ਗ੍ਰਹਿ ਮੰਤਰਾਲਾ ਜੁਆਬ ਦੇਵੇ।
ਕਨ੍ਹੱਈਆ ਕੁਮਾਰ ਨੂੰ ਗਲਤ ਢੰਗ ਨਾਲ ਫਸਾਇਆ ਗਿਆ-- ਪ੍ਰਸ਼ਾਂਤ ਭੂਸ਼ਨ
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਹੈ ਕਿ ਕਨ੍ਹੱਈਆ ਕੁਮਾਰ ਨੂੰ ਗਲਤ ਢੰਗ ਨਾਲ ਫਸਾਇਆ ਗਿਆ ਹੈ। ਪ੍ਰਸ਼ਾਂਤ ਨੇ ਕਿਹਾ ਹੈ ਕਿ ਉਹ ਕਨ੍ਹੱਈਆ ਕੁਮਾਰ ਦੇ ਕੇਸ ਦੀ ਪੈਰਵੀ ਕਰਨ ਲਈ ਤਿਆਰ ਹਨ। ਭੂਸ਼ਨ ਨੇ ਕਿਹਾ ਕਿ ਉਹ ਆਮ ਤੌਰ 'ਤੇ ਸੁਪਰੀਮ ਕੋਰਟ 'ਚ ਰੁੱਝੇ ਹੁੰਦੇ ਹਨ, ਫੇਰ ਵੀ ਜੇ ਲੋੜ ਪਵੇ ਤਾਂ ਉਹ ਕਨੱ੍ਹਈਆ ਦੇ ਕੇਸ ਦੀ ਪੈਰਵੀ ਕਰਨਗੇ, ਕਿਉਂਕਿ ਉਹ ਇੱਕ ਚੰਗਾ ਵਿਦਿਆਰਥੀ ਹੈ ਅਤੇ ਉਸ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ। ਭੂਸ਼ਨ ਅਤੇ ਯੋਗੇਂਦਰ ਯਾਦਵ ਵੱਲੋਂ ਬਣਾਇਆ ਗਿਆ ਸੰਗਠਨ ਸਵਰਾਜ ਅਭਿਆਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹਮਾਇਤ ਕਰ ਰਹੇ ਹਨ, ਜੋ ਕਿ ਕਨੱ੍ਹਈਆ ਦੀ ਗ੍ਰਿਫਤਾਰੀ ਦੇ ਮੱਦੇਨਜ਼ਰ ਅੰਦੋਲਨ ਕਰ ਰਹੇ ਹਨ। ਇਸੇ ਸੰਗਠਨ ਦੇ ਇੱਕ ਹੋਰ ਆਗੂ ਆਨੰਦ ਕੁਮਾਰ ਨੇ ਪੁਲਸ ਕਾਰਵਾਈ ਦੀ ਨਿੰਦਿਆ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਸਿਆਸੀ ਹਿੱਤ ਸਾਧਣ ਲਈ ਸੂਬੇ ਦੀ ਤਾਕਤ ਦੀ ਸ਼ਰਮਨਾਕ ਦੁਰਵਰਤੋਂ ਹੈ, ਜਿਸ ਵਿੱਚ ਲੋਕਤੰਤਰ ਦਾ ਮਜ਼ਾਕ ਉੜਾਇਆ ਗਿਆ ਹੈ।

No comments: