Sunday, February 07, 2016

ਇਨਕਲਾਬੀ ਨਾਅਰਿਆਂ ਦੇ ਜੋਸ਼ ਵਿੱਚ ਵਿਦਾ ਕੀਤਾ ਪ੍ਰੋ ਰਣਧੀਰ ਸਿੰਘ ਨੂੰ

ਥਾਂ ਥਾਂ ਹੋਏ ਸਵਾਗਤ ਨੇ ਕਰਾਇਆ ਕਾਮਰੇਡ ਯੋਧੇ ਦੀ ਅਮਰਤਾ ਦਾ ਅਹਿਸਾਸ 
ਹੁਸੈਨੀਵਾਲਾ: (ਫਿਰੋਜਪੁਰ): 7  ਫਰਵਰੀ 2016: (ਹਰਮੀਤ ਵਿਦਿਆਰਥੀ//ਪੰਜਾਬ ਸਕਰੀਨ):
ਚੰਡੀਗੜ੍ਹ ਤੋਂ ਅਸਥਿਆਂ ਜਲ ਪ੍ਰਵਾਹ ਕਰਨ ਲਈ ਤੁਰੇ ਇਹਨਾਂ ਲੋਕਾਂ ਵਿੱਚ ਸਿਰਫ ਸੋਗ ਹੀ ਨਹੀਂ ਬਲਕਿ ਇੱਕ ਜੋਸ਼ ਵੀ ਸੀ। ਪ੍ਰੋਫੈਸਰ ਰਣਧੀਰ ਸਿੰਘ ਹੁਰਾਂ ਦੀ ਖਾਮੋਸ਼ ਹੋਈ ਆਵਾਜ਼ ਅੱਜ ਇਹਨਾਂ ਦੇ ਖੂਨ ਵਿੱਚ ਰਚ ਕੇ ਨਾਅਰੇ ਬਣ ਬਣ ਬਾਹਰ ਆ ਰਹੀ ਸੀ। ਇਹ ਸਬੂਤ ਸੀ ਕਿ ਜਿਹੜਾ ਲੋਕਾਂ ਲਈ ਜੀਵ੍ਨ੍ਲਾਉਂਦਾ ਹੈ ਉਹ ਕਦੇ ਮਰਿਆ ਨਹੀਂ ਕਰਦਾ।  ਉਹ ਆਪਣੇ ਲੋਕਾਂ ਵਿੱਚ ਰਚ ਕੇ ਫਿਰ ਨਵਾਂ ਕਾਫਲਾ ਸਿਰਜਦਾ ਹੈ। ਇਹੀ ਹੋਇਆ ਇਸ ਵਾਰ ਵੀ। 
ਭਾਰਤ ਦੇ ਪ੍ਰਸਿੱਧ ਮਾਰਕਸਵਾਦੀ ਚਿੰਤਕ ਪ੍ਰੋ.ਰਣਧੀਰ ਸਿੰਘ,ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ , ਦੀਆਂ ਅਸਥੀਆਂ ਉਹਨਾਂ ਦੀ ਆਪਣੀ ਇੱਛਾ ਮੁਤਾਬਕ ਹੁਸੈਨੀ ਵਾਲਾ ਵਿਖੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਉਹਨਾਂ ਦੀਆਂ ਅਸਥੀਆਂ ਦਾ ਕਾਫ਼ਲਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਹੁੰਦਾ ਹੋਇਆ ਫ਼ਿਰੋਜ਼ਪੁਰ ਪੁੱਜਾ ਜਿੱਥੇ ਫ਼ਿਰੋਜ਼ਪੁਰ ਦੇ ਬੁੱਧੀਜੀਵੀਆਂ, ਲੇਖਕਾਂ ਅਤੇ ਲੋਕਾਂ ਨੇ ਸਰਗਰਮ ਸਾਹਿਤਕ ਸੰਸਥਾ ਕਲਾਪੀਠ ਨੇ ਇਸ ਕਾਫ਼ਲੇ ਦਾ ਸੁਆਗਤ ਕੀਤਾ।
ਕਲਾਪੀਠ ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਨੇ ਪ੍ਰੋ.ਰਣਧੀਰ ਸਿੰਘ ਨੂੰ ਭਾਰਤੀ ਰਾਜਨੀਤੀ ਦੇ ਨਵ ਮਾਰਕਸਵਾਦੀ ਵਿਸ਼ਲੇਸ਼ਕ ਦੇ ਤੌਰ ਤੇ ਯਾਦ ਕੀਤਾ। ਉੱਘੇ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਪ੍ਰੋ.ਸਿੰਘ ਦੀਆਂ ਲਿਖਤਾਂ ਦੇ ਹਵਾਲੇ ਨਾਲ ਉਹਨਾਂ ਨੂੰ ਲੋਕਾਂ ਦੇ ਹੱਕ ਦੀ ਬੁਲੰਦ ਆਵਾਜ਼ ਕਿਹਾ । ਸ਼ਾਇਰ ਹਰਮੀਤ ਵਿਦਿਆਰਥੀ ਅਤੇ ਅਨਿਲ ਆਦਮ ਨੇ ਪ੍ਰੋ.ਰਣਧੀਰ ਸਿੰਘ ਨੂੰ ਅਜਿਹੇ ਨਿਧੜਕ ਚਿੰਤਕ ਦੇ ਤੌਰ ਤੇ ਯਾਦ ਕੀਤਾ ਜੋ ਪੰਜਾਬ ਦੇ ਕਾਲੇ ਦਿਨਾਂ ਵਿੱਚ ਵੀ ਆਪਣੀ ਗੱਲ ਬੇਖ਼ੌਫ਼ ਹੋ ਕੇ ਕਰਦਾ ਰਿਹਾ ਹੈ । ਡਾ.ਜਗਵਿੰਦਰ ਜੋਧਾ ਨੇ ਕਿਹਾ ਕਿ ਪ੍ਰੋ.ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਉਹਨਾਂ ਦੀ ਅਮੀਰ ਚਿੰਤਨ ਪਰੰਪਰਾ ਨਾਲ ਜੁੜ ਕੇ ਜ਼ਿੰਦਗੀ ਨੂੰ ਸਮਝਣ ਦੀ ਜ਼ਰੂਰਤ ਤੇ ਜੋਰ ਦਿੱਤਾ। ਡਾ.ਪਰਮਿੰਦਰ ਸਿੰਘ ਨੇ ਰਣਧੀਰ ਸਿੰਘ ਹੋਰਾਂ ਦੇ ਕਵੀ ਹੋਣ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਸੂਖ਼ਮ ਭਾਵੀ ਮਨੁੱਖ ਕਿਹਾ।
ਇਸ ਕਾਫ਼ਲੇ ਵਿੱਚ ਅਮੋਲਕ ਸਿੰਘ, ਕੰਵਲਜੀਤ ਖੰਨਾ, ਗੁਰਮੀਤ,ਸੁਖਦਰਸ਼ਨ ਨੱਤ, ਜਸਵੀਰ ਨੱਤ,ਅਮਰਜੀਤ ਬਾਈ ,ਪ੍ਰੋ.ਕੁਲਦੀਪ,ਸੁਖਜਿੰਦਰ ਫ਼ਿਰੋਜ਼ਪੁਰ,ਰਾਜੀਵ ਖ਼ਯਾਲ ਤੋਂ ਇਲਾਵਾ ਪ੍ਰੋ.ਰਣਧੀਰ ਸਿੰਘ ਦੀਆੰ ਦੋਵੇਂ ਬੇਟੀਆਂ ਪ੍ਰੀਆਲੀਨ ਕੌਰ,ਸ਼ਿਮਰੀਤ ਕੌਰ ਗੁਰਸ਼ਰਨ ਭਾਜੀ(ਭਾਈ ਮੰਨਾ ਸਿੰਘ)ਦੀਆਂ ਬੇਟੀਆਂ ਨਵਸ਼ਰਨ ਅਤੇ ਅਰੀਤ ਕੌਰ , ਦਾਮਾਦ ਅਤੁਲ ਸੂਦ, ਰਵਿੰਦਰਪਾਲ ਸ਼ਰਮਾ, ਕਾਮਰੇਡ ਜਗਰੂਪ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਅਤੇ  ਕਾਰਕੁੰਨ ਸ਼ਾਮਲ  ਹੋਏ । ਸ਼ਹੀਦ ਭਗਤ ਸਿੰਘ ,ਰਾਜਗੁਰੂ ,ਸੁਖਦੇਵ ਦੀ ਸਾਂਝੀ ਸਮਾਧ ਉਪਰ ਨਮਨ ਕਰਨ ਉਪਰੰਤ ਇਨਕਲਾਬੀ ਨਾਅਰਿਆਂ ਦੇ ਜੋਸ਼ ਵਿੱਚ ਲੋਕਾਂ ਦੇ ਇਸ ਬੁੱਧੀਜੀਵੀ ਦੀਆਂ ਅਸਥੀਆਂ ਨੂੰ ਜਲਪ੍ਰਵਾਹ ਕੀਤਾ ਗਿਆ। ਸੋਚਣ ਸਮਝਣ ਅਤੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦੀ ਇੱਕ ਹੋਰ ਬੁਲੰਦ ਆਵਾਜ਼ ਖ਼ਾਮੋਸ਼ ਹੋ ਗਈ।            

No comments: