Friday, February 05, 2016

ਗੱਜਣਮਾਜਰਾ (ਮਲੇਰਕੋਟਲਾ) 'ਚ ਫਿਰ ਰੋਸ਼ਨ ਹੋਈ ਲੋਕ ਸਾਹਿਤ ਦੀ ਮਸ਼ਾਲ

ਸੁਰਜੀਤ ਪਾਤਰ ਬਣੇ ਆਕਰਸ਼ਨ ਦਾ ਮੁੱਖ ਕੇਂਦਰ 
ਮਨਵਿੰਦਰ ਸਿੰਘ ਗਿਆਸਪੁਰਾ ਨੇ ਕਹੀ ਸ਼ਬਦਾਂ ਨੂੰ ਹਥਿਆਰ ਬਣਾਉਣ ਦੀ ਗੱਲ 
ਗੱਜਣਮਾਜਰਾ (ਮਲੇਰਕੋਟਲਾ) ਤੋਂ ਪਰਤ ਕੇ ਰੈਕਟਰ ਕਥੂਰੀਆ:
ਕਾਲਜਾਂ ਅਤੇ ਹੋਰਨਾਂ ਵਿਦਿਅਕ ਅਦਾਰਿਆਂ ਵਿੱਚ ਫੈਸ਼ਨ ਸ਼ੋਅ ਜਹੇ ਚਮਕ ਦਮਕ ਵਾਲੇ ਆਯੋਜਨ ਤਾਂ ਅਕਸਰ ਹੁੰਦੇ ਰਹਿੰਦੇ ਹਨ ਪਰ ਮਸਤਕ ਵਿੱਚ ਲੁਕੇ ਤੀਜੇ ਨੇਤਰ  ਨੂੰ ਖੋਹਲਣ ਵਾਲੇ ਸਾਹਿਤ ਦੀ ਚਰਚਾ ਹੁਣ ਅਲੋਪ ਹੁੰਦੀ ਜਾ ਰਹੀ ਹੈ। ਇਸ ਚਿੰਤਾਜਨਕ ਵਰਤਾਰੇ ਨੂੰ ਮਹਿਸੂਸ ਕੀਤਾ ਮਲੇਰਕੋਟਲਾ ਇਲਾਕੇ ਵਿੱਚ ਪੈਂਦੇ ਤਾਰਾ ਵਿਵੇਕ ਕਾਲਜ ਪ੍ਰਬੰਧਕਾਂ ਨੇ ਅਤੇ ਇਸ ਰੁਝਾਣ ਨੂੰ ਮੁੜ ਸੁਰਜੀਤ ਕਰਨ ਲਈ ਕਰਾਇਆ ਪਾਇਨਿਯਰ ਸੀਨੀਅਰ ਸੈਕੰਡਰੀ ਸਕੂਲ ਗੱਜਣਮਾਜਰਾ ਦੇ ਖੁੱਲੇ ਮੈਦਾਨ ਵਿੱਚ ਇੱਕ ਖਾਸ੍ਵ ਸਮਾਗਮ।  ਇਹ ਸੀ ਲੋਕਾਂ ਵਿੱਚ ਜਾਗ੍ਰਤੀ ਲਿਆਉਣ ਵਾਲਾ ਯਾਦਗਾਰੀ ਕਵੀ ਦਰਬਾਰ। ਦਿਲਾਂ ਨੂੰ ਹਲੂਣਾ ਦੇਂਦੇ ਬੋਲ, ਦਿਮਾਗ ਨੂੰ ਸੋਚਣ ਲਈ ਮਜਬੂਰ ਕਰਦੇ ਅੰਦਾਜ਼, ਤਬਾਹ ਹੋ ਰਹੇ ਪੰਜਾਬ ਨੂੰ ਬਚਾਉਣ ਲਈ ਵਾਸਤੇ ਪਾਉਂਦੇ ਸਿਧੇ ਸਾਧੇ ਸ਼ਬਦ ਇੱਕ ਨਵਾਂ ਸਮਾਜ ਸਿਰਜਣ ਵਾਲਾ ਮਾਹੌਲ ਤਿਆਰ ਕਰ ਰਹੇ ਸਨ। ਦਰਬਾਰੀ ਰਾਗ ਗਾਉਣ ਵਾਲੇ ਕਲਮਕਾਰਾਂ ਤੋਂ ਦੂਰੀ ਰੱਖਦਿਆਂ ਸੱਦਾ ਦਿੱਤਾ ਗਿਆ ਸੀ ਉਹਨਾਂ ਸ਼ਾਇਰਾਂ ਅਤੇ ਗੀਤਕਾਰਾਂ ਨੂੰ ਜਿਹਨਾਂ ਨੇ ਚੇਤੇ ਰੱਖਿਆ ਹੋਇਆ ਹੈ ਕਿ ਗਾਇਕ ਅਤੇ ਕਲਮਕਾਰ ਨੇ ਹਰ ਹਾਲਤ ਵਿੱਚ ਸਚ ਹੀ ਬੋਲਣਾ ਹੁੰਦਾ ਹੈ। ਇਸ ਮੌਕੇ ਹੋਂਦ ਚਿਲੜ ਵਾਲਾ ਸਚ ਸਾਹਮਣੇ ਲਿਆਉਣ ਲਈ ਇੱਕ ਲੱਖ ਰੁਪਏ ਮਹੀਨਾ ਦੀ ਨੌਕਰੀ ਗੁਆ ਕੇ ਸਚ ਬੋਲਣ ਵਾਲੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਵੀ ਉਚੇਚੇ ਸਨਮਾਨਿਤ ਕੀਤਾ ਗਿਆ। ਪਦਮਸ਼੍ਰੀ ਸੁਰਜੀਤ ਪਾਤਰ ਅਤੇ ਪ੍ਰੋਫੈਸਰ ਕਰਮਜੀਤ ਕੌਰ ਨੇ ਆਪਣੀਆਂ ਰਚਨਾਵਾਂ ਨਾਲ ਲੋਕ ਦੁਸ਼ਮਣਾਂ ਵੱਲ ਨਿਸ਼ਾਨਾ ਸੇਧਿਆ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਸ਼ਬਦਾਂ ਨੂੰ ਹਥਿਆਰ ਬਣਾਉਣ ਦੀ ਗੱਲ ਕਹੀ। ਇਸ ਸੰਸਥਾ ਦੇ ਸੰਚਾਲਕ ਜਸਵੰਤ ਮੰਡੇਰ ਨੇ ਆਪਣੇ ਭਾਸ਼ਣ ਦੌਰਾਨ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ।  ਨਿਸਚੇ ਹੀ ਅੱਜ ਦੇ ਸਮਾਗਮ ਮਗਰੋਂ ਬਹੁਤ ਸਾਰੇ ਵਿਦਿਆਰਥੀ ਇਸ ਨਿਘਰ ਰਹੇ ਸਮਾਜ ਨੂੰ ਬਚਾਉਣ ਲਈ  ਕੁਝ ਉਪਰਾਲੇ ਕਰਨ ਦਾ ਸੰਕਲਪ ਕਰਕੇ ਘਰ ਗਏ  ਹੋਣਗੇ। ਗਾਇਕ ਜਸਵੰਤ ਧਾਲੀਵਾਲ ਨੇ ਆਪਣੇ ਸੁਰੀਲੇ ਅੰਦਾਜ਼ ਨਾਲ ਸਾਰੇ ਸਰੋਤਿਆਂ ਨੂੰ ਆਪਣੇ ਨਾਲ ਤੋਰ ਲਿਆ। ਗੁਲਜ਼ਾਰ ਸਿੰਘ ਹਥੋਆ, ਗੁਰਮੀਤ ਸਿੰਘ ਰੁੜਕੀ ਕਲਾਂ ਅਤੇ ਜਸਵੰਤ ਸਿੰਘ ਬਮਾਲ ਦੇ ਕਵੀਸ਼ਰੀ ਜੱਥੇ ਨੇ ਨਸ਼ਿਆਂ ਕਾਰਨ ਹੋ ਰਹੀ ਤਬਾਹੀ ਦੇ ਸਿੱਟਿਆਂ ਬਾਰੇ ਬੜੇ ਹੀ ਪ੍ਰਭਾਵਸ਼ਾਲੀ ਅਤੇ ਸੰਗੀਤਕ ਢੰਗ ਨਾਲ ਹਲੂਣਾ ਦਿੱਤਾ। 

No comments: