Thursday, February 11, 2016

ਹੁਣ ਡੇਵਿਡ ਕੋਲਮੈਨ ਹੇਡਲੀ ਵੱਲੋਂ ਇਸ਼ਰਤ ਬਾਰੇ ਖੁਲਾਸਾ

 ਡੇਵਿਡ ਨੇ ਕਿਹਾ--ਇਸ਼ਰਤ ਲਸ਼ਕਰ ਦੀ ਅੱਤਵਾਦੀ ਸੀ
ਮੁੰਬਈ: 11 ਫ਼ਰਵਰੀ 2016: (ਪੰਜਾਬ ਸਕਰੀਨ ਬਿਊਰੋ):
26 / 11 ਹਮਲੇ 'ਚ ਸ਼ਾਮਿਲ ਅੱਤਵਾਦੀ ਡੇਵਿਡ ਕੋਲਮੈਨ ਹੇਡਲੀ ਨੇ ਦੱਸਿਆ ਦੀ ਇਸ਼ਰਤ ਲਸ਼ਕਰ ਦੀ ਅੱਤਵਾਦੀ ਸੀ। ਸੰਨ 2004 ਵਿੱਚ ਇਸ਼ਰਤ ਜਹਾਂ ਸਹਿਤ ਚਾਰ ਅੱਤਵਾਦੀਆਂ ਨੂੰ ਅਹਿਮਦਾਬਾਦ ਕੋਲ ਪੁਲਿਸ ਨੇ "ਮੁਕਾਬਲੇ" ਵਿਚ ਮਾਰਿਆ ਸੀ। ਇਸ ਨੂੰ ਲੈ ਕੇ ਪੁਲਿਸ ਉੱਤੇ ਫ਼ਰਜ਼ੀ ਮੁਕਾਬਲੇ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ।
ਤਸਵੀਰ ਨੂੰ ਵੱਡਾ ਕਰਕੇ ਦੇਖਣ ਲਈ ਇਸ ਤਸਵੀਰ ਉੱਪਰ ਕਲਿੱਕ ਕਰੋ  
ਇਹ "ਮੁਕਾਬਲਾ" 15 ਜੂਨ 2004 ਨੂੰ ਹੋਇਆ ਸੀ। ਗੁਜਰਾਤ ਸਰਕਾਰ ਦੀ ਅਪਰਾਧ ਸ਼ਾਖਾ ਨੇ ਇੱਕ ਗੁਪਤ ਸੂਚਨਾ ਦਾ ਦਾਅਵਾ ਕਰ ਕੇ ਕਿਹਾ ਸੀ ਕਿ ਲਸ਼ਕਰ ਏ ਤੋਏਬਾ ਨਾਲ ਸਬੰਧਤ ਅੱਤਵਾਦੀਆਂ ਦੇ ਇੱਕ ਦਲ ਨੇ ਸਾਲ 2002 ਵਿੱਚ ਮੁਸਲਮਾਨਾਂ ਦੇ ਫਿਰਕੂ ਕਤਲਾਮ ਦਾ ਬਦਲਾ ਲੈਣ ਲਈ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਰਚੀ ਸੀ। ਇਸ਼ਰਤ ਜਹਾਂ ਦੇ ਨਾਲ ਮਾਰੇ ਗਏ ਬਾਕੀ ਤਿੰਨ ਨੌਜਵਾਨ ਅਮਜਦ, ਜੀਸ਼ਾਨ, ਅਤੇ ਜਾਵੇਦ ਸਨ। ਮੁਕਾਬਲੇ ਵਾਲੇ ਪੁਲਿਸ ਦਲ ਦੀ ਅਗਵਾਈ ਡੀ ਜੀ ਵਨਜਾਰਾ ਨੇ ਕੀਤੀ ਸੀ ਜਿਸ ਨੂੰ ਬਾਅਦ ਵਿੱਚ ਸੋਹਰਾਬੁਦੀਨ ਨਾਂ ਦੇ ਇੱਕ ਹੋਰ ਨੌਜਵਾਨ ਦੀ ਝੂਠੇ ਪੁਲਿਸ ਮੁਕਾਬਲੇ ਵਿੱਚ ਹੱਤਿਆ ਦੇ ਕੇਸ ਵਿੱਚ ਜੇਲ ਵਿੱਚ ਜਾਣਾ ਪਿਆ ਸੀ।  ਮੌਤ ਸਮੇਂ ਇਸ਼ਰਤ ਸਿਰਫ 19 ਸਾਲਾਂ ਦੀ ਸੀ। "ਮੁਕਾਬਲੇ" ਵਾਲੀ ਇਸ ਮੌਤ ਤੋਂ ਦੋ ਸਾਲ ਪਹਿਲਾਂ ਉਸਦੇ ਪਿਤਾ ਮੋਹੰਮਦ ਸ਼ਮੀਮ ਰਜ਼ਾ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਉਸਨੇ ਟਿਊਸ਼ਨਾਂ ਪੜ੍ਹਾਉਣੀਆਂ ਸ਼ੁਰੂ ਕੀਤੀਆਂ ਅਤੇ ਨਾਲ ਹੀ ਸਿਲਾਈ ਕਢਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਚਲਾਉਣਾ ਸ਼ੁਰੂ ਕੀਤਾ। ਇਸਦੇ ਨਾਲ ਹੀ ਉਹ ਜਾਵੇਦ ਸ਼ੇਖ ਨਾਮ ਦੀ ਕਿਸੇ ਵਿਅਕਤੀ ਕੋਲ ਅਕਾਊਂਟਸ ਦਾ ਕੰਮ ਵੀ ਕਰਦੀ ਸੀ ਜਿਸਨੂੰ ਉਹ ਅੰਕਲ ਜਾਵੇਦ ਆਖਿਆ ਕਰਦੀ ਸੀ।  ਕੰਮ-ਕਾਰ ਦੇ ਸਿਲਸਿਲੇ ਵਿੱਚ ਸ਼ਹਿਰੋਂ ਬਾਹਰ ਜਾਣਾ ਅਕਸਰ ਹੁੰਦਾ ਸੀ। ਇੱਕ ਵਾਰ ਉਹ ਘਰੋਂ 11 ਜੂਨ ਨੂੰ ਨਾਸਿਕ ਲਈ ਰਵਾਨਾ ਹੋਈ। ਉਸਨੇ ਘਰ ਫੋਨ ਵੀ ਕੀਤਾ ਕਿ  ਅੰਕਲ ਅਜੇ ਤੱਕ ਨਹੀਂ ਆਏ। ਉਸ ਤੋਂ ਬਾਅਦ ਉਹ ਕਦੇ ਘਰ ਨਾ ਪ੍ਰਤੀ। ਹਰ ਕੁ ਦਿਨਾਂ ਮਗਰੋਂ 15 ਜੂਨ ਨੂੰ ਪੁਲਿਸ ਦਾ ਬਿਆਨ ਆਇਆ ਕਿ ਇਸ਼ਰਤ ਅਤੇ ਉਸਦੇ ਸਾਥੀ ਮੁਕਾਬਲੇ ਵਿੱਚ ਮਾਰੇ ਗਏ ਹਨ।  ਉਸਦੀ ਮਾਂ ਸ਼ਮੀਮਾ ਦਵਾਈਆਂ ਦੀ ਪੈਕਿੰਗ ਕਰਨ ਵਾਲੀ ਕਿਸੇ ਫਰਮ ਦਾ ਕੰਮ ਕਰਿਆ ਕਰਦੀ ਸੀ।  ਮੁਸਲਿਮ ਬਹੁਲ ਇਲਾਕੇ ਮੁੰਬਾਰਾ ਵਿੱਚ ਰਹਿੰਦੀ ਸੀ ਜੋ ਕਿ ਮਹਾਂਰਾਸ਼ਟਰ ਦੇ ਠਾਣੇ ਜ਼ਿਲੇ ਵਿੱਚ ਪੈਂਦਾ ਹੈ। ਇਸ਼ਰਤ ਦੇ ਜਨਾਜ਼ੇ ਵਿੱਚ ਦਸ ਹਜ਼ਾਰ ਲੋਕ ਸ਼ਾਮਲ ਹੋਏ ਸਨ। 
ਇਸ "ਮੁਕਾਬਲੇ" ਨੂੰ ਲੈ ਕੇ ਬਹੁਤ ਵਾਵੇਲਾ ਵੀ ਹੋਇਆ ਸੀ। ਸੰਨ 1985 ਵਿੱਚ ਜਨਮੀ ਇਸ਼ਰਤ ਮੁੰਬਈ ਦੇ ਗੁਰੂ ਨਾਨਕ ਖਾਲਸਾ ਕਾਲਜ ਵਿੱਚ  ਪੜ੍ਹਦੀ ਸੀ ਅਤੇ ਬੀਏ ਦੇ ਦੂਜੇ ਸਾਲ ਦੀ ਵਿਦਿਆਰਥਣ ਸੀ। "ਮੁਕਾਬਲੇ" ਮਗਰੋਂ ਇਸ਼ਰਤ ਨੂੰ ਨਿਰਦੋਸ਼ ਦੱਸਿਆ ਗਿਆ  ਸੀ ਅਤੇ ਇਸ ਨੂੰ ਪੂਰੀ ਤਰਾਂ ਝੂਠਾ ਮੁਕਾਬਲਾ ਕਰਾਰ ਦਿੱਤਾ ਗਿਆ। ਬੜੇ ਹੀ ਨਾਟਕੀ ਉਤਰਾਵਾਂ ਚੜ੍ਹਾਵਾਂ ਦੌਰਾਨ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਇੱਕ ਪ੍ਰਕਾਸ਼ਨ Ghazwa ਨੇ ਇਹ ਗੱਲ ਸਵੀਕਾਰ ਕੀਤੀ ਕਿ ਇਸ਼ਰਤ ਅਤੇ ਉਸਦੇ ਸਾਥੀ ਲਸ਼ਕਰ ਲਈ ਕੰਮ ਕਰਦੇ ਸਨ ਪਰ ਸੰਨ 2007 ਵਿੱਚ ਲਸ਼ਕਰ ਦੇ ਸਿਆਸੀ ਵਿੰਗ ਜਮਾਤ-ਉਦ-ਦਾਵਾ ਨੇ ਇਸ ਪ੍ਰਕਾਸ਼ਨ ਵਿੱਚ ਛਪੇ ਬਿਆਨ ਨੂੰ "ਅਖਬਾਰੀ ਗਲਤੀ " ਦੱਸਿਆ। ਇਸ ਤੋਂ ਬਾਅਦ ਲਸ਼ਕਰ ਨੇ ਇਸ "ਗਲਤ ਬਿਆਨੀ" ਲਈ  ਇਸ਼ਰਤ ਦੇ ਪਰਿਵਾਰ ਕੋਲੋਂ ਬਾਕਾਇਦਾ 2010 ਵਿੱਚ ਮਾਫ਼ੀ ਵੀ ਮੰਗੀ। ਇਸ ਖੁਲਾਸੇ ਤੋਂ ਬਾਅਦ ਹੁਣ ਭਾਜਪਾ ਦੀ ਮੰਗ ਹੈ ਕਿ ਇਸ਼ਰਤ ਜਹਾਂ ਨੂੰ ਸ਼ਹੀਦ ਦੱਸਣ ਵਾਲੇ ਲੋਕਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਭਾਜਪਾ ਬੁਲਾਰੇ ਸ਼ਾਹਨਵਾਜ ਹੁਸੈਨ ਨੇ ਕਿਹਾ ਕਿ ਜੋ ਵੀ ਲੋਕ ਇਸ਼ਰਤ ਨੂੰ ਸ਼ਹੀਦ ਮੰਨਦੇ ਸਨ ਹੁਣ ਉਨ੍ਹਾਂ ਦੀਆਂ ਅੱਖਾਂ ਹੁਣ ਖੁੱਲ੍ਹ ਗਈਆਂ ਹੋਣਗੀਆਂ। ਹੁਣ ਦੇਖਣਾ ਹੈ ਕਿ ਇਸ ਮੁਕਾਬਲੇ ਨੂੰ ਝੂਠਾ ਆਖਣ ਵਾਲੇ ਕੀ ਦਲੀਲ ਲੈ ਕੇ ਸਾਹਮਣੇ ਆਉਂਦੇ ਹਨ। 

No comments: