Tuesday, February 09, 2016

ਕਾਮਰੇਡ ਨਵਕਰਨ ਦੀ ਮੌਤ ਬਾਰੇ ਵਿਵਾਦ ਹੋਰ ਤਿੱਖਾ

Mon, Feb 8, 2016 at 9:14 PM
ਇਹ ਕਤਲ ਸੀ ਜਾਂ ਖੁਦਕੁਸ਼ੀ? ਮੀਤ ਨੇ ਲਿਖਿਆ ਖੁੱਲਾ ਖਤ 
ਸਿਆਸਤ ਵਿੱਚ ਬਹੁਤ ਕੁਝ ਹੁੰਦਾ ਹੈ ਜਿਸ ਨੂੰ ਲੁਕਾ ਲਿਆ ਜਾਂਦਾ ਹੈ। ਲੋਕ ਪੱਖੀ ਖਰੀ ਸਿਆਸਤ ਵਿੱਚ ਵੀ ਅਕਸਰ ਅਜਿਹੀਆਂ ਮਜਬੂਰੀਆਂ ਆ ਜਾਂਦੀਆਂ ਹਨ ਜਦੋਂ ਸਭਕੁਝ ਸਾਰਿਆਂ ਦੇ ਸਾਹਮਣੇ ਬਹਿਸ ਦਾ ਵਿਸ਼ਾ ਨਹੀਂ ਬਣਾਇਆ ਜਾ ਸਕਦਾ। ਖੱਬੇ ਪੱਖੀ ਵਿਚਾਰਾਂ ਵਾਲੇ ਜਨਾਬ ਕੈਫ਼ੀ ਆਜ਼ਮੀ ਸਾਹਿਬ ਨੇ ਕਿਸੇ ਵੇਲੇ ਲਿਖਿਆ ਸੀ--
ਵੋ ਤੇਗ ਮਿਲ ਗਈ ਜਿਸ ਸੇ ਹੁਆ ਥਾ ਕਤਲ ਮੇਰਾ,
ਕਿਸੀ ਕੇ ਹਾਥ ਕਾ ਉਸ ਪਰ ਨਿਸ਼ਾਂ ਨਹੀਂ ਮਿਲਤਾ। 
ਅਜਿਹੀਆਂ ਘਟਨਾਵਾਂ ਅਕਸਰ ਗੁਮਨਾਮੀ ਦੇ ਹਨੇਰੇ ਵਿੱਚ ਗੁਆਚ ਜਾਂਦੀਆਂ ਹਨ ਪਰ ਕਈ ਵਾਰ ਕੁਝ ਲੋਕ ਰਵਾਇਤਾਂ ਤੋੜਨ ਦਾ ਇਲਜ਼ਾਮ ਲੈ ਕੇ ਵੀ ਕਾਤਲਾਂ ਨੂੰ ਬੇਨਕਾਬ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਸਿਆਸੀ ਅਤੇ ਸਿਧਾਂਤਕ ਮਕਸਦਾਂ ਨਾਲ ਜੁੜੇ ਵਡੇਰੇ ਹਿਤਾਂ ਨੂੰ ਨਜ਼ਰ ਵਿੱਚ ਰਖਦਿਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਜਨਤਕ ਕਰਨ ਤੋਂ ਗੁਰੇਜ਼ ਵੀ ਕੀਤਾ ਜਾਂਦਾ ਹੈ ਪਰ ਕੁਝ ਗੱਲਾਂ ਫਿਰ ਵੀ ਬਾਹਰ ਆ ਜਾਂਦੀਆਂ ਹਨ। ਕਾਮਰੇਡ ਨਵਕਰਨ ਦੀ ਖੁਦਕੁਸ਼ੀ ਤੋਂ ਬਾਅਦ ਸ਼ੁਰੂ ਹੋਇਆ ਸਿਲਸਿਲਾ ਵੀ ਕੁਝ ਅਜਿਹਾ ਹੀ ਪ੍ਰ੍ਤੀਤ ਹੁੰਦਾ ਹੈ।  ਇਸ ਸਬੰਧ ਵਿੱਚ ਸਾਨੂੰ ਪਰਾਪਤ ਹੋਇਆ ਹੈ ਮਨਪਰੀਤ ਮੀਤ ਦੇ ਹਿੰਦੀ ਵਿੱਚ ਲਿਖੇ ਖੁੱਲੇ ਖਤ ਦਾ ਪੰਜਾਬੀ ਅਨੁਵਾਦ। ਅਨੁਵਾਦਕ ਦੀ ਬੇਨਤੀ ਤੇ ਅਨੁਵਾਦਕ ਦਾ ਨਾਮ ਨਹੀਂ ਛਾਪਿਆ ਜਾ ਰਿਹਾ। --ਸੰਪਾਦਕ 
ਸਾਰੇ ਇਨਸਾਫ਼ ਪਸੰਦ ਨਾਗਰਿਕਾਂ, ਬੁਧੀਜੀਵੀਆਂ, ਸਮਾਜਿਕ ਕਾਰਕੁੰਨਾ ਦੇ ਨਾਂ ਮਨਪ੍ਰੀਤ ਮੀਤ ਦਾ ਖੁੱਲਾ ਖ਼ਤ
                                                                                       ਅਨੁਵਾਦ--------ਕੋਈ ਸਾਥੀ 
ਸਾਥੀਓ, ਕਾਮਰੇਡ ਨਵਕਰਨ ਦੀ ਖੁਦਕਸ਼ੀ ਮਗਰੋਂ, ਪਿਛਲੇ ਤਿੰਨ-ਚਾਰ ਦਿਨਾਂ ‘ਚ ਜੋ ਹਾਲਾਤ ਬਣੇ ਹਨ ਉਹਨਾਂ ਕਰਕੇ ਮੈਂ ਇਹ ਖੁੱਲਾ ਖ਼ਤ ਲਿਖਣ ਲਈ ਮਜ਼ਬੂਰ ਹੋਈ ਹਾਂ। 
ਸਭ ਤੋਂ ਪਹਿਲਾਂ, ਮੈਂ ਇਹ ਸਪਸ਼ਟ ਕਰ ਦੇਵਾਂ ਕਿ Revolutionary Communist League of India (RCLI) ਨੂੰ ਛੱਡਣ ਮਗਰੋਂ ਮੇਰਾ ਕਿਸੇ ਵੀ ਸਿਆਸੀ ਦਲ ਨਾਲ਼ ਕੋਈ ਵੀ ਸਬੰਧ ਨਹੀਂ ਹੈ। ਮੈਂ ਉਸ ਸਮੇਂ ਮਗਰੋਂ ਕਦੇ RCLI ‘ਤੇ ਟਿੱਪਣੀ ਨਹੀਂ ਕੀਤੀ ਹੈ। ਨਿਜ਼ੀ ਜੀਵਨ ਦੀਆਂ ਪਰੇਸ਼ਾਨੀਆਂ ਅਤੇ ਖਰਾਬ ਸਿਹਤ ਕਰਕੇ ਮੈਂ ਲਹਿਰ ‘ਚ ਸਰਗਰਮ ਹਿਸੇਦਾਰੀ ਨਹੀਂ ਕਰ ਸਕੀ, ਪਰ ਜਿੰਨਾ ਵੀ ਹੋ ਸਕਿਆ, ਲਹਿਰ ਦੇ ਲੋਕ ਪਖੀ ਮਸਲਿਆਂ ਦੀ ਹਿਮਾਇਤ ਕਰਨ ਦਾ ਯਤਨ ਕਰਦੀ ਹਾਂ। ਮੈਂ ਨਾ ਹੀ ਕਿਸੇ ਮਾਰਕਸਵਾਦੀ, ਨਾ ਸਤਾਲਿਨਵਾਦੀ ਅਤੇ ਨਾ ਹੀ ਤਰਾਤਸਕੀਵਾਦੀ ਜਥੇਬੰਦੀ ਨਾਲ਼ ਜੁਡ਼ੀ ਹੋਈ ਹਾਂ। ਅਜਿਹੀ ਕਿਸੇ ਵੀ ਜਥੇਬੰਦੀ ਦੁਆਰਾ ਕਿਸੇ ਵੀ ਮਾਰਕਸਵਾਦੀ ਅਧਿਆਪਕ (ਸਤਾਲਿਨ ਅਤੇ ਮਾਓ- ਅਨੁਵਾਦਕ) ‘ਤੇ ਕੀਤੀ ਗਈ ਕਿੱਚਡ਼ ਉਛਾਲੀ ਦਾ ਮੈਂ ਹਿਸਾ ਨਹੀਂ ਹਾਂ। ਮੇਰਾ ਸਰੋਕਾਰ ਬੱਸ ਇੰਨਾ ਹੈ ਕਿ ਜੋ ਨਵਕਰਨ ਅਤੇ ਅਜਿਹੇ ਤਮਾਮ ਨੌਜਵਾਨਾਂ ਨੂੰ ਇਨਸਾਫ਼ ਮਿਲੇ ਜੋ RCLI ਦੀ ਪਤੀਤ ਅਤੇ ਘਿਨੌਣੀ ਸਿਆਸਤ ਦੇ ਦੁਸ਼ਚੱਕਰ ਵਿਚ ਫਸੇ ਹੋਏ ਹਨ. ਸਾਥੀ ਨਵਕਰਨ ਦੀ ਖੁਦਕੁਸ਼ੀ ਨੇ ਇਹ ਬੇਚੈਨੀ ਵੀ ਪੈਦਾ ਕੀਤੀ ਕਿ ਨੌਜਵਾਨ ਸਚਾਈ ਨੂੰ ਜਾਣਨ ਦਾ ਯਤਨ ਕਰਨ ਅਤੇ ਅਖਾਂ ਬੰਦ ਕਰਕੇ ਗਿਆਨਪੂਰਨ ਪਰਵਚਨਾਂ ਦੇ ਭਰਮਜਾਲ ਵਿਚ ਨਾ ਫਸਣ ਅਤੇ ਇਨਕਲਾਬੀ ਉਰਜਾ ਨੂੰ ਸਹੀ ਦਿਸ਼ਾ ਵਿਚ ਲਗਾਉਣ. ਜੇਕਰ ਕੋਈ ਇਨਸਾਨ ਸਰਗਰਮ ਇਨਕਲਾਬੀ ਕਾਰਜ ਵਿਚ ਨਹੀਂ ਲੱਗਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣੇ ਆਸ-ਪਾਸ ਹੋ ਰਹੇ ਅਨਿਆਂ ਬਾਰੇ ਬੋਲਣਾ ਬੰਦ ਹੀ ਕਰ ਦੇਵੇ। 
ਮੈਂ 2010 ‘ਚ RCLI  ਨਾਲ਼ ਜੁਡ਼ੀ ਅਤੇ ਪੰਜਾਬ ਦੇ ਆਗੂਆਂ ਦੇ ਬੇਹੱਦ ਮਾਡ਼ੇ ਵਤੀਰੇ ਦੇ ਬਾਵਜੂਦ ਲੰਬੇ ਸਮੇਂ ਇਹ ਸੋਚ ਕੇ ਲਹਿਰ ‘ਚ ਸਰਗਰਮ ਰਹੀ ਕਿ ਇਨਕਲਾਬ ਦੇ ਵੱਡੇ ਟੀਚਿਆਂ ਮੂਹਰੇ ਮੈਨੂੰ ਆਪਣੇ ਕਸ਼ਟਾਂ ਦੀ ਅਣਦੇਖੀ ਕਰਨੀ ਚਾਹੀਦੀ ਹੈ।  ਮੈਂ ਆਪਣਾ ਘਰ-ਪਰਿਵਾਰ ਛੱਡ ਕੇ ਲਹਿਰ ‘ਚ ਸ਼ਾਮਿਲ ਹੋਈ ਅਤੇ ਸਰਗਰਮ ਰਹਿਣ ਦੌਰਾਨ ਹੀ ਮੇਰਾ ਡਾਕਟਰ ਅੰਮ੍ਰਿਤ ਪਾਲ ਨਾਲ਼ ਵਿਆਹ ਹੋਇਆ ਸੀ।  RCLI ‘ਚ ਮੇਰੇ ਸਰਗਰਮ ਰਹਿਣ ਦੌਰਾਨ, ਮੇਰੇ ‘ਤੇ ਲਗਾਤਾਰ ਤਾਅਨੇ ਕੱਸੇ ਜਾਂਦੇ ਸਨ, ਬਿਮਾਰੀ ਦੀ ਹਾਲਤ ‘ਚ ਇਕੱਲਾ ਛੱਡ ਦਿਤਾ ਜਾਂਦਾ ਸੀ ਅਤੇ ਅਮਰਿਤਪਾਲ ਨੂੰ ਮੇਰੇ ਵਿਰੁਧ ਭਡ਼ਕਾਇਆ ਜਾਂਦਾ ਸੀ। ਅਲੋਚਨਾ ਦੇ ਨਾਂ ‘ਤੇ ਗਾਲ੍ਹਾਂ ਕੱਢੀਆਂ ਜਾਂਦੀਆਂ ਸਨ. ਮੈਂ ਇਸ ਸਭ ਨੂੰ ਆਪਣੀ ਕਮਜ਼ੋਰੀ ਮੰਨ ਕੇ, ਚੁਪਚਾਪ ਕਿਤਾਬਾਂ ਵੇਚਣ, ਟਰੇਨਾਂ ਅਤੇ ਬਸਾਂ ‘ਚ ਪੈਸੇ ਜੁਟਾਉਣ, ਦਫ਼ਤਰ ਦੀ ਸਾਫ਼ ਸਫਾਈ ਕਰਨ ਦੇ ਕੰਮ ‘ਚ ਰੁੱਝੀ ਰਹਿੰਦੀ ਸੀ. ਖੈਰ਼ ਇਸ ਬਾਰੇ ਆਪਣੇ ਕੌਡ਼ੇ ਤਜ਼ਰਬਿਆਂ ਦਾ ਵੇਰਵੇ ਫਿਰ ਕਦੇ. ਜਦੋਂ ਮਾਮਲਾ ਹੱਦ ਤੋਂ ਗੁਜ਼ਰ ਗਿਆ ਤਾਂ ਆਖਰਕਾਰ ਮੈਂ RCLI ਛੱਡ ਦਿਤੀ। ਜਥੇਬੰਦੀ ਦੇ ਉਕਸਾਵੇ (provocation) ਅਤੇ ਆਪਣੇ ਡਾਵਾਂਡੋਲਪੁਣੇ ਕਰਕੇ ਅੰਮ੍ਰਿਤ ਪਾਲ ਨੇ ਤਲਾਕ ਦੀ ਪੇਸ਼ਕਸ਼ ਰਖੀ ਅਤੇ ਮੈਂ ਇਨਕਾਰ ਨਹੀਂ ਕੀਤਾ (ਕਿਉਂ ਕਿ ਮਨਪ੍ਰੀਤ ਨਾਲ਼ ਜੋ ਤਸੀਹਾਦਾਇਕ ਰੱਵਇਆ ਅਪਣਾਇਆ ਗਿਆ, ਉਸ ਲਈ ਪੰਜਾਬ ਦੀ ਪਾਰਟੀ ਲੀਡਰਸ਼ੀਪ ਸਿੱਧੇ ਤੌਰ ‘ਤੇ ਜਿੰਮਵਾਰ ਸੀ।  ਉਹਨਾਂ ਨੂੰ ਡਰ ਸੀ ਕਿ ਕਿਤੇ ਮਨਪ੍ਰੀਤ ਰਜਿਸਟਰਡ ਕੋਰਟ ਮੈਰਿਜ ਦੇ ਅਧਾਰ ‘ਤੇ ਅੰਮ੍ਰਿਤ ਵਿਰੁਧ ਕਿਸੇ ਮਾਮਲੇ ਵਿਚ ਲੀਡਰਸ਼ੀਪ ਨੂੰ ਵੀ ਨਾ ਘਡ਼ੀਸ ਲਏ, ਇਸ ਕਰਕੇ ਅੰਮ੍ਰਿਤ ਦੀ ਇੱਛਾ ਵਿਰੁਧ ਉਸਨੂੰ ਅਜਿਹਾ ਕਰਨ ਲਈ ਕਿਹਾ-ਅਨੁਵਾਦਕ). ਪਰ ਤਲਾਕ ਹੋਣ ਮਗਰੋਂ ਵੀ ਲੰਬੇ ਸਮੇਂ ਤਕ ਚੰਡੀਗੜ੍ਹ ‘ਚ ਮੇਰੇ ਕੋਲ਼ ਆ ਕੇ ਰੁਕਿਆ ਕਰਦਾ ਸੀ. ਮੈਂ ਉਸਨੂੰ ਸੰਜੀਦਗੀ ਨਾਲ਼ ਆਪਣੇ ਵਿਵਹਾਰ ‘ਤੇ ਸੋਚਣ ਬਾਰੇ ਕਿਹਾ. ਮੇਰੇ ਕੋਲ਼ ਆ ਕੇ ਜਥੇਬੰਦੀ ਦੇ ਨਾਕਾਰਾਤਮਕ ਪੱਖਾਂ ‘ਤੇ ਮੌਨ ਸਹਿਮਤੀ ਤਾਂ ਜਤਾਉਂਦਾ ਸੀ, ਪਰ ਕੁਝ ਠੋਸ ਕਰਨ ਤੋਂ ਮੁੱਨਕਰ ਹੋ ਜਾਂਦਾ ਸੀ. ਆਖਰ, ਮੈਂ ਉਸਨੂੰ ਅੰਤਿਮ ਵਿਦਾ ਕਹਿ ਹੀ ਦਿਤੀ. ਬਾਵਜੂਦ ਇਸਦੇ ਉਹ ਮੈਨੂੰ ਲਗਾਤਾਰ ਫ਼ੋਨ ਕਰਦਾ ਸੀ ਪਰ ਹੋਲੀ-ਹੋਲੀ ਉਸਨੂੰ ਸਮਝ ਆ ਗਿਆ ਕਿ ਹੁਣ ਮੈਨੂੰ ਭਰਮਾਉਣਾ ਸੰਭਵ ਨਹੀਂ ਹੈ. ਸੰਖੇਪ ‘ਚ ਇਹ ਗੱਲਾਂ ਇਸ ਲਈ ਕਿਉਂਕਿ ਮੇਰੇ ਕਿਰਦਾਰ ‘ਤੇ ਚਿੱਕਡ਼ ਉਛਾਲੀ ਕਰਨ ਵਾਲੀਆਂ ਹਾਲ ਦੀਆਂ ਸਾਰੀਆਂ ਹਰਕਤਾਂ ਨਿਰਾਧਾਰ ਹਨ ਅਤੇ ਬਦਲੇ ਦੀ ਕਾਰਵਾਈ ਤੋਂ ਪ੍ਰੇਰਿਤ ਹਨ।  
ਸਾਥੀ ਨਵਕਰਨ ਦੀ ਖੁਦਕੁਸ਼ੀ ਦੀ ਖਬਰ ਮੈਨੂੰ 26 ਜਨਵਰੀ ਨੂੰ ਮਿਲੀ, ਪਰ ਪੂਰੀ ਜਾਣਕਾਰੀ ਦੀ ਉਡੀਕ ‘ਚ ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ. ਇਸ ਬਾਰੇ ਮੈਂ ਪਹਿਲੀ ਵਾਰ 30 ਜਨਵਰੀ ਨੂੰ ਲਿਖਿਆ ਅਤੇ ਉਹ ਵੀ ਨਵਕਰਨ ਦੀ ਖੁਦਕੁਸ਼ੀ ਦੇ ਕਾਰਨਾਂ ਅਤੇ RCLI ਦੇ ਆਗੂਆਂ ਦੀ ਸਾਜਿਸ਼ਕਾਰੀ ਚੁੱਪੀ ਨਾਲ਼ ਮਾਮਲੇ ਨੂੰ ਰਫ਼ਾ-ਦਫ਼ਾ ਕਰ ਦਿਤੇ ਜਾਣ ਦੀ ਕੋਸ਼ਿਸ਼ ਮਗਰੋਂ। ਯਾਦ ਰਹੇ ਕਿ ਇਸ ਬਾਰੇ ਜਥੇਬੰਦੀ ਦਾ ਬਿਆਨ ਵੀ ਇਸ ਮਗਰੋਂ ਹੀ ਆਇਆ ਅਤੇ ਉਦੋਂ ਤਕ ਜਥੇਬੰਦੀ ਨੇ ਚੁੱਪ ਧਾਰੀ ਹੋਈ ਸੀ। ਇਹ ਵੀ ਧਿਆਨ ਰਹੇ ਕਿ ਜੈਨੁਇਨ ਤਰਕਸੰਗਤ ਸਵਾਲ ਉਠਾਉਣ ‘ਤੇ ਸਾਥੀ ਅਭਿਸ਼ੇਕ ਸ਼੍ਰੀਵਾਸਤਵ ‘ਤੇ ਭੰਡੀ-ਪ੍ਰਚਾਰ ਕਰਨ ਦਾ ਇਲਜ਼ਾਮ ਲਗਾ ਦਿਤਾ ਗਿਆ। 
ਮੈਂ ਅਤੇ ਦੂਜੇ ਲੋਕਾਂ ਨੇ ਬਸ ਇੰਨਾ ਹੀ ਪੁਛਿਆ ਸੀ ਕਿ ਆਖਰ ਨਵਕਰਨ ਨੇ ਖੁਦਕੁਸ਼ੀ ਕਿਉਂ ਕੀਤੀ? ਉਹ ਕੁਲਵਕਤੀ ਕਾਰਕੁੰਨ ਸੀ, ਜਿਵੇਂ ਕਿ RCLI ਨੇ ਸ਼ਰਧਾਂਜਲੀ ਵਿਚ ਕਿਹਾ, ਉਹ ਸਵੇਂਦਨਸ਼ੀਲ ਅਤੇ ਪ੍ਰਤਿਭਾਵਾਨ ਕਾਰਕੁੰਨ ਸੀ. ਆਖਰ ਅਜਿਹੇ ਕਾਰਕੁੰਨ ਨੂੰ ਆਪਣੇ ਸੂਸਾਇਡ ਨੋਟ ਵਿਚ ਇਹ ਕਿਉਂ ਲਿਖਣਾ ਪਿਆ ਕਿ “ਉਹ ਭਗੌਡ਼ਾ ਹੈ, ਪਰ ਗਦਾਰ ਨਹੀਂ”  “ਮੇਰੇ ‘ਚ ਉਹਨਾਂ ਜਿਹੀ ਚੰਗਿਆਈ ਨਹੀਂ”, ਅਤੇ “ਮੇਰੇ ਬਾਰੇ ਸੋਚਣਾ ਤਾਂ ਜ਼ਰਾ ਰਿਆਇਤ ਦੇ ਦੇਣਾ”? ਆਖਰ ਕਿਉਂ ਖੁਦਕੁਸ਼ੀ ਦੇ ਇਕ ਹਫ਼ਤੇ ਮਗਰੋਂ ਵੀ ਕੋਈ ਬਿਆਨ ਨਹੀਂ ਆਇਆ, ਆਖਰ ਕਿਉਂ 30 ਜਨਵਰੀ ਨੂੰ ਸਾਥੀ ਨਵਕਰਨ ਦੀ ਖੁਦਕੁਸ਼ੀ ਬਾਰੇ ਪੁਛੇ ਜਾਣ ਵਾਲ਼ੇ ਸਵਾਲਾਂ ‘ਤੇ ਤਦ ਤਕ ਚੁਪੀ ਰਹੀ ਜਦੋਂ ਤਕ 31 ਜਨਵਰੀ ਨੂੰ ਨੌਜਵਾਨ ਭਾਰਤ ਸਭਾ ਵਲੋਂ ਦੇਰ ਰਾਤ ਲੰਘੇ ਇਕ ਸਵੇਂਦਨਹੀਨ ਅਤੇ ਖੋਖਲਾ ਸਪਸ਼ਟੀਕਰਨ ਨਹੀਂ ਦੇ ਦਿਤਾ ਗਿਆ? 
ਇਸ ਮਗਰੋਂ, ਜਥੇਬੰਦੀ ਦੇ ਆਗੂਆਂ (ਕਵਿਤਾ, ਸੱਤਿਅਮ ਅਤੇ ਕਾਤਿਆਇਨੀ ਆਦਿ) ਨੇ ਜੋ ਪੋਸਟਾਂ ਪਾਈਆਂ ਉਹਨਾਂ ‘ਚ ਤਿੰਨ ਤਰ੍ਹਾ ਦੀਆਂ ਗੱਲਾਂ ਸਨ: ਪਹਿਲੀ ਖੋਖਲੀ ਸ਼ਰਧਾਂਜਲੀ, (ਉਸ ‘ਚ ਵੀ ਧੀਰਜ ਨਹੀਂ ਵਰਤ ਸਕੇ ਅਤੇ ਸਵਾਲ ਉਠਾਉਣ ਵਾਲਿਆਂ ਨੂੰ ਭੰਡੀ ਪ੍ਰਚਾਰ ਕਰਨ ਵਾਲਾ ਕਿਹਾ ਗਿਆ) ਦੂਜੀ ਕੁਝ ਟੂਕਾਂ ਜਿਨਾਂ ਜ਼ਰੀਏ ਸਵਾਲ ਉਠਾਉਣ ਵਾਲ਼ਿਆਂ ਨੂੰ “ਮੁਰਦਾਖੋਰ਼ ਗਿਰਝ” ਸਣੇ ਢੇਰ ਸਾਰੀਆਂ ਉਪਾਧੀਆਂ ਨਾਲ਼ ਨਵਾਜਿਆ ਗਿਆ. ਤੀਜੀ, “ਉਲਟਾਂ ਦਾ ਦੌਰ” (times of reversals) ਅਤੇ ਇਨਕਲਾਬੀ ਲਹਿਰ ‘ਚ ਹੋਣ ਵਾਲ਼ੀਆਂ ਅਜਿਹੀਆਂ ਘਟਨਾਵਾਂ ‘ਤੇ ਝੂਠੀ ਹਮਦਰਦੀ ਬਟੋਰਨ ਵਾਲੀਆਂ ਗੱਲਾਂ। 
ਇਸ ਦੌਰਾਨ ਆਪਣੇ ਕਾਰਕੁੰਨਾਂ ਨੂੰ ਖੁੱਲਾ ਛੱਡ ਦਿਤਾ ਗਿਆ ਕਿ ਉਹ ਸਵਾਲ ਉਠਾਉਣ ਵਾਲਿਆਂ ਦੇ ਸਮਾਜਿਕ ਰੁਤਬੇ ਦੇ ਹਿਸਾਬ ਨਾਲ਼ ਉਹਨਾਂ ਨੂੰ ਖੁੱਲੇਆਮ ਗਾਲ੍ਹ ਕੱਢਣ (ਅਸ਼ੋਕ ਪਾਂਡੇ ਨੂੰ ਮੂਤਨ ਪਾਂਡੇ ਅਤੇ ਭਗੌਡ਼ਾ-ਗਦਾਰ ਕਹਿਣਾ, ਰਾਜੇਸ਼ ਤਿਆਗੀ ਅਤੇ ਰਜਿੰਦਰ ਨੂੰ ਪਤੀਤ ਤਰਾਤਸਕੀਪੰਥੀ ਕਹਿਣਾ, ਅਭਿਸ਼ੇਕ ਸ਼੍ਰੀਵਾਸਤਵ ਨੂੰ ਜ਼ਰਾ ਨਜ਼ਾਕਤ ਨਾਲ਼ ਭੰਡੀ-ਪ੍ਰਚਾਰ ਕਰਨ ਵਾਲਾ ਕਹਿਣਾ, ਅਤੇ ਮੈਨੂੰ ਖੁਲੇਆਮ ਗਾਲ੍ਹ ਕੱਢਣਾ, ਬਦਕਾਰ ਕਹਿਣਾ). ਇਸ ‘ਚ ਕੁੱਟਮਾਰ ਦੀ ਧਮਕੀ ਦੇਣਾ ਵੀ ਸ਼ਾਮਿਲ ਹੈ।  
ਸਾਥੀਓ, ਮੈਂ ਇਸ ਖ਼ਤ ਨੂੰ ਆਪਣੀ ਆਖਰੀ ਸਟੇਟਮੈਂਟ ਵਜੋਂ ਲਿਖ ਰਹੀ ਹਾਂ, ਇਸ ਮਗਰੋਂ ਮੈਂ ਇਸ ‘ਤੇ ਕੁਝ ਨਹੀਂ ਕਹਾਂਗੀ। ਧਿਆਨ ਰਹੇ, ਤੁਹਾਡੀ ਚੁੱਪੀ ਭਵਿਖ ਵਿਚ ਅਨਿਆਂ ਵਿਰੁਧ ਨਿਕਲਣ ਵਾਲੀ ਹਰ ਅਵਾਜ਼ ਨੂੰ ਪਹਿਲਾਂ ਹੀ ਰੋਕ ਦੇਵੇਗੀ. ਕਿਉਂ ਕਿ ਜਦੋਂ ਲੋਕ-ਪਖੀ ਧਿਰਾਂ ਹੀ ਚੁੱਪ ਵਟ ਕੇ ਅਜਿਹਾ ਕੁਝ ਹੁੰਦੇ ਦੇਖਦੀਆਂ ਰਹਿਣਗੀਆਂ, ਤਾਂ ਭਲਾ ਅਨਿਆਂ ਦਾ ਜਵਾਬ ਦੇਣ ਵਾਲ਼ੇ ਲੋਕ ਕਿੱਥੇ ਜਾਣਗੇ? ਇਸ ਹਨ੍ਹੇਰੇ ਦੌਰ ‘ਚ ਲੋਕ ਹਨ੍ਹੇਰੇ ਵਿਰੁਧ ਕਿਵੇਂ ਉਠ ਖਡ਼ੇ ਹੋਣਗੇ, ਜਦੋਂ ਕਿ ਹਨ੍ਹੇਰੇ ਖਿਲਾਫ਼ ਬੋਲਣ ਵਾਲੇ ਲੋਕ ਇਨਸਾਫ਼ ਦੀ ਲਡ਼ਾਈ ਵਿਚ ਚੁੱਪੀ ਧਾਰੀ ਬੈਠੇ ਰਹਿਣਗੇ? ਕੀ ਮਾਰਕਸਵਾਦ ਸਾਨੂੰ ਸਵਾਲ ਉਠਾਉਣ ਜਾਂ ਸ਼ੱਕ ਪ੍ਰਗਟ ਕਰਨ ਤੋਂ ਰੋਕਦਾ ਹੈ? ਕੀ ਮਾਰਕਸਵਾਦੀ ਸਵਾਲ ਉਠਾਉਣ ਵਾਲੇ ਲੋਕਾਂ ਨੂੰ ਸੱਜੇਪਖੀ ਧਿਰਾਂ ਵਾਂਗ ਗਾਲ੍ਹਾਂ ਕਢਣਗੇ? (ਜਿਵੇਂ ਉਹ ਲੋਕਾਂ ਨੂੰ ਪਾਕਿਸਤਾਨ ਭੇਜਣ ਅਤੇ ਮਾਰ ਦੇਣ ਦੀ ਧਮਕੀ ਦਿੰਦੇ ਹਨ, ਠੀਕ ਉਸੇ ਤਰਾਂ ਹੀ ਇਹ ਕੁੱਟਮਾਰ ਕਰਨ, ਗਾਲ੍ਹਾਂ ਕੱਢਣ ਅਤੇ ਬਦਕਾਰ ਕਰ ਦੇਣ ਵਰਗੀਆਂ ਗੱਲਾਂ ਕਰਦੇ ਹਨ). ਸਾਥੀਓ, ਜਦੋਂ ਕੋਈ “ਖਬੇਪੱਖੀ” ਭਗਤ ਬਣ ਜਾਂਦਾ ਹੈ, ਤਾਂ ਉਹ ਸਾਰੀ ਲਹਿਰ ਨੂੰ ਚਿੱਕਡ਼ ਵਿਚ ਧਕ ਦਿੰਦਾ ਹੈ ਅਤੇ ਲੋਕਾਂ ਦਾ ਇਨਕਲਾਬੀ ਲਹਿਰ ਤੋਂ ਭਰੋਸਾ ਹੀ ਉਠ ਜਾਂਦਾ ਹੈ. ਸੰਸਾਰ ਭਰ ਦੀ ਇਨਕਲਾਬੀ ਲਹਿਰ ਵਿਚ ਲੋਕ ਆਗੂਆਂ ‘ਤੇ, ਜਥੇਬੰਦੀਆਂ ਦੇ ਗਲਤ ਫੈਸਲਿਆਂ ‘ਤੇ, ਕਠਮੁਲਾਵਾਦ ‘ਤੇ, ਲਾਈਨ ‘ਤੇ ਸਵਾਲ ਉਠਾਉਂਦੇ ਰਹੇ ਹਨ ਅਤੇ ਸੰਸਾਰ ਭਰ ਵਿਚ “ਸਵਾਲ ਉਠਾਉਣ ਵਾਲਿਆਂ ਨੂੰ ਕਿਨਾਰੇ ਲਗਾਉਣ ਵਾਲੀ” ਅਜਿਹੀ ਕੋਈ ਮਿਸਾਲ ਨਹੀਂ ਮਿਲਦੀ। ਇਹ ਸ਼ਰਮਨਾਕ ਹੈ. ਮੈਂ ਇਸ ਆਖਰੀ ਗੱਲ ਨਾਲ਼ ਆਪਣੀ ਗੱਲ ਮੁਕਾਉਂਦੀ ਹਾਂ ਕਿ ਜੇਕਰ ਤੁਸੀਂ ਇਸ ਸਮੇਂ ਆਪਣਾ ਪੱਖ ਅਤੇ ਰਾਏ ਨਹੀਂ ਦਿੰਦੇ. ਤਾਂ ਯਾਦ ਰਹੇ ਕਿ ਭਵਿਖ ਵਿਚ ਕਿਸੇ ਵੀ ਅਨਿਆਂ ਵਿਰੁੱਧ ਅਵਾਜ ਉਠਾਉਣ ਵਾਲਾ ਕੋਈ ਨਹੀਂ ਬਚੂਗਾ।  
ਇਨਕਲਾਬੀ ਸਲਾਮ ਨਾਲ਼,
ਮਨਪਰੀਤ ਮੀਤ , ਮਿਤੀ 3 ਫਰਵਰੀ, 2016, ਸਮਾਂ 01;32 ਦੁਪਿਹਰ. (ਫੇਸਬੁਕ ਵਾਲ ਤੋਂ ਧੰਨਵਾਦ ਸਹਿਤ)


No comments: