Sunday, February 14, 2016

ਖੱਬੇਪੱਖੀ ਵਿਦਿਆਰਥੀ ਆਗੂ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਹ ਤਿੱਖਾ

JNU ਦਾ ਅੰਦੋਲਨ ਸਾਰੇ ਦੇਸ਼ ਵਿੱਚ ਭੜਕਣ ਦੀ ਆਸ਼ੰਕਾ 
ਨਵੀਂ ਦਿੱਲੀ: 14 ਫਰਵਰੀ 2016: (ਪੰਜਾਬ ਸਕਰੀਨ ਬਿਊਰੋ): 
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਕੁਝ ਨਾਅਰੇ ਲੱਗਣ ਮਗਰੋਂ ਸ਼ੁਰੂ ਹੋਏ ਵਿਵਾਦ ਦੀ ਅੱਗ ਦੇਸ਼ ਭਰ ਵਿੱਚ ਫੈਲਣ ਦੇ ਆਸਾਰ ਨਜਰ ਆ ਰਹੇ ਹਨ। ਅੱਤਵਾਦ ਅਤੇ ਵੱਖਵਾਦ ਵਿਰੁਧ ਆਪਣੇ ਅਨਗਿਣਤ ਸਾਥੀ ਸ਼ਹੀਦ ਕਰਾਉਣ ਵਾਲੀਆਂ ਖੱਬੀਆਂ ਧਿਰਾਂ ਨਾਲ ਸਬੰਧਤ ਵਿਦਿਆਰਥੀ ਆਗੂ ਉੱਪਰ ਬਣਾਏ ਗਏ ਦੇਸ਼ ਧ੍ਰੋਹ ਦੇ ਮਾਮਲੇ ਨੇ ਇਸ ਅੱਗ ਵਿੱਚ ਪੈਟ੍ਰੋਲ ਦਾ ਕੰਮ ਕੀਤਾ ਹੈ ਅਤੇ ਕਾਰਵਾਈ ਦੇ ਇਰਾਦੇ ਸ਼ੱਕੀ ਹੁੰਦੇ ਨਜਰ ਆ ਰਹੇ ਹਨ। ਸੀਪੀਆਈ ਆਗੂ ਨੂੰ ਮਿਲ ਰਹੀਆਂ ਧਮਕੀਆਂ ਨੇ ਇਸ ਸਾਰੇ ਮਾਮਲੇ ਨੂੰ ਹੋਰ ਸਾਜਿਸ਼ੀ ਬਣਾ ਦਿੱਤਾ ਹੈ। 
ਸੱਤ ਹੋਰ ਵਿਦਿਆਰਥੀ ਹਿਰਾਸਤ ਵਿੱਚ 
ਇਸੇ ਦੌਰਾਨ ਸਰਕਾਰ ਨੇ ਆਪਣਾ ਰੁੱਖ ਹੋਰ ਸਖਤ ਕਰ ਲਿਆ ਹੈ। ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਦੀ ਦੇਸ਼-ਧਰੋਹ ਦੇ ਕੇਸ 'ਚ ਹੋਈ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਯੂਨੀਵਰਸਿਟੀ 'ਚੋਂ 7 ਹੋਰ ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਪੁੱਛਗਿੱਛ ਲਈ ਪਾਰਲੀਮੈਂਟ ਸਟਰੀਟ ਥਾਣੇ ਲਿਜਾਇਆ ਗਿਆ ਹੈ। ਦਿੱਲੀ ਪੁਲਸ ਨੇ ਸ਼ੁੱਕਰਵਾਰ ਦੇਰ ਸ਼ਾਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਚਿੱਠੀ ਲਿਖ ਕੇ ਬਾਕੀ ਵਿਦਿਆਰਥੀਆਂ ਨੂੰ ਫੜਨ ਲਈ ਸਹਿਯੋਗ ਦੀ ਮੰਗ ਕੀਤੀ ਸੀ, ਜੋ ਪੁਲਸ ਅਨੁਸਾਰ ਭਗੌੜੇ ਸਨ। ਕਨ੍ਹਈਆ ਦੀ ਹਿਰਾਸਤ ਦੀ ਮੰਗ ਕਰਦਿਆਂ ਸ਼ੁੱਕਰਵਾਰ ਨੂੰ ਪੁਲਸ ਨੇ ਅਦਾਲਤ ਨੂੰ 5 ਹੋਰ ਨਾਂਅ ਦਿੱਤੇ ਸਨ, ਜਿਨ੍ਹਾਂ ਕੈਂਪਸ ਵਿੱਚ ਅਫ਼ਜ਼ਲ ਗੁਰੂ ਬਾਰੇ ਪ੍ਰੋਗਰਾਮ ਦੇ ਜਥੇਬੰਦਕਾਂ 'ਚੋਂ ਇੱਕ ਉਮਰ ਖਾਲਿਦ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦਾ ਮੈਂਬਰ ਰਾਮ ਨਾਗਾ ਵੀ ਸ਼ਾਮਲ ਹਨ।
ਇਸ ਸਾਰੇ ਘਟਨਾਕ੍ਰਮ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਜੇ ਐੱਨ ਯੂ ਨੂੰ ਦੇਸ਼-ਧਰੋਹ ਦਾ ਅੱਡਾ ਨਹੀਂ ਬਣਨ ਦਿੱਤਾ ਜਾਵੇਗਾ। ਮਾਮਲੇ 'ਤੇ ਟਿੱਪਣੀ ਕਰਦਿਆਂ ਰਿਜਿਜੂ ਨੇ ਕਿਹਾ ਕਿ ਇਹ ਕੋਈ ਛੋਟੇ ਬੱਚੇ ਨਹੀਂ ਹਨ, ਜਿਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਕਰ ਰਹੇ ਹਨ। ਬੋਲਣ ਦੀ ਆਜ਼ਾਦੀ ਦੇ ਨਾਂਅ 'ਤੇ ਤੁਸੀਂ ਰਾਸ਼ਟਰ ਨੂੰ ਗਾਲ੍ਹਾਂ ਨਹੀਂ ਕੱਢ ਸਕਦੇ। ਇਹ ਦੁਖਦਾਈ ਘਟਨਾ ਹੈ। ਅਸੀਂ ਜੇ ਐੱਨ ਯੂ ਨੂੰ ਰਾਸ਼ਟਰ ਵਿਰੋਧੀ ਸਰਗਰਮੀਆਂ ਦਾ ਅੱਡਾ ਨਹੀਂ ਬਣਨ ਦੇਵਾਂਗੇ।
ਦੂਜੇ ਪਾਸੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਸ਼ਾਮ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਪਹੁੰਚੇ। ਰਾਹੁਲ ਗਾਂਧੀ ਦੀ ਆਮਦ 'ਤੇ ਕੁਝ ਵਿਦਿਆਰਥੀਆਂ ਨੇ ਉਨ੍ਹਾ ਨੂੰ ਕਾਲੇ ਝੰਡੇ ਦਿਖਾਏ। ਵਿਦਿਆਰਥੀਆਂ ਦੀ ਨਾਅਰੇਬਾਜ਼ੀ ਨੂੰ ਦੇਖਦਿਆਂ ਰਜਿਸਟਰਾਰ ਨੇ ਮਾਈਕ ਬੰਦ ਕਰਨ ਦੇ ਆਦੇਸ਼ ਦੇ ਦਿੱਤੇ। 
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਮੁੱਦਾ ਉਠਾਇਆ। ਉਨ੍ਹਾ ਕਿਹਾ, 'ਮੈਂ ਕੁਝ ਦਿਨ ਪਹਿਲਾਂ ਹੇਦਰਾਬਾਦ ਸੀ। ਉਦੋਂ ਵੀ ਕੁਝ ਆਗੂ ਰੋਹਿਤ ਵੇਮੁੱਲਾ ਨੂੰ ਦੇਸ਼-ਧਰੋਹੀ ਦੱਸ ਰਹੇ ਸਨ। ਸਭ ਤੋਂ ਵੱਡੇ ਦੇਸ਼-ਧਰੋਹੀ ਤਾਂ ਉਹ ਲੋਕ ਹਨ, ਜਿਹੜੇ ਇਸ ਸੰਸਥਾਨ ਦੇ ਅੰਦਰੋਂ ਨਿਕਲਣ ਵਾਲੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ।' ਯੂਨੀਵਰਸਿਟੀ ਕੈਂਪਸ 'ਚ ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਸੀ ਪੀ ਆਈ ਆਗੂ ਡੀ ਰਾਜਾ, ਕਾਂਗਰਸ ਆਗੂ ਅਨੰਦ ਸ਼ਰਮਾ ਤੇ ਅਜੈ ਮਾਕਨ ਵੀ ਮੌਜੂਦ ਸਨ।
ਡੀ ਰਾਜਾ ਦੀ ਬੇਟੀ ਵੱਲ ਵੀ ਉਂਗਲੀ 
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਭਾਰਤ ਵਿਰੋਧੀ ਨਾਅਰੇਬਾਜ਼ੀ ਤੋਂ ਸ਼ੁਰੂ ਹੋਇਆ ਵਿਵਾਦ ਗੰਭੀਰ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ। ਨਾਅਰੇਬਾਜ਼ੀ ਕਰਨ ਵਾਲਿਆਂ ਦੀ ਸੂਚੀ 'ਚ ਸੀ ਪੀ ਆਈ ਦੇ ਸੀਨੀਅਰ ਆਗੂ ਡੀ ਰਾਜਾ ਦੀ ਬੇਟੀ ਦੇ ਨਾਂਅ ਨੂੰ ਸ਼ਾਮਲ ਕੀਤੇ ਜਾਣ ਨੇ ਕਈ ਸੰਸੇ ਖੜੇ ਕਰ ਦਿੱਤੇ ਹਨ, ਕਿਉਂਕਿ ਦੇਸ਼ ਧਰੋਹ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਕਨ੍ਹਈਆ ਕੁਮਾਰ ਵੀ ਏ ਆਈ ਐੱਸ ਐੱਫ਼ ਨਾਲ ਸੰਬੰਧਤ ਹੈ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ
ਇਸ ਗ੍ਰਿਫ਼ਤਾਰੀ ਦੇ ਵਿਰੋਧ 'ਚ ਸੀ ਪੀ ਆਈ, ਸੀ ਪੀ ਐੱਮ ਅਤੇ ਜਨਤਾ ਦਲ (ਯੂ) ਦੇ ਆਗੂਆਂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ, ਜਦਕਿ ਭਾਜਪਾ ਨੇ ਵਿਦਿਆਰਥੀਆਂ ਦੀ ਭਾਸ਼ਾ ਨੂੰ ਅੱਤਵਾਦੀ ਹਾਫ਼ਿਜ਼ ਵਰਗੀ ਦੱਸਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਕਨ੍ਹਈਆ ਕੁਮਾਰ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਸੀ ਪੀ ਆਈ (ਐੱਮ) ਆਗੂ ਸੀਤਾ ਰਾਮ ਯੇਚੁਰੀ, ਸੀ ਪੀ ਆਈ ਆਗੂ ਡੀ ਰਾਜਾ ਅਤੇ ਜਨਤਾ ਦਲ (ਯੂ) ਦੇ ਕੇ ਸੀ ਤਿਆਗੀ ਨੇ ਸ਼ਨੀਵਾਰ ਨੂੰ ਸਵੇਰੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਯੇਚੁਰੀ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ, ਜਿਸ ਤਰੀਕੇ ਨਾਲ ਪੂਰੀ ਯੂਨੀਵਰਸਿਟੀ 'ਤੇ ਦੇਸ਼-ਧਰੋਹ ਦਾ ਠੱਪਾ ਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ। 
ਇਹ ਐਮਰਜੈਂਸੀ ਤੋਂ ਵੀ ਬਦਤਰ ਹੈ
ਮੁਲਾਕਾਤ ਤੋਂ ਬਾਅਦ ਯੇਚੁਰੀ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ, ਜਿਸ ਤਰੀਕੇ ਨਾਲ ਪੂਰੀ ਯੂਨੀਵਰਸਿਟੀ 'ਤੇ ਦੇਸ਼-ਧਰੋਹ ਦਾ ਠੱਪਾ ਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਐਮਰਜੈਂਸੀ ਤੋਂ ਵੀ ਬਦਤਰ ਹੈ।  ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਕੋਈ ਨਹੀਂ ਮੰਨੇਗਾ ਕਿ ਜੇ ਐੱਨ ਯੂ ਦੇ ਵਿਦਿਆਰਥੀ ਦੇਸ਼-ਧਰੋਹੀ ਹਨ। ਦੇਸ਼ ਦੇ ਸਭ ਤੋਂ ਵੱਡੇ ਅਫ਼ਸਰ, ਆਈ ਏ ਐੱਸ, ਆਈ ਐੱਫ਼ ਐੱਸ ਇਥੋਂ ਨਿਕਲੇ ਹਨ। 
ਆਰ ਐੱਸ ਐੱਸ ਦੀ ਵਿਚਾਰਧਾਰਾ ਲਾਗੂ ਕਰਨ ਦੀ ਸਾਜਿਸ਼ ?
ਉਨ੍ਹਾ ਦੋਸ਼ ਲਾਇਆ ਕਿ ਆਰ ਐੱਸ ਐੱਸ ਦੀ ਵਿਚਾਰਧਾਰਾ ਲਾਗੂ ਕਰਨ ਲਈ ਵਿਦਿਅਕ ਸੰਸਥਾਵਾਂ 'ਤੇ ਹਮਲਾ ਹੋ ਰਿਹਾ ਹੈ। ਉਨ੍ਹਾ ਦੱਸਿਆ ਕਿ ਉਨ੍ਹਾ ਗ੍ਰਹਿ ਮੰਤਰੀ ਰਾਜਨਾਥ ਨੂੰ ਮਿਲ ਕੇ ਕਨ੍ਹਈਆ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ ਅਤੇ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਨਿਰਦੋਸ਼ ਨੂੰ ਨਹੀਂ ਫਸਾਇਆ ਜਾਵੇਗਾ। ਜਦ ਮੀਡੀਆ ਨੇ ਯੇਚੁਰੀ ਤੋਂ ਪੁੱਛਿਆ ਕਿ ਕੀ ਭਾਰਤ ਵਿਰੋਧੀ ਨਾਅਰੇ ਲਾਉਣਾ ਸਹੀ ਹੈ ਤਾਂ ਉਨ੍ਹਾ ਕਿਹਾ ਕਿ ਜਿਸ ਵੀਡਿਓ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦੀ ਪ੍ਰਮਾਣਿਕਤਾ ਕੀ ਹੈ? ਜੇ ਐੱਨ ਯੂ ਕੈਂਪਸ 'ਚ ਕੈਮਰੇ ਹੈ ਹੀ ਨਹੀਂ ਤਾਂ ਵੀਡਿਓ ਕਿਸ ਨੇ ਬਣਾਇਆ ਤੇ ਕਿਉਂ ਬਣਾਇਆ? ਸਾਬਤ ਕਰ ਦਿਓ ਕਿ ਵੀਡਿਓ ਸਹੀ ਹੈ, ਫਿਰ ਗੱਲ ਕਰਿਓ। ਉਨ੍ਹਾ ਕਿਹਾ ਕਿ ਅਸੀਂ ਉਸ ਸਬੂਤ ਦੀ ਪ੍ਰਾਮਣਿਕਤਾ ਦੀ ਜਾਂਚ ਚਾਹੁੰਦੇ ਹਾਂ, ਜੋ ਪੁਲਸ ਨੇ ਅਦਾਲਤ ਅੱਗੇ ਪੇਸ਼ ਕੀਤਾ। ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਨਾਅਰੇ ਲਾਉਣ ਵਾਲੇ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਜਾਂ ਬਾਹਰੋਂ ਆਏ ਸਨ। ਉਨ੍ਹਾ ਕਿਹਾ ਕਿ ਜਿਨ੍ਹਾਂ 20 ਦੀ ਸੂਚੀ ਬਣਾਈ ਗਈ ਹੈ, ਉਹ ਨਾਅਰੇਬਾਜ਼ੀ 'ਚ ਨਜ਼ਰ ਹੀ ਨਹੀਂ ਆਉਂਦੇ। ਇਨ੍ਹਾਂ 'ਚ ਡੀ ਰਾਜਾ ਦੀ ਬੇਟੀ ਦਾ ਨਾਂਅ ਵੀ ਸ਼ਾਮਲ ਹੈ, ਇਹ ਬਿਲਕੁਲ ਗਲਤ ਹੈ।
ਵੀ ਸੀ 'ਤੇ ਵੀ ਸੁਆਲ ਉਠਾਏ
ਸ੍ਰੀ ਯੇਚੁਰੀ ਨੇ ਯੂਨੀਵਰਸਿਟੀ ਦੇ ਵੀ ਸੀ 'ਤੇ ਵੀ ਸੁਆਲ ਉਠਾਏ ਅਤੇ ਕਿਹਾ ਕਿ ਇਸ ਤਰ੍ਹਾਂ ਪੁਲਸ ਨੂੰ ਕੈਂਪਸ 'ਚ ਦਾਖ਼ਲ ਹੋਣ ਦੀ ਇਜਾਜ਼ਤ ਦੇਣਾ ਸਰਾਸਰ ਗਲਤ ਹੈ।
ਦੂਜੇ ਪਾਸੇ ਭਾਜਪਾ ਦੇ ਸੰਸਦ ਮੈਂਬਰ ਮਹੇਸ਼ ਗਿਰੀ ਦੇ ਇੱਕ ਟਵੀਟ ਨੇ ਸੋਸ਼ਲ ਮੀਡੀਆ 'ਤੇ ਨਵੀਂ ਬਹਿਸ ਛੇੜ ਦਿੱਤੀ ਹੈ। ਗਿਰੀ ਨੇ ਇੱਕ ਵੀਡਿਓ ਸ਼ੇਅਰ ਕਰਦਿਆਂ ਲਿਖਿਆ ਕਿ ਸੀ ਪੀ ਆਈ ਆਗੂ ਡੀ ਰਾਜਾ ਦੀ ਬੇਟੀ ਅਪਰਾਜਿਤਾ ਵੀ ਮੁਜ਼ਾਹਰੇ ਦੌਰਾਨ ਉਥੇ ਮੌਜੂਦ ਸੀ। ਇਸ ਵੀਡਿਓ 'ਚ ਅਪਰਾਜਿਤਾ ਕੁਝ ਲੋਕਾਂ ਨਾਲ ਬਹਿਸ ਕਰਦੀ ਹੋਈ ਨਜ਼ਰ ਆ ਰਹੀ ਹੈ।
ਭਾਜਪਾ ਦੇ ਕੌਮੀ ਸਕੱਤਰ ਸ੍ਰੀਕਾਂਤ ਸ਼ਰਮਾ ਨੇ ਕਿਹਾ ਕਿ ਜੇ ਐੱਨ ਯੂ 'ਚ ਹੋਈ ਦੇਸ਼-ਵਿਰੋਧੀ ਨਾਅਰੇਬਾਜ਼ੀ ਦੀ ਨਿਖੇਧੀ ਕਰਨ ਦੀ ਬਜਾਏ ਕੁਝ ਪਾਰਟੀਆਂ ਅੱਤਵਾਦੀ ਹਾਫ਼ਿਜ਼ ਸਈਦ ਦੀ ਭਾਸ਼ਾ ਬੋਲ ਰਹੀਆਂ ਹਨ।
ਸੀ ਪੀ ਆਈ ਆਗੂ ਡੀ ਰਾਜਾ ਚੁਣੌਤੀ 
ਸੀ ਪੀ ਆਈ ਆਗੂ ਡੀ ਰਾਜਾ ਨੇ ਮਹੇਸ਼ ਗਿਰੀ ਦੇ ਦੋਸ਼ ਦਾ ਜੁਆਬ ਦਿੰਦਿਆਂ ਕਿਹਾ ਕਿ ਮੇਰੀ ਬੇਟੀ ਅਪਰਾਜਿਤਾ ਦੀ ਦੇਸ਼ ਭਗਤੀ 'ਤੇ ਕੋਈ ਸੁਆਲ ਨਹੀਂ ਉਠਾ ਸਕਦਾ। ਉਨ੍ਹਾ ਕਿ ਮੈਂ ਚੁਣੌਤੀ ਦਿੰਦਾ ਹਾਂ ਉਨ੍ਹਾਂ ਨੂੰ ਕਿ ਉਸ ਵੀਡਿਓ ਦੀ ਜਾਂਚ ਹੋਵੇ, ਆਖਿਰ ਇਹ ਵੀਡਿਓ ਉਨ੍ਹਾਂ ਨੂੰ ਕਿਸ ਨੇ ਦਿੱਤਾ। ਜੇ ਐੱਨ ਯੂ ਕੈਂਪਸ 'ਚ ਤਾਂ ਕੈਮਰੇ ਵੀ ਨਹੀਂ ਹਨ।
ਖੱਬੇਪੱਖੀ ਆਗੂਆਂ ਦੀ ਕੇਜਰੀਵਾਲ ਨਾਲ ਮੁਲਾਕਾਤ 
ਯੇਚੁਰੀ, ਡੀ ਰਾਜਾ ਅਤੇ ਕੇ ਸੀ ਤਿਆਗੀ ਨੇ ਬਾਅਦ 'ਚ ਇਸ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਮਜਿਸਟੀਰੀਅਲ ਜਾਂਚ ਦੀ ਮੰਗ ਕੀਤੀ ਤਾਂ ਕਿ ਕਨ੍ਹੱਈਆ ਕੁਮਾਰ ਵਿਰੁੱਧ ਪੇਸ਼ ਕੀਤੇ ਗਏ ਸਬੂਤ ਦੀ ਪ੍ਰਮਾਣਿਕਤਾ ਦਾ ਪਤਾ ਲਾਇਆ ਜਾ ਸਕੇ। ਮੁਲਾਕਾਤ ਤੋਂ ਬਾਅਦ ਯੇਚੁਰੀ ਨੇ ਕਿਹਾ ਕਿ ਦਿੱਲੀ ਪੁਲਸ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਦੀ ਜਾਂਚ ਲਈ ਇੱਕ ਅਜ਼ਾਦਾਨਾ ਜਾਂਚ ਦੀ ਲੋੜ ਹੈ। ਇਹ ਪੁੱਛੇ ਜਾਣ 'ਤੇ ਕਿ ਵਫ਼ਦ ਰਾਜਨਾਥ ਸਿੰਘ ਨੂੰ ਮਿਲਣ ਤੋਂ ਬਾਅਦ ਕੇਜਰੀਵਾਲ ਨੂੰ ਕਿਉਂ ਮਿਲਿਆ, ਯੇਚੁਰੀ ਨੇ ਕਿਹਾ ਕਿ ਇਹ ਸਮੁੱਚੀ ਘਟਨਾ ਦਿੱਲੀ ਖੇਤਰ ਵਿੱਚ ਵਾਪਰੀ ਹੈ। ਦਿੱਲੀ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕੇਜਰੀਵਾਲ ਨੂੰ ਜਾਂਚ ਕਰਵਾਉਣ ਅਤੇ ਸਬੂਤ ਦੀ ਪ੍ਰਮਾਣਿਕਤਾ ਸਥਾਪਤ ਕਰਨ ਦਾ ਅਧਿਕਾਰ ਹੈ। ਇਸ ਮੌਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਿਨ੍ਹਾਂ ਨੇ ਦੇਸ਼ ਵਿਰੋਧੀ ਨਾਅਰੇ ਲਾਏ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ, ਪਰ ਜੋ ਇਸ ਨੂੰ ਬਹਾਨਾ ਬਣਾ ਕੇ ਪੂਰੀ ਯੂਨੀਵਰਸਿਟੀ 'ਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਉਹ ਪੂਰੀ ਤਰ੍ਹਾਂ ਗਲਤ ਹੈ।
ਜਨਤਾ ਦਲ (ਯੂ) ਵੱਲੋਂ ਵੀ ਸਰਕਾਰੀ ਐਕਸ਼ਨ ਦੀ ਆਲੋਚਨਾ 
ਜਨਤਾ ਦਲ (ਯੂ) ਆਗੂ ਕੇ ਸੀ ਤਿਆਗੀ ਨੇ ਕਿਹਾ ਕਿ ਇਸ ਮੌਕੇ ਦੀ ਪੂਰੀ ਵੀਡਿਓ ਦੇਖੀ ਜਾਵੇ ਤਾਂ ਇਸ ਵਿੱਚ ਕਿਸੇ ਵੀ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀ ਦੇ ਆਗੂਆਂ ਜਾਂ ਮੈਂਬਰਾਂ ਨੇ ਇੱਕ ਵੀ ਦੇਸ਼ ਵਿਰੋਧੀ ਨਾਅਰਾ ਨਹੀਂ ਲਾਇਆ। ਉਨ੍ਹਾ ਕਿਹਾ ਕਿ ਆਰ ਐੱਸ ਐੱਸ, ਭਾਜਪਾ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਆਲੋਚਨਾ ਕਰਕੇ ਕਨ੍ਹੱਈਆ ਕੁਮਾਰ ਨੇ ਕੁਝ ਵੀ ਗਲਤ ਨਹੀਂ ਕੀਤਾ।
ਸੰਘ-ਪਰਵਾਰ ਦੀ ਬਦਲਾ-ਲਊ ਕਾਰਵਾਈ-ਅਰਸ਼ੀ 
ਚੰਡੀਗੜ੍ਹ:ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਸਾਥੀ ਕਨੱ੍ਹਈਆ ਕੁਮਾਰ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਸਖਤ ਨਿਖੇਧੀ ਕੀਤੀ। ਸਾਥੀ ਅਰਸ਼ੀ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਜੇ ਐੱਨ ਯੂ ਵਿਚ ਦੇਸ਼-ਵਿਰੋਧੀ, ਪਾਕਿਸਤਾਨ ਪੱਖੀ ਅਤੇ ਵੱਖਵਾਦੀ ਨਾਅਰੇ ਲਾਏ ਜਾਣ ਦੀ ਨਿੰਦਿਆ ਕਰਦਿਆਂ ਮੰਗ ਕੀਤੀ ਕਿ ਬਕਾਇਦਾ ਜਾਂਚ ਕਰਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾਵੇ, ਨਾ ਕਿ ਨਿਰਦੋਸ਼ਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਨ੍ਹਈਆ ਕੁਮਾਰ ਉਤੇ ਦੇਸ਼-ਧ੍ਰੋਹ ਦੀ ਧਾਰਾ ਲਾ ਕੇ ਗ੍ਰਿਫਤਾਰ ਕਰਨ ਨੂੰ ਸੰਘ-ਪਰਵਾਰ ਦੀ ਬਦਲਾ-ਲਊ ਕਾਰਵਾਈ ਕਰਾਰ ਦਿੱਤਾ। ਕਨ੍ਹਈਆ ਕੁਮਾਰ ਏ ਆਈ ਐੱਸ ਐੱਫ ਦਾ ਆਗੂ ਅਤੇ ਖੱਬੇ-ਪੱਖੀ ਹੋਣ ਵਜੋਂ ਦੇਸ਼ਭਗਤ, ਇਨਕਲਾਬੀ ਹੈ, ਉਹਦੀ ਜਥੇਬੰਦੀ ਦਾ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਦੀ ਰੱਖਿਆ ਹਿੱਤ ਬਹੁਤ ਸ਼ਾਨਦਾਰ ਰੋਲ ਰਿਹਾ ਹੈ।
ਸਾਥੀ ਅਰਸ਼ੀ ਨੇ ਸੰਘ-ਪਰਵਾਰ ਦੀਆਂ ਜੇ ਐੱਨ ਯੂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਦੀ ਨਿਖੇਧੀ ਕੀਤੀ ਅਤੇ ਸਾਥੀ ਕਨ੍ਹਈਆ ਕੁਮਾਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਏ ਆਈ ਐੱਸ ਐੱਫ ਦਾ ਹਰ ਕਿਸਮ ਦੇ ਅੱਤਵਾਦ ਵਿਰੁੱਧ, ਸਾਮਰਾਜ ਵਿਰੁੱਧ ਲੜਦਿਆਂ, ਸ਼ਹੀਦ ਭਗਤ ਸਿੰਘ ਦੀਆਂ ਰਵਾਇਤਾਂ ਉਤੇ ਚਲਦਿਆਂ ਵਿਦਿਆਰਥੀਆਂ, ਸਿੱਖਿਆ ਪ੍ਰਣਾਲੀ, ਸਮਾਜਿਕ ਪ੍ਰਗਤੀ ਅਤੇ ਦੇਸ ਦੀ ਏਕਤਾ-ਅਖੰਡਤਾ ਲਈ ਕੁਰਬਾਨੀਆਂ ਦੇਣ ਦਾ ਸ਼ਾਨਦਾਰ ਇਤਿਹਾਸ ਹੈ, ਜਿਸਨੂੰ ਫਿਰਕੂ ਤੇ ਫਾਸ਼ੀ ਮੁਖੀ ਸੰਘ-ਪਰਵਾਰ ਤੋਂ 'ਦੇਸ਼ਭਗਤੀ' ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ। ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਦਿਆਰਥੀ ਅਤੇ ਲੋਕ ਨਾ ਸਾਡੇ ਬਾਹਰਲੇ ਤੇ ਨਾ ਹੀ ਅੰਦਰਲੇ ਦੁਸ਼ਮਣਾਂ ਦੀਆਂ ਸਾਡੀ ਸਾਂਝ ਨੂੰ ਤੋੜਣ ਦੀਆਂ ਤਰਕੀਬਾਂ ਕਾਮਯਾਬ ਹੋਣ ਦੇਣਗੇ। ਉਹਨਾਂ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾਕਟਰ ਅਲੀ ਜਾਵੇਦ ਨੂੰ ਵੀ ਬਿਨਾਂ ਵਜ੍ਹਾ ਤੰਗ-ਪਰੇਸ਼ਾਨ ਕਰਨ ਅਤੇ ਝੂਠੇ ਕੇਸਾਂ ਵਿਚ ਲਪੇਟਣ ਦੀ ਕੋਸ਼ਿਸ਼ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਬਕਾਇਦਾ ਨਿਆਂਪੂਰਨ ਜਾਂਚ ਕਰਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜੇ ਕੀਤਾ ਜਾਵੇ ਅਤੇ ਖੱਬੇ-ਪੱਖੀ ਆਗੂਆਂ ਨੂੰ ਫਸਾਉਣ ਲਈ ਕੁਚਾਲਾਂ ਨਾ ਚੱਲੀਆਂ ਜਾਣ।
ਇਸੇ ਦੌਰਾਨ ਇਸ ਮੁੱਦੇ ਨੂੰ ਲੈ ਕੇ ਪੰਜਾਬ ਵਿਕ੍ਚ ਵੀ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਜਦੋਂ ਸਾਰਾ ਦੇਸ਼ 14 ਫਰਵਰੀ ਨੂੰ ਸੰਤ ਵੈਲੇੰਟਾਈਨ ਦਾ ਦਿਨ ਮਨਾ ਰਿਹਾ ਹੋਵੇਗਾ ਉਦੋਂ ਸੀਪੀਆਈ ਦੇ ਕਾਰਕੁਨ ਆਪਣੇ ਨੌਜਵਾਨ ਆਗੂ ਦੀ ਰਿਹਾਈ ਲਈ ਸੜਕਾਂ ਤੇ ਨਾਰੇਬਾਜੀ ਕਰ ਰਹੇ ਹੋਣਗੇ।  

No comments: