Wednesday, February 10, 2016

ਸਾਥੀ ਨਵਕਰਨ ਦੇ ਸਾਥੀਆਂ ਨੇ ਦੋਸ਼ਾਂ ਨੂੰ ਦੱਸਿਆ ਲਹਿਰ ਵਿਰੁਧ ਭੰਡੀ ਪ੍ਰਚਾਰ

ਸਾਥੀ ਨਵਕਰਨ ਦੇ ਦੁਖਦਾਈ ਵਿਛੋੜੇ ਸਬੰਧੀ ਵੱਖ-ਵੱਖ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ
ਆਗੂਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਲੁਧਿਆਣਾ: 09 ਫਰਵਰੀ 2016: (ਪੰਜਾਬ ਸਕਰੀਨ ਬਿਊਰੋ): 
ਲੋਕਾਂ ਦੇ ਨਸੀਬ ਨੂੰ ਬਦਲਣ ਲਈ ਜਾਰੀ ਜੰਗ ਵੱਖ ਵੱਖ ਰੰਗਾਂ, ਰੂਪਾਂ ਅਤੇ ਪੜਾਵਾਂ ਚੋਂ ਹੁੰਦੀ ਹੋਈ ਆਪਣੇ ਨਿਸ਼ਾਨੇ ਵੱਲ ਵਧ ਰਹੀ ਹੈ। ਇਸ ਜੰਗ ਵਿੱਚ ਬੜੇ ਚੰਗੇ ਸਾਥੀ ਵੀ ਹਨ ਅਤੇ ਕੁਝ ਕਮਜ਼ੋਰ ਸਾਥੀ ਵੀ। ਪਿਛੋਕੜ ਦੇ ਪ੍ਰਭਾਵ ਛੇਤੀ ਕਿਤੇ ਹਰ ਕਿਸੇ ਦਾ ਖਹਿੜਾ ਨਹੀਂ ਛੱਡਦੇ। ਹਰ ਕੋਈ ਭਗਤ ਸਿੰਘ ਨਹੀਂ ਬਣ ਸਕਦਾ ਅਤੇ ਹਰ ਕੋਈ ਸਰਾਭਾ ਨਹੀਂ ਬਣ ਸਕਦਾ। ਆਦਰਸ਼ ਨਾਲ ਪ੍ਰਤੀਬਧਤਾ ਅਤੇ ਸਿਧਾਂਤਾਂ ਦੀ ਪ੍ਰਪੱਕਤਾ ਹਰ ਕਦਮ 'ਤੇ ਸੇਧ ਦੇਂਦੀ ਹੋਈ ਯਾਦ ਕਰਾਉਂਦੀ ਹੈ ਕਿ ਆਮ ਜਨਤਾ ਦੇ ਦੁੱਖਾਂ ਨੂੰ ਮੁਕਾਉਣ ਵਾਲੇ ਇੰਨਕ਼ਲਾਬ ਨੂੰ ਲਿਆਉਣ ਦੇ ਮਕਸਦ ਨਾਲ ਨਿਕਲਿਆ ਕਾਫਲਾ ਬਾਕੀ ਸਿਆਸੀ ਪਾਰਟੀਆਂ ਵਾਂਗ ਐਸ਼ੋ-ਆਰਾਮ ਵਾਲੇ ਰਸਤਿਆਂ ਤੋਂ ਨਹੀਂ ਬਲਕਿ ਕੁਰਬਾਨੀਆਂ ਵਾਲੇ ਕੰਡਿਆਲੇ ਰਾਹਾਂ ਤੋਂ ਲੰਘਿਆ ਕਰਦਾ ਹੈ। ਲੋਕ ਸਾਗਰ ਚੋਂ  ਜੇ ਕੋਈ ਬੂੰਦ ਆਪਣੇ ਵੱਖਰੇ ਹੋਣ ਦੇ ਭਰਮ ਨੂੰ ਆਪਣਾ ਅਹਿਸਾਸ ਬਣਾ ਲੈਂਦੀ ਹੈ ਤਾਂ ਉਸਦਾ ਛੋਟਾਪਨ ਉਸਨੂੰ ਹੀਣਭਾਵਨਾ ਨਾਲ ਭਰ ਦੇਂਦਾ ਹੈ ਜਿਹੜੀ ਉਸਦੇ ਪੈਰਾਂ ਵਿੱਚ ਬੇੜੀਆਂ ਵਾਂਗ ਪੈ ਜਾਂਦੀ ਹੈ। ਜੇ ਵੇਲੇ ਸਿਰ ਇਸ ਦਾ ਇਲਾਜ ਨਾ ਹੋਵੇ ਤਾਂ ਬੰਦਾ ਰਾਹੋਂ ਭਟਕ ਕੇ ਕੁਝ ਵੀ ਕਰ ਸਕਦਾ ਹੈ....ਸ਼ਾਇਦ ਆਤਮ ਹੱਤਿਆ ਵੀ। ਲਗਾਤਾਰ ਸਿਧਾਂਤ ਦਾ ਅਧਿਐਨ ਅਤੇ ਲਹਿਰ ਨਾਲ ਲਗਾਓ ਨਿਰਾਸ਼ਾ ਨੂੰ ਉਸਦੇ ਨੇੜੇ ਵੀ ਨਹੀਂ ਆਉਣ ਦੇਂਦਾ ਪਰ ਦੂਰੀ ਹੋ ਜਾਵੇ ਤਾਂ ਹਾਲਾਤ ਉਲਟ ਵੀ ਸਲਦੇ ਹਨ। ਸ਼ਾਇਦ ਕੁਝ ਅਜਿਹੇ ਹੀ ਹਾਲਾਤ ਬਣੇ ਅਤੇ ਇੱਕ ਚੰਗਾ ਹੋਣਹਾਰ ਨੌਜਵਾਨ ਖੁਦਕੁਸ਼ੀ ਦੇ ਰਸਤੇ ਤੇ ਨਿਕਲ ਤੁਰਿਆ। ਨਿਸਚੇ ਹੀ ਇਸ ਨਾਲ ਸੁਆਲ ਖੜੇ ਹੁੰਦੇ ਹਨ ਕਿ ਇਸ ਗੱਲ ਨੂੰ ਰੁਝਾਨ ਬਣ ਸਕਣ ਤੋਂ ਕਿਵੇਂ ਰੋਕਣਾ ਹੈ? ਇਹ ਸੁਆਲ ਅਮਰੀਕੀ ਫੌਜ ਸਾਹਮਣੇ ਵੀ ਬੜਾ ਗੰਭੀਰ ਬਣਿਆ ਹੋਇਆ ਹੈ। ਕਾਮਰੇਡ ਨਵਕਰਨ ਦੇ ਸਾਥੀਆਂ ਨੇ ਸੁਆਲ ਕੀਤਾ ਹੈ ਕਿ ਦੁੱਖ ਦੀ ਇਸ ਘੜੀ ਵਿੱਚ ਵਿਛੜੇ ਸਾਥੀ ਦੇ ਪਰਿਵਾਰ ਨੂੰ ਹੋਂਸਲਾ ਦੇਣ ਦੀ ਬਜਾਏ ਪੂਰੀ ਲਹਿਰ ਨੂੰ ਨਿਸ਼ਾਨਾ ਬਣਾਉਣਾ ਕਿਥੋਂ ਤੀਕ ਠੀਕ ਹੈ? ਇਸ ਬਹਿਸ ਨੂੰ ਜਾਰੀ ਰੀ ਰੱਖਦਿਆਂ ਅਸੀਂ ਛਾਪ ਰਹੇ ਹਾਂ ਕੁਝ ਜੱਥੇਬੰਦੀਆਂ ਵੱਲੋਂ ਜਾਰੀ ਸਾਂਝਾ ਪ੍ਰੈਸ ਨੋਟ। 
04 ਫਰਵਰੀ, 2016 ਨੂੰ ਲੁਧਿਆਣਾ ਤੋਂ ਜਾਰੀ ਇੱਕ ਸਾਂਝੇ ਪ੍ਰੈਸ ਨੋਟ ਵਿੱਚ ਵੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਸਾਥੀ ਨਵਕਰਨ ਦੇ ਦੁਖਦਾਈ ਵਿਛੋੜੇ ਨੇ ਇਨਕਲਾਬੀ-ਜਮਹੂਰੀ ਲਹਿਰ ਨੂੰ ਵੱਡਾ ਝਟਕਾ ਦਿੱਤਾ ਹੈ। ਲਹਿਰ ਨੂੰ ਪਏ ਇਸ ਵੱਡੇ ਘਾਟੇ ਸਬੰਧੀ ਵਿਚਾਰ-ਚਰਚਾ ਕਰਨ ਲਈ ਅੱਜ ਪੰਜਾਬੀ ਭਵਨ, ਲੁਧਿਆਣਾ ਵਿਖੇ ਵੱਖ-ਵੱਖ ਇਨਕਲਾਬੀ ਤੇ ਜਨਤਕ ਜਮਹੂਰੀ ਜੱਥੇਬੰਦੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਾਥੀ ਨਵਕਰਨ ਦੇ ਦੁਖਦਾਈ ਵਿਛੋੜੇ ਬਾਰੇ ਡੂੰਘਾ ਸ਼ੋਕ ਪ੍ਰਗਟ ਕੀਤਾ ਗਿਆ। ਉਹਨਾਂ ਸਾਥੀ ਨਵਕਰਨ ਦੀ ਜੱਥੇਬੰਦੀ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਹੋਰ ਸੰਸਥਾਵਾਂ ਜਿਨ੍ਹਾਂ ਨਾਲ਼ ਸਾਥੀ ਨਵਕਰਨ ਜੁੜਿਆ ਹੋਇਆ ਸੀ ਨਾਲ਼ ਡੂੰਘੀ ਹਮਦਰਦੀ ਜਤਾਈ। ਉਹਨਾਂ ਕਿਹਾ ਕਿ ਸਾਥੀ ਨਵਕਰਨ ਦੇ ਇਨਕਲਾਬੀ ਪਰਿਵਾਰ ਦੇ ਨਾਲ਼-ਨਾਲ਼ ਉਸਦੇ ਮਾਪਿਆਂ ਨੇ ਵੀ ਆਪਣਾ ਇੱਕ ਹੋਣਹਾਰ ਪੁੱਤ ਗੰਵਾਇਆ ਹੈ। ਉਹਨਾਂ ਉਸਦੇ ਪਰਿਵਾਰ ਨਾਲ਼ ਡੂੰਘੀ ਹਮਦਰਦੀ ਜਤਾਈ। ਲੋਕ ਆਗੂਆਂ ਨੇ ਕਿਹਾ ਕਿ ਸਾਥੀ ਨਵਕਰਨ ਦੀ ਮੌਤ ਨਾਲ਼ ਨਾ ਸਿਰਫ਼ ਉਹਨਾਂ ਜੱਥੇਬੰਦੀਆਂ ਨੂੰ ਵੱਡਾ ਝਟਕਾ ਲੱਗਾ ਹੈ ਜਿਨਾਂ ਵਿੱਚ ਉਹ ਕੰਮ ਕਰਦਾ ਸੀ ਸਗੋਂ ਸਮੁੱਚੀ ਇਨਕਲਾਬੀ ਲਹਿਰ ਲਈ ਇਹ ਬੇਹੱਦ ਦੁਖਦਾਈ ਘਟਨਾ ਹੈ। ਨਵਕਰਨ ਬੇਹੱਦ ਸੰਵੇਦਸ਼ਨਸ਼ੀਲ, ਮਿਹਨਤੀ, ਅਨੁਸ਼ਾਸਿਤ, ਤੇ ਇਨਕਲਾਬੀ ਭਾਵਨਾਂ ਨਾਲ਼ ਭਰਪੂਰ ਵਿਅਕਤੀ ਸੀ। ਆਗੂਆਂ ਨੇ ਕਿਹਾ ਸਾਥੀ ਨਵਕਰਨ ਵੱਲੋਂ ਖੁਦਕੁਸ਼ੀ ਰਾਹੀਂ ਆਪਣੇ ਜੀਵਨ ਦਾ ਅੰਤ ਕਰਨਾ ਬੇਹੱਦ ਦੁਖਦਾਈ ਗੱਲ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਨਕਲਾਬੀ ਜੱਥੇਬੰਦੀਆਂ ਨੂੰ ਬੇਹੱਦ ਸੰਜੀਦਗੀ ਨਾਲ਼ ਸੋਚਣਾ ਚਾਹੀਦਾ ਹੈ। ਲਹਿਰ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ, ਲਹਿਰ ਨੂੰ ਝੰਜੋਡ਼ਦੀਆਂ ਰਹੀਆਂ ਹਨ। ਮੌਜੂਦਾ ਸਮਾਜਿਕ ਪ੍ਰਬੰਧ ਦੀਆਂ ਪੈਦਾ ਕੀਤੀਆਂ ਆਤਮਘਾਤੀ ਪ੍ਰਵਿਰਤੀਆਂ ਤੋਂ ਲਹਿਰ ਵਿੱਚ ਸ਼ਾਮਲ ਹੋਏ ਸਾਰੇ ਵਿਅਕਤੀਆਂ ਦੇ ਮੁਕਤ ਹੋਣ ਦੀ ਗਰੰਟੀ ਨਹੀਂ ਕੀਤੀ ਜਾ ਸਕਦੀ। ਹਰ ਇਨਕਲਾਬੀ ਨੂੰ ਲਹਿਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਾ-ਢਲਾਈ ਦੀ ਇੱਕ ਲੰਮੀ ਪ੍ਰਕਿਰਿਆ ਵਿੱਚੋਂ ਲੰਘਣਾ ਹੁੰਦਾ ਹੈ। ਸਾਥੀ ਨਵਕਰਨ ਸਮਾਜਿਕ ਪ੍ਰਬੰਧ ਦੀਆਂ ਪੈਦਾ ਕੀਤੀਆਂ ਆਤਮਘਾਤੀ ਪ੍ਰਵਿਰਤੀਆਂ ਦਾ ਸ਼ਿਕਾਰ ਹੋਇਆ ਹੈ। ਸਾਥੀ ਨਵਕਰਨ ਨੇ ਆਪਣੇ ਇਨਕਲਾਬੀ ਜੀਵਨ ਦੌਰਾਨ ਜਿਸ ਸ਼ਾਨਾਮੱਤੇ ਢੰਗ ਨਾਲ ਲਹਿਰ ਦੀ ਸੇਵਾ ਕੀਤੀ ਹੈ ਉਸ ਵਾਸਤੇ ਉਸਨੂੰ ਦਿਲੋਂ ਸ਼ਰਧਾਂਜਲੀ ਦੇਣੀ ਬਣਦੀ ਹੈ। ਉਸਨੂੰ ਇੱਕ ਸੱਚੀ ਸਰਧਾਂਜਲੀ ਇਹੋ ਹੋ ਸਕਦੀ ਹੈ ਕਿ ਜਿਸ ਸਮਾਜ ਨੂੰ ਬਦਲਣ ਦਾ ਉਸਨੇ ਤਹੱਈਆ ਕੀਤਾ ਸੀ ਅਤੇ ਜਿਸਦੀਆਂ ਪੈਦਾ ਕੀਤੀਆਂ ਆਤਮਘਾਤੀ ਪ੍ਰਵਿਰਤੀਆਂ ਨੇ ਸਾਥੀ ਨਵਕਰਨ ਦੀ ਜਾਨ ਲਈ ਹੈ ਉਸਨੂੰ ਬਦਲਣ ਲਈ ਜੋਰਦਾਰ ਕੋਸ਼ਿਸ਼ਾਂ ਕੀਤੀਆਂ ਜਾਣ।

ਆਗੂਆਂ ਨੇ ਕਿਹਾ ਕਿ ਸਾਥੀ ਨਵਕਰਨ ਦੀ ਮੌਤ ਤੋਂ ਬਾਅਦ ਸਮੁੱਚੀ ਇਨਕਲਾਬੀ-ਜਮਹੂਰੀ ਲਹਿਰ ਅਤੇ ਕੁੱਝ ਖਾਸ ਜੱਥੇਬੰਦੀਆਂ ਖਿਲਾਫ਼ ਭੰਡੀ ਪ੍ਰਚਾਰ ਵਿੱਢਿਆ ਜਾਣਾ ਬੇਹੱਦ ਗੰਭੀਰ ਮਸਲਾ ਹੈ। ਉਹਨਾਂ ਇਸ ਭੰਡੀ ਪ੍ਰਚਾਰ ਦਾ ਗੰਭੀਰ ਨੋਟਿਸ ਲੈਂਦਿਆਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਈ ਇਸ ਭੰਡੀ ਪ੍ਰਚਾਰ ਰਾਹੀਂ ਸਮੁੱਚੀ ਇਨਕਲਾਬੀ ਲਹਿਰ ਤੇ ਸਾਥੀ ਨਵਕਰਨ ਨਾਲ਼ ਸਬੰਧਤ ਜੱਥੇਬੰਦੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਕੁੱਝ ਜਨਤਕ ਜਮਹੂਰੀ ਜੱਥੇਬੰਦੀਆਂ ਤੇ ਅਗਾਂਹਵਧੂ ਸੰਸਥਾਵਾਂ ਨੂੰ ਖਾਸ ਪਾਰਟੀ ਨਾਲ਼ ਜੋਡ਼ ਕੇ ਜ਼ਬਰ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਇਸਨੂੰ ਇੱਕ ਬੇਹੱਦ ਖਤਰਨਾਕ ਤੇ ਮੰਦਭਾਗਾ ਵਰਤਾਰਾ ਕਰਾਰ ਦਿੰਦੇ ਹੋਏ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਲਹਿਰ ਦੇ ਸੰਜੀਦਾ ਵਿਅਕਤੀਆਂ ਨੂੰ ਇਸ ਦੁਖਦਾਈ ਘਟਨਾ ਬਾਰੇ ਸੋਸ਼ਲ ਮੀਡੀਆ ਉੱਤੇ ਸ਼ੰਕੇ ਜਾਹਰ ਕਰਨ ਦੀ ਬਜਾਇ ਸਬੰਧਤ ਜੱਥੇਬੰਦੀ ਨਾਲ਼ ਮਿਲ ਕੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਤਾਂ ਕਿ ਭੰਡੀ ਪ੍ਰਚਾਰਕਾਂ ਨੂੰ ਇਨਕਲਾਬੀ ਲਹਿਰ ਦਾ ਨੁਕਸਾਨ ਕਰਨ ਦਾ ਮੌਕਾ ਨਾ ਮਿਲੇ।

ਅੱਜ ਦੀ ਮੀਟਿੰਗ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਸੁਰਿੰਦਰ ਸਿੰਘ ਅਤੇ ਜਸਵੰਤ ਜੀਰਖ, ਲੋਕ ਮੋਰਚਾ ਪੰਜਾਬ ਦੇ ਕਸਤੂਰੀ ਲਾਲ, ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰੋ. ਏ.ਕੇ. ਮਲੇਰੀ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸਤੀਸ਼ ਸਚਦੇਵਾ ਅਤੇ ਹਰੀਸ਼ ਮੌਦਗਿਲ, ਇਨਕਲਾਬੀ ਲਹਿਰ ਦੇ ਸਰਗਰਮ ਕਾਰਕੁੰਨ ਜਸਦੇਵ ਲਲਤੋਂ, ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ, ਲੋਕ ਏਕਤਾ ਸੰਗਠਨ ਦੇ ਆਗੂ ਗੱਲਰ ਚੌਹਾਨ, ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਦੇ ਆਗੂ ਸੁਖਵਿੰਦਰ ਲੀਲ੍ਹ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ, ਟੈਕਨੀਕਲ ਸਰਵਿਸਿਜ ਯੂਨੀਅਨ ਦੇ ਆਗੂ ਇਕਬਾਲ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ ਅਤੇ ਸਮਰ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ, ਨੌਜਵਾਨ ਭਾਰਤ ਸਭਾ ਦੇ ਆਗੂ ਕੁਲਵਿੰਦਰ, ਬਿੰਨੀ, ਗੁਰਦੀਪ, ਰਿਸ਼ੀ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਆਗੂ ਸ਼੍ਰਿਸ਼ਟੀ, ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਵੱਲੋਂ ਵਿਜੇ ਨਾਰਾਇਣ, ਸਰਵਸਾਂਝਾ ਕਾਂਰ੍ਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਦਸ਼ਰਥ ਸ਼ਾਮਿਲ ਸਨ। ਮਾਮਲੇ ਦੀ ਤਹਿ ਤੱਕ ਜਾਣ ਲਈ ਅਸੀਂ ਇਸ ਸਬੰਧ ਵਿਚ ਮਿਲਣ ਵਾਲੇ ਵਿਚਾਰਾਂ ਨੂੰ ਥਾਂ ਦੇਂਦੇ ਰਹਾਂਗੇ ਤਾਂਕਿ ਖੱਬੇ ਪੱਖੀ ਲੋਕ ਲਹਿਰ ਦੇ ਹਮਦਰਦਾਂ ਅਤੇ ਸਾਜਿਸ਼ੀ ਵਿਰੋਧੀਆਂ ਵਿਚਾਲੇ ਲਕੀਰ ਗੂਹੜੀ ਹੋ ਸਕੇ। ਤੁਹਾਡੇ ਸਭਨਾਂ ਦੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ।  

No comments: