Thursday, January 14, 2016

ਪੰਜਾਬ ਛੇਤੀ ਹੀ ਨੀਲੀ ਅਤੇ ਚਿੱਟੀ ਕ੍ਰਾਂਤੀ ਦੇ ਮੋਹਰੀ ਵਜੋਂ ਉਭਰੇਗਾ-C M ਬਾਦਲ

ਮੁੱਖ ਮੰਤਰੀ ਵੱਲੋਂ ਦੇਸ਼ ਦੇ ਸਮੁੱਚੇ ਵਿਕਾਸ ਵਾਸਤੇ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ ਮਜ਼ਬੂਤ ਕਰਨ ਲਈ  ਅਪੀਲ
ਅਪੀਲ ਕੀਤੀ ਭਾਰਤ ਸਰਕਾਰ ਨੂੰ
ਖੇਤੀਬਾੜੀ ਨੂੰ ਭਾਰਤੀ ਆਰਥਿਕਤਾ ਦੀ ਰੀੜ ਦੀ ਹੱਡੀ ਦੱਸਿਆ
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ 2016: (ਅਨਿਲ ਪਨਸੇਜਾ//ਪੰਜਾਬ ਸਕਰੀਨ):

ਖੇਤੀਬਾੜੀ ਨੂੰ ਭਾਰਤੀ ਆਰਥਿਕਤਾ ਦੀ ਰੀੜ ਦੀ ਹੱਡੀ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਦੇਸ਼ ਦੀ ਸਮੁੱਚੀ ਵਿੱਤੀ ਸਿਹਤ ਨੂੰ ਹੁਲਾਰਾ ਦੇਣ ਲਈ ਖੇਤੀਬਾੜੀ ਅਤੇ ਖੇਤੀ ਨਾਲ ਸਬੰਧਤ ਧੰਦਿਆਂ ਨੂੰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ।
ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 8ਵੀਂ ਪਸ਼ੂ ਧੰਨ ਚੈਂਪੀਅਨਸ਼ਿਪ ਅਤੇ ਐਕਸਪੋ ਦੇ ਮੌਕੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਆਰਥਿਕਤਾ ਸੁਭਾਅ ਪੱਖੋਂ ਖੇਤੀ ਅਧਾਰਤ ਹੈ ਅਤੇ ਇਥੋਂ ਦੇ 60 ਫੀਸਦੀ ਤੋਂ ਵੱਧ ਲੋਕ ਸਿੱਧੇ ਅਤੇ ਅਸਿੱਧੇ ਤੌਰ 'ਤੇ ਖੇਤੀਬਾੜੀ 'ਤੇ ਨਿਰਭਰ ਹਨ। ਉਨਾਂ ਕਿਹਾ ਕਿ ਬਹੁਮੱਤ ਉਦਯੋਗ ਵੀ ਆਪਣੇ ਕੱਚੇ ਮਾਲ ਲਈ ਖੇਤੀ ਉਤੇ ਹੀ ਨਿਰਭਰ ਕਰਦਾ ਹੈ ਜਿਸ ਕਰਕੇ ਭਾਰਤ ਨੂੰ ਖੁਸ਼ਹਾਲ ਅਤੇ ਅਗਾਂਹਵਧੂ ਦੇਸ਼ ਬਣਾਉਣ ਲਈ ਖੇਤੀਬਾੜੀ ਅਤੇ ਖੇਤੀ ਸਬੰਧਤ ਧੰਦਿਆਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਜ਼ਰੂਰਤ ਹੈ।
ਦੇਸ਼ ਦੇ ਵਿਕਾਸ ਵਿਚ ਪੰਜਾਬ ਵੱਲੋਂ ਨਿਭਾਈ ਗਈ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕੁੱਲ ਇਲਾਕੇ ਦਾ ਦੋ ਫੀਸਦੀ ਇਲਾਕਾ ਹੋਣ ਦੇ ਬਾਵਜੂਦ ਪੰਜਾਬ ਦੇ ਸਖ਼ਤ ਮਿਹਨਤੀ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਬਣਾਇਆ ਹੈ। ਉਨਾਂ ਕਿਹਾ ਕਿ ਹੁਣ ਸੂਬੇ ਦੇ ਕਿਸਾਨਾਂ ਨੇ ਦੇਸ਼ ਵਿਚ ਵੱਡੀ ਪੱਧਰ ਉਤੇ ਦੁੱਧ ਦਾ ਉਤਪਾਦਨ ਕਰਕੇ ਚਿੱਟੀ ਕ੍ਰਾਂਤੀ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸਾਡੇ ਕਿਸਾਨਾਂ ਕੋਲ ਕੇਵਲ ਦੋ ਫੀਸਦੀ ਗਾਵਾਂ/ਮੱਝਾਂ ਹੋਣ ਦੇ ਬਾਵਜੂਦ ਅਸੀਂ ਦੇਸ਼ ਦੇ ਦੁੱਧ ਉਤਪਾਦਨ ਵਿਚ 10 ਫੀਸਦੀ ਦਾ ਯੋਗਦਾਨ ਪਾ ਰਹੇ ਹਾਂ।
ਦੇਸ਼ ਭਰ ਦੇ ਪਸ਼ੂ ਪਾਲਕਾਂ ਵੱਲੋਂ ਇਸ ਚੈਂਪੀਅਨਸ਼ਿਪ ਵੱਡੀ ਪੱਧਰ ਵਿਚ ਹਿੱਸਾ ਲੈਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਉਤਸ਼ਾਹਜਨਕ ਸੰਕੇਤ ਹਨ ਜਿਨਾਂ ਤੋਂ ਪਤਾ ਲਗਦਾ ਹੈ ਕਿ ਸੂਬਾ ਸਰਕਾਰ ਡੇਅਰੀ ਅਤੇ ਮੱਛੀ ਫਾਰਮਿੰਗ ਵਰਗੇ ਖੇਤੀ ਸਹਾਇਕ ਧੰਦਿਆਂ ਰਾਹੀਂ ਖੇਤੀ ਵਿਭਿੰਨਤਾ ਲਈ ਨਿਰਧਾਰਤ ਕੀਤੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਫਲ ਹੋਵੇਗੀ। ਉਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਮੱਛੀ , ਸ਼ਹਿਦ ਅਤੇ ਦੁੱਧ ਉਤਪਾਦਨ ਦੇ ਖੇਤਰ ਵਿਚ ਦੇਸ਼ ਵਿੱਚੋਂ ਆਗੂ ਸੂਬਾ ਬਣ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਇਹ ਕਿਸਾਨਾਂ ਦੀਆਂ ਆਰਥਿਕ ਹਾਲਤਾਂ ਨੂੰ ਸੁਧਾਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਜੋ ਕਿ ਖੇਤੀ ਤੋਂ ਹੁਣ ਜ਼ਿਆਦਾ ਕੁਝ ਪ੍ਰਾਪਤ ਨਾ ਹੋਣ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਸੂਬੇ ਦੇ ਕਿਸਾਨਾਂ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਤੀ ਸਹਾਇਕ ਧੰਦੇ ਅਪਣਾਉਣ ਲਈ ਉਤਸ਼ਾਹਤ ਕਰਨ ਵਾਸਤੇ ਕਿਸਾਨਾਂ ਨੂੰ ਵੱਡੀ ਪੱਧਰ ਉਤੇ ਸਬਸਿਡੀ ਦੇ ਰਹੀ ਹੈ। ਇਸੇ ਤਰਾਂ ਹੀ ਖੇਤੀ ਸਹਾਇਕ ਧੰਦਿਆਂ ਨੂੰ ਬੜਾਵਾ ਦੇਣ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ ਵੱਖ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਉਹ ਕਿਸਾਨਾਂ ਦੀ ਮਦਦ ਕਰਨ ਲਈ ਪਾਬੰਦ ਹਨ ਅਤੇ ਉਨਾਂ ਨੇ ਯਕੀਨ ਪ੍ਰਗਟ ਕੀਤਾ ਕਿ ਖੇਤੀ ਸਹਾਇਕ ਧੰਦਿਆਂ ਨੂੰ ਬੜਾਵਾ ਦੇਣ ਨਾਲ ਨਾ ਕੇਵਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਸਗੋਂ ਇਸ ਨਾਲ ਉਨਾਂ ਦੀ ਤਕਦੀਰ ਹੀ ਬਦਲ ਜਾਵੇਗੀ।
ਇਸ ਐਕਸਪੋ ਨੂੰ ਵੱਡੀ ਪੱਧਰ 'ਤੇ ਸਫਲ ਬਣਾਉਣ ਲਈ ਪ੍ਰਭਾਵੀ ਕਦਮ ਚੁੱਕਣ ਵਾਸਤੇ ਪਸ਼ੂ ਪਾਲਣ ਵਿਭਾਗ ਦੀ ਸਰਾਹਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਮਸ਼ੀਨਰੀ ਤਿਆਰ ਕਰਨ ਵਾਲੀਆਂ ਮਹੱਤਵਪੂਰਨ ਇਕਾਇਆਂ ਤੋਂ ਇਲਾਵਾ ਐਕਸਪੋ ਅਤੇ ਸੈਮੀਨਾਰਾਂ ਵਿਚ ਸ਼ਾਮਲ ਹੋਣ ਵਾਲੇ ਉੱਘੇ ਮਾਹਰਾਂ ਦੀ ਸ਼ਮੂਲੀਅਤ ਨੇ ਇਸ ਐਕਸਪੋ ਦੀ ਹਰਮਨਪਿਆਰਤਾ ਨੂੰ ਦਰਸਾਇਆ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਵਿਭਾਗ ਨੂੰ ਮਜ਼ਬੂਤ ਬਣਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ। ਖਾਲੀ ਅਸਾਮੀਆਂ ਨੂੰ ਭਰਨ ਲਈ ਅਤੇ ਪਸ਼ੂ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਉੱਚਾ ਚੁੱਕਣ ਲਈ ਵੱਡੀ ਪੱਧਰ 'ਤੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ। ਸ. ਬਾਦਲ ਨੇ ਕਿਹਾ ਕਿ ਇਹ ਸਾਰੇ ਕਦਮ ਪਸ਼ੂ ਪਾਲਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚੁੱਕੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਪਸ਼ੂ ਪਾਲਣ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਵੱਲੋਂ ਖੇਤੀ ਸਹਾਇਕ ਧੰਦਿਆਂ ਪ੍ਰਤੀ ਦਿਖਾਈ ਜਾ ਰਹੀ ਆਪਣੀ ਸੁਹਿਰਦਤਾ ਲਈ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀਆਂ ਠੋਸ ਅਤੇ ਲਗਾਤਾਰ ਕੋਸ਼ਿਸ਼ਾਂ ਦੇ ਨਾਲ ਸੂਬਾ ਪਸ਼ੂ ਪਾਲਣ ਸੈਕਟਰ ਦੇ ਵਿਕਾਸ ਲਈ ਸਫਲ ਹੋਇਆ ਹੈ।
ਬਾਅਦ ਵਿਚ ਮੁੱਖ ਮੰਤਰੀ ਨੇ ਵੱਖ ਵੱਖ ਸ਼੍ਰੇਣੀਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਉਨਾਂ ਨੇ ਪੰਜਾਬ ਵੈਟਰਨਰੀ ਜਨਰਲ ਦੀ ਇਕ ਕਾਪੀ ਵੀ ਜਾਰੀ ਕੀਤੀ।
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਮੁੱਖ ਸੰਸਦੀ ਸਕੱਤਰ ਸ੍ਰੀ ਦੇਸ਼ ਰਾਜ ਧੁੱਗਾ, ਸਲਾਹਕਾਰ ਪਸ਼ੂ ਪਾਲਣ ਡਾ. ਪੀ.ਕੇ. ਉੱਪਲ, ਵਧੀਕ ਮੁੱਖ ਸਕੱਤਰ ਸ੍ਰੀ ਮਨਦੀਪ ਸਿੰਘ ਸੰਧੂ, ਚੇਅਰਮੈਨ ਪੰਜਾਬ ਐਗਰੋ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਕੀਮਤੀ ਲਾਲ ਭਗਤ, ਪ੍ਰਧਾਨ ਯੂਥ ਅਕਾਲੀ ਦਲ ਮਾਲਵਾ ਜ਼ੋਨ ਸ੍ਰੀ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸੀਨੀਅਰ ਅਕਾਲੀ ਆਗੂ ਸ੍ਰੀ ਮਨਜੀਤ ਸਿੰਘ ਬਰਕੰਦੀ, ਚੇਅਰਮੈਨ ਸ੍ਰੀ ਤੇਜਿੰਦਰ ਸਿੰਘ ਮਿੱਡੂਖੇੜਾ, ਸ: ਅਵਤਾਰ ਸਿੰਘ ਵਨਵਾਲਾ, ਸ: ਮਨਜਿੰਦਰ ਸਿੰਘ ਬਿੱਟੂ, ਡਾਇਰੈਕਟਰ ਪਸ਼ੂ ਪਾਲਣ ਡਾ. ਐਚ.ਐਸ. ਸੰਧਾ, ਡਾਇਰੈਕਟਰ ਡੇਅਰੀ ਵਿਕਾਸ ਡਾ. ਇੰਦਰਜੀਤ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਜਸਕਿਰਨ ਸਿੰਘ ਸ਼ਾਮਲ ਸਨ।

No comments: