Monday, January 25, 2016

ਪ੍ਰੋ ਜੀ ਐਨ ਸਾਈਂ ਬਾਬਾ ਦੀ ਮੁੜ ਗ੍ਰਿਫਤਾਰੀ ਵਿਰੁਧ ਲੋਕ ਰੋਹ ਤਿੱਖਾ

ਸਰਕਾਰਾਂ ਦੀਆਂ ਨੀਤੀਆਂ ਨੂੰ ਦੱਸਿਆ ਲੋਕਾਂ ਵਿਰੋਧੀ ਜੰਗ ਦਾ ਹਿੱਸਾ 
ਲੁਧਿਆਣਾ: 24 ਜਨਵਰੀ 2016: (ਪੰਜਾਬ ਸਕਰੀਨ ਬਿਊਰੋ):
ਅਪ੍ਰੇਸ਼ਨ ਗ੍ਰੀਨ-ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਐਤਵਾਰ 24 ਜਨਵਰੀ 2016 ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਚ  ਇੱਕ ਰੋਸ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਤਿੱਖੀ ਸੀਤ ਲਹਿਰ ਦੇ ਬਾਵਜੂਦ ਖਚਾਖਚ ਭਰੇ ਹਾਲ ਵਿਚ ਜਦੋਂ ਕੁਰਸੀਆਂ ਘਟ ਗਈਆਂ ਤਾਂ ਦਰੀਆਂ ਵਿਛਾਉਣ ਦਾ ਵੀ ਪ੍ਰਬੰਧ ਕਰਨਾ ਪਿਆ। ਪ੍ਰੋ ਜੀ ਐਨ ਸਾਈਂ ਬਾਬਾ ਦੀ ਮੁੜ ਗ੍ਰਿਫਤਾਰੀ ਨੂੰ ਨਜਾਇਜ਼ ਦਸਦਿਆਂ ਇਸ ਇਕੱਤਰਤਾ ਨੇ ਜਮਹੂਰੀ ਕਦਰਾਂ ਕੀਮਤਾਂ ਉੱਪਰ ਕਈ ਸੁਆਲ ਉਠਾਏ। ਇਸ ਮੁੱਦੇ ਤੇ ਹੀ ਅਰੁੰਧਤੀ ਰਾਏ ਖਿਲਾਫ਼ ਮਾਣਹਾਨੀ ਦੇ ਨੋਟਿਸ ਦਾ ਵੀ ਸਖਤ ਵਿਰੋਧ ਕੀਤਾ ਗਿਆ। ਅਰੁੰਧਤੀ ਰਾਏ ਨੇ ਇਸ ਗ੍ਰਿਫਤਾਰੀ ਦੇ ਖਿਲਾਫ਼ ਆਨਲੁਕਰ ਨਾਮ ਦੇ ਪ੍ਰਸਿਧ ਅੰਗ੍ਰੇਜ਼ੀ ਰਸਾਲੇ ਵਿੱਚ ਇੱਕ ਲੇਖ ਲਿਖਿਆ ਸੀ। 
ਇਸ ਕਨਵੈਨਸ਼ਨ ਵਿੱਚ ਪ੍ਰੋਫੈਸਰ ਜੀ ਐਨ ਸਾਈਂ ਬਾਬਾ ਦੀ ਜੀਵਨ ਸਾਥਣ ਵਸੰਤਾ ਕੁਮਾਰੀ ਅਤੇ ਅਫਜਲ ਗੁਰੂ ਕੇਸ ਵਾਲੇ ਪ੍ਰੋ ਐਸ ਏ ਆਰ ਗਿਲਾਨੀ ਮੁੱਖ ਬੁਲਾਰਿਆਂ ਵੱਜੋਂ ਸ਼ਾਮਿਲ ਹੋਏ। ਸਮਾਗਮ 11 ਤੋਂ ਇੱਕ ਵਜੇ ਤੱਕ ਚੱਲਣਾ ਸੀ ਪਰ ਇਹ ਤਿੰਨ ਵਜੇ ਤੀਕ ਵੀ ਜਾਰੀ ਸੀ। ਇਸ ਮੌਕੇ 'ਤੇ ਪ੍ਰੋਫੈਸਰ ਨੰਦਿਤਾ ਨਾਰਾਇਣ ਅਤੇ ਪ੍ਰੋਫੈਸਰ ਮਨੀਸ਼ਾ ਸੇਠੀ ਦੇ ਵੀ ਸ਼ਾਮਲ  ਕਹੀ ਗਈ ਸੀ ਪਰ ਉਹ ਸ਼ਾਇਦ ਕਿਸੇ ਕਾਰਨ ਨਹੀਂ ਆ ਸਕੇ। ਇਸ ਕਨਵੈਨਸ਼ਨ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ, ਅਤੇ ਡਾਕਟਰ ਪਰਮਿੰਦਰ ਸਿੰਘ ਹੁਰਾਂ ਨੇ ਵੀ ਬਹੁਤ ਹੀ ਦਲੀਲ ਬਰੇ ਅੰਦਾਜ਼ ਵਿੱਚ ਇਸ ਸਿਸਟਮ ਬਾਰੇ ਆਪਣੇ ਸੁਆਲ ਉਠਾਏ। ਅਰੁੰਧਤੀ ਰਾਏ ਦੇ  ਜਿਸ ਲੇਖ ਤੇ ਇਤਰਾਜ਼ ਕਰਦਿਆਂ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਉਸ ਲੇਖ ਦੇ ਪੈਂਫਲਿਟ ਛਪਵਾ ਕੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਵੰਡੇ ਗਏ।
ਸਮਾਗਮ ਵਿੱਚ ਹਾਜਰ ਸਰੋਤੇ ਇੱਕ ਸਾਹ ਹੋ ਕੇ ਸਭਨਾਂ ਨੂੰ ਬੜੇ ਧਿਆਨ ਨਾਲ ਸੁਣਦੇ ਰਹੇ। ਕਈ ਲੋਕ ਬੁਲਾਰਿਆਂ ਨੂੰ ਆਪਣੇ ਫੋਨ ਵਿੱਚ ਰਿਕਾਰਡ ਵੀ ਕਰ ਰਹੇ ਸਨ ਅਤੇ ਕਈ ਲੋਕ ਉਹਨਾਂ ਨੂੰ ਨੋਟ ਵੀ ਕਰ ਰਹੇ ਸਨ। ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵਲੋਂ ਪ੍ਰੋਫੈਸਰ ਸਾਈਬਾਬਾ ਨੂੰ ਦੁਬਾਰਾ ਜੇਲ੍ਹ ਭੇਜੇ ਜਾਣ ਅਤੇ ਲੇਖਕਾ ਅਰੁੰਧਤੀ ਰਾਏ ਨੂੰ ਅਦਾਲਤੀ ਤੌਹੀਨ ਦਾ ਨੋਟਿਸ ਜਾਰੀ ਕਰਨ ਵਿਰੁੱਧ ਸੂਬਾ ਪੱਧਰੀ ਕਨਵੈਨਸ਼ਨ ਪੰਜਾਬੀ ਭਵਨ ਵਿਖੇ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਪ੍ਰੋ: ਐਸ. ਏ. ਆਰ. ਗਿਲਾਨੀ, ਵਸੰਤਾ ਕੁਮਾਰੀ, ਪ੍ਰੋਫੈਸਰ ਜਗਮੋਹਣ ਸਿੰਘ, ਪ੍ਰੋਫੈਸਰ ਏ. ਕੇ. ਮਲੇਰੀ, ਗੁਰਪ੍ਰੀਤ ਸਿੰਘ ਕੈਨੇਡਾ ਅਤੇ ਯਸ਼ਪਾਲ ਨੇ ਕੀਤੀ | ਪ੍ਰੋਫੈਸਰ ਸਾਈਬਾਬਾ ਦੀ ਜੀਵਨ-ਸਾਥਣ ਏ. ਐੱਸ. ਵਸੰਤਾ ਨੇ ਕਿਹਾ ਕਿ 'ਪ੍ਰੋਫੈਸਰ ਸਾਈਬਾਬਾ ਨੂੰ ਜੇਲ੍ਹ 'ਚ ਸਾੜਨ ਦਾ ਮਨੋਰਥ ਸਮੁੱਚੇ ਬੁੱਧੀਜੀਵੀਆਂ, ਚਿੰਤਕਾਂ ਨੂੰ ਇਕ ਫਾਸ਼ੀਵਾਦੀ ਸੰਦੇਸ਼ ਦੇਣਾ ਹੈ ਕਿ ਸਥਾਪਤੀ ਦੀ ਆਲੋਚਨਾ ਨੂੰ ਇਹ ਨਿਜ਼ਾਮ ਸਹਿਣ ਨਹੀਂ ਕਰੇਗਾ ਤੇ ਅਜਿਹੇ ਕਰਨ 'ਤੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੜਨਾ ਪਵੇਗਾ।  ਕਨਵੈਨਸ਼ਨ ਦਾ ਆਗਾਜ਼ ਦਲਿਤ ਖੋਜਾਰਥੀ ਰੋਹਿਤ ਵੇਮੁਲਾ ਨੂੰ ਸ਼ਰਧਾਂਜਲੀ ਦੇ ਕੇ ਕੀਤਾ ਗਿਆ। ਦਲਿਤ ਭਾਈਚਾਰੇ ਦੇ ਇੱਕ ਖੋਜੀ ਵਿਦਵਾਨ ਨੇ ਕਿਹਾ ਕਿ ਪ੍ਰੋਫੈਸਰ ਸਾਈਬਾਬਾ ਤੇ ਸਮੂਹ ਸਿਆਸੀ ਕੈਦੀਆਂ ਦੀ ਰਿਹਾਈ ਲਈ ਜੂਝਣਾ ਜਮਹੂਰੀ ਤਾਕਤਾਂ ਦਾ ਅੱਜ ਸਭ ਤੋਂ ਅਹਿਮ ਕੰਮ ਹੈ | ਪ੍ਰੋ: ਐੱਸ. ਏ. ਆਰ. ਗਿਲਾਨੀ ਨੇ ਕਿਹਾ ਕਿ 90 ਫ਼ੀਸਦੀ ਅਪਾਹਜ ਪ੍ਰੋਫੈਸਰ ਨੂੰ ਬਹੁਤ ਵੱਡਾ ਖ਼ਤਰਾ ਬਣਾ ਕੇ ਉਸ ਨਾਲ ਰਾਜਤੰਤਰ ਦੇ ਇਸ ਤਰ੍ਹਾਂ ਦੇ ਸਲੂਕ ਤੋਂ ਸਪਸ਼ਟ ਹੈ ਕਿ ਇਸ ਨਿਆਂ ਪ੍ਰਬੰਧ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ | ਗੁਰਪ੍ਰੀਤ ਸਿੰਘ ਕੈਨੇਡਾ, ਡਾ: ਪਰਮਿੰਦਰ, ਪ੍ਰੋ: ਮਲੇਰੀ ਤੇ ਯਸ਼ਪਾਲ ਨੇ ਵੀ ਸੰਬੋਧਨ ਕੀਤਾ | ਕਨਵੈਨਸ਼ਨ ਵਲੋਂ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਕੇਂਦਰੀ ਮੰਤਰੀ ਤੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਤੇ ਪੰਜਾਬ ਵਿਚ ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਬਾਦਲ ਸਰਕਾਰ ਵਲੋਂ ਅਪਣਾਏ ਜਾ ਰਹੇ ਤਾਨਾਸ਼ਾਹ ਕਾਨੂੰਨਾਂ, ਬੇਅਦਬੀ ਸਬੰਧੀ ਧਾਰਾ 295-ਏ ਵਰਗੀਆਂ ਜਾਬਰ ਸੋਧਾਂ ਥੋਪਣ ਅਤੇ ਬਠਿੰਡਾ, ਲੁਧਿਆਣਾ ਤੇ ਪਟਿਆਲਾ ਵਿਚ ਮੁਜਾਹਰਿਆਂ 'ਤੇ ਪਾਬੰਦੀ ਲਾਏ ਜਾਣ ਸਮੇਤ ਹੋਰ ਜਾਬਰ ਕਦਮਾਂ ਦੀ ਨਿਖੇਧੀ ਕੀਤੀ ਗਈ | ਇਸ ਮੌਕੇ ਪ੍ਰੋ: ਏ. ਐੱਸ. ਜੋਸ਼ੀ, ਪ੍ਰੋ: ਆਰ. ਪੀ. ਸਭਰਵਾਲ, ਪ੍ਰੋ: ਜਗਮੋਹਣ ਸਿੰਘ ਮਾਲਵਾ ਕਾਲਜ, ਡਾ: ਦਰਸ਼ਨ ਪਾਲ, ਐਡਵੋਕੇਟ ਦਲਜੀਤ ਸਿੰਘ, ਸੁਖਵਿੰਦਰ ਕੌਰ, ਮਾਸਟਰ ਤਰਸੇਮ, ਐਡਵੋਕੇਟ ਰਾਜੀਵ ਲੋਹਟਬੱਧੀ, ਬੂਟਾ ਸਿੰਘ, ਐਡਵੋਕੇਟ ਐੱਨ. ਕੇ. ਜੀਤ, ਐਡਵੋਕੇਟ ਅਮਰਜੀਤ ਬਾਈ, ਡਾ: ਤੇਜਪਾਲ, ਜਸਵੀਰ ਦੀਪ, ਕਰਨਲ ਜੇ. ਐੱਸ. ਬਰਾੜ, ਸਤੀਸ਼ ਸਚਦੇਵਾ, ਜਸਵੰਤ ਜੀਰਖ ਅਤੇ ਫਰੰਟ ਦੇ ਸੂਬਾਈ ਆਗੂ ਕਮਲਜੀਤ ਖੰਨਾ, ਅਮੋਲਕ ਸਿੰਘ ਆਦਿ ਹਾਜ਼ਰ ਸਨ |
ਕਨਵੈਨਸ਼ਨ ਨੇ ਸਰਕਾਰੀ ਕਦਮਾਂ ਨੂੰ ਲੋਕਾਂ ਖਿਲਾਫ਼ ਛੇੜੀ ਜੰਗ ਦਾ ਹਿੱਸਾ ਦੱਸਿਆ ਅਤੇ ਇਹਨਾਂ ਦਾ ਵਿਰੋਧ ਕੀਤਾ। ਹੁਣ  ਕਿ ਸਰਕਾਰ ਅਤੇ ਸਰਕਾਰ ਸਮਰਥਕ ਇਸ ਮੁੱਦੇ ਬਾਰੇ ਕੀ ਰੁੱਖ ਅਪਣਾਉਂਦੇ ਹਨ? ਵੀਡੀਓ ਵਿੱਚ ਵੀ ਦੇਖ ਸਕਦੇ ਹੋ ਪੰਜਾਬੀ ਭਵਨ ਲੁਧਿਆਣਾ ਤੋਂ ਇੱਕ  ਖਾਸ ਰਿਪੋਰਟ:--

No comments: