Saturday, January 23, 2016

ਸੁਖਬੀਰ ਸਿੰਘ ਬਾਦਲ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਨਵੀਂ ਇਮਾਰਤ ਦਾ ਉਦਘਾਟਨ

Sat, Jan 23, 2016 at 3:12 PM
ਸਾਂਝੀ ਖੇਤੀ ਪ੍ਰਬੰਧ ਨਾਲ ਹੋ ਰਿਹਾ ਹੈ ਕਿਸਾਨਾਂ ਦੀ ਆਮਦਨ ਵਿਚ ਵਾਧਾ
ਬਰਨਾਲਾ//ਲੁਧਿਆਣਾ: 23 ਜਨਵਰੀ 2016: (ਪੰਜਾਬ ਸਕਰੀਨ ਬਿਊਰੋ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਬਰਨਾਲਾ ਵਿਖੇ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਨਵੀਂ ਇਮਾਰਤ ਦਾ ਉਦਘਾਟਨ ਸ. ਸੁਖਬੀਰ ਸਿੰਘ ਬਾਦਲ, ਉਪ-ਮੁੱਖ ਮੰਤਰੀ, ਪੰਜਾਬ ਨੇ ਕੀਤਾ। ਇਸ ਮੌਕੇ ਤੇ ਸ. ਪਰਮਿੰਦਰ ਸਿੰਘ ਢੀਂਡਸਾ, ਵਿੱਤ ਮੰਤਰੀ, ਸ਼੍ਰੀ ਰਜਿੰਦਰ ਗੁਪਤਾ, ਵਾਈਸ ਚੇਅਰਮੈਨ, ਰਾਜ ਯੋਜਨਾਬੰਦੀ ਬੋਰਡ, ਪੰਜਾਬ, ਡਾ. ਅਮਰਜੀਤ ਸਿੰਘ ਨੰਦਾ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ, ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ, ਡਾ. ਪ੍ਰਹਿਲਾਦ ਸਿੰਘ ਤਨਵਰ, ਉਪ-ਨਿਰਦੇਸ਼ਕ, ਅਧਿਕਾਰੀ, ਲੋਕ ਨੁਮਾਇੰਦੇ ਅਤੇ ਕਿਸਾਨ ਤੇ ਕਿਸਾਨ ਬੀਬੀਆਂ ਮੌਜੂਦ ਸਨ। 
ਡਾ. ਨੰਦਾ ਨੇ ਆਈਆਂ ਸਖ਼ਸ਼ੀਅਤਾਂ ਤੇ ਕਿਸਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਇਸ ਕ੍ਰਿਸ਼ੀ ਵਿਗਿਆਨ ਕੇਂਦਰ ਰਾਹੀਂ ਬਰਨਾਲਾ ਜ਼ਿਲੇ ਵਿਚ ਜਿਥੇ ਪਸ਼ੂਆਂ ਤੋਂ ਬਿਹਤਰ ਉਤਪਾਦਨ ਲੈਣ ਉਨ੍ਹਾਂ ਦੀ ਸਿਹਤ ਚੰਗੀ ਰੱਖਣ ਲਈ ਯਤਨਸ਼ੀਲ ਹੈ ਉਥੇ ਉਨੱਤ ਖੇਤੀ ਤਕਨੀਕਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਂਝੀ ਖੇਤੀ ਪ੍ਰਬੰਧ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਰਿਹਾ ਹੈ ਕਿਉਂਕਿ ਪਸ਼ੂ ਪਾਲਣ, ਮੱਛੀ ਪਾਲਣ ਅਤੇ ਖੇਤੀਬਾੜੀ ਇਕ ਦੂਜੇ ਦੇ ਪੂਰਕ ਦੇ ਤੌਰ ਤੇ ਕੰਮ ਕਰਦੇ ਹਨ।  
ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੀ ਕਾਰਗੁਜਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਇਸ ਦਾ ਫਾਇਦਾ ਹੋ ਰਿਹਾ ਹੈ। ਕਿਸਾਨੀ ਬਿਹਤਰ ਹੋਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਨਾਲ ਲਗਦਾ ਪੰਚਾਇਤੀ ਛੱਪੜ ਵੀ ਮੱਛੀ ਪਾਲਣ ਦੇ ਤਜਰਬੇ ਕਰਨ ਲਈ ਕੇਂਦਰ ਨੂੰ ਦਿੱਤਾ ਜਾਵੇਗਾ ਅਤੇ ਬਰਨਾਲਾ ਜ਼ਿਲੇ ਦੇ ਹੋਰ ਛੱਪੜਾਂ ਵਿਚ ਵੀ ਇਸੇ ਤਰੀਕੇ ਨਾਲ ਮੱਛੀ ਪਾਲਣ ਦਾ ਯਤਨ ਆਰੰਭਿਆ ਜਾਵੇਗਾ। ਉਨ੍ਹਾਂ ਨੇ ਵੈਟਨਰੀ ਯੂਨੀਵਰਸਿਟੀ ਵਲੋਂ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਨੂੰ 20 ਬੀਟਲ ਨਸਲ ਦੀਆਂ ਬੱਕਰੀਆਂ ਅਤੇ 5 ਬੱਕਰੇ ਵੀ ਬੱਕਰੀ ਪਾਲਣ ਦਾ ਧੰਦਾ ਉਤਸਾਹਿਤ ਕਰਨ ਲਈ ਵੰਡੇ। ਰੁੱਖਾਂ ਦੀ ਮਹੱਤਤਾ ਨੂੰ ਪ੍ਰਗਟਾਉਂਦੇ ਉਨ੍ਹਾਂ ਨੇ ਕੇਂਦਰ ਵਿਖੇ ਇਕ ਪੌਦਾ ਵਿਖੇ ਇਕ ਪੌਦਾ ਵੀ ਲਗਾਇਆ।
ਡਾ. ਹਰੀਸ਼ ਕੁਮਾਰ ਵਰਮਾ ਨੇ ਆਏ ਹੋਏ ਕਿਸਾਨਾਂ ਨੂੰ ਵਿਗਿਆਨਕ ਤਕਨੀਕਾਂ ਨਾਲ ਪਸ਼ੂ ਪਾਲਣ ਅਤੇ ਖੇਤੀਬਾੜੀ ਕਿੱਤਿਆਂ ਨਾਲ ਜੁੜਨ ਵਾਸਤੇ ਪ੍ਰੇਰਿਆ। ਕੇਂਦਰ ਦੇ ਉਪ-ਨਿਰਦੇਸ਼ਕ ਡਾ. ਪ੍ਰਹਿਲਾਦ ਸਿੰਘ ਤਨਵਰ ਨੇ ਕਿਹਾ ਕਿ ਬਰਨਾਲਾ ਜ਼ਿਲੇ ਦੇ ਕਿਸਾਨ ਬੜੇ ਸੁਚੱਜੇ ਤਰੀਕੇ ਨਾਲ ਕੇਂਦਰ ਨਾਲ ਜੁੜ ਰਹੇ ਹਨ ਤੇ ਉਨ੍ਹਾਂ ਨੂੰ ਇਸ ਦਾ ਬੜਾ ਫਾਇਦਾ ਹੋਏਗਾ। ਇਸ ਮੌਕੇ ਤੇ ਕਿ੍ਰਸ਼ੀ ਵਿਗਿਆਨ ਕੇਂਦਰ ਅਤੇ ਯੂਨੀਵਰਸਿਟੀ ਵਲੋਂ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਯੂਨੀਵਰਸਿਟੀ ਦੇ ਮਾਹਿਰਾਂ ਨੇ ਵਖੋ ਵਖਰੇ ਵਿਸ਼ਿਆਂ ਤੇ ਲੈਕਚਰ ਦਿੱਤੇ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

No comments: