Thursday, January 21, 2016

ਉਹ ਕਿਹੜਾ ਬੂਟਾ ਏ ? ਹਰ ਥਾਂ ਜੋ ਪਲਦਾ ਏ-

ਕੋਈ ਪਿੰਡੀ ਮੱਲ ਬੈਠੀ, ਕੋਈ ਭੈਣੀ ਜਾ ਬੈਠੀ,
ਪਰ ਮੁੱਢ ਤਾਂ ਇਕੋ ਏ, ਪਰ ਖੂਨ ਤਾਂ ਸਾਂਝਾ ਏ ।
ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਕਵਿਤਾ ਸਿੱਖੀ ਦਾ ਬੂਟਾ ਕੁਝ ਦਹਾਕੇ ਪਹਿਲਾਂ ਪੜ੍ਹੀ ਸੀ। ਜਦੋਂ ਸਰਦਾਰ ਜਗਦੇਵ ਸਿੰਘ ਜੱਸੋਵਾਲ ਹੁਰਾਂ ਨੇ ਪ੍ਰੋਫੈਸਰ ਮੋਹਨ ਸਿੰਘ ਮੇਲਾ ਸ਼ੁਰੂ ਕੀਤਾ ਤਾਂ ਮੁਢਲੇ ਦੌਰ ਵਿੱਚ ਹੀ ਇੱਕ ਕੈਸੇਟ ਰਲੀਜ਼ ਗਈ ਸੀ ਹਰਮਨ ਪਿਆਰੇ ਗਾਇਕ ਕੁਲਦੀਪ ਮਾਣਕ ਹੁਰਾਂ ਦੀ ਆਵਾਜ਼ ਵਿੱਚ।  ਉਸ ਸ਼ਾਨਦਾਰ ਅਤੇ ਜਾਨਦਾਰ ਆਵਾਜ਼ ਵਿੱਚ ਸਿੱਖੀ ਦਾ ਬੂਟਾ ਨਾਮ ਵਾਲੀ ਇਹ ਰਚਨਾ ਉਹਨਾਂ ਲੋਕਾਂ ਤੱਕ ਵੀ ਪੁੱਜੀ ਜਿਹਨਾਂ ਇਸਨੂੰ ਪਹਿਲਾਂ ਕਦੇ ਨਹੀਂ ਸੀ ਪੜ੍ਹਿਆ। ਜਿਹਨਾਂ ਨੇ ਇਸਨੂੰ ਪੜ੍ਹਿਆ ਹੋਇਆ ਸੀ ਉਹਨਾਂ ਨੇ ਵੀ ਇਸਦਾ ਸੰਗੀਤਕ ਅੰਦਾਜ਼ ਬਹੁਤ ਪਸੰਦ ਕੀਤਾ। ਉਹ ਕਵਿਤਾ ਹੁਣ ਇਥੇ ਛਾਪੀ ਜਾ ਰਹੀ ਹੈ ਕੋਸ਼ਿਸ਼ ਕਰਾਂਗੇ ਕਿ ਕੁਲਦੀਪ ਮਾਣਕ ਹੁਰਾਂ ਦੀ ਸੁਰੀਲੀ ਆਵਾਜ਼ ਵੀ ਇਥੇ ਜਲਦੀ ਹੀ ਪੇਸ਼ ਕਰ ਸਕੀਏ।
ਸਿੱਖੀ ਦਾ ਬੂਟਾ
ਉਹ ਕਿਹੜਾ ਬੂਟਾ ਏ ?
ਹਰ ਥਾਂ ਜੋ ਪਲਦਾ ਏ-
ਆਰੇ ਦੇ ਦੰਦਿਆਂ ਤੇ,
ਰੰਬੀ ਦੀਆਂ ਧਾਰਾਂ ਤੇ,
ਖੈਬਰ ਦੇ ਦੱਰਿਆਂ ਵਿਚ,
ਸਰਸਾ ਦੀਆਂ ਲਹਿਰਾਂ ਤੇ,
ਸਤਲੁਜ ਦੇ ਕੰਢੇ ਤੇ,
ਲੱਖੀ ਦੇ ਜੰਗਲ ਵਿਚ,
ਰੋੜਾਂ ਵਿਚ, ਰਕੜਾਂ ਵਿਚ,
ਬੰਜਰਾਂ ਵਿਚ ਝੱਖੜਾਂ ਵਿਚ,
ਗੜਿਆਂ ਵਿਚ, ਮੀਹਾਂ ਵਿਚ,
ਸਰਹੰਦ ਦੀਆਂ ਨੀਹਾਂ ਵਿਚ,
ਜਿੱਥੇ ਵੀ ਲਾ ਦਈਏ,
ਓਥੇ ਹੀ ਪਲਦਾ ਏ,
ਜਿਤਨਾ ਇਹ ਛਾਂਗ ਦਈਏ,
ਉਤਨਾ ਇਹ ਫਲਦਾ ਏ ।
ਉਹ ਕਿਹੜਾ ਬੂਟਾ ਏ ?
ਭੁੱਖਿਆਂ ਤਰਿਹਾਇਆਂ ਨੂੰ,
ਜੋ ਫਲ ਖਵਾਂਦਾ ਏ,
ਥੱਕਿਆਂ ਤੇ ਟੁੱਟਿਆਂ ਨੂੰ,
ਛਾਂ ਵਿਚ ਸਵਾਂਦਾ ਏ ।
ਜਿਹੜਾ ਵੀ ਸ਼ਰਨ ਲਵੇ,
ਉਸ ਤਾਈਂ ਬਚਾਂਦਾ ਏ ।
ਜੇ ਝੱਖੜ ਆ ਜਾਵੇ,
ਜੇ 'ਨ੍ਹੇਰੀ ਆ ਜਾਵੇ,
ਅਬਦਾਲੀ ਆ ਜਾਵੇ,
ਕੋਈ ਨਾਦਰ ਆ ਜਾਵੇ,
ਮਾਸੂਮ ਗੁਟਾਰਾਂ ਨੂੰ,
ਬੇਦੋਸ਼ੀਆਂ ਚਿੜੀਆਂ ਨੂੰ,
ਬੇਲੋਸੀਆਂ ਘੁਗੀਆਂ ਨੂੰ,
ਕੂੰਜਾਂ ਦੀਆਂ ਡਾਰਾਂ ਨੂੰ,
ਇਹ ਤੁਰਤ ਛੁਪਾ ਲੈਂਦਾ,
ਇਹ ਆਹਲਣੇ ਪਾ ਲੈਂਦਾ
ਤੇ ਰਾਖਾ ਬਣ ਬਹਿੰਦਾ ।
ਪੈਰ ਇਸ ਦੇ ਧਰਤੀ 'ਤੇ,
ਪਰ ਆਪ ਉਚੇਰਾ ਏ ।
ਜੇਲ੍ਹਾਂ ਦੀਆਂ ਕੋਠੜੀਆਂ,
ਜ਼ੰਜੀਰਾਂ ਹੱਥਕੜੀਆਂ,
ਇਹ ਰੱਸੇ ਫਾਂਸੀ ਦੇ,
ਤੇ ਤੜੀਆਂ ਰਾਜ ਦੀਆਂ,
ਜਾਗੀਰਾਂ ਦੇ ਚਕਮੇ,
ਸਰਦਾਰੀ ਦੇ ਤਮਗ਼ੇ,
ਦੁਨੀਆਂ ਦੀਆਂ ਤੰਗ-ਦਿਲੀਆਂ,
ਤੇੜਾਂ ਤੇ ਪਾੜਾਂ,
ਗੁਮਰਾਹੀਆਂ ਰੰਗ-ਰਲੀਆਂ,
ਤੇ ਕੁੜੀਆਂ ਝੰਗ ਦੀਆਂ,
ਇਹਦੇ ਗੋਡਿਓਂ ਥੱਲੇ ਨੇ,
ਇਹਦੇ ਗਿੱਟਿਓਂ ਥੱਲੇ ਨੇ,
ਇਹਦੇ ਪੈਰੋਂ ਥੱਲੇ ਨੇ,
ਜਿਥੇ ਦਿਲ ਇਸ ਦਾ ਏ,
ਜਿਥੇ ਸਿਰ ਇਸ ਦਾ ਏ,
ਓਹ ਥਾਂ ਉਚੇਰੀ ਏ,
ਉਹ ਖੁਲ੍ਹੀ ਹਵਾ ਵਿਚ ਏ,
ਉਹ ਪਾਕ ਫਿਜ਼ਾ ਵਿਚ ਏ,
ਉਹ ਖਾਸ ਖ਼ੁਦਾ ਵਿਚ ਏ,
ਜਿਥੇ ਨਾ ਵੈਰ ਕੋਈ ।
ਜਿਥੇ ਨਾ ਗ਼ੈਰ ਕੋਈ ।
ਕੀ ਹੋਇਆ ਜੇ ?
ਅਜ ਸ਼ਾਖਾਂ ਏਸ ਦੀਆਂ,
ਅਜ ਲਗਰਾਂ ਏਸ ਦੀਆਂ,
ਆਪੋ ਵਿਚ ਪਾਟ ਗਈਆਂ,
ਆਪੋ ਵਿਚ ਤਿੜਕ ਗਈਆਂ,
ਕੋਈ ਪੂਰਬ ਚਲੀ ਗਈ,
ਕੋਈ ਪੱਛਮ ਚਲੀ ਗਈ,
ਕੋਈ ਪਿੰਡੀ ਮੱਲ ਬੈਠੀ,
ਕੋਈ ਭੈਣੀ ਜਾ ਬੈਠੀ,
ਪਰ ਮੁੱਢ ਤਾਂ ਇਕੋ ਏ,
ਪਰ ਖੂਨ ਤਾਂ ਸਾਂਝਾ ਏ ।

No comments: