Tuesday, January 19, 2016

ਠਾਕੁਰ ਦਲੀਪ ਸਿੰਘ ਨੇ ਪੰਥ ਨੂੰ ਯਾਦ ਕਰਾਇਆ ਬੀਤਿਆ ਸਮਾਂ

ਏਕਤਾ ਧੜੇ ਵੱਲੋਂ ਏਕੇ ਦੀਆਂ ਕੋਸ਼ਿਸ਼ਾਂ ਦਾ ਸਿਲਸਿਲਾ  ਫੇਰ ਤੇਜ਼                     
                                             ੴ                                                     
ਖਾਲਸਾ ਜੀ ਜਾਗੋ! ਏਕਤਾ ਕਰੋ। ਅਪਣੇ ਸਿੱਖ ਪੰਥ ਨੂੰ ਬਚਾਓ। ਪੰਜਾਬੀਓ ਪੰਜਾਬ ਨੂੰ ਬਚਾਓ।
     ਪਿਆਰੇ ਸਿਖ ਵੀਰੋ। “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਇ”। ਪੰਨਾ 1185।
ਗੁਰਬਾਣੀ ਦੀ ਇਸ ਤੁਕ ਤੇ ਅਮਲ ਕਰਦੇ ਹੋਏ, ਗੁਰੂ ਦਾ ਬਚਨ ਮੰਨ ਕੇ ਸਾਰੀਆਂ ਧਿਰਾਂ ਇੱਕੱਠੇ ਹੋ ਜਾਓ।  ਸਤਿਗੁਰੂ ਨਾਨਕ ਦੇਵ ਜੀ ਦੇ ਇਸ ਉਚੇ ਸੁਚੇ ਸਿਖ ਪੰਥ ਨੂੰ ਆਪਸ ਵਿਚ ਲੱੜ ਕੇ ਬਰਬਾਦ ਨਾ ਕਰੋ। ਆਪਸ ਵਿੱਚ ਸਹਿਮਤ ਹੋਣ ਦੀ ਆਦਤ ਪਾਓ। ਅਫਵਾਹਾਂ ਸੁਣਕੇ, ਮੀਡੀਆ ਦੀਆਂ ਖਬਰਾਂ ਪੜ੍ਹ ਕੇ, ਆਗੂਆਂ ਦੇ ਚਮਕਾਉਣ ਵਾਲੇ ਭਾਸ਼ਨ ਸੁਣਕੇ ਭੜਕੋ ਨ;  ਕੁਛ ਆਪ ਵੀ ਸੋਚਣ ਦੀ ਕੋਸ਼ਿਸ਼ ਕਰੋ: ਸਮਸਿਆ ਕੀ ਹੈ ਅਤੇ ਉਸ ਦਾ ਹੱਲ ਕੀ ਹੈ? ਪਹਿਲੋਂ ਆਪਣੇ ਥਾਂ ਉਤੇ ਇਹ ਤਾਂ ਸਪਸ਼ਟ ਹੋਵੋ ਕਿ ਅਸੀਂ ਕੀ ਚਾਹੁੰਦੇ ਹਾਂ? ਫਿਰ ਉਸ ਦੀ ਪ੍ਰਾਪਤੀ ਦੇ ਯੋਗ ਢੰਗ ਅਪਣਾਓ। ਸਹੀ ਢੰਗ ਅਪਣਾਏ ਬਿਨਾ ਲਕਸ਼ ਦੀ ਪ੍ਰਾਪਤੀ ਹੋਣੀ ਸੰਭਵ ਨਹੀਂ।
ਚੇਤਾ ਕਰੀਏ : ਬੰਦਾ ਬਹਾਦਰ ਵੇਲੇ ਆਪਸੀ ਫੁਟ ਕਾਰਨ ਸਾਡਾ ਬਣਿਆਂ ਹੋਇਆਂ ਰਾਜ ਭਾਗ ਚਲਾ ਗਿਆ ਸੀ, ਅਤੇ ਅਸਾਡੇ ਸਿਰ ਵੱਢ ਕੇ ਵੇਚੇ ਗਏ ਸੀ। ਮਹਾਰਾਜਾ ਰਣਜੀਤ ਸਿੰਘ ਉਪਰੰਤ ਵੀ ਆਪਸੀ ਫੁਟ ਕਾਰਨ ਸਾਡਾ ਰਾਜ ਗਿਆ ਅਤੇ ਪੰਜਾਬ ਅੰਗ੍ਰੇਜਾਂ ਅਧੀਨ ਚਲਾ ਗਿਆ, ਸਿੱਖਾਂ ਦਾ ਵੱਡਾ ਨੁਕਸਾਨ ਹੋਇਆ। ਅਸੀਂ ਆਪਣਿਆਂ ਦੀ ਅਧੀਨਗੀ ਨਹੀਂ ਪਰਵਾਨ ਕੀਤੀ ਪਰ ਅੰਗ੍ਰੇਜ਼ਾਂ ਦੀ ਕਰ ਲਈ। ਉਪਰੋਕਤ ਦੋਵਾਂ ਮੌੋਕਿਆਂ ਸਮੇਂ ਆਪਾਂ, ਸਿੱਖਾਂ ਨੇ ਹੀ; ਆਪ ਹੀ ਆਪਣਿਆਂ ਨੂੰ ਹਰਾਇਆ ਅਤੇ ਮਰਵਾਇਆ। ਮੁਸਲਮਾਨ ਅਤੇ ਇਸਾਈ ਅਸਾਨੂੰ ਨਹੀਂ ਸੀ ਹਰਾ ਸਕਦੇ। ਅਸੀਂ ਹੀ ਮੁਸਲਮਾਨਾ ਅਤੇ ਇਸਾਈਆਂ ਨੂੰ ਜਿਤਾਇਆ।  ਉਹੋ ਕੁਛ ਹੁਣ ਫੇਰ ਦੁਹਰਾਉਣ ਦੀ ਤਿਆਰੀ ਕਰ ਰਹੇ ਹਾਂ। ਜੇ ਸਿੱਖ; ਸਿੱਖ ਨੂੰ ਨਾ ਮਾਰੇ। ਤਾਂ ਕੌਮ ਕਦੇ ਨਾ ਹਾਰੇ। 
ਅਸੀਂ ਉਪ੍ਰੋਕਤ ਵੱਡੀਆਂ ਘਟਨਾਵਾਂ ਤੋਂ ਸਿਖਿਆ ਨਾ ਲੈਕੇ; ਅਸੀਂ ਆਪਸ ਵਿਚ ਲੜ ਕੇ, ਆਪਣੇ ਪੰਥ ਦਾ ਅਤੇ ਆਪਣੇ ਪੰਜਾਬ ਦਾ ਵੱਡਾ ਨੁਕਸਾਨ ਕਰਵਾਇਆ ਹੈ। 1980 ਤੋਂ ਲੈਕੇ ਕਈ ਸਾਲ ਤੱਕ ਆਪਸ ਵਿੱਚ ਲੜ ਕੇ ਅਸੀਂ ਪੰਜਾਬ ਉਜਾੜਿਆ, ਪੰਥ ਦੀਆਂ ਅਨੇਕ ਜਾਨਾਂ ਬਿਨਾ ਕਾਰਨ ਗਵਾਈਆਂ।  
             ਅਸਾਨੂੰ ਪੰਜਾਬ ਵਾਸੀਆਂ ਨੂੰ ਅਤੇ ਵਿਸ਼ੇਸ ਰੂਪ ਵਿਚ ਸਿੱਖਾਂ ਨੂੰ ਇਹ ਸੋਚਨ ਦੀ ਲੋੜ ਹੈ ਜੋ ਵੀ ਦੁਖਦਾਈ ਘਟਨਾਵਾਂ ਵਾਪਰ ਕੇ ਸਿੱਖਾਂ ਦਾ ਅਤੇ ਪੰਜਾਬ ਦਾ ਨੁਕਸਾਨ ਹੋਇਆ, ਉਹ ਸਾਰੀਆਂ ਘਟਨਾਵਾਂ ਹੋਣ ਸਮੇਂ ਪੰਥ ਪਾੜਨ ਵਾਲੇ ਆਗੂਆਂ ਦਾ ਕੁਛ ਨਹੀਂ ਵਿਗੜਿਆ। ਆਪਾਂ, ਯਾਨੀ ਕਿ ਆਮ ਜਨਤਾ ਹੀ ਮਰੇ ਅਤੇ ੳੁਜੜੇ ਹਾਂ। ਅਸਾਡੇ ਹੀ ਆਗੂਆਂ ਨੇ, ਅਸਾਨੂੰ ਆਪਸ ਵਿੱਚ ਲੜਾਇਆ; ਮਰਵਾਇਆ ਅਤੇ ਫਿਰ ਅਤੰਕਵਾਦੀ ਕਹਿ ਕੇ ਆਪ ਵੀ ਅਸਾਨੂੰ ਮਾਰਿਆ।
       ਅੱਜ ਫਿਰ ਕੁਛ ਸ਼ਕਤੀਆਂ ਅਸਾਨੂੰ ਆਪਸ ਵਿਚ ਲੜਾਕੇ, ਅਸਾਡੇ ਪੰਜਾਬ ਅਤੇ ਸਿੱਖ ਪੰਥ ਨੂੰ ਉਜਾੜਨ ਤੇ ਤੁੱਲੀਆਂ ਹਨ, ਇਹਨਾਂ ਤੋਂ ਬੱਚ ਕੇ ਆਪਸ ਵਿਚ ਮਿਲ ਕੇ ਚੱਲੀਏ। ਸਾਰੀਆਂ ਧਿਰਾਂ ਪ੍ਰੇਮ ਨਾਲ ਇਕ ਦੂਜੇ ਦੀ ਗੱਲ ਸੁਣ ਕੇ-ਮੰਨ ਕੇ, ਪੰਥ ਦੀ ਚੜਦੀ ਕਲਾ ਲਈ ਤਤਪਰ ਹੋਈਏ। ਬਾਣੀ ਵਿਚ ਲਿਖਿਆ ਹੈ “ਜੇ ਇਕੁ ਹੋਇ ਤ ਉਗਵੈ”। ਪੰਨਾ 468। ਇੱਕ ਹੋਏ ਬਿਨ੍ਹਾਂ ਪੰਥ ਪ੍ਰਫਲਿਤ ਨਹੀਂ ਹੋ ਸਕਦਾ।  ਪ੍ਰਮਾਣ: ਬਾਦਸ਼ਾਹ ਬਹਾਦੁਰ ਸ਼ਾਹ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਆਪ ਦਾ ਪੰਥ ਕਿਹੜਾ ਹੈ? ਦਸਵੇਂ ਪਾਤਸ਼ਾਹ ਉਤਰ ਦਿੱਤਾ “ਜੇ ਝਗਰਤ ਦੁਇ ਪੰਥ ਬਨਾਏ। ਤਿਨ ਸੋਂ ਮੇਲ ਨ ਕਰਹਿ ਕਦਾਏ। ਦੋਨਹੰੁ ਮਹਿਂ ਇੱਕ, ਬਾਦ ਨ ਕੋਈ। ਹਮਰੋ ਪੰਥ ਸਮਝੀਓ ਸੋਈ”। ਪੰਥ ਪ੍ਰਕਾਸ਼। ਉਪੋ੍ਰਕਤ ਤੋਂ ਸਪਸ਼ਟ ਹੈ ਦਸ਼ਮੇਸ਼ ਦਾ ਪੰਥ ਉਹ ਹੈ: ਜੋ ਆਪਸ ਵਿੱਚ ਝਗੜਾ ਨਹੀਂ ਕਰਦਾ।  ਜੇ ਆਪਾਂ ਵੀ ਆਪਣੇ ਆਪ ਨੂੰ ਦਸ਼ਮੇਸ਼ ਦੇ ਸਿੱਖ ਸਮਝਦੇ ਹਾਂ ਤਾਂ ਝਗੜਾ ਛੱਡ ਕੇ ਆਪਸੀ ਸਹਿਮਤੀ ਕਰੀਏ।
ਸਾਰੇ ਜਣੇ ਹੀ ਪੈਸੇ ਅਤੇ ਪਦਵੀਆਂ ਦਾ ਲਾਲਚ ਤਿਆਗ ਕੇ ਪੰਥ ਹਿਤ ਲਈ ਸੋਚੋ। ਇਸ ਵਿਚ ਸਾਡਾ ਸਾਰਿਆਂ ਦਾ ਭਲਾ ਹੈ। ਨਵੇਂ ਸੱਜਣ ਪਦਵੀਆਂ ਲੈਣ ਦਾ ਲਾਲਚ ਛਡੋ, ਪੁਰਾਣੇ ਉਨਾ ਉਤੇ  ਕਬਜ਼ਾ ਰਖਣ ਦੀ ਸੋਚ ਛੱਡੋ। ਜੇ ਨਹੀਂ ਛੱਡਦੇ ਤਾਂ ਬਾਣੀ ਦੀ ਇਹ ਤੁਕ ਅਸਾਡੇ ਉਤੇ ਲਾਗੂ ਹੁੰਦੀ ਹੈ। “ਲਾਲਚ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ”। ਪੰਨਾ 419।
    ਗੁਰਦਵਾਰਿਆਂ\ ਧਰਮ ਸਥਾਨਾਂ ਵਿੱਚ ਆਈ ਹੋਈ ਪੰਥ ਦੀ ਮਾਇਆ, ਸਮਾਂ, ਅਤੇ ਸ਼ਕਤੀ ਪੰਥ ਨੂੰ ਪ੍ਰਫੁਲਿਤ ਕਰਨ ਲਈ ਲਗਣੀ ਚਾਹੀਦੀ ਹੈ, ਆਪਸੀ ਲੜਾਈ ਉਪਰ ਨਹੀਂ। ਆਪਸੀ ਵੈਰ ਵਿਰੋਧ ਕਰਨਾ ਸਿੱਖੀ ਦੀ ਨਿਸ਼ਾਨੀ ਨਹੀਂ । ਬਾਣੀ ਵਿਚ ਆਦੇਸ਼ ਹੈ- “ਗੁਰਮੁਖਿ ਵੈਰ ਵਿਰੋਧ ਗਵਾਵੈ”। ਪੰਨਾ 982।
     ਇਸ ਲਈ ਗੁਰੂ ਕਾ ਬਚਨ ਮੰਨਦੇ ਹੋਏ, ਮੇਰੀ ਬੇਨਤੀ ਮੰਨ ਕੇ, ਸਾਰੀਆਂ ਧਿਰਾਂ ਆਪਸੀ ਵਿਰੋਧ ਛੱਡ ਕੇ, ਸਤਿਗੁਰੂ ਨਾਨਕ ਦੇਵ ਜੀ ਦੇ ਝੰਡੇ ਥਲੇ ਇੱਕਠੇ ਹੋਵੋ। ਪੰਜਾਬ ਨੂੰ ਪ੍ਰਗਤੀ ਵੱਲ ਲੈ ਜਾਓ। ਪੰਥ ਦੀ ਚੜਦੀ ਕਲਾ ਕਰੋ।  ਜੇ ਇਹ ਪੰਜਾਬ ਅਤੇ ਪੰਥ ਦੋਵੇਂ ਬਚ ਗਏ ਤਾਂ ਸਾਰਿਆਂ ਦੀਆਂ ਪਦਵੀਆਂ ਵੀ ਬਚ ਜਾਣਗੀਆਂ।
    ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਇਕ ਹਾਂ।
   ਪੰਥ ਪਾੜਨਾ ਪਾਪ ਹੈ। ਏਕਤਾ ਵਿਚ ਪ੍ਰਤਾਪ ਹੈ। 
ਜੇ ਮੇਰੀਆਂ ਇਹ ਬੇਨਤੀਆਂ ਆਪ ਨੂੰ ਚੰਗੀਆਂ ਲਗਣ ਤਾਂ ਮੰਨ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਪਰਫੁਲਿਤ ਹੋਵੋ, ਜੇ ਨ ਚੰਗੀਆਂ ਲਗਣ ਤਾਂ ਮੈਨੂੰ ਜ਼ਰੂਰ ਸਮਝਾ ਦਿਓ ਤਾਕਿ ਮੈ ਏਕਤਾ ਦੀ ਐਸੀ ਗਲਤ ਗੱਲ ਦੁਬਾਰਾ ਨ ਕਰਾਂ।
    --ਠਾਕੁਰ ਦਲੀਪ ਸਿੰਘ 

No comments: