Thursday, November 05, 2015

ਖੂਨ ਦੇ ਰਿਸ਼ਤਿਆਂ ਵਿਚਕਾਰ ਜਾਇਦਾਦ ਦੇ ਤਬਾਦਲੇ ’ਤੇ ਰਜਿਸਟ੍ਰੇਸ਼ਨ ਫ਼ੀਸ ਮੁਆਫ਼

Thu, Nov 5, 2015 at 4:06 PM
ਫ਼ੀਸ ਮੁਆਫ਼ੀ ਦਾ ਨੋਟੀਫਿਕੇਸ਼ਨ ਜਾਰੀ 
ਪਤੀ-ਪਤਨੀ, ਮਾਂ-ਬਾਪ, ਭਰਾ-ਭੈਣ, ਪੁੱਤਰ-ਧੀ ਅਤੇ ਪੋਤਾ-ਪੋਤਰੀ ਨੂੰ ਮਿਲੇਗਾ ਲਾਭ
ਸਮਾਜਿਕ ਸੁਰੱਖਿਆ ਫੰਡ ਅਤੇ ਬੁਨਿਆਦੀ ਢਾਂਚਾ ਸੈੱਸ ਤੋਂ ਵੀ ਛੋਟ
ਸ਼੍ਰੀ ਮੁਕਤਸਰ ਸਾਹਿਬ: 5 ਨਵੰਬਰ 2015: (ਅਨਿਲ ਪਨਸੇਜਾ//ਪੰਜਾਬ ਸਕਰੀਨ):
ਪੰਜਾਬ ਸਰਕਾਰ ਵਲੋਂ  ਲੋਕ ਹਿੱਤ ਵਿੱਚ ਲਏ ਗਏ ਇੱਕ ਅਹਿਮ ਫੈਸਲੇ ਤਹਿਤ  ਪਤੀ-ਪਤਨੀ ਅਤੇ ਖੂਨ ਦੇ ਰਿਸ਼ਤਿਆਂ ਦਰਮਿਆਨ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਜਾਇਦਾਦ ਦੇ ਤਬਾਦਲੇ ’ਤੇ  ਲੱਗਣ ਵਾਲੀ ਰਜਿਸਟਰੀ ਫੀਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ।। ਇਸ ਸਬੰਧੀ ਸਾਰੀਆਂ ਰਸਮੀ ਕਾਰਵਾਈਆਂ ਮੁਕੰਮਲ ਕਰਨ ਬਾਅਦ 3 ਨਵੰਬਰ 2015 ਨੂੰ ਇਸ ਨੂੰ ਸਰਕਾਰੀ ਗਜ਼ਟ ਵਿੱਚ ਵੀ ਅਧਿਸੂਚਿਤ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਸ. ਜਸਕਿਰਨ ਸਿੰਘ ਨੇ ਦੱਸਿਆ ਕਿ ਮਾਲ ਤੇ ਮੁੜ ਵਸੇਬਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਪਹਿਲ ਕਦਮੀ ’ਤੇ ਰਾਜ ਸਰਕਾਰ ਵੱਲੋਂ ਇਹ ਫ਼ੈਸਲਾ ਲੈਣ ਦਾ ਮੰਤਵ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਦੀ ਕਾਨੂੰਨੀ ਢੰਗ ਨਾਲ ਰਜਿਸਟ੍ਰੇਸ਼ਨ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਹ ਕੋਈ ਅਜਿਹਾ ਢੰਗ ਤਰੀਕਾ ਨਾ ਅਪਨਾਉਣ ਜਿਸ ਨਾਲ ਅੱਗੇ ਪਰਿਵਾਰਾਂ ਅੰਦਰ ਜਾਇਦਾਦ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵਿਵਾਦ ਹੋਣ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਤਹਿਤ ਰਸਿਜਟ੍ਰੇਸ਼ਨ ਫ਼ੀਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਫੰਡ ਅਤੇ ਬੁਨਿਆਦੀ ਢਾਂਚਾ ਸੈੱਸ ਵੀ ਨਹੀਂ ਵਸੂਲਿਆ ਜਾਵੇਗਾ। 
ਉਨ੍ਹਾਂ ਦੱਸਿਆ ਕਿ ਪਤੀ-ਪਤਨੀ ਅਤੇ ਖੂਨ ਦੇ ਰਿਸ਼ਤਿਆਂ ਦਰਮਿਆਨ ਜਾਇਦਾਦ ਵਟਾਂਦਰੇ ’ਤੇ ਰਜਿਸਟਰੀ ਫ਼ੀਸ ਦੀ ਛੋਟ ਦੇ ਇਸ ਨਿਰਣੇ ਦਾ ਪਤੀ-ਪਤਨੀ ਤੋਂ ਇਲਾਵਾ ਮਾਤ-ਪਿਤਾ, ਭਰਾ- ਭੈਣ ਪੁੱਤਰ-ਧੀ  ਅਤੇ ਪੋਤੇ-ਪੋਤੀਆਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਰਾਜ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਜਾਇਦਾਦ ਦੀ ਵਿਕਰੀ ਅਤੇ ਕਬਜ਼ੇ ਦੇ ਤਬਾਦਲੇ ਦੇ ਮੰਤਵ ਲਈ ਦਿੱਤੇ ਜਾਂਦੇ ਮੁਖਤਿਆਰਨਾਮੇ ਨੂੰ ਦਰਜ ਕਰਵਾਉਣ ’ਤੇ ਲੱਗਦੀ ਅਸ਼ਟਾਮ ਡਿਊਟੀ ਨੂੰ ਵੀ ਸਹੀ ਮਾਅਨਿਆਂ ਵਿਚ ਲਗਪਗ ਸਿਫ਼ਰ ’ਤੇ ਲਿਆ ਦਿੱਤਾ ਗਿਆ ਹੈ, ਕਿਉਂਜੋ ਜਿੱਥੇ ਮੌਜੂਦਾ 2 ਫੀਸਦੀ ਦਰ ਨੂੰ ਘਟਾਕੇ 0.5 ਫੀਸਦੀ ਕਰ ਦਿੱਤਾ ਗਿਆ ਹੈ ਉੱਥੇ ਉਕਤ ਰਕਮ ਵੀ ਅੱਗੇ ਸਬੰਧਿਤ ਜਾਇਦਾਦ ਦੀ ਵਿਕਰੀ -ਡੀਡ ਮੌਕੇ ਅਦਾ ਕੀਤੀ ਜਾਣ ਵਾਲੀ ਅਸ਼ਟਾਮ ਡਿਊਟੀ ਵਿਚ ‘ਐਡਜਸਟ’ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਾਕੀ ਮੁਖਤਿਆਰਨਾਮਿਆਂ ’ਤੇ ਅਸ਼ਟਾਮ ਡਿਊਟੀ 2000 ਰੁਪਏ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਨੇ ਜ਼ਿਲ੍ਹਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਰਿਵਾਰਕ ਜਾਇਦਾਦ ਨੂੰ ਇਸ ਛੋਟ ਦਾ ਲਾਭ ਲੈ ਕੇ ਕਾਨੂੰਨੀ ਤਰੀਕੇ ਨਾਲ ਵੰਡ ਸਕਦੇ ਹਨ। ਇਸ ਤਰਾਂ ਕਾਰਨ ਨਾਲ ਪਰਿਵਾਰ ਬਾਅਦ ਵਿਚ ਪੈਦਾ ਹੋਣ ਵਾਲੀਆਂ ਅਨੇਕਾਂ ਉਲਝਣਾਂ ਤੋਂ ਵੀ ਬਚ ਸਕਦਾ ਹੈ।      

No comments: