Wednesday, November 04, 2015

ਲੁੱਟ:ਵਿਸ਼ਵਾਸਪਾਤਰ ਡਰਾਈਵਰ ਨੇ ਹੀ ਕੀਤਾ ਸੀ ਭਰੋਸੇ ਦਾ ਕਤਲ

ਪੈਸੇ ਦੀ ਲੋੜ ਪੂਰੀ ਕਰਨ ਲਈ ਰਚਿਆ ਲੁੱਟ ਦਾ ਚੱਕਰਵਿਊਹ 
ਲੁਧਿਆਣਾ: 4 ਨਵੰਬਰ 2015: (ਪੰਜਾਬ ਸਕਰੀਨ ਬਿਊਰੋ):
ਕਾਨੂੰਨ ਦੇ ਲੰਮੇ ਹੱਥਾਂ ਦੀ ਜਕੜ ਦਾ ਅਹਿਸਾਸ ਕਰਾਉਂਦਿਆਂ ਲੁਧਿਆਣਾ ਪੁਲਿਸ ਨੇ ਤਿੰਨ ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਪਲਾਈਵੁੱਡ ਸਨਅਤਕਾਰ ਵਿਜੇ ਕੁਮਾਰ ਜੁਨੇਜਾ ਨਾਲ 2 ਦਿਨ ਪਹਿਲਾਂ ਹੋਈ ਲੁੱਟ ਦਾ ਚੱਕਰਵਿਊ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਵਿਸ਼ਵਾਸਪਾਤਰ ਡਰਾਈਵਰ ਸੁਖਬੀਰ ਸਿੰਘ ਨੇ ਰਚਿਆ ਸੀ, ਜੋ ਕਿ ਪਿਛਲੇ ਡੇਢ ਸਾਲ ਤੋਂ ਉਨ੍ਹਾਂ ਕੋਲ ਨੌਕਰੀ ਕਰ ਰਿਹਾ ਸੀ। ਪੁਲਸ ਨੇ ਸੁਖਬੀਰ ਅਤੇ ਉਸਦੇ ਇਕ ਸਾਥੀ ਮੈਥਿਊ ਮਸੀਹ ਨੂੰ ਗ੍ਰਿਫਤਾਰ ਕਰਕੇ ਲੁੱਟੇ ਗਏ 3 ਲੱਖ ਰੁਪਏ  ਦੀ ਰਕਮ ਵਿੱਚੋਂ 'ਚੋਂ 1. 50 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਵਾਰਦਾਤ ਵਿਚ ਵਰਤਿਆ ਚਾਕੂ ਅਤੇ ਇਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਇਨ੍ਹਾਂ ਦੇ ਦੋ ਸਾਥੀਆਂ ਸ਼ੀਤਲ ਅਤੇ ਰਾਂਝੇ ਦੀ ਤਲਾਸ਼ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। 
ਡੀ. ਸੀ. ਪੀ. ਨਰਿੰਦਰ ਭਾਰਗਵ ਨੇ ਬੁੱਧਵਾਰ ਨੂੰ ਬਾਅਦ ਦੁਪਹਿਰ ਸਦੇ ਇੱਕ ਪੱਤਰਕਾਰ ਸੰਮੇਲਨ 'ਚ ਏ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ ਅਤੇ ਥਾਣਾ ਸਦਰ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਅਮਨਦੀਪ ਸਿੰਘ ਬਰਾੜ ਦੀ ਪਿੱਠ ਥਾਪੜਦੇ ਹੋਏ ਦੱਸਿਆ ਕਿ ਸਿਵਲ ਲਾਈਨ, ਵਿਵੇਕ ਨਗਰ ਦੇ ਰਹਿਣ ਵਾਲੇ ਵਿਜੇ ਕੁਮਾਰ ਜੁਨੇਜਾ 'ਤੇ ਸੋਮਵਾਰ ਐਕਟਿਵਾ ਸਵਾਰ 2 ਬਦਮਾਸ਼ਾਂ ਨੇ ਚਾਕੂ ਨਾਲ ਹਮਲਾ ਕਰਕੇ 3 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਲੁੱਟ ਲਿਆ ਸੀ, ਜਦੋਂ ਉਹ ਡਰਾਈਵਰ ਸੁਖਬੀਰ ਨਾਲ ਆਪਣੀ ਹੋਂਡਾ ਸਿਟੀ ਕਾਰ ਵਿਚ ਦੁਪਹਿਰ ਕਰੀਬ 12.30 ਵਜੇ ਪਿੰਡ ਕੰਗਣਵਾਲ ਸਥਿਤ ਫੈਕਟਰੀ ਵੱਲ ਜਾ ਰਹੇ ਸਨ। 
ਉਨ੍ਹਾਂ ਦੱਸਿਆ ਕਿ ਸ਼ੁਰੂ ਤੋਂ ਹੀ ਪੁਲਸ ਨੂੰ ਸੁਖਬੀਰ ਉੱਤੇ ਸ਼ੱਕ ਸੀ। ਮਾਮਲੇ ਨਾਲ ਜੁੜੇ ਕਈ ਤੱਥ ਉਸ ਦੀ ਸ਼ੱਕੀ ਭੂਮਿਕਾ ਵੱਲ ਇਸ਼ਾਰਾ ਕਰ ਰਹੇ ਸਨ। ਇਸ 'ਤੇ ਪੁਲਸ ਨੇ ਉਸ ਦੀਆਂ ਸਰਗਰਮੀਆਂ 'ਤੇ ਤਿੱਖੀ ਨਜ਼ਰ ਰੱਖੀ। ਪੁਲਸ ਨੂੰ ਜਦੋਂ ਪੂਰਾ ਭਰੋਸਾ ਹੋ ਗਿਆ ਕਿ ਸੁਖਬੀਰ ਲੁੱਟ ਦੀ ਇਸ ਵਾਰਦਾਤ ਵਿਚ ਸ਼ਾਮਲ ਹੈ ਤਾਂ ਉਸ ਨੂੰ ਉਸਦੇ ਸਾਥੀ ਮੈਥਿਊ ਮਸੀਹ ਦੇ ਨਾਲ ਦਬੋਚ ਲਿਆ ਗਿਆ। ਇਸ ਤਰਾਂ ਲੁੱਟ ਦੀ ਇਸ ਸਨਸਨੀਖੇਜ਼ ਵਾਰਦਾਤ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ।   
ਪੁਛਗਿਛ ਦੌਰਾਨ ਪਹਿਲਾਂ ਤਾਂ ਦੋਵੇਂ ਦੋਸ਼ੀ ਆਪਣੇ ਆਪ ਨੂੰ ਬੇਕਸੂਰ ਦਸਦੇ ਰਹੇ ਪਰ ਜਦੋਂ ਥੋੜ੍ਹੀ ਜਿਹੀ ਸਖਤੀ ਦਿਖਾਈ ਗਈ ਤਾਂ ਇਹ ਜ਼ਿਆਦਾ ਦੇਰ ਤਕ ਝੂਠ 'ਤੇ ਟਿਕ ਨਾ ਸਕੇ ਅਤੇ ਆਪਣਾ ਜੁਰਮ ਕਬੂਲ ਕਰਦੇ ਹੋਏ ਸਾਰਾ ਸੱਚ ਉਗਲ ਦਿੱਤਾ। ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਹੀ ਮੈਥਿਊ ਮਸੀਹ, ਜੋ ਕਿ ਪਿੰਡ ਭੱਟੀਆਂ ਦਾ ਰਹਿਣ ਵਾਲਾ ਹੈ ਦੇ ਘਰੋਂ 1 ਲੱਖ ਰੁਪਏ ਅਤੇ 50 ਹਜ਼ਾਰ ਰੁਪਏ ਸੁਖਬੀਰ ਤੋਂ ਬਰਾਮਦ ਕਰ ਲਏ ਹਨ, ਜਦੋਂ ਕਿ ਲੁੱਟ ਦੀ ਬਾਕੀ ਰਕਮ ਸ਼ੀਤਲ ਅਤੇ ਰਾਂਝੇ ਕੋਲ ਹੈ, ਜੋ ਕਿ ਗਿਆਸਪੁਰਾ ਦੇ ਰਹਿਣ ਵਾਲੇ ਹਨ। ਰਾਂਝਾ ਅਪਰਾਧਿਕ ਕਿਸਮ ਦਾ ਵਿਅਕਤੀ ਹੈ। ਉਸ ਉੱਤੇ ਹੱਤਿਆ ਦੀ ਕੋਸ਼ਿਸ਼ ਅਤੇ ਚੋਰੀ ਆਦਿ ਦੇ ਮਾਮਲੇ ਪਹਿਲਾਂ ਵੀ ਦਰਜ ਹਨ ।
ਪ੍ਰੈਸ ਕਾਨਫਰੰਸ ਵਿੱਚ ਡੀ. ਸੀ. ਪੀ. ਨੇ ਦੱਸਿਆ ਕਿ ਪੁਛਗਿੱਛ ਦੌਰਾਨ ਪਤਾ ਲੱਗਾ ਕਿ ਸੁਖਬੀਰ ਆਪਣੇ ਮਾਲਕ ਦਾ ਬਹੁਤ ਹੀ ਵਿਸ਼ਵਾਸਪਾਤਰ ਮੁਲਾਜ਼ਮ ਸੀ। ਜਦੋਂ ਉਸ ਨੂੰ ਪੈਸਿਆਂ ਦੀ ਸਖਤ ਲੋੜ ਪਈ ਤਾਂ ਉਸਨੇ ਲੁੱਟ ਦਾ ਕਾਰਾ ਕਰਨ ਤੋਂ ਵੀ ਗੁਰੇਜ਼ ਨਾ ਕੀਤਾ। ਉਹ ਇਸ ਗੱਲ ਤੋਂ ਭਲੀਭਾਂਤ ਜਾਣੂ ਸੀ ਕਿ ਉਸਦਾ ਮਾਲਕ ਹਰ ਸੋਮਵਾਰ ਨੂੰ ਹੋਰ ਦਿਨਾਂ ਤੋਂ ਵੱਧ ਪੈਸਾ ਫੈਕਟਰੀ ਲੈ ਕੇ ਜਾਂਦਾ ਹੈ। ਇਸ ਆਦ੍ਗਾਰ 'ਤੇ ਹੀ ਉਸ ਨੇ ਮਾਲਕ ਨੂੰ ਲੁੱਟਣ ਦੀ ਯੋਜਨਾ ਬਣਾਈ। ਉੁਸਨੇ ਆਪਣੀ ਇਸ ਯੋਜਨਾ 'ਚ ਫੈਕਟਰੀ 'ਚ ਮਾਲ ਢੋਣ ਵਾਲੇ ਟੈਂਪੂ ਚਾਲਕ ਮੈਥਿਊ ਮਸੀਹ ਨੂੰ ਵੀ ਨਾਲ ਰਲਾ ਲਿਆ। ਮਸੀਹ ਨੇ ਅੱਗੇ ਉਸ ਨੂੰ ਸ਼ੀਤਲ ਅਤੇ ਰਾਂਝੇ ਨਾਲ ਮਿਲਵਾਇਆ, ਜੋ ਕੰਮ ਕਰਨ ਲਈ ਤਿਆਰ ਹੋ ਗਏ ਅਤੇ ਲੁੱਟ ਦੀ ਰਾਸ਼ੀ ਬਰਾਬਰ ਹਿੱਸਿਆਂ ਵਿਚ ਵੰਢਣੀ ਤੈਅ ਹੋਈ। ਡੀ. ਸੀ. ਪੀ.  ਨੇ ਦੱਸਿਆ ਕਿ ਫਰਾਰ ਦੋਸ਼ੀਆਂ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। 

No comments: