Wednesday, November 04, 2015

ਫਿਰਕੂ ਹਨੇਰੀ ਨੂੰ ਰੋਕਣ ਲਈ ਉੱਠਿਆ ਲੋਕ ਰੋਹ ਦਾ ਤੁਫਾਨ

ਫਿਰਕੂ ਫਾਸੀਵਾਦ ਖਿਲਾਫ਼ ਲੁਧਿਆਣਾ ਵਿੱਚ ਜੋਰਦਾਰ ਮੁਜ਼ਾਹਰਾ
ਲੁਧਿਆਣਾ: 4 ਨਵੰਬਰ 2015: (ਪ੍ਰੋ. ਏ. ਕੇ. ਮਲੇਰੀ//ਪੰਜਾਬ ਸਕਰੀਨ):
ਅੱਜ ਵੱਖ-ਵੱਖ ਧਰਮ ਨਿਰਪੱਖ, ਜਮਹੂਰੀ, ਇਨਸਾਫ਼ਪਸੰਦ ਜੱਥੇਬੰਦੀਆਂ ਵੱਲੋਂ ਗਠਿਤ 'ਫਿਰਕਾਪ੍ਰਸਤੀ ਵਿਰੋਧੀ ਸਾਂਝਾ ਮੋਰਚਾ' ਦੇ ਸਾਂਝੇ ਬੈਨਰ ਹੇਠ ਮਜ਼ਦੂਰਾਂ, ਕਿਸਾਨਾਂ, ਮੁਲਾਜਮਾਂ, ਨੌਜਵਾਨਾਂ, ਵਿਦਿਆਰਥੀਆਂ, ਲੇਖਕਾਂ ਤੇ ਬੁੱਧੀਜੀਵੀਆਂ ਨੇ ਲੁਧਿਆਣਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਤੋਂ ਭਾਰਤ ਨਗਰ ਚੌਂਕ ਹੁੰਦੇ ਹੋਏ ਡੀ.ਸੀ. ਦਫਤਰ ਤੱਕ ਜੋਰਾਦਰ ਮੁਜਾਹਰਾ ਕੀਤਾ। ਇਹ ਮੁਜਾਹਰਾ ਹਿੰਦੂਤਵੀ ਫਿਰਕੂ ਫਾਸੀਵਾਦੀ ਤਾਕਤਾਂ ਵੱਲੋਂ ਧਾਰਮਿਕ ਘੱਟਗਿਣਤੀਆਂ, ਦਲਿਤਾਂ, ਜਮਹੂਰੀ ਧਰਮਨਿਰਪੱਖ ਸਮਾਜਿਕ ਕਾਰਕੁੰਨਾਂ-ਬੁੱਧੀਜੀਵੀਆਂ-ਲੇਖਕਾਂ 'ਤੇ ਜ਼ਬਰ, ਗਊ ਰੱਖਿਆ, ਲਵਜਿਹਾਦ ਬਹਾਨੇ ਮੁਸਲਮਾਨਾਂ ਦੇ ਕਤਲੇਆਮ, ਹਿੰਦੂ ਧਰਮ ਦੀ ਰੱਖਿਆ ਬਹਾਨੇ ਦੇਸ਼ ਭਰ ਵਿੱਚ ਲੋਕ ਮਨਾਂ ਵਿੱਚ ਫਿਰਕੂ ਜ਼ਹਿਰ ਫੈਲਾਉਣ, ਵਿਚਾਰਾਂ ਦੀ ਅਜਾਦੀ 'ਤੇ ਹਮਲਿਆਂ, ਲੋਕਾਂ ਦੇ ਹੋਰ ਸਾਰੇ ਆਰਥਿਕ-ਸਿਆਸੀ ਜਮਹੂਰੀ ਹੱਕਾਂ ਤੇ ਹਮਲਿਆਂ ਖਿਲਾਫ਼ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਭਾਂਵੇਂ ਹਿੰਦੂਤਵੀ ਕੱਟੜਪੰਥੀ ਅੱਜ ਸਭ ਤੋਂ ਖਤਰਨਾਕ ਫਿਰਕੂ ਅਤੇ ਫਾਸ਼ੀਵਾਦੀ ਤਾਕਤ ਹੈ ਪਰ ਹੋਰਨਾਂ ਧਰਮਾਂ ਨਾਲ਼ ਸਬੰਧਤ ਫਿਰਕੂ ਕੱਟੜਪੰਥ ਵੀ ਲੋਕਾਂ ਦਾ ਦੁਸ਼ਮਣ ਹੈ। ਹਿੰਦੂਤਵੀ ਫਿਰਕੂ ਫਾਸਵਾਦ ਦਾ ਮੁਕਾਬਲਾ ਘੱਟਗਿਣਤੀ ਫਿਰਕਾਪ੍ਰਸਤੀ ਰਾਹੀਂ ਨਹੀਂ ਸਗੋਂ ਸਭਨਾਂ ਲੋਕਾਂ ਦੀ ਫੌਲਾਦੀ ਇਕਮੁੱਠਤਾ ਸਹਾਰੇ ਹੀ ਕੀਤਾ ਜਾ ਸਕਦਾ ਹੈ। ਸਿੱਖਾ ਦੀ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਪੰਜਾਬ ਵਿੱਚ ਫਿਰਕੂ ਮਾਹੌਲ ਪੈਦਾ ਕਰਨ ਨੂੰ ਸਾਂਝੇ ਮੋਰਚੇ ਨੇ ਹਾਕਮਾਂ ਦੀਆਂ ਕਝੀਆਂ ਚਾਲਾਂ ਕਰਾਰ ਦਿੰਦੇ ਹੋਏ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣ ਦੀ ਮੰਗ ਕੀਤੀ ਹੈ।
ਸਾਂਝੇ ਮੋਰਚੇ ਨੇ ਲੋਕਾਂ ਨੂੰ ਆਪਸੀ ਸਦਭਾਵਨਾ ਅਤੇ ਭਾਈਚਾਰਾ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਬੁਲਾਰਿਆਂ ਨੇ ਕਿਹਾ ਕਿ ਲੋਕਾਂ ਨੂੰ ਹਾਕਮਾਂ ਦੀਆਂ 'ਫੁੱਟ ਪਾਓ ਤੇ ਰਾਜ ਕਰੋ!' ਦੀ ਕੋਝੀਆਂ ਸਾਜਿਸ਼ਾਂ ਦੀ ਪਹਿਚਾਣ ਕਰਦੇ ਹੋਏ ਇਸ ਖਿਲਾਫ ਜੁਝਾਰੂ ਘੋਲ਼ ਲੜਨਾ ਚਾਹੀਦਾ ਹੈ। 
ਬੁਲਾਰਿਆਂ ਨੇ ਕਿਹਾ ਕਿ ਆਰ.ਐਸ.ਐਸ. ਦੀ ਅਗਵਾਈ ਵਾਲੀਆਂ ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਜਿਹੀਆਂ ਦਰਜਨਾਂ ਜੱਥੇਬੰਦੀਆਂ ਦੇ ਹੱਥ ਵਿੱਚ ਹਿੰਦੂਤਵੀ ਕੱਟੜਪੰਥੀ ਫਾਸੀਵਾਦ ਦੀ ਵਾਗਡੋਰ ਹੈ। ਫਿਰਕਾਪ੍ਰਸਤੀ ਦੀ ਗੰਦੀ ਖੇਡ ਸਹਾਰੇ ਭਾਜਪਾ ਕੇਂਦਰ ਵਿੱਚ ਸਰਕਾਰ ਬਣਾਉਣ ਚ ਕਾਮਯਾਬ ਹੋਈ ਹੈ। ਮੋਦੀ-ਭਾਜਪਾ ਤੇ ਸਰਕਾਰ ਵਿੱਚ ਸ਼ਾਮਲ ਇਸਦੇ ਸਹਿਯੋਗੀਆਂ ਵੱਲੋਂ ਲੋਕਾਂ ਨਾਲ਼ ਕੀਤੇ ਵਿਕਾਸ ਦੇ ਸਾਰੇ ਵਾਅਦੇ ਝੂਠੇ ਲਾਰੇ ਸਾਬਤ ਹੋਏ ਹਨ। ਇੱਕ ਸਾਲ ਵਿੱਚ ਚੰਗੇ ਦਿਨ ਲਿਆਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਇਸ ਵਾਸਤੇ ਭਾਜਪਾ ਆਗੂ 25 ਸਾਲਾਂ ਦਾ ਸਮਾਂ ਮੰਗ ਰਹੇ ਹਨ। ਲੋਕਾਂ ਵਿੱਚ ਹਾਕਮਾਂ ਖਿਲਾਫ਼ ਵੱਡੇ ਪੱਧਰ ਤੇ ਰੋਸ ਹੈ। ਹਾਕਮਾਂ ਕੋਲ਼ ਹੁਣ ਇੱਕ ਹੀ ਨੀਤੀ ਬਚੀ ਹੈ - ਫੁੱਟ ਪਾਓ ਤੇ ਰਾਜ ਕਰੋ। 
ਬੁਲਾਰਿਆਂ ਨੇ ਕਿਹਾ ਕਿ ਹਿੰਦੂ ਧਰਮ ਨੂੰ ਖਤਰਾ, ਗਾਂ ਨੂੰ ਖਤਰਾ, ਹਿੰਦੂ ਧਰਮ ਨੂੰ ਖਤਰਾ, ਅਖੌਤੀ ''ਲਵ ਜਿਹਾਦ'' ਤੋਂ ਹਿੰਦੂ ਲੜਕੀਆਂ ਨੂੰ ਖਤਰਾ, ਆਦਿ ਸਭ ਖਤਰਿਆਂ ਦੀਆਂ ਅਫ਼ਵਾਹਾਂ ਇਸ ਲਈ ਉਡਾਈਆਂ ਜਾ ਰਹੀਆਂ ਹਨ ਕਿਉਂਕਿ ਹਾਕਮਾਂ ਨੂੰ ਲੋਕ ਰੋਹ ਤੋਂ ਖਤਰਾ ਹੈ। ਮੁੱਠੀ ਭਰ ਧਨਾਢ ਜਮਾਤਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਬਦਹਾਲੀ ਦੀ ਸਤਾਈ ਦੇਸ਼ ਦੀ 85 ਫੀਸਦੀ ਅਬਾਦੀ ਤੋਂ ਖਤਰਾ ਹੈ। ਹਾਕਮਾਂ ਨੂੰ ਲੋਕਾਂ ਦੀ ਹੱਕ, ਸੱਚ, ਇਨਸਾਫ਼ ਲਈ ਅਵਾਜ਼ ਉਠਾਉਣ, ਜੱਥੇਬੰਦ ਹੋਣ, ਸੰਘਰਸ਼ ਕਰਨ, ਲਿਖਣ, ਬੋਲਣ, ਵਿਚਾਰਾਂ ਦੀ ਅਜਾਦੀ ਤੋਂ ਖਤਰਾ ਹੈ। ਹਾਕਮਾਂ ਨੂੰ ਦੇਸੀ-ਵਿਦੇਸ਼ੀ ਸਰਮਾਏਦਾਰਾਂ ਦੇ ਪੱਖ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਖਿਲਾਫ਼, ਸਰਕਾਰਾਂ ਵੱਲੋਂ ਕਿਰਤ ਹੱਕਾਂ ਦੇ ਘਾਣ ਤੇ ਜਮੀਨਾਂ ਦੇ ਜ਼ਬਰੀ ਖੋਹਣ ਆਦਿ ਖਿਲਾਫ਼ ਲੋਕਾਂ ਦੇ ਵੱਧ ਫੁੱਲ ਰਹੇ ਘੋਲਾਂ ਤੋਂ ਖਤਰਾ ਹੈ।
ਸਾਂਝੇ ਮੋਰਚੇ ਨੇ ਲੇਖਕਾਂ, ਇਤਿਹਾਸਕਾਰਾਂ, ਕਲਾਕਾਰਾਂ ਵੱਲੋਂ ਪਦਮ ਭੂਸ਼ਣ, ਸਾਹਿਤ ਅਕਾਡਮੀ ਜਿਹੇ ਇਨਾਮ ਵਾਪਿਸ ਕਰਨ ਦਾ ਜੋਰਦਾਰ ਸਵਾਗਤ ਕਰਦੇ ਹੋਏ ਬਾਕੀ ਲੇਖਕਾਂ, ਇਤਿਹਾਸਕਾਰਾਂ, ਕਲਾਕਾਰਾਂ, ਬੁੱਧੀਜੀਵੀਆਂ, ਨੂੰ ਵੀ ਫਿਰਕੂ ਫਾਸ਼ੀਵਾਦੀ ਵਿਰੋਧੀ ਲਹਿਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਮੋਰਚੇ ਨੇ ਕਿਹਾ ਹੈ ਕਿ ਕਲਾ ਤੇ ਕਲਮਾਂ ਵਾਲਿਆਂ ਵੱਲੋਂ ਸੰਘ ਪਰਿਵਾਰ ਦੇ ਫਿਰਕਾਪ੍ਰਸਤ ਫਾਸ਼ੀਵਾਦ ਵਿਰੋਧੀ ਅਵਾਜ਼ ਕਾਂਗਰਸ ਜਾਂ ਖੱਬੇਪੱਖੀਆਂ ਦੀ ਸਾਜਿਸ਼ ਨਹੀਂ ਹੈ ਜਿਹਾ ਕਿ ਆਰ.ਐਸ.ਐਸ. ਤੇ ਭਾਜਪਾ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਹਿੰਦੂਤਵੀ ਫਾਸ਼ੀਵਾਦੀ ਬੌਖਲਾਹਟ ਤੇ ਘਬਰਾਹਟ ਵਿੱਚ ਹੁਣ ਊਟ-ਪਟਾਂਗ ਗੱਲਾਂ ਘੜ ਰਹੇ ਹਨ।
ਸਾਂਝੇ ਮੋਰਚੇ ਦੇ ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਅਤੇ ਕਦੇ ਕਦਾਈਂ ਫਿਰਕਾਪ੍ਰਸਤੀ ਖਿਲਾਫ ਦਿੱਤੇ ਜਾ ਰਹੇ ਬਿਆਨ ਸਿੱਧੇ-ਅਸਿੱਧੇ ਰੂਪ ਵਿੱਚ ਹਿੰਦੂਤਵੀ ਕੱਟੜਪੰਥੀਆਂ ਨੂੰ ਹੱਲਾਸ਼ੇਰੀ ਦਿੰਦੇ ਹਨ। ਭਾਜਪਾ ਦੇ ਸਾਕਸ਼ੀ ਮਹਾਰਾਜ, ਯੋਗੀ ਅਦਿੱਤਯ ਨਾਥ ਜਿਹੇ ਲੀਡਰ ਸ਼ਰੇਆਮ ਮੁਸਲਮਾਨਾਂ ਖਿਲਾਫ਼ ਭੜਕਾਊ ਬਿਆਨ ਦੇ ਰਹੇ ਹਨ। ਥਾਂ-ਥਾਂ 'ਤੇ ਹਿੰਦੂਤਵੀ ਕੱਟੜਪੰਥੀ ਫਿਰਕੂ ਗੁੰਡਾਗਰਦੀ ਦਾ ਨੰਗਾ-ਨਾਚ ਵਖਾ ਰਹੇ ਹਨ। ਭਾਂਵੇਂ ਕਿ ਹੋਰਨਾਂ ਧਰਮਾਂ ਦੇ ਕੱਟੜਪੰਥੀ ਵੀ ਲੋਕਾਂ ਵਿੱਚ ਫਿਰਕੂ ਵੰਡੀਆਂ ਪਾਉਣ ਵਿੱਚ ਜੋਰ-ਸ਼ੋਰ ਨਾਲ਼ ਲੱਗੇ ਹੋਏ ਹਨ ਪਰ ਫਿਰਕੂ ਨਫ਼ਤਰ ਦਾ ਜ਼ਹਿਰ ਦੇਸ਼ ਭਰ ਵਿੱਚ ਸਭ ਤੋਂ ਵੱਧ ਅਤੇ ਬੇਹੱਦ ਖਤਰਨਾਕ ਰੂਪ ਵਿੱਚ ਫੈਲਾਉਣ ਦਾ ਕੰਮ ਹਿਟਲਰ ਦੇ ਨਕਸ਼ੇ-ਕਦਮ 'ਤੇ ਚੱਲਣ ਵਾਲੀ ਆਰ.ਐਸ.ਐਸ. ਅਤੇ ਇਸਦੇ ਚੁਣਾਵੀ ਮੋਰਚੇ ਭਾਜਪਾ ਨੇ ਹੀ ਕੀਤਾ ਹੈ। ਇਸ ਲਈ ਫਿਰਕੂ ਫਾਸੀਵਾਦੀ ਸੰਘ ਪਰਿਵਾਰ ਖਿਲਾਫ਼ ਲੋਕਾਂ ਦਾ ਰੋਸ ਪੂਰੀ ਤਰਾਂ ਜਾਇਜ ਹੈ। 
ਅੱਜ ਦੇ ਮੁਜ਼ਾਹਰੇ ਨੂੰ ਪ੍ਰੋ. ਜਗਮੋਹਨ ਸਿੰਘ (ਜਮਹੂਰੀ ਅਧਿਕਾਰ ਸਭਾ), ਰਾਜਵਿੰਦਰ (ਬਿਗੁਲ ਮਜ਼ਦੂਰ ਦਸਤਾ), ਡੀ.ਪੀ. ਮੌੜ (ਜੁਆਂਇੰਟ ਕੌਂਸਲ ਆਫ਼ ਟ੍ਰੇਡ ਯੂਨੀਅਨਜ਼), ਜਗਦੀਸ਼ ਚੰਦ (ਸੀ.ਆਈ.ਟੀ.ਯੂ.), ਕੰਵਲਜੀਤ ਖੰਨਾ (ਇਨਕਲਾਬੀ ਕੇਂਦਰ ਪੰਜਾਬ), ਕਸਤੂਰੀ ਲਾਲ (ਪੰਜਾਬ ਲੋਕ ਸਭਿਆਚਾਰਕ ਮੰਚ), ਚਰਨ ਸਰਾਭਾ (ਗੌਰਮਿੰਟ ਟੀਚਰਜ਼ ਯੂਨੀਅਨ), ਡਾ. ਗੁਰਵਿੰਦਰ ਸਿੰਘ (ਡੀ.ਵਾਈ.ਐਫ.ਆਈ.), ਲਖਵਿੰਦਰ (ਕਾਰਖਾਨਾ ਮਜ਼ਦੂਰ ਯੂਨੀਅਨ), ਪ੍ਰੋ. ਏ.ਕੇ.ਮਲੇਰੀ (ਜਮਹੂਰੀ ਅਧਿਕਾਰ ਸਭਾ), ਹਰਜਿੰਦਰ ਸਿੰਘ (ਮੌਲਡਰ ਐਂਡ ਸਟੀਲ ਵਰਕਰਜ ਯੂਨੀਅਨ), ਗੁਲਜਾਰ ਪੰਧੇਰ (ਲੇਖਕ), ਸਤੀਸ਼ ਸਚਦੇਵਾ (ਤਰਕਸ਼ੀਲ ਸੁਸਾਇਟੀ ਪੰਜਾਬ), ਡਾ. ਅਰੁਣ ਮਿੱਤਰਾ (ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ), ਪ੍ਰਭਾਕਰ (ਸਰਵ ਸਾਂਝਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ), ਐਡਵੋਕੇਟ ਕੁਲਦੀਪ (ਡੈਮੋਕ੍ਰੇਟਿਕ ਲਾਇਰਜ਼ ਐਸੋਸਿਏਸ਼ਨ), ਕਾਮਰੇਡ ਗੁਰਨਾਮ ਸਿੱਧੂ (ਏਟਕ), ਜਸਦੇਵ ਲਲਤੋਂ (ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ, ਲੁਧਿਆਣਾ), ਦੀਪ ਜਗਦੀਸ਼ ਸਿੰਘ (ਲਫ਼ਜਾਂ ਦਾ ਪੁਲ ਸਾਹਿਤ ਸਭਾ), ਕਰਨਲ ਬਰਾੜ (ਮਹਾਂ ਸਭਾ, ਲੁਧਿਆਣਾ), ਤਰਮੇਮ ਯੋਧਾਂ (ਸਵਰਾਜ ਲਹਿਰ), ਭਜਨੀਕ ਸਿੰਘ (ਰੇਲਵੇ ਪੈਨਸ਼ਨਰਜ਼ ਐਸੋਸਿਏਸ਼ਨ), ਮਾਸਟਰ ਫਿਰੋਜ਼ (ਹੌਜ਼ਰੀ ਵਰਕਰਜ਼ ਯੂਨੀਅਨ) ਆਦਿ ਨੇ ਸੰਬੋਧਿਤ ਕੀਤਾ। 
*ਪ੍ਰੋ. ਏ. ਕੇ. ਮਲੇਰੀ, ਜਮਹੂਰੀ ਅਧਿਕਾਰ ਸਭਾ, ਪੰਜਾਬ ਸੂਬਾ ਪ੍ਰਧਾਨ ਹਨ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ- 9646150249

No comments: