Monday, November 30, 2015

ਹਾਸ ਵਿਅੰਗ ਕਵੀ ਚਮਨ ਲਾਲ ਚਮਨ ਨੂੰ ਚੌਥਾ ਮੀਰਜ਼ਾਦਾ ਪੁਰਸਕਾਰ

Mon, Nov 30, 2015 at 3:34 PM
ਜਨਮੇਜਾ ਜੋਹਲ ਦੀ ਪੁਸਤਕ ਅਤੇ ਸੀ ਡੀ ਵੀ ਰਲੀਜ਼ ਹੋਈ 
ਲੁਧਿਆਣਾ: 30 ਨਵੰਬਰ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਭਵਨ ਲੁਧਿਆਣਾ ਵਿਖੇ ਤ੍ਰੈਮਾਸਕ ਪੱਤਰ ਮੀਰਜ਼ਾਦਾ ਵੱਲੋਂ ਸਥਾਪਿਤ ਚੌਥਾ ਮੀਰਜ਼ਾਦਾ ਪੁਰਸਕਾਰ ਹਾਸ ਵਿਅੰਗ ਕਵਿਤਾ ਲਿਖਣ ਲਈ ਇੰਗਲੈਂਡ ਵਸਦੇ ਪੰਜਾਬੀ ਕਵੀ ਚਮਨ ਲਾਲ ਚਮਨ ਨੂੰ ਪ੍ਰਦਾਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਉੱਘੇ ਪੰਜਾਬੀ ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪੋ੍ਰਫੈਸਰ ਗੁਰਭਜਨ ਸਿੰਘ ਗਿੱਲ, ਉਰਦੂ ਲੇਖਕ ਡਾ: ਕੇਵਲ ਧੀਰ, ਪੰਜਾਬ ਹਾਸ ਵਿਅੰਗ ਅਕੈਡਮੀ ਦੀ ਪ੍ਰਧਾਨ ਸ਼੍ਰੀ ਕੇ ਐਲ ਗਰਗ ਅਤੇ ਮੀਰਜ਼ਾਦਾ ਵੱਲੋਂ ਇਸਦੇ  ਸੰਪਾਦਕ ਕੁਲਦੀਪ ਸਿੰਘ ਬੇਦੀ ਨੇ ਇਹ ਪੁਰਸਕਾਰ ਸ਼੍ਰੀ ਚਮਨ ਲਾਲ ਨੂੰ ਪ੍ਰਦਾਨ ਕੀਤਾ। ਸ਼੍ਰੀ ਚਮਨ ਲੰਮਾ ਸਮਾਂ ਅਫਰੀਕਾ ਅਤੇ ਹੁਣ ਪਿਛਲੇ ਤਿੰਨ ਦਹਾਕਿਆਂ ਤੋਂ ਇੰਗਲੈਂਡ ਵਸਦੇ ਹਨ ਅਤੇ ਉਰਦੂ ਅਤੇ ਪੰਜਾਬੀ ਸ਼ਾਇਰੀ ਕਰਨ ਤੋਂ ਇਲਾਵਾ ਰੇਡੀਓ ਪੰਜਾਬ ਦੇ ਪੇਸ਼ਕਾਰ ਹਨ। ਲਗਪਗ 83 ਸਾਲ ਉਮਰ ਦੇ ਸ਼੍ਰੀ ਚਮਨ ਨੇ ਜਿਥੇ ਇਹ ਪੁਰਸਕਾਰ ਹਾਸਿਲ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਉਥੇ ਭਵਿੱਖ ਵਿੱਚ ਹਾਸ ਵਿਅੰਗ ਸਾਹਿਤ ਸਿਰਜਣਾ ਕਰਨ ਦਾ ਪ੍ਰਣ ਵੀ ਦੁਹਰਾਇਆ। ਪ੍ਰੋ: ਤਸਨੀਮ, ਗੁਰਭਜਨ ਗਿੱਲ, ਕੇ ਐਲ ਗਰਗ, ਨੈਸ਼ਨਲ ਬੁੱਕ ਟਰੱਸਟ ਦੇ ਸਾਬਕਾ ਮੁੱਖ ਸੰਪਾਦਕ ਡਾ: ਬਲਦੇਵ ਸਿੰਘ ਬੱਧਣ, ਉਸਤਾਦ ਉਰਦੂ ਕਵੀ ਸਰਦਾਰ ਪੰਛੀ ਨੇ ਵੀ ਸ਼੍ਰੀ ਚਮਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਉੱਘੇ ਪੰਜਾਬੀ ਕਵੀ ਸਵ: ਰਣਜੀਤ ਸਿੰਘ ਖਰਗ ਦੀ ਵਾਰਤਕ ਰਚਨਾ ਤੇ ਅਧਾਰਿਤ ਪੁਸਤਕ ਤੋਂ ਇਲਾਵਾ ਜਨਮੇਜਾ ਸਿੰਘ ਜੌਹਲ ਦੀ ਹਾਸ ਵਿਅੰਗ ਪੁਸਤਕ ‘ਲਕੀਰ ਦੇ ਪਾਰ’ ਅਤੇ ਸ: ਜਗਦੇਵ ਸਿੰਘ ਜੱਸੋਵਾਲ, ਨਿਰਮਲ ਰਿਸ਼ੀ ਅਤੇ ਹਰਭਜਨ ਸਿੰਘ ਬਾਜਵਾ ਦੀ ਇੰਟਰਵਿਊ ਅਧਾਰਿਤ ਸੀ ਡੀ ਵੀ ਲੋਕ ਅਰਪਣ ਕੀਤੀ ਗਈ। ਹਾਜ਼ਰੀਨ ਵਿਚ ਬਲਦੇਵ ਸਿੰਘ ਆਜ਼ਾਦ, ਇੰਜ. ਕਰਮਜੀਤ ਸਿੰਘ, ਕੁਲਵੰਤ ਗਿੱਲ, ਤ੍ਰੈਲੋਚਨ ਲੋਚੀ, ਰਾਜਿੰਦਰ ਪ੍ਰਦੇਸੀ, ਤਰਲੋਚਨ ਸਿੰਘ, ਸਰਵਣ ਸਿੰਘ ਪਤੰਗ, ਗੁਰਚਰਨ ਕੌਰ ਕੋਚਰ, ਅਮਰਜੀਤ ਕੌਰ ਨਾਜ਼, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਸੁਖਵਿੰਦਰ ਕੌਰ ਆਹੀ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਸਵਰਨਜੀਤ ਸਵੀ, ਸਤੀਸ਼ ਗੁਲਾਟੀ, ਤਰਲੋਚਨ ਝਾਂਡੇ ਆਦਿ ਸ਼ਾਮਲ ਸਨ।

No comments: