Monday, November 02, 2015

ਭਾਈ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਰਿਹਾ

ਸੈਂਕੜੇ ਲੋਕਾਂ ਨੇ ਕੀਤਾ ਰਿਹਾਈ ਹੁੰਦਿਆਂ ਸਾਰ ਸਵਾਗਤ 
ਫ਼ਰੀਦਕੋਟ: 2 ਨਵੰਬਰ 2015: (ਪੰਜਾਬ ਸਕਰੀਨ ਬਿਊਰੋ): 
ਮੌਜੂਦਾ ਸਿੱਖ ਸੰਘਰਸ਼ ਦਾ ਵੱਕਾਰੀ ਮੁੱਦਾ ਬਣੇ ਹੋਏ ਮਾਮਲੇ ਤੇ ਲਚਕ ਦਿਖਾਉਂਦਿਆਂ ਪੰਜਾਬ ਸਰਕਾਰ ਨੇ ਬਰਗਾੜੀ ਬੇਅਦਬੀ ਕਾਂਡ 'ਚ ਫੜੇ ਗਏ ਦੋਹਾਂ ਭਰਾਵਾਂ ਨੂੰ ਰਿਹਾ ਕਰ ਦਿੱਤਾ ਹੈ। ਵਿਆਪਕ ਸੰਘਰਸ਼ ਸਾਹਮਣੇ ਇਸ ਮਾਮਲੇ 'ਚ ਪੰਜਾਬ ਸਰਕਾਰ ਝੁਕ ਗਈ ਹੈ। ਲਗਾਤਾਰ ਹੋ ਰਹੇ ਵਿਰੋਧ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਦੋਹਾਂ ਭਰਾਵਾਂ ਭਾਈ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਰਿਹਾ ਕਰ ਦਿਤਾ ਹੈ। ਜਿਵੇਂ ਹੀ ਇਨ੍ਹਾਂ ਨੂੰ ਰਿਹਾ ਕੀਤਾ ਉਨ੍ਹਾਂ ਦਾ ਸੈਂਕੜੇ ਲੋਕਾਂ ਨੇ ਸਵਾਗਤ ਕੀਤਾ। ਇਹ ਸੀ ਸਬੂਤ ਇਹਨਾਂ ਦੋਹਾਂ ਦੀ ਲੋਕਾਂ ਵਿੱਚ ਬਣੀ ਸਾਖ ਦਾ ਜਿਸਨੂੰ  ਤੋੜਿਆ ਨਹੀਂ ਜਾ ਸਕਿਆ। ਇਸ ਸਾਖ ਕਾਰਨ ਹੀ ਇਨ੍ਹਾਂ ਦੀ ਗ੍ਰਿਫਤਾਰੀ ਨਾਲ ਪੁਲਿਸ ਵੀ ਕਟਹਿਰੇ ਵਿੱਚ ਆ ਗਈ ਸੀ। ਲੋਕਾਂ ਵੱਲੋਂ ਉਠਾਏ ਗਏ ਸੁਆਲਾਂ ਦਾ ਜੁਆਬ ਸਰਕਾਰ ਲਈ ਦੇਣਾ ਵੀ ਮੁਸ਼ਕਿਲ ਹੋ ਰਿਹਾ ਸੀ ਅਤੇ ਪੁਲਿਸ ਪ੍ਰਸ਼ਾਸਨ ਲਈ ਵੀ। 
ਸਾਫ਼ ਜ਼ਾਹਿਰ ਹੈ ਕਿ ਇਨ੍ਹਾਂ ਦੀ ਗ੍ਰਿਫਤਾਰੀ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕਰਨ ‘ਤੇ ਹੀ ਸਰਕਾਰ ਨੂੰ ਝੁਕਣਾ ਪਿਆ ਹੈ। ਪੰਜਾਬ ਪੁਲਿਸ ਨੇ ਸਰਕਾਰ ਵੱਲੋਂ ਸੀ.ਆਰ.ਪੀ.ਸੀ. ਦੀ ਧਾਰਾ 169 ਤਹਿਤ ਕੋਰਟ ਵਿੱਚ ਦੋਵਾਂ ਨੂੰ ਰਿਹਾਅ ਕਰਨ ਲਈ ਅਰਜ਼ੀ ਲਾਈ ਸੀ। ਅਦਾਲਤ ਨੇ ਪੁਲਿਸ ਦੀ ਅਰਜ਼ੀ ਸਵੀਕਾਰ ਕਰਦੇ ਹੋਏ ਉਨ੍ਹਾਂ ਨੂੰ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਧਾਰਾ ਤਹਿਤ ਜ਼ਰੂਰਤ ਪੈਣ ‘ਤੇ ਪੁਲਿਸ ਪੁੱਛਗਿੱਛ ਲਈ ਮੁਲਜ਼ਮ ਨੂੰ ਦੁਬਾਰਾ ਬੁਲਾ ਸਕਦੀ ਹੈ। ਉਂਝ ਉਨ੍ਹਾਂ ਖਿਲਾਫ ਐਫ.ਆਈ.ਆਰ. ਅਜੇ ਬਰਕਰਾਰ ਰਹੇਗੀ। ਇਹ ਰਿਹਾਈ ਇਸ ਸੰਘਰਸ਼ ਦਾ ਇੱਕ ਅਹਿਮ ਮੋੜ ਹੈ। 

ਕਾਬਿਲ-ਏ-ਜ਼ਿਕਰ ਹੈ ਕਿ ਪੰਜਾਬ ਪੁਲਿਸ ਨੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰਕੇ ਸਾਰੇ ਕੇਸ ਦੇ ਤਾਰ ਵਿਦੇਸ਼ਾਂ ਨਾਲ ਜੋੜ ਦਿੱਤੇ ਸਨ। ਇਹ ਮਾਮਲਾ ਸ਼ੁਰੂ ਤੋਂ ਹੀ ਸ਼ੱਕੀ ਬਣ ਗਿਆ ਕਿਉਂਕਿ ਦੋਵੇਂ ਭਰਾ ਬੇਅਦਬੀ ਖਿਲਾਫ ਸੰਘਰਸ਼ ਵਿੱਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਸਨ। ਰੁਪਿੰਦਰ ਸਿੰਘ ਤਾਂ ਪੁਲਿਸ ਲਾਠੀਚਾਰਜ ਦਾ ਸ਼ਿਕਾਰ ਵੀ ਹੋਇਆ ਸੀ। ਉਸ ਦੀ ਰੀੜ ਦੀ ਹੱਡੀ ‘ਤੇ ਗੰਭੀਰ ਸੱਟ ਲੱਗੀ ਸੀ।    

ਸਿੱਖ ਸੰਘਰਸ਼ ਵਿੱਚ ਇਹਨਾਂ ਦੋਹਾਂ ਭਰਾਵਾਂ ਦੀ ਗ੍ਰਿਫਤਾਰੀ ਦਾ ਇਹ ਮਾਮਲਾ ਸ਼ੁਰੂ ਤੋਂ ਹੀ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਕਿਉਂਕਿ ਸਿੱਖ ਜਥੇਬੰਦੀਆਂ ਨੇ ਗ੍ਰਿਫਤਾਰੀ ਹੁੰਦਿਆਂ ਸਾਰ ਹੀ ਇਨ੍ਹਾਂ ਦੇ ਸਮਰਥਨ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ। ਮੀਡੀਆ ਵਿੱਚ ਮਾਮਲਾ ਉੱਠਣ ਮਗਰੋਂ ਪੰਜਾਬ ਪੁਲਿਸ ਵੀ ਕਸੂਤੀ ਘਿਰ ਗਈ ਸੀ। ਆਖਰ ਲੋਕਾਂ ਦੇ ਰੋਹ ਵੇਖਦਿਆਂ ਪੰਜਾਬ ਸਰਕਾਰ ਨੂੰ ਇਹ ਕਦਮ ਚੁੱਕਣਾ ਪਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਨੂੰ ਸੌਂਪ ਚੁੱਕੀ ਹੈ। ਇਹਨਾਂ ਦੋਹਾਂ ਨੌਜਵਾਨਾਂ ਦੇ ਹੱਕ ਵਿੱਚ ਏਨੀ ਸੰਗਤ ਇਸ ਲੈ ਨਿੱਤਰੀ ਕੀ ਇਹਨਾਂ ਦੋਹਾਂ ਦਾ ਪਰਿਵਾਰਿਕ ਪਿਛੋਕੜ ਬਹੁਤ ਹੀ ਸਿੱਖੀ ਸੇਵਕੀ ਵਾਲਾ ਹੈ।  ਕੋਈ ਵੀ ਇਸ ਪਰਿਵਾਰ ਤੋਂ ਇਸ ਤਰਾਂ ਦੇ  "ਪਾਪ" ਦੀ ਗੱਲ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਜਿਹੜੀ ਗੱਲ ਪੁਲਿਸ ਨੇ ਗ੍ਰਿਫਤਾਰੀ ਵੇਲੇ ਆਖੀ। 

1 comment:

Punjabi songs lyrics said...

Eh sab badal di kali sarkar diyan rajneeti khedaan,be kasooran da khoOn choosna.