Tuesday, November 10, 2015

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਬੱਤ ਖਾਲਸਾ ਦੇ ਮਤੇ ਰੱਦ

ਮੁਲਕ ਵਿਚ ਹਕੀਕੀ ਫੈਡਰਲ ਢਾਂਚੇ ਦੀ ਕੀਤੀ ਫਿਰ ਹਮਾਇਤ 
ਚੰਡੀਗੜ੍ਹ:10 ਨਵੰਬਰ 2015: (ਪੰਜਾਬ ਸਕਰੀਨ ਬਿਊਰੋ):
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਚੱਬਾ ਪਿੰਡ ਵਿਚ ਸੱਦੇ ਗਏ ਪੰਥਕ ਇਕੱਠ ਵਿਚ ਪਾਸ ਕੀਤੇ ਗਏ ਮਤਿਆਂ ਨੂੰ ਪੰਥ ਤੇ ਪੰਜਾਬ ਵਿਰੋਧੀ ਗਰਦਾਨਦਿਆਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। ਅੱਜ ਇਥੇ ਪਾਰਟੀ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਦਲ ਦੇ ਸੀਨੀਅਰ ਆਗੂਆਂ ਸ: ਰਣਜੀਤ ਸਿੰਘ ਬ੍ਰਹਮਪੁਰਾ, ਸ: ਸੁਖਦੇਵ ਸਿੰਘ ਢੀਂਡਸਾ, ਸ: ਬਲਵਿੰਦਰ ਸਿੰਘ ਭੂੰਦੜ ਅਤੇ ਸ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇੰਦਰਜੀਤ ਸਿੰਘ ਜ਼ੀਰਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਦੀ ਇਸ ਇਕੱਠ ਵਿਚ ਮੌਜੂਦਗੀ ਉਨ੍ਹਾਂ ਦੇ ਮਨਸੂਬਿਆਂ ਨੂੰ ਨੰਗਾ ਕਰਦੀ ਹੈ। ਉਨ੍ਹਾਂ ਕਿਹਾ ਕਿ ਇਕੱਠ ਦੌਰਾਨ ਕੁਝ ਵਿਅਕਤੀਆਂ ਵੱਲੋਂ ਪਾਸ ਕੀਤੇ ਮਤੇ ਸੂਬੇ ਵਿਚ ਬਹੁਤ ਘਾਲਣਾ ਘਾਲ ਕੇ ਹਾਸਲ ਕੀਤੀ ਅਮਨ-ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਨੂੰ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਇਕੱਠ ਤੇ ਉਸ ਵਿਚ ਪਾਸ ਕੀਤੇ ਗਏ ਮਤੇ ਕਾਂਗਰਸ ਦੀ ਉਸੇ ਸਾਜ਼ਿਸ਼ ਨੂੰ ਦੁਹਰਾ ਰਹੇ ਹਨ, ਜਿਸ ਕਾਰਨ ਪੰਜਾਬੀਆਂ ਨੂੰ 15 ਸਾਲ ਮਾੜੇ ਦਿਨਾਂ ਵਿਚੋਂ ਗੁਜ਼ਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਅੱਜ ਪਾਸ ਕੀਤੇ ਗਏ ਮਤੇ ਅਮਨ-ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਦੇ ਮਾਹੌਲ ਵਿਚ ਜ਼ਹਿਰ ਘੋਲਣ ਵਾਲੇ ਹਨ ਜਦਕਿ ਅਮਨ-ਸ਼ਾਂਤੀ ਦੀ ਕਾਇਮੀ ਲਈ ਹਜ਼ਾਰਾਂ ਪੰਜਾਬੀਆਂ ਨੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀਆਂ ਵਾਂਗ ਸ਼੍ਰੋਮਣੀ ਅਕਾਲੀ ਦਲ ਲਈ ਵੀ ਅਮਨ-ਸ਼ਾਂਤੀ ਦੇ ਮਾਹੌਲ ਦੀ ਕਾਇਮੀ ਸਭ ਤੋਂ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਿੱਖ ਜਗਤ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਸਾਜ਼ਿਸ਼ ਦਾ ਭਾਂਡਾ ਭੰਨਣਾ, ਨਿੰਦਣਾ ਅਤੇ ਰੱਦ ਕਰਨਾ ਲਾਜ਼ਮੀ ਹੈ। ਅਕਾਲੀ ਨੇਤਾਵਾਂ ਨੇ ਕਿਹਾ ਕਿ ਅੱਜ ਦੇ ਇਕੱਠ ਵਿਚ ਸਿੱਖਾਂ ਨੂੰ ਦੇਸ਼ ਵਿਰੋਧੀ ਭਾਈਚਾਰੇ ਵਜੋਂ ਪੇਸ਼ ਕਰਨ ਦੇ ਮਤੇ ਨੂੰ ਵੀ ਅਕਾਲੀ ਦਲ ਮੁੱਢੋਂ ਰੱਦ ਕਰਦਾ ਹੈ। ਸਿੱਖ ਭਾਈਚਾਰਾ ਹਮੇਸ਼ਾ ਹੀ ਸੂਬਿਆਂ ਨੂੰ ਵੱਧ ਅਧਿਕਾਰਾਂ ਦਾ ਮੁੱਦਈ ਅਤੇ ਦੇਸ਼ ਵਿਚ ਹਕੀਕੀ ਫੈਡਰਲ ਢਾਂਚੇ ਰਾਹੀਂ ਸੂਬਿਆਂ ਨੂੰ ਵਧੇਰੇ ਖ਼ੁਦਮੁਖ਼ਤਿਆਰੀ ਦੇਣ ਦਾ ਹਾਮੀ ਰਿਹਾ ਹੈ।
ਸੀਨੀਅਰ ਅਕਾਲੀ ਨੇਤਾਵਾਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੇ ਖਿਲਾਫ ਚਿਰਾਂ ਤੋਂ ਕਾਂਗਰਸ ਦੀਆਂ ਚੱਲੀਆਂ ਜਾ ਰਹੀਆਂ ਚਾਲਾਂ ਦੀ ਨਿਖੇਧੀ ਕਰਦਾ ਹੈ ਅਤੇ ਇਸ ਇਕੱਠ ਵਿਚ ਪਾਸ ਕੀਤੇ ਮਤਿਆਂ ਤੇ ਕੀਤੀਆਂ ਗਈਆਂ ਤਕਰੀਰਾਂ ਨੂੰ ਸਿੱਖ ਪੰਥ ਵੱਲੋਂ ਭਾਰੀ ਜੱਦੋ-ਜਹਿਦ ਨਾਲ ਪਵਿੱਤਰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕਰਨ ਦਾ ਅਥਾਹ ਕੁਰਬਾਨੀਆਂ ਕਰਕੇ ਲਏ ਗਏ ਹੱਕ ਨੂੰ ਮੁੜ ਖ਼ਤਮ ਕਰਨ ਦੀ ਕਾਂਗਰਸ ਦੀ ਸਾਜ਼ਿਸ਼ ਦਾ ਹਿੱਸਾ ਸਮਝਦਾ ਹੈ। ਪੰਥ ਦੁਸ਼ਮਣ ਜਮਾਤ ਕਾਂਗਰਸ ਬੜੇ ਲੰਮੇ ਸਮੇਂ ਤੋਂ ਆਪਣੀ ਗੁਆਚੀ ਹੋਈ ਸ਼ਾਖ਼ ਨੂੰ ਖ਼ਾਲਸਾ ਪੰਥ ਵਿਚ ਫੁੱਟ ਪਾ ਕੇ ਮੁੜ ਬਹਾਲ ਕਰਨ ਲਈ ਤਰਲੋਮੱਛੀ ਹੋ ਰਹੀ ਹੈ ਪਰ ਸਿੱਖ ਪੰਥ ਕਾਂਗਰਸ ਦੀਆਂ ਅਜਿਹੀਆਂ ਚਾਲਾਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗਾ। ਸਿੱਖ ਜਗਤ ਇੱਕਮੁੱਠ ਹੋ ਕੇ ਅਜਿਹੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜੁਆਬ ਦੇਵੇਗਾ। ਸ਼੍ਰੋਮਣੀ ਅਕਾਲੀ ਦਲ ਕੁਝ ਵਿਅਕਤੀਆਂ ਤੇ ਧੜਿਆਂ ਵੱਲੋਂ ਸਿੱਖਾਂ ਦੀ ਵਾਹਦ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਪੰਥ ਦੇ ਪਵਿੱਤਰ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਨ ਦੇ ਹੱਕ ਨੂੰ ਖੋਹਣ ਦੀ ਕੋਸ਼ਿਸ਼ ਨੂੰ ਵੀ ਪੂਰੀ ਤਰ੍ਹਾਂ ਰੱਦ ਕਰਦਾ ਹੈ। ਇਕੱਠ ਵਿਚ ਜਿਸ ਢੰਗ ਨਾਲ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਨ ਦਾ ਪਾਸ ਕੀਤਾ ਗਿਆ ਮਤਾ ਜਥੇਦਾਰ ਸਾਹਿਬਾਨ ਦੀ ਸਦੀਆਂ ਤੋਂ ਹੁੰਦੀ ਆਈ ਨਿਯੁਕਤੀ ਦੀਆਂ ਰਵਾਇਤਾਂ ਤੇ ਪਰੰਪਰਾਵਾਂ ਦੇ ਉਲਟ ਹੈ। ਇਹ ਕਾਰਵਾਈ ਇਕੱਠ ਕਰਨ ਵਾਲੇ ਵਿਅਕਤੀਆਂ ਵੱਲੋਂ ਦਿਖਾਈ ਗਈ ਸਿਰੇ ਦੀ ਹੈਂਕੜਬਾਜ਼ੀ ਹੈ ਅਤੇ ਸਿੱਖ ਜਗਤ ਦਾ ਹੱਕ ਖੋਹਣ ਦੇ ਹੱਠ ਦੀ ਸੂਚਕ ਹੈ। 
ਸੀਨੀਅਰ ਅਕਾਲੀ ਨੇਤਾਵਾਂ ਨੇ ਕਿਹਾ ਕਿ ਅੱਜ ਦੇ ਇਕੱਠ ਵੱਲੋਂ ਖ਼ਾਲਸਾ ਪੰਥ ਦੀਆਂ ਜੈਤੋ ਦੇ ਮੋਰਚੇ, ਨਨਕਾਣਾ ਸਾਹਿਬ ਦੇ ਸਾਕੇ ਅਤੇ ਚਾਬੀਆਂ ਦੇ ਮੋਰਚੇ ਵਿਚ ਅਥਾਹ ਤੇ ਲਾਮਿਸਾਲ ਕੁਰਬਾਨੀਆਂ ਦੇ ਕੇ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਆਪਣੀ ਇੱਕੋ ਕਾਰਵਾਈ ਨਾਲ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਡੇ ਵਡੇਰਿਆਂ ਨੇ ਸਿੱਖ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਮਹੰਤਾਂ ਦੀ ਥਾਂ ਸੰਗਤ ਦੁਆਰਾ ਚੁਣੇ ਗਏ ਨੁਮਾਇੰਦਿਆਂ ਰਾਹੀਂ ਕਰਨ ਦਾ ਸੰਵਿਧਾਨਕ ਹੱਕ ਪ੍ਰਾਪਤ ਕਰਨ ਲਈ ਆਪਣਾ ਲਹੂ ਡੋਲਿਆ ਸੀ। ਅੱਜ ਦੇ ਇਕੱਠ ਦੇ ਮਤਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਥਾਰਟੀ ਨੂੰ ਵੰਗਾਰ ਕੇ ਸਿੱਖ ਪੰਥ ਨੂੰ ਇਕ ਵਾਰ ਮੁੜ ਮਹੰਤਾਂ ਦੇ ਯੁੱਗ ਵਿਚ ਧੱਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਰਟੀ ਦਾ ਇਹ ਬਿਆਨ ਮੁੱਖ ਮੰਤਰੀ ਨਿਵਾਸ 'ਤੇ ਸੀਨੀਅਰ ਆਗੂਆਂ ਦੇ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਜਾਰੀ ਕੀਤਾ ਗਿਆ।

No comments: