Sunday, November 01, 2015

ਸਮਾਜ ਨੂੰ ਦੋਬਾਰਾ ਭੱਠੀ ਵਿਚ ਝੋਕਣ ਦੀ ਇਜਾਜ਼ਤ ਨਹੀਂ ਦਿਆਂਗੇ

ਸੋਸ਼ਲ ਥਿੰਕਰਜ਼ ਫੋਰਮ ਅਤੇ ਲੋਕ ਸਾਹਿਤ ਮੰਚ ਨੇ ਕੀਤਾ ਸਾਵਧਾਨ 
ਲੁਧਿਆਣਾ: 31 ਅਕਤੂਬਰ 2015: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ):
ਜਦੋਂ ਵਿਰੋਧੀ ਵਿਚਾਰ ਰੱਖਣ ਵਾਲਿਆਂ  ਨੂੰ ਕਤਲ ਕੀਤਾ ਜਾ ਰਿਹਾ ਸੀ, ਜਿਊਂਦੇ ਬਚ ਗਏ  ਬੁਧੀਜੀਵੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਆਏ ਦਿਨ ਹੋ ਰਹੀ ਪਵਿੱਤਰ ਗਰੰਥਾਂ ਦੀ ਬੇਅਦਬੀ ਅਤੇ ਇਸਦੇ ਵਿਰੁਧ ਥਾਂ ਥਾਂ ਲੱਗ ਰਹੇ ਰੋਸ ਧਰਨੇ ਪੰਜਾਬ ਵਿੱਚ ਮੁੜ ਦਹਿਸ਼ਤ ਵਾਲੇ ਕਾਲੇ ਦਿਨਾਂ ਦੇ ਪਰਤਨ ਦੀ ਭਿਆਨਕ ਦਸਤਕ ਦੇ ਰਹੇ ਸਨ ਉਦੋਂ ਸੋਸ਼ਲ ਥਿੰਕਰਜ਼ ਫੋਰਮ ਨੇ ਇੱਕ ਵਾਰ ਫਿਰ ਉਹੀ ਪੁਰਾਣੇ ਪ੍ਰੇਮ ਪਿਆਰ ਵਾਲਾ ਝੰਡਾ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਜਿਸਦੀ ਪ੍ਰੇਰਨਾ ਨਾਲ ਮਾੜੇ ਤੋਂ ਮਾੜੇ ਦਿਨਾਂ ਵਿੱਚ ਵੀ ਭਾਈਚਾਰਕ ਸਾਂਝ ਖਤਮ ਕਰਨ ਦੀਆਂ ਸਾਜ਼ਿਸ਼ੀ ਚਾਲਾਂ ਬੁਰੀ ਤਰਾਂ ਨਾਕਾਮ ਹੋ ਗਈਆਂ ਸਨ। ਹਾਲ ਹੀ ਵਿੱਚ ਹੋਂਦ ਵਿੱਚ ਆਏ ਇਸ ਫੋਰਮ ਨੇ ਇਸ ਮਕਸਦ ਨੂੰ ਸਾਹਮਣੇ ਰੱਖਦਿਆਂ ਇੱਕ ਸੈਮੀਨਾਰ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਆਯੋਜਿਤ ਕੀਤਾ। ਸੈਮੀਨਾਰ ਦਾ ਮੁੱਖ ਏਜੰਡਾ ਫਿਰਕਾਪ੍ਰਸਤੀ ਦੇ ਖਿਲਾਫ਼ ਲੋਕ ਰਾਏ ਤਿਆਰ ਕਰਨਾ ਸੀ ਤਾਂਕਿ ਕਿਸੇ ਨੂੰ ਵੀ ਕਤਲੋ-ਗਾਰਤ ਅਤੇ ਖੂਨ ਖਰਾਬੇ ਵਾਲੇ ਪੁਰਾਣੇ ਦਿਨ ਨਾ ਦੇਖਣੇ ਪੈਣ। 
ਸੈਮੀਨਾਰ ਦੇ ਬੁਲਾਰਿਆਂ ਵੱਲੋਂ ਸਾਫ਼ ਕਿਹਾ ਗਿਆ ਕਿ ਸਾਡੇ ਦੇਸ਼ ਦੇ ਲੋਕਤੰਤਰੀ ਪ੍ਰਬੰਧ ਨੂੰ ਤਹਿਸ ਨਹਿਸ ਕਰਨ ਦੀ ਜਿਸ ਤਰ੍ਹਾਂ ਸੰਘ ਪਰਿਵਾਰ ਨੇ ਮੁਹਿੰਮ ਚਲਾਈ ਹੋਈ ਹੈ, ਜਿਹੜਾ ਕਿ ਅਸੀਂ ਅਜ਼ਾਦੀ ਤੋਂ ਦਹਾਕਿਆਂ ਬਾਅਦ ਉਸਾਰਿਆ ਹੈ, ਨੂੰ ਮੁੱਖ ਰੱਖ ਕੇ ਅਮਨ, ਸਦਭਾਵਨਾ ਤੇ ਵਿਕਾਸ ਵਿਸ਼ੇ ਤੇ ਇੱਥੇ ਪੰਜਾਬੀ ਭਵਨ ਵਿਖੇ ਸੋਸ਼ਲ ਥਿੰਕਰਜ਼ ਫੋਰਮ ਅਤੇ ਲੋਕ ਸਾਹਿਤ ਮੰਚ ਵਲੋਂ ਇੱਕ ਸੈਮੀਨਾਰ ਕਰਕੇ ਸੱਦਾ ਦਿੱਤਾ ਕਿ ਸਹੀ ਸੋਚ ਵਾਲੇ ਲੋਕ ਦੇਸ਼ ਦੇ ਤਾਣੇ-ਬਾਣੇ ਨੂੰ ਸੁਰੱਖਿਅਤ ਕਰਨ ਲਈ ਇਕੱਠੇ ਹੋਣ ਅਤੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਧੋਖੇ ਦੇਣ ਵਾਲੇ ਸੌੜੇ ਸਾਜ਼ਸ਼ੀ ਨਾਅਰਿਆਂ ਵਿੱਚ ਨਾ ਆਉਣ ਸਗੋਂ ਅਜ਼ਾਦੀ ਦੀ ਲਹਿਰ ਵਾਂਗ ਅੱਗੇ ਹੋ ਕੇ ਦੇਸ਼ ਦੀ ਏਕਤਾ, ਅਖੰਡਤਾ, ਵਿਭਿੰਨਤਾ, ਬੋਲਣ, ਰਹਿਣ-ਸਹਿਣ, ਖਾਣ-ਪੀਣ, ਪਹਿਨਣ ਦੀ ਅਜ਼ਾਦੀ ਨੂੰ ਬਰਕਰਾਰ ਰੱਖਣ। ਮੁੱਖ ਬੁਲਾਰੇ ਦੇ ਤੌਰ ਤੇ ਬੋਲਦਿਆਂ ਸਮਾਜਿਕ ਚਿੰਤਕ ਅਤੇ ਉੱਘੀ ਪੱਤਰਕਾਰ ਸ੍ਰੀਮਤੀ ਕ੍ਰਿਸ਼ਨਾ ਝਾ ਨੇ ਆਪਣੇ ਲੰਮੇ ਪਰ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਦੇਸ਼ ਨੂੰ ਧਾਰਮਿਕ, ਫਿਰਕੂ ਲੀਹਾਂ ਤੇ ਵੰਡ ਕੇ ਕੁਝ ਲੋਕਾਂ ਨੂੰ ਦੋਮ ਦਰਜੇ ਤੇ ਲਿਜਾਣ ਦੀ ਕੋਸ਼ਿਸ਼ ਨਾ ਕੇਵਲ ਲੋਕਤੰਤਰ ਸਗੋਂ ਸੰਵਿਧਾਨ ਲਈ ਵੀ ਖਤਰਾ ਰਹੀ ਹੈ। ਇਸ ਤਰ੍ਹਾਂ ਇਹ ਸੋਚ ਵਿਕਾਸ ਨੂੰ ਰੋਕ ਕੇ ਸਾਡੀ ਸਦਭਾਵਨਾ, ਸ਼ਾਂਤੀ, ਬੋਲਣ, ਸੋਚਣ ਤੇ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਤੇ ਹਮਲਾ ਹੈ। ਨਰਿੰਦਰ ਦਬੋਲਕਰ, ਕਾਮਰੇਡ ਗੋਵਿੰਦ ਪੰਨਸਾਰੇ ਅਤੇ ਪ੍ਰੋ. ਐਮ.ਐਮ. ਕਲਬਰਗੀ ਜਿਨ੍ਹਾਂ ਨੇ ਘਟੀਆ ਮਨੋਵਿਗਿਆਨਕ ਸੋਚ ਦਾ ਆਪਣੀਆਂ ਲਿਖਤਾਂ ਰਾਹੀਂ ਵਿਰੋਧ ਕੀਤਾ ਦਾ ਕਤਲ ਕਰ ਦਿੱਤਾ ਗਿਆ। ਅਰੁਣ ਜੇਤਲੀ ਦਾ ਇਹ ਕਹਿਣਾ ਕਿ ਇਹ ਬਣਾਉਟੀ ਵਿਰੋਧ ਹੈ ਇਹ ਆਮ ਲੋਕਾਂ ਲਈ ਸੁਨੇਹਾ ਹੈ ਕਿ ਜਿਹੜਾ ਵੀ ਸਿਰ ਚੁੱਕੇਗਾ ਉਸ ਦਾ ਇਹੀ ਹਾਲ ਹੋਵੇਗਾ। ਵੱਧ ਰਹੀ ਅਸਹਿਣਸ਼ੀਲਤਾ ਅਤੇ ਉਦਾਸੀਨਤਾ ਪੈਰ ਪੈਰ ਤੇ ਦੇਖੀ ਜਾ ਸਕਦੀ ਹੈ ਅਤੇ ਇਸ ਦੇ ਵਿਰੋਧ ਵਿਚ ਦੇਸ਼ ਵਿੱਚ ਬਹੁਤ ਸਾਰੀਆਂ ਲਹਿਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਲਗਭਗ ਸਾਰੇ ਲੇਖਕ, ਇਤਿਹਾਸਕਾਰ, ਵਿਗਿਆਨੀ, ਡਾਕਟਰ ਅਤੇ ਸਭਿਆਚਾਰ ਕਰਮੀ ਇਸ ਲਾਮਿਸਾਲ ਵਿਰੋਧ ਵਿਚ ਸ਼ਾਮਿਲ ਹਨ। ਇਸ ਤਰ੍ਹਾਂ ਪਹਿਲੇ ਕਿਸੇ ਵੀ ਸਮੇਂ ਨਹੀਂ ਹੋਇਆ। 
ਸ਼ੋਸ਼ਲ ਥਿੰਕਰਜ਼ ਫੋਰਮ ਦੇ ਕਨਵੀਨਰ ਡਾ. ਅਰੁਣ ਮਿੱਤਰਾ ਨੇ ਸੈਮੀਨਾਰ ਕਰਨ ਦੀ ਲੋੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਚਾਰਾਂ ਦੀ ਭਿੰਨਤਾ ਨੂੰ ਦਲੀਲ ਰਾਹੀਂ ਹੱਲ ਕਰਨ ਦੀ ਬਜਾਏ ਸਰੀਰਕ ਹਿੰਸਾ ਦਾ ਹਥਿਆਰ ਵਰਤਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਗਊ ਰਕਸ਼ਾ ਦੇ ਨਾਂ ਤੇ ਖਾਣ-ਪੀਣ ਦੀਆਂ ਆਦਤਾਂ ਨੂੰ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਝੂਠੇ ਬਹਾਨੇ ਬਣਾ ਕੇ ਕਤਲ ਕੀਤਾ ਜਾ ਰਿਹਾ ਹੈ। ਇਕ ਪੁਸਤਕ ਜਿਸ ਦੇ ਲੇਖਕ ਉਸ ਦੇਸ਼ ਤੋਂ ਸੀ ਜਿਸ ਨੂੰ ਮੂਲਵਾਦੀਆਂ ਨੇ ਮੁੱਢੋਂ ਨਕਾਰਿਆ ਹੋਇਆ ਹੈ ਦੀ ਪੁਸਤਕ ਦੇ ਲੋਕ ਅਰਪਣ ਸਮੇਂ, ਉਸ ਦੇ ਪ੍ਰਬੰਧਕ ਦੇ ਮੂੰਹ ਤੇ ਕਾਲੀ ਸਿਆਹੀ ਮਲ ਦਿੱਤੀ ਜਾਣਾ ਅਫਸੋਸਨਾਕ ਹੈ। ਉਪਰੋਕਤ ਸਾਰੀਆਂ ਘਟਨਾਵਾਂ ਬਾਰੇ ਪ੍ਰਧਾਨ ਮੰਤਰੀ ਦੀ ਚੁੱਪ ਇਕ ਸਾਜਸ਼ੀ ਚੁੱਪ ਹੈ। ਜਦੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸਰਕਾਰ ਦਾ ਮੁੱਖੀ ਦੇਸ਼ ਦੇ ਹਾਲਾਤ ਨੂੰ ਸੁਖਾਵਾਂ ਕਰਨ ਲਈ ਬਿਆਨ ਜਾਰੀ ਕਰੇਗਾ ਪਰ ਉਸ ਸਮੇਂ ਉਸ ਨੇ ਚਤੁਰਾਈ ਨਾਲ ਸਿਰਫ ਸਧਾਰਣ ਗਰੀਬੀ ਬਾਰੇ ਗੱਲਬਾਤ ਕਰਕੇ ਮਾਮਲਾ ਘੁਰਲ ਕਰ ਦਿੱਤਾ।
ਜਦੋਂ ਲੇਖਕ-ਦਰ-ਲੇਖਕ ਆਪਣੇ ਬੇਸ਼ਕੀਮਤੀ ਸਨਮਾਨਾਂ ਨੂੰ ਵਿਰੋਧ ਵਜੋਂ ਮੋੜ ਰਹੇ ਸੀ ਤਾਂ ਉਸ ਵੇਲੇ ਸਰਕਾਰ ਵਲੋਂ ਹਾਲਾਤ ਨੂੰ ਸੁਖਾਵਾਂ ਕਰਨ ਲਈ ਕੋਈ ਟਿੱਪਣੀ ਕਰਨ ਦੀ ਬਜਾਏ ਕੁਝ ਮੰਤਰੀਆਂ ਵਲੋਂ ਇਸ ਨੂੰ ਕਾਗਜੀ ਇਨਕਲਾਬ ਕਹਿ ਕੇ ਉੱਚ ਕੋਟੀ ਦੇ ਲੇਖਕਾਂ ਨੂੰ ਲਿਖਣਾ ਤਿਆਗਣ ਲਈ ਕਿਹਾ ਗਿਆ। ਇਹ ਗੱਲ ਉਨੀ ਹੀ ਸੱਚ ਹੈ ਜਿਵੇਂ ਕਿ ਇੱਕ ਬੁੱਧੀਜੀਵੀ ਨੂੰ ਇਹ ਕਿਹਾ ਜਾਵੇ ਕਿ ਜੇ ਉਨ੍ਹਾਂ ਬੋਲਣਾ ਬੰਦ ਨਾ ਕੀਤਾ ਤਾਂ ਉਸ ਦੀ ਅਵਾਜ਼ ਬੰਦ ਕਰ ਦਿੱਤੀ ਜਾਵੇਗੀ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਦੇ ਕੌਮੀ ਪ੍ਰਧਾਨ ਅਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਡਾ. ਲਿਵਤਾਰ ਸਿੰਘ ਚਾਵਲਾ ਨੇ ਕਿਹਾ ਕਿ ਪਹਿਲਾਂ ਹੀ ਹਿੰਦੁਸਤਾਨ ਮਨੁੱਖੀ ਵਿਕਾਸ ਦੀ ਸੂਚੀ ਵਿਚ ਹੇਠਲੇ ਪੱਧਰ ਤੇ ਹੈ ਅਤੇ ਇਹ ਅਮਲ ਇਸ ਨੂੰ ਹੋਰ ਹੇਠਾਂ ਲੈ ਕੇ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੌਜੂਦਾ ਘਟਨਾਵਾਂ ਦੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਦੂਰ ਰਸ ਨਤੀਜੇ ਨਿਕਲਣਗੇ। ਚਰਚਾ ਨੂੰ ਸ਼ੁਰੂ ਕਰਦਿਆਂ ਜੁਆਇੰਟ ਕੌਂਸਲ ਆਫ ਟ੍ਰੇਡ ਯੂਨੀਅਨਜ਼ ਲੁਧਿਆਣਾ ਦੇ ਜਨਰਲ ਸਕੱਤਰ ਸ੍ਰੀ ਡੀ.ਪੀ. ਮੌੜ ਨੇ ਕਿਹਾ ਕਿ ਪੰਜਾਬ ਮਸਾਂ ਹੀ ਇਸ ਸੰਤਾਪ ਵਿਚੋਂ ਨਿਕਲਿਆ ਸੀ ਤੇ ਹੁਣ ਫਿਰ ਦੁਬਾਰਾ ਇਸ ਨੂੰ ਭੱਠੀ ਵਿਚ ਝੋਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। 
ਹਾਲ ਦੇ ਬਾਹਰ ਬਣੇ ਪਾਰਕਾਂ ਵਿੱਚ ਕੁਝ ਸੜਦੇ ਹੋਏ ਬੁਧੀਜੀਵੀ ਇਹ ਆਖਦੇ ਵੀ ਸੁਣੇ ਗਏ ਕਿ ਜੇ ਇਸ ਸੈਮੀਨਾਰ ਵਿੱਚ ਸਾਰੀਆਂ ਧਿਰਾਂ ਮੌਜੂਦ ਹੁੰਦੀਆਂ ਤਾਂ ਸ਼ਾਇਦ ਇਸਦਾ ਅਸਰ ਹੋਰ ਵਧੇਰੇ ਵੱਡੇ ਦਾਇਰਿਆਂ ਤਕ ਪਹੁੰਚਦਾ। ਕੁਲ ਮਿਲਾ ਕੇ ਇਹ ਇੱਕ ਸਫਲ ਆਯੋਜਨ ਸੀ। 
ਸਟੇਜ ਦਾ ਸੰਚਾਲਨ ਸ੍ਰੀ ਐਮ.ਐਸ. ਭਾਟੀਆ ਨੇ ਕੀਤਾ। ਹੋਰਨਾਂ ਤੋਂ ਇਲਾਵਾ ਕਾਮਰੇਡ ਕਰਤਾਰ ਸਿੰਘ ਬੁਆਣੀ, ਡਾ. ਗੁਲਜਾਰ ਸਿੰਘ ਪੰਧੇਰ, ਚਰਨ ਸਰਾਭਾ, ਐਡਵੋਕੇਟ ਨਵਲ ਕਿਸ਼ੌਰ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਸਰਦੂਲ ਸਿੰਘ ਛਾਬੜਾ ਅਤੇ ਪ੍ਰੋ. ਏ.ਕੇ. ਮਲੇਰੀ ਨੇ ਵੀ ਸੰਬੋਧਨ ਕੀਤਾ।

ਇਸ ਸੰਸਥਾ ਨਾਲ ਜੁੜਨ ਲਈ ਸੰਪਰਕ ਕਰੋਸ਼ੋਸ਼ਲ ਥਿੰਕਰਜ਼ ਫੋਰਮ     
ਡਾ. ਅਰੁਣ ਮਿੱਤਰਾ ਕਨਵੀਨਰ                                            ਐਮ ਐਸ ਭਾਟੀਆ ਕੋ-ਕਨਵੀਨਰ 
ਮੋਬਾਇਲ : 9417000360                                                                9988491002

No comments: