Saturday, October 24, 2015

Sikh Panth: ਬਾਣੀ ਦੀ ਬੇਅਦਬੀ ਤੋਂ ਬਾਅਦ ਹੁਣ ਸਿਧਾਂਤਾਂ ਦੀ ਵੀ ਬੇਪਤੀ?

ਸਾਜ਼ਿਸ਼ਾਂ ਭਰਿਆ ਸੰਘਰਸ਼ ਇੱਕ ਗੂਹੜੀ ਲਕੀਰ ਖਿਚਣ ਦੀ ਤਿਆਰੀ ਵਿੱਚ
ਅੰਮ੍ਰਿਤਸਰ: 23 ਅਕਤੂਬਰ (ਪੰਜਾਬ ਸਕਰੀਨ ਬਿਊਰੋ):
ਮੋਹਰੀ ਕਤਾਰ ਵਾਲੀਆਂ ਸਿੱਖ ਸੰਸਥਾਵਾਂ ਅਤੇ ਸਿੱਖ ਪਰੰਪਰਾਵਾਂ ਅੱਜ ਫਿਰ ਟਕਰਾਓ ਅਤੇ ਭੰਬਲਭੂਸੇ ਵਾਲੀ ਸਥਿਤੀ ਵਿੱਚ ਹਨ। ਪੰਜਾਂ ਪਿਆਰਿਆਂ ਅਤੇ ਪੰਜਾਂ ਸਿੰਘ ਸਾਹਿਬਾਨਾਂ ਦਰਮਿਆਨ ਪੈਦਾ ਹੋਇਆ ਟਕਰਾਓ ਇੱਕ ਨਵੀਂ ਲਕੀਰ ਵੀ ਖਿਚ ਰਿਹਾ ਹੈ ਕਿ ਹੁਣ ਕੀ ਕੀ ਬਚੇਗਾ ਅਤੇ ਕੌਣ ਕੌਣ ਹੋਵੇਗਾ ਭਵਿੱਖ ਦਾ ਸਿੱਖ ਆਗੂ? ਪੰਜਾਂ ਪਿਆਰਿਆਂ ਦੇ ਹੁਕਮ ਅੱਗੇ ਸਿਰ ਝੁਕਾ ਕੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡ ਦਿੱਤਾ ਸੀ ਅਤੇ ਜਮਹੂਰੀਅਤ ਦੀ ਇੱਕ ਸਿਖਰਲੀ ਅਵਸਥਾ ਵਾਲੀ ਸਥਿਤੀ ਦਾ ਅੰਦਾਜ਼ ਸਿੱਖ ਪੰਥ ਨੂੰ ਬਖਸ਼ਿਆ ਸੀ। ਉਸ ਦਸ਼ਮੇਸ਼ ਪਿਤਾ ਦੇ ਪਾਏ ਪੂਰਨਿਆਂ 'ਤੇ ਚੱਲਣ ਵਾਲਿਆਂ ਅਤੇ ਉਹਨਾਂ ਦੀ ਉਲੰਘਣਾ ਕਰਨ ਵਾਲਿਆਂ  ਦਰਮਿਆਨ ਮੌਜੂਦਾ ਸਮਾਂ ਅਤੇ ਇਸ ਸਮੇਂ ਦਾ ਸਾਜ਼ਿਸ਼ਾਂ ਭਰਿਆ ਸੰਘਰਸ਼ ਇੱਕ ਗੂਹੜੀ ਲਕੀਰ ਖਿਚਣ ਦੀ ਤਿਆਰੀ ਵਿੱਚ ਹੈ। ਲਕੀਰ ਦੇ ਇੱਕ ਪਾਸੇ ਹੋਣਗੇ ਧਰਮ ਅਤੇ ਸਿਧਾਂਤ ਨੂੰ ਸਰਬਉਚ ਮੰਨਣ ਵਾਲੇ ਅਤੇ ਦੂਜੇ ਪਾਸੇ ਹੋਣਗੇ ਸੱਤਾ, ਸਵਾਰਥਾਂ ਅਤੇ ਸਿਆਸਤ ਨੂੰ ਸਰਬ ਉਚ ਮੰਨਣ  ਵਾਲੇ। 
ਅੰਮ੍ਰਿਤਸਰ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਹੋਇਆ ਉਸਦੇ ਦੂਰ ਰਸ ਸਿੱਟੇ ਸਿੱਖ ਸੰਘਰਸ਼ ਅਤੇ ਸਿੱਖ ਕੌਮ ਨੂੰ ਇੱਕ ਨਵੀਂ ਸੇਧ ਦੇਣ ਵਾਲੇ ਹੋਣਗੇ। ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਫੈਸਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਤਲਬ ਕੀਤੇ ਗਏ ਪੰਜ ਸਿੰਘ ਸਾਹਿਬਾਨ ਅੱਜ ਮਿਥੇ ਸਮੇਂ 'ਤੇ ਹਾਜ਼ਰ ਨਹੀਂ ਹੋਏ। ਜਿਨ੍ਹਾਂ ਦੀ ਡੇਢ ਘੰਟਾ ਉਡੀਕ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਹਾਜ਼ਰੀ 'ਚ ਪੰਜ ਪਿਆਰਿਆਂ ਨੇ ਫ਼ੈਸਲਾ ਸੁਣਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਤਲਬ ਕੀਤੇ ਜਾਣ ਦੇ ਬਾਵਜੂਦ ਵੀ ਨਾ ਪਹੁੰਚਣ 'ਤੇ ਸਿੰਘ ਸਾਹਿਬਾਨ ਦੀਆਂ ਸੇਵਾਵਾਂ ਤੁਰੰਤ ਖ਼ਤਮ ਕੀਤੀਆਂ ਜਾਣ। ਉਨ੍ਹਾਂ ਸਿੰਘ ਸਾਹਿਬਾਨ ਨੂੰ ਤਾਕੀਦ ਕਰਦਿਆਂ ਕਿਹਾ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ 'ਤੇ ਖਰੇ ਨਾ ਉਤਰਨ ਕਾਰਨ ਤੁਰੰਤ ਅਸਤੀਫ਼ਾ ਦੇਣ। ਦੂਜੇ ਪਾਸੇ ਪੰਜਾਂ ਪਿਆਰਿਆਂ ਦੇ ਆਦੇਸ਼ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਮੁਅੱਤਲ ਹਨ ਤੇ  ਅਧਿਕਾਰਕ ਤੌਰ 'ਤੇ ਉਹ ਆਦੇਸ਼ ਨਹੀਂ ਦੇ ਸਕਦੇ। ਜ਼ਿਕਰਯੋਗ ਹੈ ਕਿ ਪੰਜ ਪਿਆਰਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁਅੱਤਲ ਕਰਨ ਦੇ ਪਹਿਲਾ ਦਿੱਤੇ ਹੁਕਮ ਨੂੰ ਪੰਜ ਪਿਆਰਿਆਂ ਨੇ ਇਹ ਕਹਿ ਕੇ ਨਕਾਰ ਦਿੱਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਫ਼ੈਸਲਾ ਲੈਣ ਵਾਲੇ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਸਮੇਤ ਕਿਸੇ ਕੋਲ ਵੀ ਨਹੀਂ ਹੈ।

No comments: