Monday, October 26, 2015

ਪਿੰਡ ਬਰਗਾੜੀ ਦੇ ਸਟੇਡੀਅਮ ਵਿਖੇ ਜੁੜੀਆਂ ਭਾਰੀ ਸੰਗਤਾਂ

ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਦੇ ਨਾਲ ਹੀ ਪਾਸ ਕੀਤੇ 9 ਮਤੇ 
ਕੋਟਕਪੂਰਾ//ਜੈਤੋਂ:: 25 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਅੱਜ ਇੱਥੋਂ ਥੋੜ੍ਹੀ ਦੂਰ ਪਿੰਡ ਬਰਗਾੜੀ ਦੇ ਸਟੇਡੀਅਮ ਵਿਖੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਮਾਰੇ ਗਏ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਅੰਤਮ ਅਰਦਾਸ ਅਤੇ ਪਾਠ ਦੇ ਭੋਗ ਪਾਏ ਗਏ, ਜਿਸ ਵਿਚ ਪੰਜਾਬ ਅਤੇ ਬਾਹਰਲੇ ਰਾਜਾਂ ਤੋਂ ਵੱਖ-ਵੱਖ ਧਾਰਮਕ, ਸਮਾਜਕ ਜਥੇਬੰਦੀਆਂ, ਸਿਆਸੀ ਪਾਰਟੀਆਂ ਦੇ ਆਗੂ ਅਤੇ ਮੁਅੱਤਲ ਕੀਤੇ ਗਏ ਪੰਜ ਪਿਆਰਿਆਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਪੁੱਜੀਆਂ ਹੋਈਆਂ ਧਾਰਮਿਕ  ਜਥੇਬੰਦੀਆਂ ਅਤੇ ਸਿਆਸੀ ਲੀਡਰਾਂ ਨੇ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਸ਼ਰਧਾਂਜਲੀ ਦਿੰਦਿਆਂ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮਾਨ, ਬਾਬਾ ਦਲੇਰ ਸਿੰਘ ਖੇੜੀ ਸਾਹਿਬ, ਅਵਤਾਰ ਸਿੰਘ ਕਰੀਮਪੁਰੀ, ਧਿਆਨ ਸਿੰਘ ਮੰਡ, ਭਾਈ ਹਰਜਿੰਦਰ ਸਿੰਘ ਮਾਂਝੀ, ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਪਾਲ ਸਿੰਘ ਖਹਿਰਾ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਰਣਜੀਤ ਸਿੰਘ, ਬੀਬੀ ਗੁਰਚਰਨ ਕੌਰ ਮੀਤ ਪ੍ਰਧਾਨ ਭਾਜਪਾ ਪੰਜਾਬ, ਸ਼ਾਮ ਲਾਲ ਮੈਂਗੀ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਭਗਵੰਤ ਮਾਨ ਸੰਸਦ ਮੈਂਬਰ, ਸੁੱਚਾ ਸਿੰਘ ਛੋਟੇਪੁਰ, ਕੁਸ਼ਲਦੀਪ ਸਿੰਘ ਢਿੱਲੋਂ, ਸਾਧੂ ਸਿੰਘ ਸੰਸਦ ਮੈਂਬਰ ਫਰੀਦਕੋਟ ਤੇ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ। ਇਸ ਧਰਤੀ 'ਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸੂਰਬੀਰਾਂ ਨੇ ਜਨਮ ਲਿਆ ਹੈ । ਹੁਣ ਵੀ ਪੰਥ ਦੀ ਖਾਤਰ ਸ਼ਹੀਦੀਆਂ ਪਾਉਣ ਵਾਲੇ ਦੋ ਸਿੰਘਾਂ ਨੇ ਆਪਣੇ ਮਾਂ-ਬਾਪ ਦਾ ਸਿਰ ਉੱਚਾ ਕੀਤਾ ਹੈ। ਅਸੀਂ ਇਨ੍ਹਾਂ ਸ਼ਹੀਦਾਂ ਦੇ ਜਨਮ ਦੇਣ ਵਾਲੇ ਮਾਂ-ਬਾਪ ਨੂੰ ਵੀ ਸਲਾਮ ਕਰਦੇ ਹਾਂ।
ਇਸ ਮੌਕੇ ਸਟੇਜ 'ਤੇ ਬਿਰਾਜਮਾਨ ਜਥੇਬੰਦੀਆਂ ਦੇ ਮੁਖੀ ਬਲਜੀਤ ਸਿੰਘ ਦਾਦੂਵਾਲ, ਰਣਜੀਤ ਸਿੰਘ ਢੱਡਰੀਆਂ ਵਾਲੇ, ਅਮਰੀਕ ਸਿੰਘ ਅਜਨਾਲਾ ਤੋਂ ਇਲਾਵਾ ਜਥੇਬੰਦੀਆਂ ਦੇ ਮੁਖੀਆਂ ਨੇ ਪਾਸ ਕੀਤੇ 9 ਮਤੇ ਸੰਗਤਾਂ ਨੂੰ ਪੜ੍ਹ ਕੇ ਸੁਣਾਏ, ਜਿਨ੍ਹਾਂ ਵਿਚ ਇਹ ਪਾਸ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਬੁੱਧੀ ਭ੍ਰਿਸ਼ਟ ਹੋ ਗਈ ਤੇ ਉਹ ਸਿੱਖ ਕੌਮ ਦੇ ਖੂਨ ਦਾ ਪਿਆਸਾ ਹੋ ਗਿਆ ਹੈ, ਜਿਸ ਦੀ ਪਿਆਸ ਬੁਝਾਉਣ ਲਈ ਸਿੱਖਾਂ ਦੀਆਂ ਧਾਰਮਿਕ ਸ਼ਖਸੀਅਤਾਂ, ਪ੍ਰਚਾਰਕ, ਢਾਡੀ-ਢਾਗੀ, ਕਥਾ ਵਾਚਕਾਂ ਅਤੇ ਸਾਬਕਾ ਜਥੇਦਾਰਾਂ ਦਾ ਵਫਦ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਦਲੇਰ ਸਿੰਘ ਖੇੜੀ ਵਾਲੇ, ਭਾਈ ਪੰਥਪ੍ਰੀਤ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿਚ 30 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 11 ਵਜੇ ਇਕੱਠ ਹੋ ਕੇ ਮੁੱਖ ਮੰਤਰੀ ਨੂੰ ਖੂਨ ਪੇਸ਼ ਕਰਨ ਲਈ ਸਮੁੱਚੇ ਰੂਪ ਵਿਚ ਮੁੱਖ ਮੰਤਰੀ ਦੀ ਕੋਠੀ ਲਈ ਰਵਾਨਾ ਹੋਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ-ਸ਼ਹਿਰ, ਕਸਬੇ-ਕਸਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਲਈ 27 ਅਕਤੂਬਰ ਨੂੰ ਆਖੰਡ ਪਾਠ ਸਾਹਿਬ ਆਰੰਭ ਕਰਕੇ 29 ਅਕਤੂਬਰ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਭੋਗ ਪਾਏ ਜਾਣ। ਇਸ ਤੋਂ ਇਲਾਵਾ 3 ਨਵੰਬਰ ਨੂੰ ਪੰਜਾਬ ਦੀਆਂ ਸਮੂਹ ਸੰਗਤਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਆਪੋ-ਆਪਣੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚੋਂ ਸਮੁੱਚੇ ਰੂਪ ਵਿਚ ਬਾਹਰ ਨਿਕਲ ਕੇ ਸੜਕਾਂ ਦੇ ਦੋਵਾਂ ਕਿਨਾਰਿਆਂ 'ਤੇ ਕਾਲੀਆਂ ਝੰਡੀਆਂ ਲੈ ਕੇ ਬਿਨਾਂ ਟਰੈਫਿਕ ਰੋਕਿਆਂ ਸ਼ਾਂਤਮਈ ਰੋਸ ਕਰਨ ਅਤੇ ਸਮੂਹ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕਰਨ । ਇਕੱਠ ਵਿਚ ਐਲਾਨ ਕੀਤਾ ਕਿ ਸਮੂਹ ਸੰਗਤਾਂ ਇਸ ਵਾਰ ਆਪਣੇ ਘਰਾਂ 'ਤੇ ਕਾਲੇ ਝੰਡੇ ਲਾ ਕੇ, ਦੀਵੇ ਨਾ ਜਗਾ ਕੇ ਰੋਸ ਵਜਂੋ ਕਾਲੀ ਦੀਵਾਲੀ ਮਨਾਉਣਗੇ।
ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਵਿਚ ਝੂਠੇ ਕੇਸਾਂ ਵਿਚ ਫੜੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਸਮੇਤ 20-25 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਰਾਜਸੀ ਬੰਦਿਆਂ ਦੀ ਤੁਰੰਤ ਰਿਹਾਈ ਦੀ ਸਰਕਾਰ ਤੋਂ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਜਥੇਦਾਰ ਸੂਰਤ ਸਿੰਘ ਖਾਲਸਾ ਸ਼ਹੀਦ ਹੋ ਜਾਂਦੇ ਹਨ ਤਾਂ ਇਸ ਨੂੰ ਬਾਦਲ ਵੱਲੋਂ ਕੀਤਾ ਗਿਆ ਰਾਜਸੀ ਕਤਲ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਅੱਜ ਸਮੁੱਚੀ ਕੌਮ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵਿਸ਼ਵਾਸ ਉਠ ਗਿਆ ਹੈ, ਇਸ ਲਈ ਤੁਰੰਤ ਦੁਬਾਰਾ ਚੋਣਾਂ ਕਰਵਾਈਆਂ ਜਾਣ, ਕਿਉਂਕਿ ਪੰਜ ਪਿਆਰਿਆਂ ਵੱਲੋਂ ਦਿੱਤੇ ਇਤਿਹਾਸਕ ਫੈਸਲੇ ਪ੍ਰਤੀ ਸਿੱਖ ਕੌਮ ਦਾ ਵਿਸ਼ਵਾਸ ਵਧ ਰਿਹਾ ਹੈ।
ਅਖੀਰਲੇ ਮਤੇ ਵਿਚ ਪੰਥਕ ਇਕੱਠ ਨੇ ਬਾਦਲ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਮੰਗ ਕੀਤੀ ਕਿ ਜੇਕਰ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਘਟਨਾ ਦੇ ਦੋਸ਼ੀ ਨਾ ਫੜੇ ਗਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀ ਨਾ ਫੜੇ ਗਏ, ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੇ ਕਾਤਲ ਨਾਮਜ਼ਦ ਕਰਕੇ ਕਤਲ ਦੇ ਕੇਸ ਵਿਚ ਨਾ ਫੜੇ ਗਏ, ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਕਪੂਰਥਲਾ ਵਿਚ ਗ੍ਰਿਫਤਾਰ ਕੀਤੇ ਗਏ ਨਰਿੰਦਰ ਸਿੰਘ ਖੁਸਰੋਪੁਰ ਅਤੇ ਸਾਥੀਆਂ ਸਮੇਤ 20-25 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਸਿਆਸੀ ਬੰਦੀ ਸਿੱਖਾਂ ਨੂੰ 15 ਨਵੰਬਰ ਤੱਕ ਰਿਹਾਅ ਨਾ ਕੀਤਾ ਗਿਆ, ਉਪਰੋਕਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਸ ਤੋਂ ਬਾਅਦ ਅਕਾਲੀ ਐੱਮ ਪੀ, ਵਿਧਾਇਕਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਰੁੱਧ ਰੋਸ ਪ੍ਰਦਸ਼ਰਨ ਅਤੇ ਘਿਰਾਓ ਸ਼ੁਰੂ ਕੀਤੇ ਜਾਣਗੇ ।
ਦੱਸਣਯੋਗ ਹੈ ਕਿ ਇਸ ਮੌਕੇ ਕਰੀਬ ਇੱਕ ਲੱਖ ਦੇ ਕਰੀਬ ਸੰਗਤਾਂ ਹਾਜ਼ਰ ਸਨ ਅਤੇ ਪੰਜਾਬ ਪੁਲਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਸਟੇਡੀਅਮ ਨੇੜੇ ਪੁਲਸ ਮੁਲਾਜ਼ਮਾਂ ਨੂੰ ਖੜਣ ਤੋਂ ਰੋਕਿਆ ਗਿਆ, ਕਿਉਂਕਿ ਸੰਗਤਾਂ ਵੱਲੋਂ ਥਾਂ-ਥਾਂ 'ਤੇ ਫਲੈਕਸ ਬੋਰਡ ਲਗਾਏ ਗਏ ਸਨ ਕਿ ਇਸ ਸ਼ਰਧਾਂਜਲੀ ਸਮਾਰੋਹ ਵਿਚ ਪੀ ਟੀ ਸੀ ਨਿਊਜ਼, ਪੁਲਸ ਵਾਲੇ ਅਤੇ ਸੀ ਆਈ ਡੀ ਵਾਲੇ ਨਾ ਆਉਣ।

No comments: