Monday, October 19, 2015

ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਡੂੰਘੀ ਰਾਜਸੀ ਸਾਜ਼ਿਸ਼: ਖੱਬਾ ਮੋਰਚਾ


ਜਨਤਕ ਉਭਾਰ ਤਿੱਖਾ ਹੁੰਦੇ ਸਾਰ ਹੁੰਦੀਆਂ ਨੇ ਅਜਿਹੀਆਂ ਘਿਨਾਉਣੀਆਂ ਸਾਜ਼ਿਸ਼ਾਂ
ਜਲੰਧਰ: 18 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬ ਫਿਰ ਲਹੂ ਲੁਹਾਨ ਹੋਣ ਵਾਲੇ ਮਾਹੌਲ ਵੱਲ ਹੈ। ਲੋਕ ਰੋਜ਼ੀ ਰੋਟੀ ਦੇ ਮਸਲਿਆਂ ਵਿੱਚ ਉਲਝੇ ਹੋਏ ਹਨ। ਸਾਰਾ ਸਾਰਾ ਟੱਬਰ ਕੰਮ ਕਰਕੇ ਵੀ ਦੋ ਵਕ਼ਤ ਦੀ ਰੋਟੀ ਬੜੀ ਮੁਸ਼ਕਿਲ ਨਾਲ ਜੁੜਦੀ ਹੈ। ਉੱਪਰੋਂ ਮੁਸੀਬਰ ਇਹ ਕਿ ਪੰਜਾਬ ਵਿੱਚ ਫਿਰ ਗੋਲੀਆਂ ਵਾਲਾ ਮਾਹੌਲ ਬਣ ਗਿਆ ਹੈ।ਪਿਛਲੇ ਕੁਝ ਦਿਨਾਂ ਤੋਂ ਪ੍ਰਾਂਤ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀਆਂ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਉੱਪਰ ਚਾਰ-ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸੀ ਪੀ ਆਈ ਦੇ ਸੂਬਾ ਸਕੱਤਰ ਸਾਥੀ ਹਰਦੇਵ ਅਰਸ਼ੀ, ਸੀ ਪੀ ਆਈ (ਐੱਮ) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਚਰਨ ਸਿੰਘ ਵਿਰਦੀ, ਸੀ ਪੀ ਐੱਮ ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਬਖਤਪੁਰਾ ਨੇ ਜਾਰੀ ਕੀਤੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਇਸ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਨਿਸ਼ਚਿਤ ਰੂਪ 'ਚ ਇਕ ਡੂੰਘੀ ਰਾਜਸੀ ਸਾਜ਼ਿਸ਼ ਹੈ, ਜੋ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਵੱਲ ਸੇਧਿਤ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਨਾ ਕੇਵਲ ਸਿੱਖਾਂ ਲਈ ਬਲਕਿ ਸਮੁੱਚੀ ਮਾਨਵਤਾਵਾਦੀ ਲੋਕਾਈ ਲਈ ਪਵਿੱਤਰ ਅਤੇ ਆਦਰਯੋਗ ਹਨ। ਇਸ ਸੰਦਰਭ 'ਚ ਸ਼ਰਾਰਤੀ ਤੇ ਫੁੱਟਪਾਊ ਅਨਸਰਾਂ ਦੀਆਂ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਨਾਲ ਲੋਕਾਂ ਦੇ ਜਜ਼ਬਾਤਾਂ ਨੂੰ ਭਾਰੀ ਸੱਟ ਵੱਜੀ ਹੈ। ਕਮਿਊਨਿਸਟ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਕੁਕਰਮਾਂ ਨੂੰ ਰੋਕਣ ਲਈ ਸੰਬੰਧਤ ਦੋਸ਼ੀ ਵਿਅਕਤੀਆਂ ਦੀ ਤੁਰੰਤ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਢੁੱਕਵੀਆਂ ਸਜ਼ਾਵਾਂ ਦੇ ਭਾਗੀ ਬਣਾਇਆ ਜਾਵੇ। ਇਹਨਾਂ ਆਗੂਆਂ ਨੇ ਕਿਹਾ ਕਿ ਜਦੋਂ ਵੀ ਹਾਕਮਾਂ ਦੀਆਂ ਲੋਕਮਾਰੂ ਨੀਤੀਆਂ ਵਿਰੁੱਧ ਜਨਤਕ ਉਭਾਰ ਤਿੱਖਾ ਹੁੰਦਾ ਹੈ, ਉਦੋਂ ਹੀ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਹਕੀਕੀ ਮੁਸ਼ਕਲਾਂ ਤੋਂ ਲਾਂਭੇ ਲਿਜਾਣ ਲਈ ਅਜਿਹੀਆਂ ਘਿਨਾਉਣੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਹਨ। ਇਹਨਾਂ ਹਾਲਾਤਾਂ 'ਚ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਵਾਸੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਪ੍ਰਾਂਤ ਦੀ ਅਮਨ-ਸ਼ਾਂਤੀ ਦੀ ਰਾਖੀ ਲਈ ਅਜਿਹੇ ਫੁੱਟਪਾਊ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਪ੍ਰਤੀ ਮੁਕੰਮਲ ਚੌਕਸੀ ਤੋਂ ਕੰਮ ਲਿਆ ਜਾਵੇ ਅਤੇ ਭਾਈਚਾਰਕ ਸਦਭਾਵਨਾ ਦੀਆਂ ਆਪਣੀਆਂ ਸ਼ਾਨਦਾਰ ਰਵਾਇਤਾਂ ਦੀ ਰਾਖੀ ਕਰਨ ਅਤੇ ਉਹਨਾਂ ਨੂੰ ਹੋਰ ਬੁਲੰਦ ਕਰਨ ਲਈ ਸਭ ਸੰਭਵ ਯਤਨ ਕੀਤੇ ਜਾਣ। ਹੁਣ ਦੇਖਣਾ ਹੈ ਕਿ ਤਕਰੀਬਨ ਦੋ ਦਹਾਕਿਆਂ ਤੱਕ ਖੂਨਖਰਾਬਾ ਦੇਖ ਚੁੱਕੇ ਲੋਕ ਸਮਝਦਾਰੀ ਤੋਂ ਕੰਮ ਲੈਂਦੇ ਹਨ ਜਾਂ ਸਾਜ਼ਿਸ਼ੀ ਹਵਾਵਾਂ ਫਿਰ ਕੋਈ ਨਵੀਂ ਚਾਲ ਚੱਲਣ ਵਿੱਚ ਕਾਮਯਾਬ ਰਹਿੰਦੀਆਂ ਹਨ। 
 

No comments: