Monday, October 26, 2015

ਲੋਕਾਂ ’ਚ ਪੁਲੀਸ ਦੇ ਵਿਸ਼ਵਾਸ ਦੀ ਬਹਾਲੀ ਨੂੰ ਪਹਿਲੀ ਤਰਜੀਹ: ਅਰੋੜਾ

 ਬਰਗਾੜੀ ਕਾਂਡ ਦੀ ਜਾਂਚ ਨਿਰਪੱਖ ਤੇ ਪਾਰਦਰਸ਼ੀ ਹੋਵੇਗੀ
ਚੰਡੀਗੜ੍ਹ: 25 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬ ਦੇ ਪੁਲਿਸ ਪ੍ਰਸ਼ਾਸਨ ਵਿੱਚ ਅਹਿਮ ਰੱਦੋਬਦਲ ਮਗਰੋਂ ਘਟਨਾਕ੍ਰਮ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਦੇਸ਼ 'ਤੇ ਅੱਜ ਪੰਜਾਬ ਪੁਲਸ ਮੁਖੀ ਸੁਮੇਧ ਸਿੰਘ ਸੈਣੀ ਦੀ ਥਾਂ ਸੁਰੇਸ਼ ਅਰੋੜਾ ਨੂੰ ਪੰਜਾਬ ਪੁਲਸ ਦਾ ਮੁਖੀ ਨਿਯੁਕਤ ਕਰ ਦਿੱਤਾ ਹੈ। ਸੁਰੇਸ਼ ਅਰੋੜਾ ਨੇ ਸ਼ਾਮੀਂ ਆਪਣਾ ਨਵਾਂ ਅਹੁਦਾ ਸੰਭਾਲ ਲਿਆ। ਉਹ ਪਹਿਲਾਂ ਵਿਜੀਲੈਂਸ ਵਿਚ ਚੀਫ਼ ਡਾਇਰੈਕਟਰ ਵਜੋਂ ਤੈਨਾਤ ਸਨ।
ਪੰਜਾਬ ਸਰਕਾਰ ਵੱਲੋਂ ਵਿਵਾਦਤ ਪੁਲੀਸ ਅਧਿਕਾਰੀ ਸੁਮੇਧ ਸਿੰਘ ਸੈਣੀ ਦੀ ਡੀਜੀਪੀ ਦੇ ਅਹੁਦੇ ਤੋਂ ਛੁੱਟੀ ਅਤੇ ਸੁਰੇਸ਼ ਅਰੋੜਾ ਨੂੰ ਪੰਜਾਬ ਪੁਲੀਸ ਦਾ ਨਵਾਂ ਮੁਖੀ ਨਿਯੁਕਤ ਕਰਨਾ ਇੱਕ ਵੱਡੀ ਪ੍ਰਸ਼ਾਸਕੀ ਤਬਦੀਲੀ ਦੇ ਕਦਮ ਵੱਜੋਂ ਸਾਹਮਣੇ ਆਈ ਹੈ। ਰਾਜ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਵਾਪਰ ਰਹੀਆਂ ਘਟਨਾਵਾਂ ਅਤੇ ਅਰਾਜਕਤਾ ਵਰਗੇ ਮਾਹੌਲ ਕਾਰਨ ਇਹ ਕਦਮ ਚੁੱਕਿਆ ਗਿਆ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ’ਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਇਸ ਘਟਨਾ ਖ਼ਿਲਾਫ਼ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ਉਤੇ ਪਿੰਡ ਬਹਿਬਲ ਕਲਾਂ ’ਚ ਗੋਲੀ ਚਲਾਉਣ ਤੋਂ ਬਾਅਦ ਸਮੁੱਚਾ ਪੁਲੀਸ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਸੀ। ਸ੍ਰੀ ਅਰੋੜਾ ਨੇ ਆਪਣਾ ਅਹੁਦਾ ਸੰਭਾਲਣ ਬਾਅਦ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰਾਜ ’ਚ ਕਾਨੂੰਨ ਵਿਵਸਥਾ ਅਤੇ ਪ੍ਰਸ਼ਾਸਕੀ ਕੰਮਾਂ ਦਾ ਜਾਇਜ਼ਾ ਲਿਆ। ਪੁਲੀਸ ’ਚ ਹੋਰ ਵੀ ਵੱਡਾ ਫੇਰਬਦਲ ਹੋਣ ਦੇ ਆਸਾਰ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਪਿਛਲੇ ਦਿਨਾਂ ਤੋਂ ਸ੍ਰੀ ਸੈਣੀ ’ਤੇ ਨਿਸ਼ਾਨਾ ਸੇਧਿਆ ਹੋਇਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਉਤੇ ਡੀਜੀਪੀ ਬਦਲਣ ਲਈ ਭਾਰੀ ਦਬਾਅ ਸੀ। ਸ੍ਰੀ ਸੈਣੀ ਨੂੰ ਕਾਫੀ ਲੰਮੇ ਸਮੇਂ ਤੋਂ ਮੁੱਖ ਮੰਤਰੀ ਦਾ ‘ਚਹੇਤਾ’ ਮੰਨਿਆ ਜਾਂਦਾ ਸੀ। ਸੂਤਰਾਂ ਮੁਤਾਬਕ ਸ਼ਨਿਚਰਵਾਰ ਨੂੰ ਮੀਡੀਆ ਨਾਲ ਸਬੰਧਤ ਜਲੰਧਰ ਦੇ ਇੱਕ ਪ੍ਰਭਾਵਸ਼ਾਲੀ ਵਿਅਕਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨੇ ਮੁੱਖ ਮੰਤਰੀ ਨਾਲ ਲੰਮਾ ਸਮਾਂ ਗੁਪਤ ਮੀਟਿੰਗ ਕਰਕੇ ਪੁਲੀਸ ਮੁਖੀ ਦੇ ਤਬਾਦਲੇ ਵਿੱਚ ਅਹਿਮ ਭੂਮਿਕਾ ਨਿਭਾਈ। ਮੁੱਖ ਮੰਤਰੀ ਦੇ ਗ੍ਰਹਿ ਵਿਖੇ ਹੋਈ ਇਸ ਮੀਟਿੰਗ ’ਚ ਪੰਜਾਬ ਪੁਲੀਸ ਦੀ ਕਾਰਜਪ੍ਰਣਾਲੀ ਕਾਰਨ ਸਰਕਾਰ ਦੇ ਵਿਗੜ ਰਹੇ ਅਕਸ ’ਤੇ ਚਰਚਾ ਹੋਈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸ੍ਰੀ ਸੈਣੀ ਨੂੰ ਬਦਲਣ ਦਾ ਮਨ ਬਣਾ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀਆਂ ਮੀਟਿੰਗਾਂ ਵਿੱਚ ਵੀ ਪੁਲੀਸ ਮੁਖੀ ਦੇ ਤਬਾਦਲੇ ਦੀ ਗੱਲ ਕਈ ਵਾਰੀ ਚੱਲੀ ਸੀ। ਪੁਲੀਸ ਦੇ ਖ਼ੁਫੀਆ ਵਿੰਗ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਅਕਾਲੀ ਆਗੂਆਂ ਨੇ ਸ੍ਰੀ ਸੈਣੀ ’ਤੇ ਨਿਸ਼ਾਨਾ ਸੇਧਿਆ ਸੀ। ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਸ੍ਰੀ ਸੈਣੀ ਨੂੰ ਮਾਰਚ, 2012 ਵਿੱਚ ਡੀਜੀਪੀ ਨਿਯੁਕਤ ਕੀਤਾ ਸੀ। ਇਸ ਨਿਯੁਕਤੀ ਦਾ ਤਿੱਖਾ ਵਿਰੋਧ ਵੀ ਹੋਇਆ ਸੀ ਪਰ ਸਰਕਾਰ ਨੇ ਇਸਦੀ ਕੋਈ ਪ੍ਰਵਾਹ ਨਹੀਂ ਕੀਤੀ। ਨਿਯੁਕਤੀ ਤੋਂ ਬਾਅਦ ਵੀ ਬਾਦਲ ਪਰਿਵਾਰ ਇਸ ਆਲੋਚਨਾ ਦਾ ਨਿਸ਼ਾਨਾ ਬਣਦਾ ਰਿਹਾ। ਇਸ ਸਾਢੇ ਤਿੰਨ ਸਾਲਾਂ ਦੇ ਸਮੇਂ ਦੌਰਾਨ ਪੁਲੀਸ ਦੀ ਕਾਰਗੁਜ਼ਾਰੀ ’ਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਹਨ। ਇਹ ਇੱਕ ਅਜਿਹਾ ਸਮਾਂ ਸੀ ਜਦੋਂ ਪੰਜਾਬ ਸਰਕਾਰ ਨੇ ਵੱਖ ਵੱਖ ਵਿਵਾਦਾਂ ਕਾਰਨ ਐਸਐਸਪੀ ਰੈਂਕ ਦੇ ਚਾਰ ਅਧਿਕਾਰੀਆਂ ਨੂੰ ਮਅੱਤਲ ਕੀਤਾ। ਡੀਜੀਪੀ ਦੇ ਕੰਮ ਕਰਨ ਦੇ ਢੰਗ ’ਤੇ ਵੀ ਅਕਸਰ ਕਈ ਵਾਰ ਕਿੰਤੂ ਪ੍ਰੰਤੂ ਹੁੰਦਾ ਰਿਹਾ ਹੈ। ਇਸ ਤਰ੍ਹਾਂ ਨਾਲ ਪੁਲੀਸ ਦੀ ਕਾਰਗੁਜ਼ਾਰੀ ’ਤੇ ਪੂਰੀ ਤਰ੍ਹਾਂ ਸਵਾਲੀਆ ਨਿਸ਼ਾਨ ਲੱਗਾ ਹੋਇਆ ਸੀ। ਪਿੰਡ ਬਰਗਾੜੀ 'ਚ ਹੋਈ ਫਾਇਰਿੰਗ ਦੀ ਘਟਨਾ ਤੋਂ ਬਾਅਦ ਹਾਲਾਤ ਨੇ ਤਿੱਖਾ ਮੋੜ ਕੱਟਿਆ। 
ਸੈਣੀ ਨੂੰ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦਾ ਮੁਖੀ ਲਾਇਆ: ਡੀਜੀਪੀ ਵੱਜੋਂ ਨਾਵ ਨਿਯੁਕਤ ਸ੍ਰੀ ਸੁਰੇਸ਼ ਅਰੋੜਾ 1982 ਬੈਚ ਦੇ ਆਈਪੀਅੈਸ ਅਧਿਕਾਰੀ ਹਨ ਅਤੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਹੇ ਸਨ। ਉਹ ਇਸ ਤੋਂ ਪਹਿਲਾਂ ਖ਼ੁਫੀਆ ਵਿੰਗ ਦੇ ਮੁਖੀ ਦੇ  ਅਹੁਦੇ ’ਤੇ ਵੀ ਰਹਿ ਚੁੱਕੇ ਹਨ। ਸ੍ਰੀ ਅਰੋੜਾ ਨੇ ਜਲੰਧਰ, ਪਟਿਆਲਾ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਚੰਡੀਗੜ੍ਹ ਦੇ ਐਸਐਸਪੀ ਵਜੋਂ ਵੀ ਸੇਵਾ ਨਿਭਾਈ ਹੈ। ਉਹ ਜਲੰਧਰ ਅਤੇ ਲੁਧਿਆਣਾ ਰੇਂਜਾਂ ਦੇ ਡੀਆਈਜੀ ਵੀ ਰਹੇ ਹਨ। ਦਿਲਚਸਪ ਇਤਫਾਕ਼ ਹੈ ਕ਼ੀ ਸ੍ਰੀ ਸੈਣੀ ਵੀ 1982 ਬੈਚ ਦੇ ਹੀ ਆਈਪੀਐਸ ਅਧਿਕਾਰੀ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਹੁਣ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦਾ ਮੁਖੀ ਲਾਇਆ ਹੈ।
ਲੋਕਾਂ ’ਚ ਪੁਲੀਸ ਦੇ ਵਿਸ਼ਵਾਸ ਦੀ ਬਹਾਲੀ ਨੂੰ ਪਹਿਲੀ ਤਰਜੀਹ: ਅਰੋੜਾ
ਨਿਯੁਕਤੀ ਮਗਰੋਂ ਟੀਵੀ ਚੈਨਲਾਂ ਉੱਪਰ ਛਾਏ ਹੋਏ ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਲੋਕਾਂ ’ਚ ਪੁਲੀਸ ਦਾ ਵਿਸ਼ਵਾਸ ਬਹਾਲ ਕਰਨਾ, ਕਾਨੂੰਨ ਵਿਵਸਥਾ ਨੂੰ ਲੀਹ ’ਤੇ ਲਿਆਉਣਾ, ਵਿਭਾਗ ਦੇ ਕੰਮ ਵਿੱਚ ਪਾਦਰਸ਼ਤਾ ਲਿਆਉਣਾ ਅਤੇ ਲੋਕਾਂ ਨੂੰ ਇਨਸਾਫ਼ ਦੇਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਅਹੁਦਾ ਸੰਭਾਲਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਹ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦਾ ਯਤਨ ਕਰਨਗੇ। ਸ੍ਰੀ ਅਰੋੜਾ ਨੇ ਕਿਹਾ ਕਿ ਬਰਗਾੜੀ ਕਾਂਡ ਦੀ ਜਾਂਚ ਨਿਰਪੱਖ ਤੇ ਪਾਰਦਰਸ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਅਫ਼ਸਰਾਂ ਨਾਲ ਜ਼ਿਲ੍ਹਾ ਪੱਧਰ ’ਤੇ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਇਸ ਦੀ ਸ਼ੁਰੂਆਤ ਭਲਕੇ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ। ਉਨ੍ਹਾਂ ਮੀਡੀਆ ਨੂੰ ਕਿਹਾ, "ਮੈਨੂੰ ਥੋੜ੍ਹਾ ਸਮਾਂ ਦਿਓ ਫਿਰ ਫਰਕ ਮਹਿਸੂਸ ਕਰੋਗੇ।" ਹੁਣ ਦੇਖਣਾ ਹੈ ਕਿ ਪੁਲਿਸ ਵਿੱਚ ਸਿਆਸੀ ਦਖਲ ਤੋਂ ਪਰੇਸ਼ਾਨ ਹੋਏ ਆਮ ਲੋਕ ਇਹ ਫਰਕ ਕਦੋਂ ਤੱਕ ਮਹਿਸੂਸ ਕਰਦੇ ਹਨ?

No comments: