Monday, October 05, 2015

ਮਾਮੂਲੀ ਗੱਲ ਨਹੀਂ ਹੈ ਮੀਡੀਆ 'ਤੇ ਵਧ ਰਹੇ ਹਮਲੇ

ਲੋਕ-ਹੱਕਾਂ ਲਈ ਉਠਦੀਆਂ ਆਵਾਜ਼ਾਂ ਨੂੰ ਬੰਦ ਕਰਨ ਦੀ ਸਾਜਿਸ਼ ਨੇ ਇਹ ਹਮਲੇ 
ਲੁਧਿਆਣਾ: 5 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਪੱਤਰਕਾਰਾਂ ਦੇ ਖਿਲਾਫ਼ ਹਿੰਸਾ ਲਗਾਤਾਰ ਵਧ ਰਹੀ ਹੈ। ਕਦੇ ਕਿਸੇ ਪੱਤਰਕਾਰ ਨੂੰ ਸਾੜ ਦਿੱਤਾ ਜਾਂਦਾ ਹੈ, ਕਦੇ ਕਿਸੇ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਅਤੇ ਕਦੇ ਕਿਸੇ ਨੂੰ ਸੜਕ ਹਾਦਸੇ ਰਾਹੀਂ ਸਦਾ ਦੀ ਨੀਂਦ ਸੁਆ ਦਿੱਤਾ ਜਾਂਦਾ ਹੈ। ਕਸੂਰ ਸਿਰਫ ਏਨਾ ਕਿ ਜਾਗਦੀ ਜ਼ਮੀਰ ਦੀ ਆਵਾਜ਼ ਕਾਰਣ ਉਸਨੇ ਕੁਰੱਪਸ਼ਨ ਨਾਲ ਭਰੇ ਸਿਸਟਮ ਦੀਆਂ ਧਮਕੀਆਂ ਅਤੇ ਲਾਲਚਾਂ ਵਾਲੀਆਂ ਆਵਾਜ਼ਾਂ ਨਹੀਂ ਸੁਣੀਆਂ ਹੁੰਦੀਆਂ ਜਾਂ ਸੁਣ ਕੇ ਵੀ ਅਣਸੁਣੀਆਂ ਕੀਤੀਆਂ ਹੁੰਦੀਆਂ ਹਨ। ਅੱਖੀਂ ਦੇਖਿਆ ਸਚ, ਕੰਨੀ ਸੁਣੇ ਬੋਲ ਉਸ ਨੇ ਬਿਨਾ ਲਿਹਾਜ਼ ਬਿਆਨ ਕੀਤੇ ਹੁੰਦੇ ਹਨ। ਇਸ ਜੁਰਮ ਦੀ ਸਜ਼ਾ ਉਸਨੂੰ ਬਾਰ ਬਾਰ ਦਿੱਤੀ ਜਾਂਦੀ ਹੈ। ਕਦੇ ਕਿਸੇ ਚੈਨਲ ਦੇ ਪੱਤਰਕਾਰ ਉੱਪਰ ਹਮਲਾ ਕੀਤਾ ਜਾਂਦਾ ਹੈ ਅਤੇ ਕਦੇ ਕਿਸੇ ਬਲਾਗਰ ਉੱਪਰ। ਅੱਜ ਜਿਸ ਸਮਾਜ ਵਿੱਚ ਅਸੀਂ ਵਿਚਰ ਰਹੇ ਹਾਂ ਉਸਦੇ ਠੇਕੇਦਾਰਾਂ ਦੇ ਹੱਥ ਪੱਤਰਕਾਰਾਂ ਦੇ ਖੂਨ ਨਾਲ ਰੰਗੇ ਹੋਏ ਹਨ। ਅਫਸੋਸ ਹੈ ਕਿ ਸਮਾਜ ਚੁੱਪ ਹੈ। ਸਿੱਟੇ ਵੱਜੋਂ ਇਸ ਤਰਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਹੁਣ ਨਵੀਂ ਵਾਰਦਾਤ ਹੋਈ ਹੈ ਸਾਹਨੇਵਾਲ ਵਿੱਚ ਜਿੱਥੇ ਜਗਬਾਣੀ ਦੇ ਰਿਪੋਰਟਰ ਰਵੀ ਭਾਟੀਆ ਦੀ ਕੁੱਟਮਾਰ ਕੀਤੀ ਗਈ ਹੈ। ਇਸ ਮਾਮਲੇ ਪਿਛੇ ਜ਼ਿਲਾ ਪ੍ਰੀਸ਼ਦ ਦੇ ਇੱਕ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਦਾ ਹੱਥ ਦੱਸਿਆ ਗਿਆ ਹੈ। ਇਸਦੇ ਖਿਲਾਫ਼ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਪੱਤਰਕਾਰ ਭਾਈਚਾਰਾ 6 ਅਕਤੂਬਰ ਨੂੰ ਡੀਸੀ ਦਫਤਰ ਸਾਹਮਣੇ ਇਕੱਤਰ ਹੋ ਰਿਹਾ ਹੈ। ਦੇਖਦੇ ਹਾਂ ਦੋਸ਼ੀ ਦੇ ਖਿਲਾਫ਼ ਕੀ ਐਕਸ਼ਨ ਲਿਆ ਜਾਂਦਾ ਹੈ। ਸਭ ਨੂੰ ਅਪੀਲ ਹੈ ਕਿ ਵਧ ਚੜ੍ਹ ਕੇ ਪੁੱਜੋ। ਅੱਜ ਜੇ ਤੁਸੀਂ ਅਜਿਹੀਆਂ ਖਬਰਾਂ ਨੂੰ ਨਜ਼ਰੰਦਾਜ਼ ਕਰ ਦਿੱਤਾ ਤਾਂ ਤੁਹਾਡੇ ਦੁੱਖ ਵਿੱਚ ਬੋਲਣ ਵਾਲੀਆਂ , ਤੁਹਾਡੇ ਹੱਕ ਵਿੱਚ ਬੋਲਣ ਵਾਲੀਆਂ ਆਵਾਜ਼ਾਂ ਮੁੱਕ ਮੁਕਾ ਜਾਣਗੀਆਂ। ਇਸ ਲਈ ਸਾਰਾ ਭਾਈਚਾਰਾ ਸਾਰੇ ਮਤਭੇਦਾਂ ਨੂੰ ਭੁਲਾ ਕੇ ਆਪਣੀ ਇੱਕਜੁੱਟਤਾ ਦਾ ਸਬੂਤ ਦੇਵੇ। 

No comments: