Sunday, October 25, 2015

ਹੈਵਨਲੀ ਪੈਲੇਸ ਪਹੁੰਚ ਕੇ ਜਾਗਦੀ ਹੈ ਅੰਤਲੀ ਉਮਰ ਦੀ ਅਸਲੀ ਤਾਕ਼ਤ

ਜਿੱਥੇ ਬੁਢਾਪਾ ਬੇਬਸੀ ਭਰਿਆ ਅੰਤ ਨਹੀਂ ਬਲਕਿ ਇੱਕ ਨਵੀਂ ਸ਼ੁਰੁਆਤ ਬਣਦਾ ਹੈ 
ਦੋਰਾਹਾ (ਲੁਧਿਆਣਾ): 24 ਅਕਤੂਬਰ 2015: (ਰੈਕਟਰ ਕਥੂਰੀਆ):

ਜਦੋਂ ਵਿਅਕਤੀ ਬਜੁਰਗ ਹੁੰਦਾ ਹੈ ਤਾਂ ਬਹੁਤ ਕੁਝ ਉਸਦੇ ਬਾਹਰ ਵਾਪਰਦਾ ਹੈ ਜਿਹੜਾ ਉਸਦੇ ਸਰੀਰ ਤੋਂ ਦੇਖਿਆ ਜਾ ਸਕਦਾ ਹੈ ਪਰ ਬਹੁਤ ਕੁਝ ਉਸਦੇ ਅੰਦਰ ਵੀ ਵਾਪਰਦਾ ਹੈ ਜਿਸਨੂੰ ਦੇਖਣਾ ਆਸਾਨ ਨਹੀਂ ਹੁੰਦਾ। ਇਸ ਅਸੰਭਵ ਵਰਗੇ ਕੰਮ ਨੂੰ ਆਸਾਨ ਬਣਾਇਆ ਜਾਂਦਾ ਹੈ ਦੋਰਾਹਾ ਨੇੜੇ ਸਥਿਤ ਹੈਵਨਲੀ ਪੈਲੇਸ ਵਿੱਚ। ਉਹ ਥਾਂ ਜਿੱਥੇ ਉਮਰ ਦੇ ਆਖਰੀ ਪੜਾਅ ਵਿੱਚ ਜਾ ਕੇ ਹੁੰਦੀ ਹੈ ਇੱਕ ਨਵੀਂ ਸ਼ੁਰੁਆਤ। ਜਦੋਂ ਮਨ ਦਾ ਅਨੁਭਵ ਕੁਝ ਨਵਾਂ ਕਰਨਾ ਲੋਚਦਾ ਹੈ ਪਰ ਸਮਾਜ ਆਖਦਾ ਹੈ ਹੁਣ ਇਹ ਸਠਿਆ ਗਿਆ ਹੈ। ਸੱਤਰਾ-ਬਹੱਤਰਾ ਹੋ ਗਿਆ ਹੈ। ਘਰ ਦੇ ਬੱਚੇ ਆਖਦੇ ਹਨ ਇਹਨਾਂ ਪੁਰਾਣੇ ਲੋਕਾਂ ਨੂੰ ਕੀ ਪਤਾ ਅੱਜ ਦਾ ਯੁਗ ਕੀ ਹੁੰਦਾ ਹੈ।  ਉਦੋਂ ਆਲੀਸ਼ਾਨ ਮਹਿਲਾਂ ਵਰਗੇ ਘਰ ਖਾਣ ਨੂੰ ਆਉਂਦੇ ਹਨ ਜਦੋਂ ਉਹਨਾਂ ਘਰਾਂ ਵਿੱਚ ਸਭ ਕੁਝ ਹੁੰਦਾ ਹੈ ਪਰ ਉਹਨਾਂ ਬਜੁਰਗਾਂ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਹੁੰਦਾ। ਓਹ ਆਪਣੀਆਂ ਗਲਤੀਆਂ, ਆਪਣੀਆਂ ਪ੍ਰਾਪਤੀਆਂ ਅਤੇ ਅਨੁਭਵਾਂ ਬਾਰੇ ਇਕੱਤਰ ਕੀਤੀ ਦੌਲਤ ਵੰਡਣਾ ਚਾਹੁੰਦੇ ਹਨ ਪਰ ਉਸ ਅਨਮੋਲ ਦੌਲਤ ਨੂੰ ਕਬਾੜ ਸਮਝ ਕੇ ਦੁਰਕਾਰ ਦਿੱਤਾ ਜਾਂਦਾ ਹੈ। ਸਾਰੀ ਉਮਰ ਆਪਣੇ ਬੱਚਿਆਂ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਉਣ ਵਾਲੇ ਜਦੋਂ ਖੁਦ ਤੁਰਨੋ ਆਰੀ ਹੁੰਦੇ ਨੇ ਤਾਂ ਮਸਾਂ ਕੋਈ ਸਹਾਰਾ ਮਿਲਦਾ ਹੈ ਉਹ ਵੀ ਕਿਸੇ ਸੋਟੀ ਦਾ ਤੇ ਕਿਆ ਵਾਰ ਉਹ ਵੀ ਨਹੀਂ। ਬੇਬਸੀ ਅਤੇ ਮਜਬੂਰੀ ਵਾਲੀ ਇਸ ਅਵਸਥਾ ਨੂੰ ਇੱਕ ਨਵੀਂ ਤਾਕਤ ਵਿੱਚ ਬਦਲਿਆ ਹੈ ਜਨਾਬ ਅਨਿਲ ਮੋਂਗਾ ਨੇ ਦੋਰਾਹਾ ਨੇੜੇ ਹੈਵਨਲੀ ਪੈਲੇਸ ਬਣਾ ਕੇ। ਮੈਂ ਪੈਸੇ ਦੀ ਵਰਤੋਂ ਅਤੇ ਕੁਵਰਤੋਂ ਬੜੇ ਮਾਮਲਿਆਂ ਵਿੱਚ ਦੇਖੀ ਹੈ ਪਰ ਅਜਿਹੀ ਸੁਚੱਜੀ ਵਰਤੋਂ ਸ਼ਾਇਦ ਪਹਿਲੀ ਵਾਰ। 
ਇਥੇ ਪਹੁੰਚ ਕੇ ਪਤਾ ਲੱਗਦਾ ਹੈ ਕਿ ਬੁਢਾਪਾ ਉਹ ਅਵਸਥਾ ਹੈ ਜਿਸ ਵਿੱਚ ਸਾਰੀ ਜ਼ਿੰਦਗੀ ਦੇ ਅਨੁਭਵਾਂ ਦਾ ਨਿਚੋੜ ਜਮਾ ਹੋਇਆ ਹੁੰਦਾ ਹੈ। ਜੇ ਇਹ ਅੰਮ੍ਰਿਤ ਕਿਸੇ ਨੂੰ ਨਸੀਬ ਹੋ ਜਾਵੇ ਤਾਂ ਉਹ ਦੁਨੀਆ ਲਈ ਇੱਕ ਨਵਾਂ ਰਾਹ ਦਸੇਰਾ ਬਣ ਜਾਂਦਾ ਹੈ। ਇਥੇ ਆ ਕੇ ਮਿਲਦਾ ਹੈ ਉਹ ਗੁਰ ਜਿਸ ਨਾਲ ਪਤਾ ਲੱਗਦਾ ਹੈ ਜਦੋਂ ਗੋਡਿਆਂ ਦੀ ਤਾਕਤ, ਮੋਢਿਆਂ ਦੀ ਤਾਕਤ, ਸਰੀਰ ਦੀ ਤਾਕਤ ਜੁਆਬ ਦੇ ਜਾਂਦੀ ਹੈ ਉਦੋਂ ਜ਼ਿੰਦਗੀ ਦੀ ਸਭ ਤੋਂ ਵੱਡੀ ਅਤੇ ਉੱਚੀ ਛਲਾਂਗ ਕਿਵੇਂ ਲਾਈ ਜਾਂਦੀ ਹੈ। 

ਕਿਸੇ ਵੇਲੇ ਪ੍ਰੋਫੈਸਰ ਰਣਧੀਰ ਸਿੰਘ ਚੰਦ ਹੁਰਾਂ ਨੇ ਲਿਖਿਆ ਸੀ--
ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ,
ਤੇਰਾ ਗਮ ਕਤਰੇ ਜਿਹਾ ਸੀ, ਹੁਣ ਸਮੁੰਦਰ ਹੋ ਗਿਆ !
ਇਹ ਆਲੀਸ਼ਾਨ ਰਹਿਣ ਸਹਿਣ ਵਾਲਾ ਕੁਦਰਤ ਮਾਹੌਲ ਦੱਸਦਾ ਹੈ ਕਿ ਇਥੇ ਆਏ ਇੱਕਲੇ ਇੱਕਲੇ ਵਿਅਕਤੀ ਜਾਂ ਜੋੜੇ ਦਾ ਪਰਿਵਾਰ ਹੁਣ ਕਿੰਨਾ ਵੱਡਾ ਹੋ ਗਿਆ ਹੈ। ਇਥੇ ਆ ਕੇ ਪਤਾ ਲੱਗਦਾ ਹੈ ਜਦੋਂ ਲੋਕ ਬੇਬਸੀ ਵਿੱਚ ਮੌਤ ਨੂੰ ਤਰਸਦੇ ਹਨ ਉਦੋਂ ਜ਼ਿੰਦਗੀ ਦੇ ਰੰਗਾਂ ਨੂੰ ਮਾਣਦਿਆਂ ਕਿਸ ਤਰਾਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਵਿੱਚ ਵੀ ਜ਼ਿੰਦਗੀ ਲਭੀ ਜਾਂਦੀ ਹੈ।
  
ਅੱਜ ਜਦੋਂ ਮੈਂ ਇੱਕ ਅਚਾਨਕ ਬਣੇ ਪ੍ਰੋਗਰਾਮ ਦੌਰਾਨ ਇਹਨਾਂ  ਬਜੁਰਗਾਂ ਦੀਆਂ ਰੰਗਾਰੰਗ ਆਈਟਮਾਂ ਦੇਖੀਆਂ ਤਾਂ ਪਤਾ ਲੱਗਿਆ ਕਿ ਅਲ੍ਹੜ ਨਦੀਆਂ ਵਰਗੇ ਜਵਾਨੀ ਦੇ ਜੋਸ਼ ਨੂੰ ਕੀ ਪਤਾ ਕਿ ਇਥੇ ਤਾਂ ਸਮੁੰਦਰਾਂ ਦੀ ਡੂੰਘਾਈ ਹੈ ਅਤੇ ਸਮੁੰਦਰਾਂ ਵਾਲੇ ਜਵਾਰਭਾਟੇ ਵੀ। ਇਹਨਾਂ ਸਮੁੰਦਰਾਂ ਵਿੱਚ ਕਈ ਨਦੀਆਂ ਵਿੱਚ ਕਈ ਨਦੀਆਂ ਸਮਾਈਆਂ ਹੋਈਆਂ ਹਨ। ਇਹਨਾਂ ਸਮੁੰਦਰਾਂ ਵਿੱਚ ਉਤਰਨਾ ਆਸਾਨ ਨਹੀਂ ਬਲਕਿ ਜੇ ਕੋਈ ਸਫਲਤਾ ਨਾਲ ਗੋਤਾ ਲਾ ਲਵੇ ਤਾਂ ਉਸਨੂੰ ਮਿਲ ਸਕਦਾ ਹੈ ਅਨਮੋਲ ਖਜ਼ਾਨਾ।

ਬੇਲਨ ਬ੍ਰਿਗੇਡ ਦੀ ਸੁਪਰੀਮੋ ਅਨੀਤਾ ਸ਼ਰਮਾ ਆਪਣੀ ਟੀਮ ਸਮੇਤ ਉਚੇਚੇ ਤੌਰ ਤੇ ਸਮਾਂ ਕਢ ਕੇ ਇਹਨਾਂ ਬਜੁਰਗਾਂ ਦਾ ਆਸ਼ੀਰਵਾਦ ਲੈਣ ਲਈ ਪੁੱਜੀ ਉਹਨਾਂ ਦੀ ਟੀਮ ਵਿੱਚ ਸ਼ਾਮਿਲ ਦਿਲਜੋਤ ਸ਼ੀਬਾ ਅਤੇ ਕਾਰਤਿਕਾ ਸ਼ੈਲੀ ਵੀ ਉਹਨਾਂ ਦੇ ਨਾਲ ਸਨ।ਉਹਨਾਂ ਇਸ ਸਾਰੇ ਕੰਪਲੈਕਸ ਨੂੰ ਨੇੜਿਓਂ ਹੋ ਕੇ ਦੇਖਿਆ ਅਤੇ ਇਸਦੇ ਸੰਚਾਲਕ ਸ਼੍ਰੀ ਅਨਿਲ ਮੋਂਗਾ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਵਧਾਈ ਦਿੱਤੀ। ਇਸ ਮੌਕੇ ਆਏ ਹੋਏ ਸਨ ਦੂਰਦਰਸ਼ਨ  ਕੇਂਦਰ ਜਲੰਧਰ ਦੇ ਡਾਇਰੈਕਟਰ ਸ਼੍ਰੀ ਓਮ ਗੌਰੀ ਦੱਤ ਸ਼ਰਮਾ ਜਿਹਨਾਂ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਲੰਮੇ ਸਮੇਂ ਤਕ ਉਹਨਾਂ ਨਾਲ ਦਿਲ ਦੀਆਂ ਗੱਲਾਂ ਵੀ ਕੀਤੀਆਂ। ਇਹ ਦਿਲਕਸ਼ ਅਸਥਾਨ 14 ਏਕੜ ਤੋਂ ਵੀ ਵਧ ਇਲਾਕੇ ਵਿੱਚ ਬਣਿਆ ਹੋਇਆ ਹੈ।  ਇਸ ਵਿੱਚ 70 ਹਜ਼ਾਰ ਗਜ ਘਾਹ ਦਾ ਮੈਦਾਨ ਹੈਂ।  ਇਸ ਦੇ 400 ਕਮਰੇ ਫਾਈਵ ਸਟਾਰ ਸਹੂਲਤਾਂ ਨਾਲ ਸੁਸਜਿਤ ਹਨ। ਅੰਦਰ ਆਉਣ ਲਈ ਇੱਕੋ ਵਿਸ਼ਾਲ ਦਰਵਾਜ਼ਾ ਹੈ ਜਿਹੜਾ ਆਪਣੀ ਦਿੱਖ ਤੋਂ ਹੀ ਦੱਸਦਾ ਹੈ ਕੀ ਇਹ ਕੋਈ ਸਾਧਾਰਣ ਥਾਂ ਨਹੀਂ ਬਲਕਿ ਕੋਈ ਮਹਿਲ ਹੈ ਜਿਸ ਵਿੱਚ ਇਨਸਾਨੀਅਤ ਦੀ ਪੂਜਾ ਉਸਦੇ ਸੇਵਾ ਸੰਭਾਲ ਕਰਕੇ ਹੁੰਦੀ ਹੈ।  ਸੁਰੱਖਿਆ ਦੇ ਪੱਖੋਂ ਦਿਨਰਾਤ ਮੁਸਤੈਦ ਗਾਰਡਾਂ ਦੀ ਟੀਮ ਅਤੇ 24 ਘੰਟੇ ਐਕਟਿਵ ਰਹਿਣ ਵਾਲੇ ਕਲੋਜ਼ ਸਰਕਟ ਟੀਵੀ ਵਾਲੇ ਕੈਮਰੇ ਪੂਰੀ ਨਜਰ ਰੱਖਦੇ ਹਨ। ਕੁਲ ਮਿਲਾ ਕੇ ਇੱਕ ਉਹ ਥਾਂ ਜਿੱਥੇ ਜਾ ਕੇ ਉਮਰ ਦੇ ਅੰਤਲੇ ਦੌਰ ਵਿੱਚ ਵਿਅਕਤੀ ਖੁਦ ਨੂੰ ਰਾਜਾ ਜਾਂ ਰਾਣੀ ਵਾਂਗ ਮਹਿਸੂਸ ਕਰਦਾ ਹੈ। ਇਸ ਕੰਪਲੈਕਸ ਵਿੱਚ ਆਡੀਟੋਰੀਅਮ ਹੈ, ਸਿਨੇਮਾ ਹਾਲ ਹੈ, ਖੇਡਾਂ ਵਾਲਾ ਕਲੱਬ ਹੈ, ਰੈਗੂਲਰ ਚੈਕਅਪ ਲਈ ਇੱਕ ਵਿਸ਼ੇਸ਼ ਐਮ ਆਈ ਰੂਮ ਹੈ। ਮੈਡੀਟੇਸ਼ਨ, ਯੋਗਾ ਅਤੇ ਸਤਸੰਗ ਲਈ 10 ਹਜ਼ਾਰ ਵਰਗ ਫੁਟ ਵਿੱਚ ਫੈਲਿਆ ਇੱਕ ਵਿਸ਼ੇਸ਼ ਹਾਲ ਹੈ। ਕਿਸੇ ਦਾ ਬਾਹਰ ਦੀ ਸਿਰ ਲੈਦਿਲ ਕਰੇ ਤਾਂ ਸ਼ਟਲ ਸੇਵਾ ਵੀ ਹੈ ਅਤੇ ਜੇ ਕਿਸੇ ਦੇ ਪਰਿਵਾਰ ਦਾ ਕੋਈ ਮੈਂਬਰ ਮਿਲਣ ਲਈ ਆਉਣਾ ਚਾਹੇ ਤਾਂ ਉਸ ਦੇ ਲਈ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਅਖੀਰ ਵਿੱਚ ਏਨਾ ਹੀ ਕਿ ਇਥੇ ਪਹੁੰਚ ਕੇ ਦਿਲ ਕਰਦਾ ਹੈ ਕਦੋਂ ਬਜੁਰਗ ਹੋ ਕੇ ਕਿਵੇਂ ਇਥੇ ਪਹੁੰਚਿਆ ਜਾਵੇ। ਇੱਕ ਸਵਰਗ  ਦਾ ਅਹਿਸਾਸ ਜਿਊਂਦੇ ਜੀਅ ਮਾਣਿਆ ਜਾ ਸਕਦਾ ਹੈ। 

No comments: