Friday, October 02, 2015

ਮਾਲਵੇ ਤੋਂ ਬਾਅਦ ਦੋਆਬੇ ਵਿੱਚ ਵੀ ਕਿਸਾਨਾਂ ਦੇ ਸਮੂਹਿਕ ਸੰਘਰਸ਼ ਸ਼ੁਰੂ

ਸਮੂਹ ਜ਼ਿਲਿਆਂ ਵਿੱਚ ਪੱਕੇ ਮੋਰਚੇ ਸ਼ੁਰੂ 
ਜਲੰਧਰ//ਲੁਧਿਆਣਾ: 1 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):

ਮਾਲਵਾ ਖੇਤਰ ਵਿਚ ਚਿੱਟੇ ਮੱਛਰ ਨਾਲ  ਆਈ ਤਬਾਹੀ ਦੇ ਮੁੱਦੇ ਨੂੰ ਲੈ ਕੇ ਰੋਸ ਵਖਾਵੇ ਤਿੱਖੇ ਹੋ ਗਏ  ਹਨ। ਸਰਕਾਰ ਦੀ ਮਿਲੀਭੁਗਤ ਨਾਲ ਪ੍ਰਾਈਵੇਟ ਅਦਾਰਿਆਂ ਵੱਲੋਂ ਸਪਲਾਈ ਕੀਤੀ ਗਲਤ ਕੀੜੇਮਾਰ ਦੁਆਈ ਦੇ ਸਿੱਟੇ ਵਜੋਂ ਲੱਗਭੱਗ 9.5 ਲੱਖ ਏਕੜ ਜ਼ਮੀਨ ਵਿਚ ਨਰਮੇ ਅਤੇ ਹੋਰ ਫਸਲਾਂ ਦੀ ਹੋਈ ਤਬਾਹੀ ਵਿਰੁੱਧ ਅਤੇ ਹੋਰ ਮਜ਼ਦੂਰ-ਕਿਸਾਨ ਮੰਗਾਂ ਲਈ ਬਠਿੰਡੇ ਵਿਚ 17 ਸਤੰਬਰ ਤੋਂ ਅਤੇ ਮਾਲਵਾ ਖੇਤਰ ਦੇ ਬਾਕੀ ਜ਼ਿਲ੍ਹਿਆਂ ਵਿਚ 28 ਸਤੰਬਰ ਤੋਂ ਚੱਲ ਰਹੇ ਪੱਕੇ ਮੋਰਚਿਆਂ ਦਾ ਵਿਸਥਾਰ ਕਰਦਿਆਂ ਵੀਰਵਾਰ 1 ਅਕਤੁਬਰ ਤੋਂ ਮਾਝਾ ਅਤੇ ਦੁਆਬੇ ਖੇਤਰ ਦੇ ਸਮੂਹ ਜ਼ਿਲ੍ਹਿਆਂ ਵਿਚ ਵੀ ਪੱਕੇ ਮੋਰਚੇ ਸ਼ੁਰੂ ਕਰ ਦਿੱਤੇ ਗਏ ਹਨ। 
ਸੂਬਾ ਕੇਂਦਰ 'ਤੇ ਪਹੁੰਚੀਆਂ ਰਿਪੋਰਟਾਂ ਮੁਤਾਬਿਕ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਸਮੁੱਚੇ ਪੰਜਾਬ ਵਿਚ ਹਜ਼ਾਰਾਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਹ ਭਰਪੂਰ ਸੰਘਰਸ਼ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮੂਕ ਦਰਸ਼ਕ ਬੜੀ ਹੋਈ ਅਤੇ ਸੰਕਟ ਮਾਰੀ ਕਿਸਾਨੀ ਬਾਰੇ ਕੋਈ ਰਾਹਤ ਦੇਣ ਦੀ ਬਜਾਇ ਆਪਣੀਆਂ ਕੁਰਸੀਆਂ ਦਾ ਫਿਕਰ ਕਰਦਿਆਂ ਮੂੰਹ ਖੋਲ੍ਹਣ ਲਈ ਤਿਆਰ ਨਹੀਂ। ਸਰਕਾਰਾਂ ਵੱਲੋਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨ ਦੀ ਬਜਾਇ ਛਪਾਰ ਮੇਲੇ ਤੋਂ ਪਹਿਲਾਂ 10 ਕਰੋੜ ਦੀ ਰਾਹਤ ਫਿਰ ਮੇਲੇ ਨੇ ਸਿਆਸੀ ਰੋਟੀਆਂ ਸੇਕਦਿਆਂ ਕਿਸਾਨੀ ਦਬਾਅ ਥੱਲੇ ਮਹਿਜ਼ 600 ਕਰੋੜ ਦੀ ਰਾਹਤ ਦਾ ਐਲਾਨ ਕਰਕੇ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਬਿਆਨ ਦੇ ਕੇ ਕਿ ਕਿਸਾਨਾਂ ਨੂੰ ਹੋਰ ਪੈਕੇਜ ਦੀ ਲੋੜ ਨਹੀਂ, ਕਿਸਾਨਾਂ-ਮਜ਼ਦੂਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ ਅਤੇ ਕਿਸਾਨਾਂ ਦੇ ਰੋਹ ਨੂੰ ਹੋਰ ਵਧਾਇਆ ਹੈ। ਆਮ ਕਿਸਾਨਾਂ ਦੇ ਰੋਹ ਦਾ ਨਮੂਨਾ ਪਹਿਲਾਂ ਬਠਿੰਡਾ ਖੇਤੀ ਮੇਲੇ ਸਮੇਂ, ਫਿਰ ਪੀ.ਏ.ਯੂ. ਲੁਧਿਆਣਾ ਦੇ ਖੇਤੀ ਮੇਲੇ 'ਤੇ ਕਿਸੇ ਵੀ ਮੰਤਰੀ ਜਾਂ ਰਾਜਪਾਲ ਵੱਲੋਂ ਰੋਹ ਤੋਂ ਡਰਦਿਆਂ ਸ਼ਾਮਲ ਨਾ ਹੋ ਕੇ ਅਤੇ 30 ਅਕਤੂਬਰ ਗੁਰਦਾਸਪੁਰ ਖੇਤੀ ਮੇਲੇ ਤੋਂ ਦੇਖਿਆ ਜਾ ਚੁੱਕਾ ਹੈ। ਸਰਕਾਰਾਂ ਨੂੰ ਕਿਸਾਨਾਂ-ਮਜ਼ਦੂਰਾਂ ਦੇ ਰੋਹ ਨੂੰ ਸਮਝਦਿਆਂ ਕਿਸਾਨੀ ਮੰਗਾਂ ਨਰਮੇ ਦੇ ਹੋਏ ਨੁਕਸਾਨ ਦਾ 40000 ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰ ਪਰਵਾਰ ਨੂੰ 20000 ਰੁਪਏ ਪ੍ਰਤੀ ਪਰਵਾਰ ਮੁਆਵਜ਼ਾ, ਬਾਸਮਤੀ ਪੂਸਾ ਦੀ 1450 ਰੁਪਏ, ਝੋਨੇ ਬਰਾਬਰ ਕੀਮਤ ਰੱਖ ਕੇ ਅਤੇ 1121 ਬਾਰੇ ਮੂੰਹ ਬੰਦ ਰੱਖਕੇ ਇਕੱਲੀ ਬਾਸਮਤੀ, ਜੋ ਪੰਜਾਬ ਵਿਚ 15 ਲੱਖ ਏਕੜ ਵਿਚ ਬੀਜੀ ਗਈ ਹੈ, ਦਾ ਹੀ 9000 ਕਰੋੜ ਰੁਪਏ ਲੁੱਟਿਆ ਜਾ ਰਿਹਾ ਹੈ। ਇਸ ਲਈ 1509 ਬਾਸਮਤੀ ਦਾ 4500 ਰੁਪਏ ਅਤੇ 1121 ਦਾ 500 ਰੁਪਏ ਭਾਅ ਐਲਾਨਿਆ ਜਾਵੇ, ਗੰਨਾ ਮਿੱਲਾਂ ਦਾ ਬਕਾਇਆ ਫੌਰੀ ਅਦਾ ਕੀਤਾ ਜਾਵੇ ਅਤੇ ਗੰਨਾ ਮਿੱਲਾਂ ਗੰਨਾ ਬਾਊਂਡ ਕਰਕੇ ਜਲਦੀ ਚਲੂ ਕੀਤੀਆਂ ਜਾਣ, ਗਲਤ ਖੇਤੀ ਨੀਤੀਆਂ ਕਾਰਨ ਕਿਸਾਨਾਂ-ਮਜ਼ਦੂਰਾਂ ਦੇ ਸਿਰ ਚੜ੍ਹੇ ਕਰਜ਼ਿਆਂ 'ਤੇ ਲੀਕ ਮਾਰੀ ਜਾਵੇ ਅਤੇ ਅੱਗੇ ਤੋਂ ਲੰਮੀ ਮਿਆਦ ਦੇ ਕਰਜ਼ੇ ਬਿਨਾਂ ਵਿਆਜ ਦਿੱਤੇ ਜਾਣ। ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਮਜ਼ਦੂਰਾਂ ਨੂੰ 5 ਲੱਖ ਰੁਪਏ ਰਾਹਤ, ਸਮੁੱਚਾ ਕਰਜ਼ਾ ਮੁਆਫ ਅਤੇ ਪਰਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਹਰ ਤਰ੍ਹਾਂ ਦੇ ਆਬਾਦਕਾਰਾਂ ਦਾ ਉਜਾੜਾ ਬੰਦ ਕਰਕੇ ਅਤੇ ਉਜਾੜਿਆਂ ਨੂੰ ਬਹਾਲ ਕਰਕੇ ਪੱਕੇ ਮਾਲਕੀ ਹੱਕ ਦਿੱਤੇ ਜਾਣ। 
ਵੱਖ-ਵੱਖ ਜ਼ਿਲ੍ਹਿਆਂ ਵਿਚ ਹੋਏ ਭਾਰੀ ਇਕੱਠਾਂ ਨੂੰ ਸੁਖਦੇਵ ਸਿੰਘ ਕੋਕਰੀ ਕਲਾਂ, ਡਾ. ਸਤਨਾਮ ਸਿੰਘ ਅਜਨਾਲਾ, ਬੂਟਾ ਸਿੰਘ ਬੁਰਜ ਗਿੱਲ, ਸੁਰਜੀਤ ਸਿੰਘ ਫੂਲ, ਹਰਦੇਵ ਸਿੰਘ ਸੰਧੂ, ਰੁਲਦੂ ਰਾਮ ਮਾਨਸਾ, ਸਤਨਾਮ ਸਿੰਘ ਪੰਨੂੰ, ਕੰਵਲਪ੍ਰੀਤ ਸਿੰਘ ਪੰਨੂੰ ਅਤੇ ਹੋਰ ਸੂਬਾਈ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰਾਂ ਨੂੰ ਤਾੜਨਾ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦੇ ਜਜ਼ਬਾਤਾਂ ਨੂੰ ਖੇਡਣਾ ਬੰਦ ਕਰਨ ਅਤੇ ਫੌਰੀ ਮੰਗਾਂ ਪ੍ਰਵਾਨ ਕਰਨ ਨਹੀਂ ਤਾਂ ਕਿਸਾਨਾਂ ਨੂੰ ਹੋਰ ਅਗਲੇਰੇ ਤਿੱਖੇ ਸੰਘਰਸ਼ਾਂ ਦਾ ਫੈਸਲਾ ਕਰਨਾ ਪਵੇਗਾ। ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਬਲਵੀਰ ਸਿਘ ਘੁੰਨਸ ਦੀ ਰਿਹਾਇਸ਼ ਵੱਲ ਮਾਰਚ ਕੀਤਾ, ਸੰਗਰੂਰ ਜ਼ਿਲ੍ਹੇ ਵਿਚ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਰਿਹਾਇਸ਼ ਵੱਲ ਮੁਜ਼ਾਹਰਾ ਕੀਤਾ ਅਤੇ ਫਰੀਦਕੋਟ ਵਿਖੇ ਅਕਾਲੀ ਆਗੂ ਦੀਪ ਮਲਹੋਤਰਾ ਦੀ ਰਿਹਾਇਸ਼ ਵੱਲ ਮੁਜ਼ਾਹਰਾ ਕੀਤਾ, ਜਲੰਧਰ ਵਿਚ ਜ਼ਿਲ੍ਹਾ ਡੀ.ਐੱਫ.ਸੀ. ਦਫਤਰ ਦਾ ਘਿਰਾਓ ਕੀਤਾ।
ਬਠਿੰਡਾ (ਬਖਤੌਰ ਢਿੱਲੋਂ) : ਪੰਜਾਬ ਦੀਆਂ 8 ਕਿਸਾਨ ਜਥੇਬੰਦੀਆਂ ਵੱਲੋਂ 7 ਮਜ਼ਦੂਰ ਜਥੇਬੰਦੀਆਂ ਦੀ ਹਮਾਇਤ ਨਾਲ ਨਰਮੇ ਦੇ ਖਰਾਬੇ ਸਮੇਤ ਭਖਵੀਆਂ ਕਿਸਾਨ ਮੰਗਾਂ-ਮਸਲਿਆਂ ਉਪਰ ਬਠਿੰਡਾ 'ਚ 17 ਤਰੀਕ ਤੋਂ ਸ਼ਰੂ ਕੀਤਾ ਪੱਕਾ ਮੋਰਚਾ ਅੱਜ 15ਵੇਂ ਦਿਨ ਵਿਚ ਪਹੁੰਚ ਗਿਆ ਹੈ। 
ਬਟਿੰਡਾ 'ਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂਆਂ ਜੋਰਾ ਸਿੰਘ ਨਸਰਾਲੀ (ਪੰਜਾਬ ਖੇਤ ਮਜ਼ਦੂਰ ਯੂਨੀਅਨ), ਮਿੱਠੂ ਸਿੰਘ ਘੁੱਦਾ (ਦਿਹਾਤੀ ਮਜ਼ਦੂਰ ਸਭਾ), ਕੁਲਵੰਤ ਸਿੰਘ ਸੇਲਵਰਾ (ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ), ਦਰਬਾਰਾ ਸਿੰਘ ਫੂਲੇਵਾਲਾ ਸੂਬਾ ਆਗੂ ਪੇਂਡੂ ਮਜ਼ਦੂਰ ਯੂਨੀਅਨ ਮਸਾਲ ਆਦਿ ਨੇ ਪਿਸ਼ੌਰਾ ਸਿੰਘ ਸਿੱਧੂਪੁਰ ਕਿਸਮ ਦੀਆਂ ਸਰਕਾਰ ਪਿੱਠੂ ਕਿਸਾਨ ਜਥੇਬੰਦੀਆਂ ਅਤੇ ਹਾਕਮ ਗੱਠਜੋੜ ਦੇ ਨੇਤਾਵਾਂ ਵੱਲੋਂ ਪਿੰਡਾਂ ਵਿੱਚ ਚਲਾਈ ਜਾ ਰਹੀ ਇਸ ਮੁਹਿੰਮ 'ਕਿ ਜਦ ਮਜ਼ਦੂਰਾਂ ਨੇ ਕੋਈ ਨਰਮਾ ਬੀਜਿਆ ਹੀ ਨਹੀਂ ਤਾਂ ਉਹਨਾਂ ਲਈ ਮੁਆਵਜ਼ੇ ਲਈ ਮੰਗ ਦੀ ਕੋਈ ਤੁੱਕ ਨਹੀਂ ਬਣਦੀ' ਦੀ ਨਿੰਦਿਆ ਕਰਦਿਆਂ ਕਿਹਾ ਕਿ ਪੱਕੇ ਕਿਸਾਨ ਮੋਰਚੇ 'ਚ ਮਜ਼ਦੂਰਾਂ ਦੇ ਨਰਮੇ ਦੀ ਤਬਾਹੀ ਦੀ ਕੋਈ ਮੰਗ ਨਹੀਂ, ਪ੍ਰੰਤੂ ਨਰਮੇ ਦੀ ਤਬਾਹੀ ਕਾਰਨ ਨਰਮਾ ਪੱਟੀ ਵਿੱਚ ਹੋਏ ਰੁਜ਼ਗਾਰ ਉਜਾੜੇ ਦੀ ਭਰਪਾਈ ਲਈ 20 ਹਜ਼ਾਰ ਰੁਪਏ ਪ੍ਰਤੀ ਪਰਵਾਰ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਮਜ਼ਦੂਰ ਆਗੂਆਂ ਨੇ ਦੱਸਿਆ ਕਿ 5 ਜੀਆਂ ਦੇ ਪਰਵਾਰ ਦਾ ਪੈਮਾਨਾ ਪਹਿਲਾਂ ਹੀ ਤੈਅ ਹੈ। ਸਰਕਾਰ ਰੁਜ਼ਗਾਰ ਉਜਾੜੇ ਦੇ ਮੁਆਵਜ਼ੇ ਤੋਂ ਟਾਲ ਵੱਟਣ ਲਈ ਪਰਵਾਰ ਦਾ ਕੋਈ ਪੈਮਾਨਾ ਨਾ ਹੋਣ ਦਾ ਬਹਾਨਾ ਘੜ ਰਹੀ ਹੈ। ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਕਿਸਾਨ ਬੁਲਾਰਿਆਂ ਵਿੱਚ ਬੀ.ਕੇ.ਯੂ ਕ੍ਰਾਂਤੀਕਾਰੀ ਦੇ ਸੂਬਾਈ ਪ੍ਰਧਾਨ ਸੁਰਜੀਤ ਸਿੰਘ ਫੂਲ ਤੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਜੰਡਾਵਾਲਾ, ਬੂਟਾ ਸਿੰਘ ਬੁਰਜਗਿੱਲ ਸੂਬਾ ਪ੍ਰਧਾਨ ਤੇ ਗੁਰਦੀਪ ਸਿੰਘ ਰਾਮਪੁਰਾ ਜ਼ਿਲ੍ਹਾ ਆਗੂ (ਬੀ.ਕੇ.ਯੂ ਏਕਤਾ ਡਕੌਂਦਾ), ਸ਼ਿਗਾਰਾ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਤੇ ਪਰਮਜੀਤ ਕੌਰ ਪਿੱਥੋ ਜ਼ਿਲ੍ਹਾ ਕਮੇਟੀ ਮੈਂਬਰ (ਬੀ.ਕੇ.ਯੂ ਏਕਤਾ-ਉਗਰਾਹਾਂ), ਸੁਖਦੇਵ ਸਿੰਘ ਨਥਾਣਾ ਜ਼ਿਲ੍ਹਾ ਪ੍ਰਧਾਨ ਤੇ ਦਰਸ਼ਨ ਸਿੰਘ ਫੁੱਲੋ ਮਿਠੀ (ਜਮਹੂਰੀ ਕਿਸਾਨ ਸਭਾ), ਲਛਮਣ ਦਾਸ ਭੋਲਾ ਜ਼ਿਲ੍ਹਾ ਸਕੱਤਰ ਤੇ ਗੁਰਜੰਟ ਸਿੰਘ ਬਾਲਿਆਂਵਾਲੀ (ਪੰਜਾਬ ਕਿਸਾਨ ਯੂਨੀਅਨ) ਆਦਿ ਸ਼ਮਲ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਰਮੁਖ ਸਿੰਘ ਸੇਲਬਰ੍ਹਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ ਕ੍ਰਾਂਤੀਕਾਰੀ ਨੇ ਨਿਭਾਈ। ਮੈਡੀਕਲ ਪ੍ਹ੍ਰੈਕਟੀਸ਼ਨਰ ਯੂਨੀਅਨ ਪੰਜਾਬ ਨੇ ਮੋਰਚੇ ਵਿੱਚ ਮੁਢਲੀਆਂ ਸਿਹਤ ਸਹੂਲਤਾਂ ਦੇਣ ਲਈ ਕੈਂਪ ਜਾਰੀ ਰੱਖਿਆ।
ਹੁਸ਼ਿਅਰਪੁਰ (ਬਲਬੀਰ ਸੈਣੀ) : 8 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸੈਂਕੜੇ ਕਿਸਾਨਾਂ, ਬੀਬੀਆਂ ਨੇ ਡੀ ਸੀ ਦਫ਼ਤਰ ਹੁਸ਼ਿਅਰਪੁਰ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਪ੍ਰਧਾਨਗੀ ਇੰਦਰ ਸਿੰਘ ਛਾਉਣੀ ਜਮਹੂਰੀ ਕਿਸਾਨ ਸਭਾ, ਸਵਿੰਦਰ ਸਿੰਘ ਠੱਠੀਖਾਰਾ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕੁਲਵਿੰਦਰ ਸਿੰਘ ਚਾਹਲ ਕਿਰਤੀ ਕਿਸਾਨ ਯੂਨੀਅਨ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਮਾਸਟਰ ਹਰਕੰਵਲ ਸਿੰਘ ਨੇ ਕਿਹਾ ਕਿ ਬਾਦਲ ਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨਾਲ ਪੰਜਾਬ ਦੀ ਕਿਸਾਨੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਮਾਝੇ ਵਿੱਚ ਬਾਸਮਤੀ 1509 ਦਾ ਭਾਅ ਨਾ ਹੋਣ ਕਰਕੇ ਕਿਸਾਨਾਂ ਦਾ ਆਰਥਿਕ ਤੌਰ 'ਤੇ ਲੱਕ ਟੁੱਟ ਗਿਆ ਹੈ, ਇਸ ਤਰ੍ਹਾਂ ਮਾਲਵੇ ਪੱਟੀ ਵਿੱਚ ਨਕਲੀ ਕੀਟ ਨਾਸ਼ਕ ਦੀ ਘਪਲੇਬਾਜ਼ੀ ਕਾਰਨ ਚਿੱਟੇ ਮੱਛਰ ਕਾਰਨ 9 ਲੱਖ ਏਕੜ ਨਰਮੇ ਦੀ ਫ਼ਸਲ ਬਰਬਾਦ ਹੋ ਗਈ ਤੇ 4 ਹਜ਼ਾਰ ਕਰੋੜ ਦਾ ਨੁਕਸਾਨ ਹੋ ਚੁੱਕਾ ਹੈ ਤੇ ਦੁਆਬੇ ਵਿੱਚ ਗੰਨੇ ਦਾ ਬਕਾਇਆ ਨਹੀਂ ਮਿਲ ਰਿਹਾ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਨਕਲੀ ਕੀਟ ਨਾਸ਼ਕ ਦੇ 33 ਕਰੋੜ ਦੇ ਘਪਲੇ ਦੀ ਜਾਂਚ ਕਰਵਾ ਕੇ ਤੋਤਾ ਸਿੰਘ ਸਮੇਤ ਦੋਸ਼ੀਆਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾਣ।

No comments: