Wednesday, October 28, 2015

ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਸ਼ਰਧਾਂਜਲੀ ਮਾਰਚ

ਸਮੂਹ ਵਰਗਾਂ ਅਤੇ ਧਰਮਾਂ ਨੇ ਲਿਆ ਸਰਗਰਮ ਹਿੱਸਾ 
ਸ੍ਰੀ ਮੁਕਤਸਰ ਸਾਹਿਬ: 27 ਅਕਤੂਬਰ 2015: (ਅਨਿਲ ਪਨਸੇਜਾ//ਪੰਜਾਬ ਸਕਰੀਨ):
ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਵਾਪਰੀਆਂ ਖਤਰਨਾਕ, ਦੁਖਦਾਈ ਅਤੇ ਅਤਿ ਦੀਆਂ ਸੰਵੇਦਨਸ਼ੀਲ ਘਟਨਾਵਾਂ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਗੁਰੂਆਂ ਪੀਰਾਂ ਵੱਲੋਂ ਦਰਸਾਇਆ ਅਤੇ ਦ੍ਰਿੜ ਕਰਵਾਇਆ ਸਦਭਾਵਨਾ ਵਾਲਾ ਮਾਰਗ ਭੁੱਲਣ ਨਹੀਂ ਦਿੱਤਾ। ਇਸ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੱਕ ਵਿਸ਼ੇਸ਼ ਸ਼ਰਧਾਂਜਲੀ ਮਾਰਚ ਸਮੂਹ ਵਰਗਾਂ ਅਤੇ ਧਰਮਾਂ ਵੱਲੋਂ ਆਯੋਜਿਤ ਕੀਤਾ ਗਿਆ। ਇਸ ਪਾਵਨ ਧਰਤੀ ਵਿਖੇ ਇਹ ਇੱਕ ਅਲੌਕਿਕ ਆਯੋਜਨ ਸੀ। 
ਬੀਤੇ ਦਿਨੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ, ਕੋਟਕਪੂਰਾ ਵਿਖੇ ਸ਼ਾਂਤੀਪੂਰਨ ਧਰਨਾ ਦੇ ਰਹੀ ਸੰਗਤ ਤੇ ਲਾਠੀਚਾਰਜ ਦੇ ਰੋਸ ਵਜੋਂ ਅਤੇ ਬਹਿਬਲ ਵਿਖੇ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਬਹਿਬਲ ਕਲਾਂ ਨੰੂ ਸ਼ਰਧਾਜਲੀ ਦਿੰਦਿਆਂ ਅੱਜ ਸਿੱਖ ਸੰਗਤ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ਰਧਾਂਜਲੀ ਮਾਰਚ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਤੋਂ ਬਾਅਦ ਦੁਪਹਿਰ ਸ਼ੁਰੂ ਹੋਇਆ। ਸ਼ਰਧਾਂਜਲੀ ਮਾਰਚ 'ਚ ਸਿੱਖ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਮੁਸਲਿਮ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਿਤ ਵਿਅਕਤੀਆਂ ਨੇ ਹਿੱਸਾ ਲੈਂਦਿਆਂ ਘਟਨਾਵਾਂ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਨੰੂ ਸਖ਼ਤ ਸ਼ਜਾਵਾਂ ਦੀ ਮੰਗ ਵੀ ਕੀਤੀ। ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਮਾਰਚ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਸਿੱਖ ਵਿਰਸਾ ਕੌਂਸਿਲ ਦੇ ਆਗੂ ਭਾਈ ਜਸਵੀਰ ਸਿੰਘ ਖਾਲਸਾ ਨੇ ਕਿਹਾ ਕਿ ਇਹ ਮਾਰਚ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਹੈ ਅਤੇ ਇਸ ਮਾਰਚ ਲਈ ਸਾਨੂੰ ਹਰ ਇੱਕ ਭਾਈਚਾਰੇ ਵੱਲੋਂ ਸਹਿਯੋਗ ਦਿੱਤਾ ਗਿਆ ਹੈ।  ਮਾਰਚ ਦੌਰਾਨ ਵੱਖ-ਵੱਖ ਬਜ਼ਾਰਾਂ 'ਚ ਵੱਡੀ ਗਿਣਤੀ 'ਚ ਸੰਗਤ ਨੇ ਗੁਰਬਾਣੀ ਜਾਪ ਕੀਤਾ ਅਤੇ ਦੋਸ਼ੀਆਂ ਨੰੂ ਸ਼ਜਾਵਾਂ ਦੀ ਮੰਗ ਕੀਤੀ।  ਅੰਤ ਵਿਚ ਇਹ ਮਾਰਚ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਹੀ ਸਮਾਪਤ ਹੋਇਆ। ਸਿੱਖ ਜਥੇਬੰਦੀਆਂ ਦੇ ਲਏ ਫੈਸਲੇ ਅਨੁਸਾਰ ਅੱਜ ਸਥਾਨਕ ਗੇਟ ਨੰ.6 ਸਥਿਤ ਨਿਹੰਗਾਂ ਸਿੰਘਾਂ ਦੀ ਛਾਉਣੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਵੀ ਪ੍ਰਕਾਸ਼ ਕਰਵਾਇਆ ਗਿਆ, ਜਿਸ ਦਾ ਭੋਗ 29 ਅਕਤੂਬਰ ਨੂੰ ਸਵੇਰੇ 9:30 ਵਜੇ ਪਵੇਗਾ। ਇਸ ਮੌਕੇ ਬਾਬਾ ਮਨਜੀਤ ਸਿੰਘ ਗੁਰੂ ਕਾ ਖੂਹ ਸਾਹਿਬ ਵਾਲੇ, ਮਨਿੰਦਰ ਸਿੰਘ ਖਾਲਸਾ, ਨਵਨੀਤ ਸਿੰਘ, ਭਾਈ ਪਿ੍ਤਪਾਲ ਸਿੰਘ, ਪਰਮਿੰਦਰ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ, ਅਸ਼ੋਕ ਚੁੱਘ, ਐਮ.ਐਸ. ਸਈਅਦ ਨੇਤਾ ਜੀ, ਰਾਜਬੀਰ ਸਿੰਘ ਬਿੱਟਾ ਗਿੱਲ, ਮਨਧੀਰ ਸਿੰਘ, ਗੁਰਜੀਤ ਸਿੰਘ, ਜਗਜੀਤ ਸਿੰਘ, ਗਗਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ। ਲੋਕਾਂ ਨੇ ਇਸ ਵਿੱਚ ਸਾਰੇ ਮਤਭੇਦ ਭੁਲਾ ਕੇ ਭਾਗ ਲਿਆ। 

No comments: