Tuesday, October 27, 2015

ਅਖੌਤੀ ‘ਸਟੇਟਸ’ ਲਈ ਜਾਣ-ਬੁੱਝ ਕੇ ਖ਼ਤਮ ਕੀਤੀ ਜਾ ਰਹੀ ਹੈ ਪੰਜਾਬੀ ਭਾਸ਼ਾ

ਪੰਜਾਬ ਵਿੱਚੋਂ ਲੋਪ ਹੋ ਰਹੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ
ਹਰ ਇਨਸਾਨ ਦੀ ਸਫਲਤਾ ਵਿੱਚ ਉਸ ਦੀ ਮਾਂ-ਬੋਲੀ ਦਾ ਪੂਰਾ ਹਿੱਸਾ ਹੁੰਦਾ ਹੈ ਕਿਉਂਕਿ ਮਾਂ-ਬੋਲੀ ਰਾਹੀਂ ਹੀ ਇਨਸਾਨ ਨੂੰ ਦੁਨੀਆਂ ਵਿੱਚ ਸੁਤੰਤਰਤਾ ਨਾਲ ਜੀਣ ਦਾ ਪਤਾ ਲੱਗਦਾ ਹੈ। ਕਿਸੇ ਵੀ ਇਨਸਾਨ ਵੱਲੋਂ ਜੋ ਵਿਚਾਰ-ਵਟਾਂਦਰਾ ਆਪਣੀ ਮਾਤ-ਭਾਸ਼ਾ ਵਿੱਚ ਕੀਤਾ ਜਾ ਸਕਦਾ  ਹੈ ਉਹ ਕਿਸੇ ਹੋਰ ਭਾਸ਼ਾ ਵਿੱਚ ਸੰਭਵ ਨਹੀਂ ਹੋ ਸਕਦਾ, ਚਾਹੇ ਇਨਸਾਨ ਹੋਰ ਭਾਸ਼ਾ ਦੀ ਜਾਣਕਾਰੀ ਵਿੱਚ ਪੂਰੀ ਤਰ੍ਹਾਂ ਮਾਹਿਰ ਵੀ ਕਿਉਂ ਨਾ ਹੋਵੇ। ਲੋਕ ਮੀਡੀਆ, ਇੰਟਰਨੈੱਟ, ਅਖ਼ਬਾਰਾਂ ਅਤੇ ਹੋਰ ਅਜਿਹੇ ਸਾਧਨਾਂ ਦੇ ਵਧਣ ਨਾਲ ਇੰਨੇ ਜਾਗਰੂਕ ਹੋ ਗਏ ਹਨ ਕਿ ਅੱਜ ਬੱਚੇ ਬੱਚੇ ਦੀ ਮੁੱਠੀ ਵਿੱਚ ਦੁਨੀਆਂ ਦੀ ਹਰ ਜਾਣਕਾਰੀ ਘੁੱਟੀ ਪਈ ਹੈ। ਇਸ ਤਰ੍ਹਾਂ ਤਰੱਕੀ, ਉੱਨਤੀ ਅਤੇ ਜਾਗਰੂਕਤਾ ਵੱਲ ਵਧਦੇ ਕਦਮ ਸ਼ਲਾਘਾਯੋਗ ਹਨ, ਪਰ ਇਸ ਕਾਰਨ ਇੱਕ ਵੱਡੀ ਸਮੱਸਿਆ ਪੰਜਾਬ ਦੇ ਨੌਜਵਾਨਾਂ ਅਤੇ ਛੋਟੇ ਬੱਚਿਆਂ ਵਿੱਚ ਵੀ ਪਾਈ ਜਾ ਰਹੀ ਹੈ, ਉਹ ਹੈ ਆਪਣੀ ਮਾਤ-ਭਾਸ਼ਾ ਦੀ ਥਾਂ ਹੋਰ ਬੋਲੀਆਂ ਨੂੰ ਵਰਤੋਂ ਵਿੱਚ ਲਿਆਉਣਾ। ਨੌਜਵਾਨਾਂ ਦਾ ਪੱਛਮੀ ਸੱਭਿਅਤਾ ਵੱਲ  ਰੁਝਾਨ ਇੰਨਾ ਵਧ ਗਿਆ ਹੈ ਕਿ ਪੱਛਮੀ ਪਹਿਰਾਵਾ, ਤੌਰ-ਤਰੀਕੇ ਅਪਣਾਉਣ ਦੇ ਨਾਲ-ਨਾਲ ਪੰਜਾਬੀਆਂ ਨੇ ਉਨ੍ਹਾਂ ਦੀਆਂ ਭਾਸ਼ਾਵਾਂ ਤਕ ਵੀ ਅਪਣਾ ਲਈਆਂ ਹਨ। ਪੱਛਮੀ ਸੱਭਿਅਤਾ ਦੇ ਕਬਜ਼ੇ ਕਾਰਨ ਪੰਜਾਬੀਆਂ ਦਾ ਆਪਣੀ ਮਾਂ-ਬੋਲੀ ਪ੍ਰਤੀ ਵੀ ਰੁਖ਼ ਬਦਲਿਆ ਮਹਿਸੂਸ ਹੋ ਰਿਹਾ ਹੈ। ਪੰਜਾਬ ਵਿੱਚੋਂ ਹੀ ਪੰਜਾਬੀ ਭਾਸ਼ਾ ਦੇ ਖ਼ਤਮ ਹੋਣ ਦੀ ਨੌਬਤ ਆ ਗਈ ਹੈ। ਅੱਜ ਸ਼ਹਿਰਾਂ ਵਿੱਚ ਤਾਂ ਕੀ, ਪਿੰਡਾਂ ਵਿੱਚ ਵੀ ਨਵੀਂ ਪੀੜ੍ਹੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਿੱਚ ਸੰਗ ਮਹਿਸੂਸ ਕਰ ਰਹੀ ਹੈ। ਸਭ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਹਾਲਾਤ ਇੱਕ ਸਮਾਨ ਹਨ। ਪਿਛਲੇ ਕੁਝ ਸਮੇਂ ਦੌਰਾਨ ਮੈਂ ਕਈ ਨਾਮੀ ਨਿੱਜੀ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਵੱਖ-ਵੱਖ ਸਮੱਸਿਆਵਾਂ ਤੇ ਹੋਰ ਆਮ ਜਾਣਕਾਰੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦਾ ਮਕਸਦ ਸਿਰਫ਼ ਇਹ ਜਾਣਨਾ ਸੀ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਆਪਸੀ ਗੱਲਬਾਤ ਜਾਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਿਹੜੀ ਭਾਸ਼ਾ ਦੀ ਜ਼ਿਆਦਾ ਵਰਤੋਂ ਕਰਦੇ ਹਨ। ਪਤਾ ਲੱਗਿਆ ਕਿ ਪ੍ਰਾਈਵੇਟ ਸਕੂਲਾਂ ਵਿੱਚ ਆਪਸੀ ਗੱਲਬਾਤ ਜਾਂ ਅਧਿਆਪਕ ਨਾਲ ਗੱਲਬਾਤ ਕਰਨ ਲਈ ਸਿਰਫ਼ ਅੰਗਰੇਜ਼ੀ ਭਾਸ਼ਾ ਵਰਤਣ ਦੀਆਂ ਹਦਾਇਤਾਂ ਕਾਰਨ ਪੰਜਾਬੀ ਭਾਸ਼ਾ ਤਾਂ ਉਨ੍ਹਾਂ ਵਿਦਿਆਰਥੀਆਂ ਦੇ ਦਿਮਾਗ਼ਾਂ ਵਿੱਚੋਂ ਸਾਫ਼ ਹੀ ਹੋਈ ਪਈ ਹੈ। ਕੁਝ ਵੱਡੇ ਸਕੂਲਾਂ ਵਿੱਚ ਤਾਂ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ’ਤੇ ਵਿਦਿਆਰਥੀਆਂ ਨੂੰ ਸਜ਼ਾ ਦੇ ਤੌਰ ’ਤੇ ਜੁਰਮਾਨਾ ਭੁਗਤਣਾ ਪੈਂਦਾ ਹੈ। ਅਧਿਆਪਕਾਂ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਿਆ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ’ਤੇ ਸਕੂਲਾਂ ਵੱਲੋਂ ਮੁਕੰਮਲ ਮਨਾਹੀ ਹੈ ਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਅਧਿਆਪਕਾਂ ਨੂੰ ਕਈ ਵਾਰ ਆਪਣੀ ਨੌਕਰੀ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ।
ਅੱਜ ਅਸੀਂ ਸਕੂਲ ਪੱਧਰ ’ਤੇ ਹੀ ਬੱਚਿਆਂ ਦੇ ਦਿਮਾਗ਼ ਵਿੱਚੋਂ ਪੰਜਾਬੀ ਭਾਸ਼ਾ ਦੀ ਸਫ਼ਾਈ ਕਰ ਦੇਵਾਂਗੇ ਤਾਂ ਫਿਰ ਉਨ੍ਹਾਂ ਦੇ ਭਵਿੱਖ ਬਾਰੇ ਅੰਦਾਜ਼ਾ ਲਾ ਹੀ ਸਕਦੇ ਹਾਂ। ਕਾਲਜਾਂ ਅਤੇ ਯੂਨੀਵਰਸਿਟੀ ਪੱਧਰ ’ਤੇ ਵੀ ਵਿਦਿਆਰਥੀਆਂ ਵਿੱਚ ਆਪਸੀ ਗੱਲਬਾਤ ਸਮੇਂ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਦੀ ਵਰਤੋਂ ਜ਼ਿਆਦਾ ਪਾਈ ਗਈ। ਜੇ ਕੋਈ ਵਿਦਿਆਰਥੀ ਪੰਜਾਬੀ ਭਾਸ਼ਾ ਦੀ ਪੂਰਨ ਤੌਰ ’ਤੇ ਵਰਤੋਂ ਕਰਦਾ ਵੀ ਹੈ ਤਾਂ ਬਾਕੀ ਸਾਥੀਆਂ ਵੱਲੋਂ ਉਸ ਨੂੰ ਪੂਰਾ ਭੰਡਿਆ ਜਾਂਦਾ ਹੈ। ਸਕੂਲਾਂ ਵਿੱਚ ਤਾਂ ਅਖੌਤੀ ‘ਸਟੇਟਸ’ ਲਈ ਪੰਜਾਬੀ ਭਾਸ਼ਾ ਜਾਣ-ਬੁੱਝ ਕੇ ਖ਼ਤਮ ਕੀਤੀ ਜਾ ਰਹੀ ਹੈ, ਪਰ ਕਾਲਜ ਪੱਧਰ ਦੇ ਨੌਜਵਾਨ ਦੇਖਾ-ਦੇਖੀ ਹੀ ਆਪਣੀ ਮਾਂ-ਬੋਲੀ ਨੂੰ ਭੁੱਲਦੇ ਜਾ ਰਹੇ ਹਨ। ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਅਸੀਂ ਆਪਣੀ ਹੀ ਮਾਂ-ਬੋਲੀ ਨੂੰ ਲਿਖਣ ਤੇ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ। ਸਤਿ ਸ੍ਰੀ ਅਕਾਲ, ਹੈਲੋ, ਹਾਏ ਵਿੱਚ ਬਦਲ ਗਿਆ ਹੈ। ਗੌਰ ਨਾਲ ਦੇਖਿਆ ਜਾਵੇ ਤਾਂ ਬਾਕੀ ਕੌਮਾਂ ਆਪਣੀ ਮਾਂ-ਬੋਲੀ ਬਚਾਉਣ ਵਿੱਚ ਕਾਫ਼ੀ ਹੱਦ ਤਕ ਕਾਮਯਾਬ ਹਨ, ਪਰ ਪੰਜਾਬੀ ਲੋਕ ਆਪਸੀ ਗੱਲਬਾਤ ਜਾਂ ਰੋਜ਼ਾਨਾ ਦੀ ਬੋਲ-ਚਾਲ ਵਿੱਚ ਵੀ ਆਪਣੀ ਮਾਂ-ਬੋਲੀ ਛੱਡ ਕੇ ਹੋਰ ਭਾਸ਼ਾਵਾਂ ਨੂੰ ਵਰਤਦੇ ਹਨ, ਜੋ ਸਾਡੇ ਲਈ ਸ਼ਰਮਨਾਕ ਗੱਲ ਹੈ। ਇਹ ਨਹੀਂ ਹੈ ਕਿ ਦੂਜੀਆਂ ਭਾਸ਼ਾਵਾਂ ਦਾ ਗਿਆਨ ਨਹੀਂ ਹੋਣਾ ਚਾਹੀਦਾ, ਸਗੋਂ ਗਿਆਨ ਤਾਂ ਜਿੰਨਾ ਹੋਵੇ ਘੱਟ ਹੈ। ਪਰ ਇਹ ਵੀ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਕਿ ਅਸੀਂ ਘਰ ਵਿੱਚ ਵੀ ਆਪਸੀ ਗੱਲਬਾਤ ਸਮੇਂ ਹੋਰ ਭਾਸ਼ਾਵਾਂ ਨੂੰ ਤਰਜੀਹ ਦੇ ਕੇ ਮਾਣ ਮਹਿਸੂਸ ਕਰੀਏ। 
ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਕਾਨੂੰਨ ਵੀ ਪਾਸ ਹੋਏ ਹਨ, ਪਰ ਸਕੂਲ ਜਾਂ ਹੋਰ ਅਦਾਰੇ ਇਨ੍ਹਾਂ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਪੰਜਾਬੀ ਭਾਸ਼ਾ ਨੂੰ ਲੋਪ ਕਰਨ ਵਿੱਚ ਪੂਰਾ ਹਿੱਸਾ ਪਾ ਰਹੇ ਹਨ। ਪੰਜਾਬੀ ਭਾਸ਼ਾ ਦੀ ਵਰਤੋਂ ਲਾਜ਼ਮੀ ਕਰਨ ਦੇ ਬਾਵਜੂਦ ਅਜੇ ਵੀ ਬਹੁਤੇ ਸਰਕਾਰੀ ਦਫ਼ਤਰਾਂ ਤੇ ਹੋਰ ਅਦਾਰਿਆਂ ਵਿੱਚ ਸਾਰਾ ਕੰਮ ਅੰਗਰੇਜ਼ੀ ਵਿੱਚ ਹੀ ਚੱਲ ਰਿਹਾ ਹੈ। ਇਹ ਸਭ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਸਾਡੀ ਮਾਂ-ਬੋਲੀ ਨੂੰ ਲੋਪ ਹੋਣ ਤੋਂ ਕੌਣ ਬਚਾ ਸਕਦਾ ਹੈ। ਭਾਸ਼ਾ ਵਿੱਚ ਆਏ ਵਿਆਪਕ ਬਦਲਾਅ ਦਾ ਮੁੱਖ ਕਾਰਨ ਪੰਜਾਬੀ ਗਾਣੇ, ਫ਼ਿਲਮਾਂ ਤੇ ਅਜਿਹੇ ਹੋਰ ਪ੍ਰੋਗਰਾਮ ਵੀ ਹਨ ਕਿਉਂਕਿ ਅਜੋਕੀ ਨੌਜਵਾਨ ਪੀੜ੍ਹੀ ਫ਼ਿਲਮੀ ਅਦਾਕਾਰਾਂ ਜਾਂ ਗਾਇਕਾਂ ਦੀ ਹੀ ਬੋਲੀ ਬੋਲਦੀ ਹੈ। ਪੰਜਾਬ ਵਿੱਚ ਨਿੱਤ ਨਵੇਂ ਗਾਇਕ ਆ ਰਹੇ ਹਨ ਜੋ ਕਿ ਆਪਣੇ ਗਾਣਿਆਂ ਵਿੱਚ ਪੰਜਾਬੀ ਘੱਟ ਤੇ ਹੋਰ ਭਾਸ਼ਾਵਾਂ ਦੀ ਵਰਤੋਂ ਜ਼ਿਆਦਾ ਕਰਦੇ ਹਨ। ਇਸ ਸਦਕਾ ਬੱਚੇ-ਬੱਚੇ ਦੀ ਜ਼ੁਬਾਨ ’ਤੇ ਹੋਰ ਭਾਸ਼ਾਵਾਂ ਦਾ ਜਾਦੂ ਚੱਲ ਰਿਹਾ ਹੈ। ਨੌਜਵਾਨ ਪੀੜ੍ਹੀ ਅਤੇ ਬੱਚੇ ਗਾਇਕਾਂ ਤੇ ਅਦਾਕਾਰਾਂ ਨੂੰ ਰਹਿਬਰ ਸਮਝ ਕੇ ਉਨ੍ਹਾਂ ਦੇ ਤੌਰ-ਤਰੀਕੇ, ਪਹਿਰਾਵਾ ਤੇ ਬੋਲੀ ਅਪਣਾ ਰਹੇ ਹਨ। ੲਿਸ ਕਾਰਨ ਪੰਜਾਬੀ ਭਾਸ਼ਾ ਲੋਪ ਹੋਣ ਦੇ ਕੰਢੇ ਆਣ ਖਲੋਤੀ ਹੈ। ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਵਿੱਚ ਬਹੁਤੇ ਮਾਪਿਆਂ ਦਾ ਵੀ ਬਰਾਬਰ ਦਾ ਹਿੱਸਾ ਹੈ ਕਿਉਂਕਿ ਬਹੁਤੇ ਮਾਪਿਆਂ ਵੱਲੋਂ ਜਨਮ ਸਮੇਂ ਤੋਂ ਹੀ ਬੱਚੇ ਨੂੰ ਅੰਗਰੇਜ਼ੀ ਜਾਂ ਹਿੰਦੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਫਿਰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਸ ਸਾਲਾਂ ਤਕ ਪੰਜਾਬ ਵਿੱਚ ਪੰਜਾਬੀ ਭਾਸ਼ਾ ਦਾ ਕੋਈ ਵਜੂਦ ਰਹੇਗਾ ਕਿਉਂਕਿ ਜਦੋਂ ਮਾਪਿਆਂ ਨੇ ਤਾਂ ਜਨਮ ਸਮੇਂ ਤੋਂ ਹੀ ਪੰਜਾਬੀ ਭਾਸ਼ਾ ਨੂੰ ਬੱਚਿਆਂ ਤੋਂ ਦੂਰ ਕਰਕੇ ਖੁੰਜੇ ਲਾ ਦਿੱਤਾ ਹੈ। ਇਹ ਹਾਲਾਤ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਛੇਤੀ ਕੋਈ ਉਪਰਾਲਾ ਨਾ ਕੀਤਾ ਗਿਆ ਤਾਂ ਸਾਡੀ ਮਾਂ-ਬੋਲੀ ਸਿਰਫ਼ ਪੰਜਾਬੀ ਅਖ਼ਬਾਰਾਂ ਤੇ ਕਿਤਾਬਾਂ ਦਾ ਹੀ ਸ਼ਿੰਗਾਰ ਬਣ ਕੇ ਰਹਿ ਜਾਵੇਗੀ। ਅੱਜ ਹਰ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਕਦਮ ਉਠਾਏ ਜਾ ਰਹੇ ਹਨ, ਪਰ ਲੋਪ ਹੋ ਰਹੀ ਸਾਡੀ ਮਾਂ-ਬੋਲੀ ਦੀ ਸਮੱਸਿਆ ਨੂੰ ਗੌਲਿਆ ਹੀ ਨਹੀਂ ਜਾ ਰਿਹਾ।  ਇਹ ਸਭ ਤੋਂ ਵੱਡੀ ਸਮੱਸਿਆ ਹੈ ਕਿਉਂਕਿ ਜਦੋਂ ਕੋਈ ਦੇਸ਼ ਆਪਣੀ ਮਾਂ-ਬੋਲੀ ਨੂੰ ਭੁੱਲਦਾ ਹੈ ਤਾਂ ਉਸ ਦੇ ਨਾਲ ਹੀ ਉਹ ਆਪਣਾ ਸੱਭਿਆਚਾਰ ਤੇ ਇਤਿਹਾਸ ਵੀ ਅੱਖੋਂ ਓਹਲੇ ਕਰ ਦਿੰਦਾ ਹੈ। ਪੰਜਾਬ ਵਿੱਚ ਵੀ ਇਹੀ ਹਾਲ ਰਿਹਾ ਤਾਂ ਪੰਜਾਬੀ ਸੱਭਿਆਚਾਰ ਵੀ ਬੀਤੇ ਦੀ ਗੱਲ ਬਣ ਕੇ ਰਹਿ ਜਾਵੇਗਾ। ਸੋ ਲੋੜ ਹੈ ਸਰਕਾਰ, ਪ੍ਰਸ਼ਾਸਨ ਤੇ ਹਰ ਇੱਕ ਪੰਜਾਬੀ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਦੀ ਤਾਂ ਜੋ ਪੰਜਾਬ ਦਾ ਇਤਿਹਾਸ, ਸੱਭਿਆਚਾਰ ਤੇ ਬੋਲੀ ਨੂੰ ਰਹਿੰਦੀ ਦੁਨੀਆਂ ਤਕ ਕਾਇਮ ਰੱਖਿਆ ਜਾ ਸਕੇ।  
ਭੁਪਿੰਦਰਵੀਰ ਸਿੰਘ ਨਾਲ ਇਸ ਮੋਬਾਇਲ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ--ਸੰਪਰਕ: 99149-57073

No comments: