Thursday, October 22, 2015

ਦਿਲ ਦਾ ਦੌਰਾ ਪੈਣ ਕਾਰਨ ਪ੍ਰਸਿਧ ਗਾਇਕ ਲਾਭ ਜੰਜੂਆ ਦਾ ਦੇਹਾਂਤ

ਭੰਗੜਾ ਸੰਗੀਤ ਦੇ ਹਲਕਿਆਂ ਵਿੱਚ ਡੂੰਘਾ ਸੋਗ 
ਚੰਡੀਗੜ੍ਹ, 22 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ): 
ਪੰਜਾਬੀ ਭੰਗੜਾ ਸੰਗੀਤ ਨਾਲ ਜੁੜੇ ਹਲਕਿਆਂ ਅੰਦਰ ਇਹ ਖਬਰ ਬੜੇ ਦੁੱਖ ਨਾਲ ਸੁਨੀ ਜਾਏਗੀ ਕਿ ਬਾਲੀਵੁੱਡ 'ਚ  ਪ੍ਰਸਿੱਧ ਪੰਜਾਬੀ ਗਾਇਕ ਲਾਭ ਜੰਜੂਆ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਬੀਤੀ ਰਾਤ ਕਿਸੇ ਵੇਲੇ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਅੱਜ ਸਵੇਰੇ ਮੁੰਬਈ ਦੇ ਗੋਰੇਗਾਂਓ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਉਹ ਮ੍ਰਿਤਕ ਪਾਏ ਗਏ। ਮੁਢਲੀਆਂ ਰਿਪੋਰਟਾਂ ਮੁਤਾਬਿਕ ਪੰਜਾਬੀ ਗਾਇਕ ਲਾਭ ਜੰਜੂਆ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੁਝ ਮਹੀਨੇ ਪਹਿਲਾਂ ਹੀ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। 
ਅੱਜ ਜਦੋਂ ਮੁੰਬਈ ਦੇ ਗੋਰੇਗਾਂਵ ਦੇ ਬੰਗੁਰ ਨਗਰ ਵਿਚ ਸਥਿਤ ਉਹਨਾਂ ਦੇ ਘਰ ਵਿਚੋਂ ਉਹਨਾਂ ਦੀ ਲਾਸ਼ ਬਰਾਮਦ ਹੋਈ ਤਾਂ ਸਾਰੇ ਜਾਣਕਾਰ ਹਲਕਿਆਂ ਵਿੱਚ ਸੋਗ ਫੈਲ ਗਿਆ। ਜਾਣਕਾਰੀ ਮੁਤਾਬਕ ਲਾਭ ਜੰਜੂਆ ਦੇ ਘਰ ਜਦੋਂ ਉਹਨਾਂ ਦੀ ਨੌਕਰਾਣੀ ਕੰਮ ਕਰਨ ਲਈ ਪਹੁੰਚੀ ਤਾਂ ਉਸ ਨੇ ਗਾਇਕ ਦੀ ਲਾਸ਼ ਬੈਡਰੂਮ ਵਿਚ ਦੇਖੀ। ਇਸ ਉੱਤੇ ਉਸ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਬਾਰੇ ਰਿਪੋਰਟ ਜਲਦੀ ਹੀ ਆ ਜਾਏਗੀ। ਲਾਭ ਜੰਜੂਆ ਨੂੰ ਖਾਸ ਤੌਰ ਉੱਤੇ ਭੰਗੜਾ ਗਾਇਕ ਦੇ ਤੌਰ ਉੱਤੇ ਕਾਫੀ ਪ੍ਰਸਿੱਧੀ ਮਿਲੀ ਹੈ। ਉਹ ਭੰਗੜਾ ਸੰਗੀਤ ਦੇ ਖੇਤਰਾਂ ਵਿੱਚ ਕਾਫੀ ਹਰਮਨ ਪਿਆਰਾ ਹੋਇਆ। ਪਿਛਲੇ ਸਾਲ ਆਈ ਫਿਲਮ ਕਵੀਨ ਵਿਚ ਲੰਡਨ ਠੁਮਕਦਾ ਦੇ ਗਾਣੇ ਨੂੰ ਲੈ ਕੇ ਜੰਜੂਆ ਕਾਫੀ ਚਰਚਾ ਵਿਚ ਆਏ ਸਨ। ਜੰਜੂਆ ਨੇ ਬਾਲੀਵੁੱਡ ਵਿਚ 'ਓ ਯਾਰ ਢੋਲ਼ ਵਜਾ ਕੇ' ਸੋਣੀ ਦੇ ਨਖਰੇ, ਪਿਆਰ ਕਰਕੇ ਪਛਤਾਇਆ, ਜੀ ਕਰਦਾ, ਬਾਰੀ ਬਰਸੀ ਅਤੇ ਦਿਲ ਕਰੇ ਚੁ ਚਾ ਵਰਗੇ ਗੀਤਾਂ ਨਾਲ ਬੇਹੱਦ ਪ੍ਰਸਿੱਧੀ ਖੱਟੀ। ਅੱਜ ਜਦੋਂ ਲਾਭ ਜੰਜੂਆ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਸੀ ਉਹ ਇਸ ਦੁਨੀਆ ਤੋਂ ਵਿਦਾ ਹੋ ਗਿਆ।  ਉਸਦੇ ਨੇੜਲੇ ਮਿੱਤਰ ਜਾਣਦੇ ਹਨ ਕਿ ਉਸ ਉੱਪਰ ਇਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਉਸ ਨੂੰ ਆਪਣੀ ਗਾਇਕੀ ਦੇ ਕਿੱਤੇ ਨੂੰ ਛੱਡ ਕੇ ਮਿਊਜ਼ਿਕ ਟੀਚਰ ਦਾ ਕੰਮ ਕਰਨਾ ਪਿਆ ਸੀ। ਲਾਭ ਜੰਜੂਆ ਜਿਸ ਦੇ ਗੀਤ 'ਮੁੰਡਿਆਂ ਤੋਂ ਬਚ ਕੇ ਰਹੀਂ' ਨੇ ਰਿਲੀਜ਼ ਹੁੰਦਿਆਂ ਹੀ ਨਾ ਸਿਰਫ਼ ਦੇਸ਼ 'ਚ ਬੈਠੇ ਲੋਕਾਂ ਨੂੰ ਨੱਚਣ ਲਾ ਦਿੱਤਾ ਸੀ, ਬਲਕਿ ਵਿਦੇਸ਼ਾਂ 'ਚ ਬੈਠੇ ਇਸ ਗੀਤ ਦੀ ਕਾਫੀ ਪ੍ਰਸ਼ੰਸਾ ਹੋਈ ਸੀ। ਅੱਜ ਵੀ ਨੌਜਵਾਨ ਪੀੜ੍ਹੀ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾਂਦਾ ਰਿਹਾ ਹੈ। ਲਾਭ ਜੰਜੂਆ ਨੇ ਪੰਜਾਬ 'ਚ ਹੀ ਨਹੀਂ ਬਲਕਿ ਬਾਲੀਵੁੱਡ 'ਚ ਵੀ ਚੰਗਾ ਨਾਮਣਾ ਖੱਟਿਆ। ਪੰਜਾਬ ਦੇ ਪੁੱਤਰ ਨੇ ਬਾਲੀਵੁੱਡ ਦੇ ਕਈ ਮਸ਼ਹੂਰ ਅਦਾਕਾਰ ਜਿਵੇਂ ਕਿ ਅਕਸ਼ੈ ਕੁਮਾਰ, ਸਲਮਾਨ ਖਾਨ, ਗੋਵਿੰਦਾ, ਸ਼ਾਹਰੁਖ ਲਈ ਵੀ ਆਪਣੀ ਆਵਾਜ਼ ਦਿੱਤੀ।  'ਮੇਰੇ ਪਿੰਡ ਦਾ ਕੀ ਹਾਲ' ਨੇ ਉਹਨਾਂ ਦੇ ਗਾਇਕੀ ਦੇ ਕੈਰੀਅਰ 'ਚ ਕੁਝ ਖਾਸ ਇਜ਼ਾਫਾ ਨਹੀਂ ਕੀਤਾ ਪਰ ਉਹਨਾਂ ਨੂੰ ਅਸਲੀ ਪਛਾਣ ਦਿੱਤੀ ਬਾਲੀਵੁੱਡ ਫਿਲਮ ਬੂਮ ਦੇ ਗੀਤ 'ਮੁੰਡਿਆਂ ਤੋਂ ਬਚ ਕੇ ਰਹੀਂ' ਨੇ। ਜੈਕੀ ਸ਼ਰਾਫ ਵੱਲੋਂ ਬਣਾਈ ਇਹ ਫਿਲਮ ਫਲਾਪ ਰਹੀ ਸੀ ਪਰ ਇਸ ਫਿਲਮ ਨੇ ਲਾਭ ਜੰਜੂਆ ਲਈ ਬਾਲੀਵੁੱਡ 'ਚ ਗਾਇਕੀ ਦੇ ਦਰਵਾਜ਼ੇ ਖੋਹਲ ਦਿੱਤੇ। ਉਹ  ਜ਼ਿੰਦਗੀ ਨੂੰ ਬੇਹੱਦ ਖੂਬਸੂਰਤ ਮੰਨਦੇ ਸਨ ਅਤੇ ਉਹ ਕਹਿੰਦੇ ਸਨ ਕਿ ਇਸ ਦੇ ਹਰ ਪਲ ਨੂੰ ਜ਼ਿੰਦਾਦਿਲੀ ਨਾਲ ਜੀਣਾ ਚਾਹੀਦਾ ਹੈ। 

No comments: