Tuesday, October 20, 2015

ਘਵੱਦੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਔਰਤ ਕਾਬੂ

ਕਈ ਹੋਰ ਵਿਅਕਤੀ ਵੀ ਪੁਲਿਸ ਦੀ ਨਜਰ ਵਿੱਚ 
ਲੁਧਿਆਣਾ,: 19 ਅਕਤੂਬਰ (ਪੰਜਾਬ ਸਕਰੀਨ ਬਿਊਰੋ):
ਆਖਿਰ ਖੂਨ ਖਰਾਬੇ ਵਾਲੇ ਨੁਕਸਾਨ ਅਤੇ  ਭਾਰੀ ਨਮੋਸ਼ੀ ਮਗਰੋਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਫੜੋ ਫੜੀ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ ਤੇ ਜਾਰੀ ਸੁਨੇਹੇ ਮੁਤਾਬਿਕ ਪੁਲਿਸ ਵੱਲੋਂ ਸਿੱਖੀ ਸਰੂਪ ਵਾਲੇ ਕਈ ਲੋਕ ਹਿਰਾਸਤ ਵਿੱਚ ਲਏ ਗਾਏ ਹਨ ਜਿਹਨਾਂ ਨੂੰ ਕਿਸੇ ਵੀ ਵੇਲੇ ਮੀਡੀਆ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਸੱਤਾਧਾਰੀ ਪਾਰਟੀ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਿੱਚ ਅਸਤੀਫਿਆਂ ਦੀ ਝੜੀ ਮਗਰੋਂ ਕੁਝ ਸਖਤ ਕਦਮ ਚੁੱਕੇ ਹਨ।
ਪਿੰਡ ਘਵੱਦੀ 'ਚ ਐਤਵਾਰ ਤੜਕੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਇਕ ਔਰਤ ਨੂੰ ਹਿਰਾਸਤ 'ਚ ਲਿਆ ਹੈ। ਸੋਸ਼ਲ ਮੀਡੀਆ 'ਤੇ ਇਸ ਔਰਤ ਨੂੰ ਅਪਮਾਨਜਨਕ ਸ਼ਬਦਾਂ ਨਾਲ ਸੰਬੋਧਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਾਬੂ ਕੀਤੀ ਗਈ ਔਰਤ ਦਾ ਨਾਮ ਬਲਵਿੰਦਰ ਕੌਰ ਹੈ ਤੇ ਉਸਨੂੰ ਅੱਜ ਸਵੇਰੇ ਹਿਰਾਸਤ 'ਚ ਲਿਆ ਗਿਆ। ਲੁਧਿਆਣਾ-ਲੁਧਿਆਣਾ ਦੇ ਪਿੰਡ ਘਵੱਦੀ ਵਿਚ ਐਤਵਾਰ ਤੜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਪੁਲਿਸ ਨੇ ਇਕ ਔਰਤ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਗਿ੍ਫਤਾਰ ਕਰ ਲਿਆ ਹੈ | ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਸ. ਪਰਮਰਾਜ ਸਿੰਘ ਉਮਰਾਨੰਗਲ ਨੇ ਦੱਸਿਆ ਕਿ ਪੁਲਿਸ ਨੇ ਇਹ ਕਾਰਵਾਈ ਡੀ. ਸੀ. ਪੀ. ਡਾ. ਨਰਿੰਦਰ ਭਾਰਗਵ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਹੈ ਅਤੇ ਗਿ੍ਫਤਾਰ ਕੀਤੇ ਕਥਿੱਤ ਦੋਸ਼ੀਆਂ ਵਿਚ ਬਲਵਿੰਦਰ ਕੌਰ ਵਾਸੀ ਪਿੰਡ ਘਵੱਦੀ ਅਤੇ ਗ੍ਰੰਥੀ ਸਿਕੰਦਰ ਸਿੰਘ ਪੁੱਤਰ ਦਲੇਰ ਸਿੰਘ ਸ਼ਾਮਿਲ ਹਨ। ਇਨ੍ਹਾਂ ਦੋਵਾਂ ਖਿਲਾਫ ਪੁਲਿਸ ਨੇ ਧਾਰਾ 295ਏ/201/34 ਅਧੀਨ ਕੇਸ ਦਰਜ ਕੀਤਾ ਹੈ।
ਅਹੁਦਿਆਂ ਦੇ ਲਾਲਚ ਅਤੇ ਪ੍ਰਬੰਧਾਂ ਵਿੱਚ ਕੁਤਾਹੀ
ਇਸ ਘਟਨਾ ਨੇ ਸੇਵਾ ਪ੍ਰਬੰਧਾਂ ਵਿੱਚ ਕਮੀਆਂ ਅਤੇ ਸੇਵਾਦਾਰਾਂ ਦੇ ਮਨਾਂ ਵਿੱਚ ਲੁਕੇ ਅਹੁਦਿਆਂ ਦੇ ਲਾਲਚ ਨੂੰ ਵੀ ਸਾਹਮਣੇ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਕੌਰ ਪਿਛਲੇ 7 ਸਾਲ ਤੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸਪੁਰਾ ਵਿਚ ਸਵੇਰੇ ਸਫਾਈ ਕਰਨ ਦੀ ਸੇਵਾ ਕਰਨ ਲਈ ਆਉਂਦੀ ਹੈ। ਗੁਰਦੁਆਰਾ ਸਾਹਿਬ ਦੇ ਹਾਲ ਦੀ ਚਾਬੀ ਉਥੇ ਰਹਿੰਦੇ ਗ੍ਰੰਥੀ ਸਿਕੰਦਰ ਸਿੰਘ ਪਾਸ ਹੁੰਦੀ ਹੈ। ਰੋਜਾਨਾ ਵਾਂਗ ਐਤਵਾਰ ਨੂੰ ਵੀ ਬਲਵਿੰਦਰ ਕੌਰ ਸਵੇਰੇ 4.20 ਮਿੰਟ 'ਤੇ ਸੇਵਾ ਕਰਨ ਆਈ ਅਤੇ ਪਹਿਲਾਂ ਸਿਕੰਦਰ ਸਿੰਘ ਦੇ ਕਮਰੇ ਵਿਚ ਮੌਜੂਦ ਉਸ ਦੀ ਪਤਨੀ ਤੋਂ ਮੁੱਖ ਹਾਲ ਦੀ ਚਾਬੀ ਲਈ | ਇਸ ਤੋਂ ਬਾਅਦ ਉਹ ਹਾਲ ਵਿਚ ਗਈ ਤੇ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਚੋਂ ਕੁਝ ਅੰਗ ਪਾੜ ਦਿੱਤੇ | ਬਲਵਿੰਦਰ ਕੌਰ 4.30 ਵਜੇ ਦੇ ਕਰੀਬ ਉਥੋਂ ਚਲੀ ਗਈ ਅਤੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਬਾਹਰ ਸਫਾਈ ਕਰਨ ਲੱਗ ਪਈ | ਕੁਝ ਦੇਰ ਬਾਅਦ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸਿਕੰਦਰ ਸਿੰਘ ਆ ਗਿਆ।  ਉਸ ਨੇ ਪਾਵਨ ਸਰੂਪ ਵਿਚੋਂ ਹੁਕਮਨਾਮਾ ਲਿਆ, ਜਦੋਂ ਉਹ ਵਾਪਸ ਪਰਤ ਰਿਹਾ ਸੀ ਤਾਂ ਬਲਵਿੰਦਰ ਕੌਰ ਨੇ ਸਿਕੰਦਰ ਸਿੰਘ ਤੋਂ ਪਾਵਨ ਸਰੂਪ ਬਾਰੇ ਪੁੱਛਆ ਤਾਂ ਉਸ ਨੇ ਸਭ ਕੁਝ ਠੀਕ ਠਾਕ ਹੋਣ ਦੀ ਗੱਲ ਕਹੀ। 
ਹੁਕਮਨਾਮਾ ਲੈਣ ਵੇਲੇ ਵੀ ਨਹੀਂ ਲੱਗਿਆ ਪਤਾ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਾਵਨ ਸਰੂਪ ਦੇ ਸ਼ੁਰੂ ਦੇ ਅੰਗ ਹੀ ਪਾੜੇ ਗਏ ਸਨ ਇਸ ਲਈ ਹੁਕਮਨਾਮਾ ਲੈਣ ਸਮੇਂ ਸਿਕੰਦਰ ਨੂੰ ਪਤਾ ਨਾ ਲੱਗਾ।  ਬਲਵਿੰਦਰ ਕੌਰ ਦੇ ਦੱਸਣ 'ਤੇ ਹੀ ਸਿਕੰਦਰ ਸਿੰਘ ਨੂੰ ਅੰਗਾਂ ਦੇ ਪਾੜਣ ਬਾਰੇ ਪਤਾ ਲੱਗਾ।  ਪਹਿਲਾਂ ਦੋਵਾਂ ਨੇ ਹੀ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਇਨ੍ਹਾਂ ਨੇ ਪ੍ਰਬੰਧਕਾਂ ਨੂੰ ਬੇਅਦਬੀ ਹੋਣ ਬਾਰੇ ਦੱਸਿਆ।   ਪ੍ਰਬੰਧਕਾਂ ਵੱਲੋਂ ਇਸ ਦੀ ਜਾਣਕਾਰੀ ਪਿੰਡ ਦੇ ਲਾਊੁਡ ਸਪੀਕਰ ਰਾਹੀਂ ਲੋਕਾਂ ਨੂੰ ਦਿੱਤੀ ਗਈ।  ਸ. ਉਮਰਾਨੰਗਲ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਇਨ੍ਹਾਂ ਦੋਵਾਂ ਪਾਸੋਂ ਪੁੱਛ ਪੜਤਾਲ ਕੀਤੀ ਤਾਂ ਇਨ੍ਹਾਂ ਦੇ ਬਿਆਨ ਆਪਸ ਵਿਚ ਮਿਲ ਨਹੀਂ ਰਹੇ ਸਨ ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਇਆ। ਉਨ੍ਹਾਂ ਦੱਸਿਆ ਕਿ ਬਲਵਿੰਦਰ ਕੌਰ ਪਾਸੋਂ ਸਖਤੀ ਨਾਲ ਪੁੱਛਣ 'ਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਬਲਵਿੰਦਰ ਕੌਰ ਦਾ ਕਹਿਣਾ ਸੀ ਕਿ ਜਦੋਂ ਉਹ ਮੁੱਖ ਹਾਲ ਵਿਚ ਆਈ ਤਾਂ ਦਰਵਾਜੇ ਦਾ ਤਾਲਾ ਟੁੱਟਾ ਹੋਇਆ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਸ ਦੀ ਇਹ ਗੱਲ ਜਾਂਚ ਵਿਚ ਸਹੀ ਨਹੀਂ ਪਾਈ ਗਈ ਕਿਉਂਕਿ ਤਾਲਾ ਟੁੱਟਾ ਨਹੀਂ ਹੋਇਆ ਸੀ ਬਲ ਕਿ ਉਸ ਨੂੰ ਚਾਬੀ ਨਾਲ ਖੋਲਿ੍ਹਆ ਗਿਆ ਸੀ ਜਿਸ ਨੂੰ ਕਿ ਪੁਲਿਸ ਨੇ ਬਾਅਦ ਵਿਚ ਬਰਾਮਦ ਕਰ ਲਿਆ  . ਉਨ੍ਹਾਂ ਦੱਸਿਆ ਕਿ ਸਿਕੰਦਰ ਸਿੰਘ ਨੂੰ ਪਾਵਨ ਅੰਗਾਂ ਨੂੰ ਖੁਰਦ ਬੁਰਦ ਕਰਨ ਅਤੇ ਮਾਮਲਾ ਛੁਪਾਉਣ ਦਾ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਵਾਂ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।  ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ। ਪੱਤਰਕਾਰਾਂ ਵੱਲੋਂ ਜਿਆਦਾਤਰ ਪੁੱਛੇ ਗਏ ਸਵਾਲ ਪੁਲਿਸ ਕਮਿਸ਼ਨਰ ਟਾਲਦੇ ਨਜਰ ਆਏ। ਇਸ ਸਾਰੀ ਘਟਨਾ ਵਿਚ ਕਿਸ ਵਿਅਕਤੀ ਦੀ ਸਾਜਿਸ਼ ਹੈ, ਬਾਰੇ ਵੀ ਪੁਲਿਸ ਕਮਿਸ਼ਨਰ ਵੱਲੋਂ ਕੁਝ ਨਹੀਂ ਦੱਸਿਆ ਗਿਆ ਹੈ। ਜਿਆਦਾਤਰ ਸਵਾਲਾਂ ਦੇ ਜਵਾਬ ਪੁਲਿਸ ਕਮਿਸ਼ਨਰ ਜਾਂਚ ਚੱਲ ਰਹੀ ਹੈ, ਕਹਿਕੇ ਟਾਲ ਗਏ।
ਬਲਵਿੰਦਰ ਕੌਰ ਅਮ੍ਰਿਤਧਾਰੀ ਹੈ ਅਤੇ ਉਸ ਦੇ ਪਤੀ ਅਮਰ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਲੜਕਾ ਰਣਜੀਤ ਸਿੰਘ ਪਿੰਡ ਦਾ ਨੰਬਰਦਾਰ ਹੈ ਅਤੇ ਦੋ ਗੁਰਦੁਆਰਾ ਸਾਹਿਬ ਦਾ ਸਾਬਕਾ ਪ੍ਰਧਾਨ ਹੈ।  ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਿਹੜਾ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।  
ਆਪਣੇ ਲੜਕੇ ਨੂੰ ਕਮੇਟੀ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਸੀ ਬਲਵਿੰਦਰ ਕੌਰ?
ਇਸ ਦੌਰਾਨ ਪੁਲਿਸ ਕਮਿਸ਼ਨਰ ਸ. ਪਰਮਰਾਜ ਉਮਰਾਨੰਗਲ ਨੇ ਦੇਰ ਰਾਤ ਗੱਲਬਾਤ ਦੌਰਾਨ ਦੱਸਿਆ ਕਿ ਬਲਵਿੰਦਰ ਕੌਰ ਪਾਸੋਂ ਸ਼ਾਮ ਨੂੰ ਕੀਤੀ ਪੁੱਛ ਪੜਤਾਲ ਤੋਂ ਉਸ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਲੜਕੇ ਰਣਜੀਤ ਸਿੰਘ ਨੂੰ ਮੁੜ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਸੀ ਇਸ ਲਈ ਹੀ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੰਗਾਂ ਦੀ ਬੇਅਦਬੀ ਕੀਤੀ। ਉਨ੍ਹਾਂ ਦੱਸਿਆ ਕਿ ਬਲਵਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਗਿ੍ਫ਼ਤਾਰ ਕਰ ਲਵੇਗੀ ਅਤੇ ਉਸ ਦਾ ਲੜਕਾ ਹੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣ ਜਾਵੇਗਾ ਪਰ ਉਹ ਆਪਣੇ ਇਸ ਮਕਸਦ 'ਚ ਕਾਮਯਾਬ ਨਹੀਂ ਹੋ ਸਕੀ।  ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਇਸ ਮਾਮਲੇ 'ਚ ਕੁੱਝ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦਾ ਵੀ ਪਤਾ ਲੱਗਾ ਹੈ। ਹੁਣ ਦੇਖਣਾ ਹੈ ਕਿ ਇਹਨਾਂ ਦੀ ਤਾਰ ਕਿਸ ਕਿਸ ਦੇ ਨਾਲ ਜੁੜਦੀ ਹੈ। ਕਾਬਿਲੇ ਜ਼ਿਕਰ ਹੈ ਕਿ ਲਗਾਤਾਰ ਹੋਈਆਂ ਇਹਨਾਂ ਘਟਨਾਵਾਂ ਪਿੱਛੇ  ਕਿਸੇ ਦਾ ਅੰਨਾ ਜਨੂੰਨ ਨਹੀਂ ਬਲਕਿ ਕੋਈ ਸੋਚੀ ਸਮਝੀ ਸਾਜਿਸ਼ ਲੱਗਦੀ ਹੈ ਜਿਹੜੀ ਪੰਜਾਬ ਨੂੰ ਮੁੜ ਲਾਂਬੂ ਲਾਉਣ ਲਈ ਰਚੀ ਗਈ ਹੈ। 

No comments: