Tuesday, October 13, 2015

ਪੰਜਾਬ ਵਿੱਚ ਫਿਰ ਬੁਲੰਦ ਹੋ ਰਿਹਾ ਹੈ ਲਾਲ ਝੰਡਾ

ਚਾਰ ਖੱਬੀਆਂ ਪਾਰਟੀਆਂ ਨੇ ਕੀਤੇ ਸਾਰੇ ਜ਼ਿਲ੍ਹਿਆਂ 'ਚ ਜ਼ਬਰਦਸਤ ਰੋਸ ਮੁਜ਼ਾਹਰੇ
ਚੰਡੀਗੜ੍ਹ: 12 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
File photo 
ਪੰਜਾਬ ਵਿੱਚ ਲਾਲ ਝੰਡਾ ਫਿਰ ਬੁਲੰਦ ਹੋ ਰਿਹਾ ਹੈ। ਖੱਬੀਆਂ ਪਾਰਟੀਆਂ ਆਏ ਦਿਨ ਕੋਈ ਨ ਕੋਈ ਸਾਰਥਕ ਅੰਦੋਲਨ ਕਰਕੇ ਲੋਕਾਂ ਨਾਲ ਆਪਣੀ ਸਾਂਝ ਫਿਰ ਮਜਬੂਤ ਬਣਾ ਰਹੀਆਂ ਹਨ। ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐਮ), ਸੀ ਪੀ ਐਮ ਪੰਜਾਬ ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸੱਦੇ 'ਤੇ ਸਾਰੇ ਜ਼ਿਲ੍ਹਿਆਂ 'ਚ ਡੀ ਸੀ ਦਫ਼ਤਰਾਂ ਸਾਹਮਣੇ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਅਤੇ ਧਰਨੇ ਦਿੱਤੇ ਗਏ। ਖੱਬੀਆਂ ਪਾਰਟੀਆਂ ਵੱਲੋਂ ਇਹ ਧਰਨੇ ਕਿਸਾਨੀ ਦੀ ਮੰਡੀਆਂ 'ਚ ਹੋ ਰਹੀ ਲੁੱਟ ਅਤੇ ਨਰਮੇ ਦੀ ਬਰਬਾਦੀ ਵਿਰੁੱਧ ਦਿੱਤੇ ਗਏ। ਚਾਰ ਖੱਬੀਆਂ ਪਾਰਟੀਆਂ ਨੇ ਕਿਸਾਨ ਮਸਲਿਆਂ ਦੇ ਸਮੱਰਥਨ 'ਚ ਸੂਬੇ ਭਰ 'ਚ ਧਰਨਿਆਂ ਦਾ ਸੱਦਾ ਦਿੱਤਾ ਸੀ, ਜੋ ਕਿ ਬਹੁਤ ਹੀ ਸਫ਼ਲ ਰਹੇ। 
ਬੁਲਾਰਿਆਂ ਨੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਪਾਹ ਉਤਪਾਦਕਾਂ ਨੂੰ ਘਟੀਆ ਮਿਆਰ ਦੀਆਂ ਕੀੜੇਮਾਰ ਦਵਾਈਆਂ ਵੇਚੇ ਜਾਣ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਫਸਲ ਦਾ 3 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਾਸਮਤੀ 'ਤੇ 7 ਫੀਸਦੀ ਟੈੱਕਸ ਲਾ ਦਿੱਤਾ ਹੈ ਅਤੇ ਦਾਣਾ ਮੰਡੀਆਂ ਵਿੱਚ ਸਰਕਾਰੀ ਏਜੰਸੇਆਂ ਵੱਲੋਂ ਘੱਟੋ-ਘੱਟ ਸਮੱਰਥਨ ਮੁੱਲ 'ਤੇ ਵੀ ਬਾਸਮਤੀ ਦੀ ਖਰੀਦ ਨਹੀਂ ਕੀਤੀ ਜਾ ਰਹੀ ਅਤੇ ਗੰਨਾ ਮਿੱਲਾਂ ਵੱਲੋਂ ਗੰਨਾ ਕਿਸਾਨਾਂ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਅਤੇ ਪੰਜਾਬ ਸਰਕਾਰ ਦੇ ਰਵੱਈਏ ਨਾਲ ਪੰਜਾਬ ਦੀ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਨਵ-ਉਦਾਰਵਾਦੀ ਨੀਤੀਆਂ ਅਤੇ ਸੂਬਾ ਸਰਕਾਰ ਦੇ ਰਵੱਈਏ ਨਾਲ ਕਿਸਾਨੀ, ਖੇਤੀ ਕਾਮੇ, ਨੌਜੁਆਨ, ਵਿਦਿਆਰਥੀ, ਸਮਾਜ ਦੇ ਦੂਜੇ ਵਰਗ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਬੁਲਾਰਿਆਂ ਨੇ ਬਿਨਾਂ ਦੇਰੀ ਜਨਤਕ ਵੰਡ ਪ੍ਰਣਾਲੀ ਸ਼ੁਰੂ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਪਰ ਸਰਕਾਰ ਵੱਲੋਂ ਮਹਿੰਗਾਈ ਰੋਕਣ ਲਈ ਕੁਝ ਨਹੀਂ ਕੀਤਾ ਜਾ ਰਿਹਾ। ਬੁਲਾਰਿਆਂ ਨੇ ਮੰਗ ਕੀਤੀ ਕਿ ਬੇਰੁਜ਼ਗਾਰੀ ਖਤਮ ਕੀਤੀ ਜਾਵੇ ਅਤੇ ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਰੇਤ ਮਾਫੀਆ 'ਤੇ ਰੋਕ ਲਾਈ ਜਾਵੇ। ਉਨ੍ਹਾ ਮੰਗ ਕੀਤੀ ਕਿ ਬੇਜ਼ਮੀਨਿਆਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨਾਂ ਦੀ ਉਸਾਰੀ ਲਈ ਤਿੰਨ-ਤਿੰਨ ਲੱਖ ਰੁਪਏ ਦਿੱਤੇ ਜਾਣ, ਨਰੇਗਾ ਦੇ ਬਕਾਏ ਅਦਾ ਕੀਤੇ ਜਾਣ, ਸਿਹਤ ਸੁਵਿਧਾਵਾਂ ਸਸਤੀਆਂ ਕੀਤੀਆਂ ਜਾਣ, ਬੁਢਾਪਾ ਅਤੇ ਵਿਧਵਾ ਪੈਨਸ਼ਨ ਪ੍ਰਤੀ ਮਹੀਨਾ ਤਿੰਨ ਹਜ਼ਾਰ ਰੁਪਏ ਕੀਤੀ ਜਾਵੇ ਅਤੇ ਘੱਟੋ-ਘੱਟ 15 ਹਜ਼ਾਰ ਰੁਪਏ ਮਹੀਨਾ ਮਿਥੀ ਜਾਵੇ। 
ਉਨ੍ਹਾ ਮੰਗ ਕੀਤੀ ਕਿ ਕਪਾਹ ਉਤਪਾਦਕਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤੀ ਕਾਮਿਆਂ ਨੂੰ 25 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਬਾਸਮਤੀ 1509 ਦੀ ਕੀਮਤ 3500 ਰੁਪਏ ਪ੍ਰਤੀ ਕੁਇੰਟਲ ਮਿਥੀ ਜਾਵੇ ਅਤੇ ਗੰਨੇ ਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ। ਉਨ੍ਹਾ ਚਿਤਾਵਨੀ ਦਿੱਤੀ ਕਿ ਜੇ ਉਨ੍ਹਾ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਜ਼ਿਲ੍ਹਾ ਪੱਧਰੀ ਧਰਨਿਆਂ ਨੂੰ ਹੋਰਨਾਂ ਤੋਂ ਇਲਾਵਾ ਸੀ ਪੀ ਆਈ ਆਗੂਆਂ ਕਾਮਰੇਡ ਅਰਸ਼ੀ, ਡਾ. ਜੋਗਿੰਦਰ ਦਿਆਲ, ਬੰਤ ਬਰਾੜ, ਸੀ ਪੀ ਐੱਮ ਵੱਲੋਂ ਚਰਨ ਸਿੰਘ ਵਿਰਦੀ, ਵਿਜੈ ਮਿਸ਼ਰਾ, ਰਘੂਨਾਥ ਸਿੰਘ, ਸੀ ਪੀ ਆਈ ਐੱਮ ਪੰਜਾਬ ਵੱਲੋਂ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਕੁਲਵੰਤ ਸੰਧੂ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਗੁਰਮੀਤ ਸਿੰਘ ਬਖਤਪੁਰਾ, ਸੁਖਦਰਸ਼ਨ ਨੱਤ ਅਤੇ ਬਲਕਰਨ ਸਿੰਘ ਨੇ ਵੀ ਸੰਬੋਧਨ ਕੀਤਾ।
ਮਾਨਸਾ: ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ. (ਐੱਮ.), ਸੀ.ਪੀ.ਐੱਮ. ਪੰਜਾਬ, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਸੱਦੇ 'ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਦਾ ਮਜ਼ਦੂਰਾਂ ਨੂੰ ਪ੍ਰਤੀ ਪਰਵਾਰ 20,000/- ਰੁਪਏ ਮੁਆਵਜ਼ਾ ਅਤੇ ਕਿਸਾਨਾਂ ਪ੍ਰਤੀ ਏਕੜ 40,000/- ਰੁਪਏ ਮੁਆਵਜ਼ਾ ਦਿਵਾਉਣ ਅਤੇ 15 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਲਈ ਸਥਾਨਕ ਜ਼ਿਲ੍ਹਾ ਕੰਪਲੈਕਸ ਵਿਖੇ ਸੈਂਕੜੇ ਕਮਿਊਨਿਸਟ ਵਰਕਰਾਂ ਵੱਲੋਂ ਵਿਸ਼ਾਲ ਧਰਨਾ ਦੇ ਕੇ ਸ਼ਹਿਰ ਵਿਚ ਹੱਥਾਂ ਵਿੱਚ ਲਾਲ ਝੰਡੇ ਲੈ ਕੇ ਰੋਸ ਮਾਰਚ ਕੀਤਾ ਅਤੇ ਧਰਨੇ ਦੀ ਅਗਵਾਈ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀ.ਪੀ.ਆਈ.ਐੱਮ ਦੇ ਜ਼ਿਲ੍ਹਾ ਸਕੱਤਰ ਕੁਲਵਿੰਦਰ ਉÎੱਡਤ, ਸੀ.ਪੀ.ਐੱਮ. ਪੰਜਾਬ ਦੇ ਜ਼ਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ ਅਤੇ ਸੀ.ਆਈ.ਐੱਮ.ਐੱਲ. ਲਿਬਰੇਸ਼ਨ ਦੇ ਸਾਥੀ ਅਮਰੀਕ ਸਿੰਘ ਸਮਾਓਂ ਆਗੂਆਂ ਨੇ ਕੀਤੀ। 
ਧਰਨੇ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ, ਸੀ.ਪੀ.ਆਈ. ਐੱਮ.ਐੱਲ. ਲਿਬਰੇਸ਼ਲ ਦੇ ਸੂਬਾ ਸਕੱਤਰੇਤ ਮੈਂਬਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਵਰਗ ਨੂੰ ਕੰਗਾਲੀ ਦੇ ਰਸਤੇ 'ਤੇ ਲੈ ਕੇ ਜਾਣ ਲਈ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਸਿੱਧੇ ਤੌਰ 'ਤੇ ਮੁੱਖ ਦੋਸ਼ੀ ਹੈ ਅਤੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਨਾਲ ਧਰਮਾਂ ਅਤੇ ਜਾਤਾਂ ਦੀ ਵੰਡ ਕਰਕੇ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਆਪਣੀ ਰਾਜ ਸੱਤਾ ਨੂੰ ਕਾਇਮ ਰੱਖਿਆ ਹੈ, ਪ੍ਰੰਤੂ ਪੰਜਾਬ ਅੰਦਰ ਸੂਬਾ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੋਇਆ ਹੈ। ਮਜ਼ਦੂਰ-ਕਿਸਾਨ ਲਗਾਤਾਰ ਇਨ੍ਹਾਂ ਨੀਤੀਆਂ ਕਰਨ ਖੁਦਕੁਸ਼ੀਆਂ ਕਰ ਰਹੇ ਹਨ, ਪਰ ਆਮ ਲੋਕਾਂ ਲਈ ਕੋਈ ਬਦਲ ਨਹੀਂ ਹੈ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਖੁਦਕੁਸ਼ੀਆਂ ਕਰਨ ਦੀ ਬਜਾਇ ਰਿਸ਼ਵਤਖੋਰ ਅਫ਼ਸਰਸ਼ਾਹੀ ਅਤੇ ਸਰਕਾਰ ਖਿਲਾਫ ਇੱਕ ਪਲੇਟਫਾਰਮ ਤਿਆਰ ਕਰਕੇ ਸੰਘਰਸ਼ ਲਈ ਤਿਆਰ ਹੋਣਾ ਪਏਗਾ। ਉਹਨਾਂ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਕੇਵਲ ਆਪਣੇ ਚਹੇਤਿਆਂ ਨੂੰ ਨਾ-ਮਾਤਰ ਮੁਆਵਜ਼ੇ ਦੇ ਚੈੱਕ ਦੇ ਕੇ ਮਗਰਮੱਛ ਵਾਲੇ ਅੱਥਰੂ ਵਹਾ ਰਹੀ ਹੈ ਅਤੇ ਕਿਸਾਨ ਪੱਖੀ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ, ਜਦੋਂਕਿ ਪੰਜਾਬ ਦਾ ਬੱਚਾ-ਬੱਚਾ ਪੰਜਾਬ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਸਮਝ ਚੁੱਕਾ ਹੈ ਅਤੇ ਸੰਘਰਸ਼ ਦੇ ਰਾਹ ਪਿਆ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾ ਰਹੀ ਹੈ, ਜਿਸ ਵਿੱਚ ਕਿਸਾਨਾਂ ਨੂੰ 40,000/- ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ 20,000/- ਰੁਪਏ ਪ੍ਰਤੀ ਪਰਵਾਰ ਮੁਆਵਜ਼ਾ ਦਿਵਾਉਣ ਅਤੇ ਨਕਲੀ ਕੀੜੇਮਾਰ ਦਵਾਈਆਂ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਅਤੇ 15 ਨੁਕਾਤੀ ਮੰਗਾਂ ਦਾ ਪ੍ਰੋਗਰਾਮ ਲਾਗੂ ਕਰਵਾਉਣ ਸੰਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸਮੇਂ ਸੀ.ਪੀ.ਐੱਮ. ਪੰਜਾਬ ਦੇ ਸੂਬਾਈ ਆਗੂ ਮਾਸਟਰ ਛੱਜੂ ਰਾਮ, ਸੀ.ਪੀ.ਐੱਮ. ਲਿਬਰੇਸ਼ਨ ਦੇ ਗੁਰਮੀਤ ਸਿੰਘ ਨੰਦਗੜ੍ਹ, ਨਿੱਕਾ ਸਿੰਘ ਬਹਾਦਰਪੁਰ, ਗੁਰਸੇਵਕ ਸਿੰਘ ਮਾਨ, ਜੀਤ ਸਿੰਘ ਬੋਹਾ, ਸਰਪੰਚ ਰਣਜੀਤ ਸਿੰਘ ਤਾਮਕੋਟ, ਸੁਰਜੀਤ ਸਿੰਘ ਕੋਟਧਰਮੂ, ਨਰਿੰਦਰ ਕੌਰ, ਸੀ.ਪੀ.ਆਈ. ਦੇ ਜਗਰਾਜ ਸਿੰਘ ਹੀਰਕੇ, ਰੂਪ ਸਿੰਘ ਢਿੱਲੋਂ, ਡਾ. ਆਤਮਾ ਸਿੰਘ ਆਤਮਾ, ਸੀਤਾ ਰਾਮ ਗੋਬਿੰਦਪੁਰਾ, ਮਾਸਟਰ ਗੁਰਬਚਨ ਸਿੰਘ ਮੰਦਰਾਂ, ਰਤਨ ਭੋਲਾ, ਮੇਘਾ ਸਿੰਘ ਪ੍ਰਧਾਨ ਨਗਰ ਪੰਚਾਇਤ ਜੋਗਾ, ਮੇਜਰ ਸਿੰਘ ਅਤੇ ਹਰੀ ਸਿੰਘ ਸੰਮਤੀ ਮੈਂਬਰ, ਮਨਜੀਤ ਗਾਮੀਵਾਲਾ, ਮੰਗਤ ਰਾਮ ਭੀਖੀ, ਸੀ.ਪੀ.ਐਮ. ਪੰਜਾਬ ਮੇਜਰ ਸਿੰਘ ਮਾਨਸਾ, ਨਰਿੰਦਰ ਸੋਮਾ, ਰਜਿੰਦਰ ਕੁਲੈਹਰੀ, ਆਤਮਾ ਸਿੰਘ ਸਰਦੂਲਗੜ੍ਹ, ਸੀ.ਪੀ.ਆਈ. ਐਮ. ਦੇ ਘੋਕਾ ਦਾਸ ਰੱਲਾ, ਰਾਜਵਿੰਦਰ ਸਿੰਘ ਹੀਰੇਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਲੁਧਿਆਣਾ: ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐਮ), ਸੀ ਪੀ ਐਮ ਪੰਜਾਬ ਅਤੇ ਸੀ ਪੀ ਆਈ (ਐੱਮ ਐਲ) ਲਿਬਰੇਸ਼ਨ ਦੇ ਸੱਦੇ 'ਤੇ ਕਿਸਾਨਾਂ ਦੀਆਂ ਮੰਗਾਂ ਦੇ ਸਮੱਰਥਨ ਵਿੱਚ ਅੱਜ ਇੱਥੇ ਮਿੰਨੀ ਸਕਤਰੇਤ ਲੁਧਿਆਣਾ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਪਾਰਟੀਆਂ ਨੇ ਮੰਗ ਕੀਤੀ ਕਿ ਚਿੱਟੀ ਮੱਖੀ ਨਾਲ ਤਬਾਹ ਹੋਏ ਨਰਮੇ ਦਾ ਪੂਰਾ ਮੁਆਵਜ਼ਾ 40000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨ ਨੂੰ ਅਤੇ 20000 ਰੁਪਏ ਦੇ ਹਿਸਾਬ ਨਾਲ ਖੇਤ ਮਜ਼ਦੂਰਾਂ ਨੂੰ ਦਿੱਤਾ ਜਾਏ। ਇਸ ਮੌਕੇ ਬੋਲਦਿਆਂ ਕੁਲ ਹਿੰਦ ਜਨਵਾਦੀ ਇਸਤਰੀ ਸਭਾ ਦੀ ਕੌਮੀ ਜਨਰਲ ਸਕੱਤਰ ਕਾ. ਜਗਮਤੀ ਸਾਂਗਵਾਂ ਅਤੇ ਕਾ. ਸੁਮੀਤ ਚੋਪੜਾ-ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਸਕੱਤਰ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਚਾਉਣ ਦੀ ਬਜਾਏ 33 ਕਰੋੜ ਦਾ ਕੀਟਨਾਸ਼ਕ ਦਾ ਘਪਲਾ ਕਰਨ ਵਾਲੇ ਪੰਜਾਬ ਸਰਕਾਰ ਵਿੱਚ ਉੱਚ ਅਹੁਦਿਆਂ 'ਤੇ ਬੈਠੇ ਅਸਲ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੀ ਲੱਗੀ ਹੋਈ ਹੈ। 
ਇਸ ਮੌਕੇ ਸੰਬੋਧਨ ਕਰਦੇ ਹੋਏ ਕਾ. ਕਰਤਾਰ ਸਿੰਘ ਬੁਆਣੀ-ਸਕੱਤਰ ਸੀ ਪੀ ਆਈ ਜ਼ਿਲ੍ਹਾ ਲੁਧਿਆਣਾ, ਕਾ. ਅਮਰਜੀਤ ਸਿੰਘ ਮੱਟੂ-ਸਕੱਤਰ ਸੀ ਪੀ ਆਈ (ਐਮ) ਜ਼ਿਲ੍ਹਾ ਲੁਧਿਆਣਾ ਅਤੇ ਕਾ. ਮਹਿੰਦਰ ਅੱਚਰਵਾਲ-ਜ਼ਿਲ੍ਹਾ ਸਕੱਤਰ ਸੀ ਪੀ ਐਮ ਪੰਜਾਬ ਨੇ ਕਿਹਾ ਕਿ ਇਸ ਸਮੇਂ ਕਿਸਾਨੀ ਤੇ ਖੇਤ ਮਜ਼ਦੂਰ ਵਰਗ ਗੰਭੀਰ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਚਿੱਟੀ ਮੱਖੀ ਦੇ ਹਮਲੇ ਕਾਰਨ ਨਰਮੇ ਦੀ ਫ਼ਸਲ ਤਬਾਹ ਹੋਣ ਕਰ ਕੇ ਅਤੇ ਬਾਸਮਤੀ ਦੇ ਨਿਗੂਨੇ ਭਾਅ ਨੇ ਉਨ੍ਹਾਂ ਦਾ ਕਚੂਮਰ ਕੱਢ ਦਿੱਤਾ ਹੈ। ਇਹਨਾਂ ਤੋਂ ਇਲਾਵਾ ਕਾ. ਡੀ ਪੀ ਮੌੜ, ਕਾ. ਜਗਦੀਸ਼, ਕਾ. ਗੁਰਨਾਮ ਸਿੱਧੂ, ਕਾ. ਰਮੇਸ਼ ਰਤਨ, ਕਾ. ਪਰਮਜੀਤ ਸਿੰਘ, ਕਾ. ਭਰਪੂਰ ਸਿੰਘ, ਕਾ. ਸੁਰਿੰਦਰ ਜਲਾਲਦੀਵਾਲ, ਕਾ. ਅਮਨਦੀਪ ਸਿੰਘ, ਕਾ. ਬਲਦੇਵ ਲਤਾਲਾ, ਕਾ. ਸੁਖਵਿੰਦਰ ਲੋਟੇ, ਕਾ. ਅਵਤਾਰ ਗਿੱਲ, ਕਾ. ਸਿਕੰਦਰ ਸਿੰਘ ਜੜਤੌਲੀ, ਕਾ. ਜਗਤਾਰ ਸਿੰਘ, ਕਾ. ਰਾਜਾ ਰਾਮ, ਕਾ. ਗੁਰਦੀਪ ਸਿੰਘ ਕਲਸੀ ਆਦਿ ਨੇ ਵੀ ਸੰਬੋਧਨ ਕੀਤਾ।
ਪਠਾਨਕੋਟ : ਅੱਜ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ ਐਮ, ਸੀ ਪੀ ਐਮ ਪੰਜਾਬ ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵੱਲੋਂ ਪੰਜਾਬ ਅੰਦਰ ਚੱਲ ਰਹੇ ਕਿਸਾਨਾਂ-ਮਜ਼ਦੂਰਾਂ ਦਾ ਰੇਲ ਰੋਕੋ ਅੰਦੋਲਨ ਦੇ ਸਮੱਰਥਨ ਵਿੱਚ ਕਾਮਰੇਡ ਅਮਰੀਕ ਸਿੰਘ, ਕਾਮਰੇਡ ਕੇਵਲ ਕਾਲੀਆ, ਕਾਮਰੇਡ ਦਲਬੀਰ ਸਿੰਘ ਅਤੇ ਕਾਮਰੇਡ ਦਰਸ਼ਨ ਅਖਰੋਟਾ ਦੀ ਸਾਂਝੀ ਪ੍ਰਧਾਨਗੀ ਹੇਠ ਡੀ ਸੀ ਦਫਤਰ ਪਠਾਨਕੋਟ ਅੱਗੇ ਵਿਸ਼ਾਲ ਧਰਨਾ ਮਾਰਿਆ ਗਿਆ।
ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਮੂਹ ਬੁਲਾਰਿਆਂ ਸੀ ਪੀ ਆਈ ਦੇ ਠਾਕੁਰ ਰਮੇਸ਼ ਸਿੰਘ, ਸੱਤਿਆ ਦੇਵ ਸੈਣੀ, ਉਂਕਾਰ ਸਿੰਘ, ਸੀ ਪੀ ਆਈ ਐਮ ਦੇ ਡਾ ਸੁਰਿੰਦਰ ਸਿੰਘ, ਲਖਵਿੰਦਰ ਮਰੜ, ਗਨੇਸ਼ ਰਾਜ, ਸੀ ਪੀ ਐਮ ਪੰਜਾਬ ਦੇ ਕਾਮਰੇਡ ਨੱਥਾ ਸਿੰਘ, ਮਾਸਟਰ ਸੁਭਾਸ਼ ਸ਼ਰਮਾ, ਕਾਮਰੇਡ ਹਜ਼ਾਰੀ ਲਾਲ ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਅਸ਼ਵਨੀ ਕੁਮਾਰ ਹੈਪੀ ਨੇ ਕਿਹਾ ਕਿ ਪੰਜਾਬ ਅੰਦਰ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਜਬੂਰ ਹੋ ਕੇ ਪਿਛਲੀ 7 ਅਕਤੂਬਰ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕਰਨਾ ਪਿਆ ਹੈ। ਕੇਂਦਰ ਅਤੇ ਪੰਜਾਬ ਸਰਕਾਰ ਦੀ ਬੇਰੁਖੀ ਤੇ ਅਣਦੇਖੀ ਕਾਰਨ ਸੰਘਰਸ਼ ਦਿਨ ਪ੍ਰਤੀ ਦਿਨ ਅੱਗੇ ਵਧਾਉਣਾ ਪੈ ਰਿਹਾ ਹੈ। ਪੰਜਾਬ ਸਰਕਾਰ ਨਾ ਤਾਂ ਕਿਸਾਨਾਂ ਮਜ਼ਦੂਰਾਂ ਦੀਆਂ ਵੱਧ ਰਹੀਆਂ ਮੁਸ਼ਕਲਾਂ ਦੀ ਪ੍ਰਵਾਹ ਕਰਦੀ ਹੈ, ਨਾ ਹੀ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਬਾਰੇ ਸੋਚਦੀ ਹੈ।
ਅੰਮ੍ਰਿਤਸਰ:: ਅੱਠ ਕਿਸਾਨ ਜਥੇਬੰਦੀਆਂ ਵੱਲੋਂ 1121 ਬਾਸਮਤੀ ਅਤੇ 1509, ਕਿਸਮ ਦੇ ਉਚਿਤ ਭਾਅ, ਨਰਮੇ ਦੇ ਖਰਾਬੇ ਦਾ ਮੁਆਵਜ਼ਾ, ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ, ਮੰਡ ਖੇਤਰ ਦੀ ਹੋਈ ਫਸਲ ਦੀ ਤਬਾਹੀ ਅਤੇ ਗੰਨੇ ਦੇ ਬਕਾਏ ਨੂੰ ਲੈ ਕੇ ਵਿੱਢਿਆ ਸੰਘਰਸ਼ ਅੱਜ ਛੇਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਕਿਸਾਨਾਂ ਅੰਮ੍ਰਿਤਸਰ ਦਿੱਲੀ ਰੇਲਵੇ ਮਾਰਗ ਨੂੰ ਪਿੰਡ ਮੁੱਛਲ ਕੋਲ ਪੂਰੀ ਤਰ੍ਹਾਂ ਜਾਮ ਕਰਕੇ ਬੈਠੇ ਹੋਏ ਹਨ, ਜਦ ਕਿ ਸੰਘਰਸ਼ ਨੂੰ ਸਫਲ ਕਰਨ ਲਈ ਪਿੰਡਾਂ ਵਿੱਚੋਂ ਲੋਕ ਤਰ੍ਹਾਂ-ਤਰ੍ਹਾਂ ਦਾ ਲੰਗਰ ਸਾਜ਼ੋ-ਸਾਮਾਨ ਲੈ ਕੇ ਆਪ-ਮੁਹਾਰੇ ਪਹੁੰਚ ਰਹੇ ਹਨ। ਜਾਰੀ ਇੱਕ ਬਿਆਨ ਰਾਹੀਂ ਕਿਸਾਨ ਆਗੂ ਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਰੇਲਵੇ ਟਰੈਕ 'ਤੇ ਪੱਕੇ ਡੇਰੇ ਲਾ ਰੱਖੇ ਹਨ, ਹਰ ਰੋਜ਼ ਧਰਨੇ 'ਤੇ ਬੈਠੇ ਕਿਸਾਨਾਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਕਿਸਾਨਾਂ ਵਿੱਚ ਫੈਲੇ ਰੋਹ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਉਹਨਾਂ ਦੱਸਿਆ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ, ਜਮਹੂਰੀ ਕਿਸਾਨ ਸਭਾ ਦੇ ਪ੍ਰਗਟ ਸਿੰਘ ਜਾਮਾਰਾਏ, ਕਿਰਤੀ ਕਿਸਾਨ ਯੂਨੀਅਨ ਦੇ ਧੰਨਵੰਤ ਸਿੰਘ ਖਤਰਾਏ ਕਲਾਂ, ਕਿਸਾਨ ਸੰਘਰਸ਼ ਕਮੇਟੀ ਦੇ ਗੁਰਸਾਹਿਬ ਸਿੰਘ ਚਾਟੀਵਿੰਡ, ਬੀ.ਕੇ.ਯੂ ਦੇ ਕਸ਼ਮੀਰ ਸਿੰਘ ਧੰਗਈ ਆਦਿ ਨੇ ਕਿਹਾ ਕਿ ਬਾਦਲ ਸਰਕਾਰ ਨੇ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ , ਜਿਸ ਕਾਰਨ ਮਜਬੂਰੀ ਵੱਸ ਕਿਸਾਨਾਂ ਨੂੰ ਰੇਲਵੇ ਮਾਰਗਾਂ 'ਤੇ ਆਉਣਾ ਪਿਆ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਝੰਡੇਰ, ਜਗਜੀਤ ਸਿੰਘ ਕਲਾਨੌਰ, ਇੰਦਰਜੀਤ ਸਿੰਘ ਕੋਟ ਬੁੱਢਾ, ਸੁਖਵਿੰਦਰ ਸਿੰਘ ਸਭਰਾ, ਹਰਦਿਆਲ ਸਿੰਘ ਮਠੌਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਉਮੀਦ ਕਰਨੀ ਚਾਹੀਦੀ ਹੈ ਕਿ ਆਉਂਦੇ ਦਿਨਾਂ ਵਿੱਚ ਕਾਮਰੇਡ ਆਪਣੀ ਪੁਰਾਣੀ ਸ਼ਾਨੋ ਸ਼ੌਕਤ ਬਹਾਲ ਕਰਨ ਵਿੱਚ ਕਾਮਯਾਬ ਰਹਿਣਗੇ। 


No comments: