Sunday, October 11, 2015

ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਵਿੱਚ ਦੋ ਦਿਨ ਦਾ ਹੋਰ ਵਾਧਾ

ਮੁੱਖ ਮੰਤਰੀ ਬਾਦਲ ਨੇ 12 ਅਕਤੂਬਰ ਨੂੰ ਸਾਢੇ 4 ਵਜੇ ਬੁਲਾਈ ਚੰਡੀਗੜ੍ਹ 'ਚ ਅਹਿਮ ਮੀਟਿੰਗ 
ਮਾਨਸਾ: 10 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):  
ਦੇਸ਼ ਦੀ ਖੜਗਭੁਜਾ ਅਖਵਾਉਣ ਵਾਲੇ ਪੰਜਾਬ ਦੀਆਂ 8 ਕਿਸਾਨ ਜਥੇਬੰਦੀਆਂ ਨੇ ਨਰਮੇ ਦੀ ਤਬਾਹੀ ਕਾਰਨ ਹੋਈਆਂ ਖੁਦਕੁਸ਼ੀਆਂ ਤੋਂ ਬਾਅਦ ਅਪਣਾਏ ਸੰਘਰਸ਼ ਨੂੰ ਹੁਣ ਹੋਰ ਤਿੱਖਾ ਕਰ ਦਿੱਤਾ ਹੈ। ਕਿਸਾਨਾਂ ਨੇ ਆਪਣੇ ਰੇਲ ਰੋਕੋ ਪ੍ਰੋਗਰਾਮ ਵਿਚ 2 ਦਿਨ ਹੋਰ ਵਾਧਾ ਕਰ ਦਿੱਤਾ ਹੈ। ਪਿਛਲੇ ਦਿਨਾਂ ਤੋਂ ਸੰਘਰਸ਼ ਦੇ ਰਾਹ ਪਈਆਂ ਇਨ੍ਹਾਂ 8 ਕਿਸਾਨ ਜਥੇਬੰਦੀਆਂ ਵੱਲੋਂ ਹੁਣ 12 ਅਕਤੂਬਰ ਸ਼ਾਮ ਤੱਕ ਰੇਲਾਂ ਰੋਕੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਨ੍ਹਾਂ ਜਥੇਬੰਦੀਆਂ ਨਾਲ ਮੰਗਾਂ 'ਤੇ ਵਿਚਾਰ ਕਰਨ ਲਈ 12 ਅਕਤੂਬਰ ਨੂੰ ਸਾਢੇ 4 ਵਜੇ ਚੰਡੀਗੜ੍ਹ ਮੀਟਿੰਗ ਬੁਲਾਈ ਹੈ। ਉੱਧਰ ਕਿਸਾਨ ਆਗੂਆਂ ਨੇ ਵੀ ਇਹ ਫ਼ੈਸਲਾ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਨਾਲ ਮੀਟਿੰਗ ਖ਼ਤਮ ਹੋਣ ਤੱਕ ਰੇਲ ਰੋਕੋ ਪ੍ਰੋਗਰਾਮ ਜਾਰੀ ਰਹੇਗਾ ਅਤੇ ਇਕੱਤਰਤਾ ਦੇ ਫ਼ੈਸਲੇ ਤੋਂ ਉਪਰੰਤ ਹੀ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅਜਿਹਾ ਤਿੱਖਾ ਸੰਘਰਸ਼ ਪੰਜਾਬ ਵਿੱਚ ਬੜੇ ਚਿਰਾਂ ਮਗਰੋਂ ਸ਼ੁਰੂ ਹੋਇਆ ਹੈ। 
ਇਸ ਸੰਘਰਸ਼ ਦੀਆਂ ਮੋਹਰੀ ਸਫਾਂ ਵਾਲੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਗੁੱਟ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਉਕਤ ਪੁਸ਼ਟੀ ਕਰਦਿਆਂ ਦੱਸਿਆ ਕਿ ਗੁਪਤ ਸਥਾਨ 'ਤੇ ਹੋਈ ਇਕੱਤਰਤਾ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਮੰਗਾਂ ਮਨਵਾ ਕੇ ਹੀ ਸਾਹ ਲਿਆ ਜਾਵੇਗਾ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਨਰਮੇ ਦੀ ਫ਼ਸਲ ਤਬਾਹ ਹੋਣ ਬਾਅਦ ਸੰਘਰਸ਼ ਦੇ ਰਾਹ ਪਏ ਕਿਸਾਨਾਂ ਦੀਆਂ ਮੰਗਾਂ ਨੂੰ ਰਾਜ ਸਰਕਾਰ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਚਿੱਟੇ ਮੱਛਰ ਨਾਲ ਨਰਮੇ ਦੀ ਹੋਈ ਤਬਾਹੀ ਦਾ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਅਤੇ 20 ਹਜ਼ਾਰ ਰੁਪਏ ਪ੍ਰਤੀ ਮਜ਼ਦੂਰ ਪਰਿਵਾਰ ਨੂੰ ਆਰਥਿਕ ਸਹਾਇਤਾ ਹਾਸਲ ਕਰਨ ਤੱਕ ਕਿਸਾਨ ਸੰਘਰਸ਼ ਦੇ ਪਿੜ 'ਚ ਹੀ ਰਹਿਣਗੇ।
ਸਰਕਾਰ ਵੱਲੋਂ ਗੱਲਬਾਤ 'ਚ ਕੀਤੀ ਜਾ ਰਹੀ ਦੇਰੀ ਦੇ ਮੱਦੇਨਜ਼ਰ ਮੋਰਚੇ ਨੇ ਰੇਲ ਰੋਕੋ ਅੰਦੋਲਨ 12 ਅਕਤੂਬਰ ਤੱਕ ਜਾਰੀ ਰੱਖਣ ਦਾ ਅੰਦੋਲਨ ਕੀਤਾ ਹੈ।
ਸੰਘਰਸ਼ੀਲ ਮੋਰਚੇ ਨੇ ਪਹਿਲਾਂ 7 ਤੇ 8 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਸੀ। ਸਰਕਾਰ ਵੱਲੋਂ ਕੋਈ ਵੀ ਹੁੰਗਾਰਾ ਨਾ ਮਿਲਣ ਕਾਰਨ ਇਹ ਅੰਦੋਲਨ 10 ਅਕਤੂਬਰ ਤੱਕ ਵਧਾ ਦਿੱਤਾ ਗਿਆ ਸੀ। ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਵੱਲੋਂ ਝੋਨੇ ਤੇ ਬਾਸਮਤੀ ਦੀ ਖ਼ਰੀਦ 'ਤੇ ਖੁਸ਼ੀ ਜ਼ਾਹਰ ਕੀਤੇ ਜਾਣ ਅਤੇ ਕਿਸਾਨ ਅੰਦੋਲਨ ਨੂੰ ਸਿਆਸਤ ਤੋਂ ਪ੍ਰੇਰਤ ਦੱਸੇ ਜਾਣ ਬਾਅਦ ਮੋਰਚੇ ਨੇ ਅੰਦੋਲਨ ਦੀ ਅਗਲੀ ਰੂਪ-ਰੇਖਾ ਲਈ ਆਪਣੀ ਮੀਟਿੰਗ ਸ਼ਨੀਵਾਰ ਨੂੰ ਕਿਸੇ ਅਣਦੱਸੀ ਥਾਂ ਸੱਦੀ ਸੀ। ਇਹ ਮੀਟਿੰਗ ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪਨੂੰ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਮੀਟਿੰਗ ਸੱਦੇ ਜਾਣ 'ਚ ਦੇਰੀ ਦਾ ਨੋਟਿਸ ਲੈਂਦਿਆਂ ਮੋਰਚੇ ਨੇ ਰੇਲ ਰੋਕੋ ਅੰਦੋਲਨ 12 ਅਕਤੂਬਰ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।
ਸਾਥੀ ਸੰਧੂ ਨੇ ਕਿਹਾ ਕਿ ਇਸ ਰੇਲ ਰੋਕੋ ਅੰਦੋਲਨ ਕਾਰਨ ਆਮ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਸੰਘਰਸ਼ਸ਼ੀਲ ਮੋਰਚੇ ਨੂੰ ਪੂਰਾ ਅਹਿਸਾਸ ਹੈ। ਉਨ੍ਹਾ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਇਸ ਅੰਦੋਲਨ ਨੇ ਇੱਕ ਵਾਰ ਫੇਰ ਸਾਹਮਣੇ ਲੈ ਆਂਦਾ ਹੈ। ਇਹ ਸਰਕਾਰਾਂ ਜਿੱਥੇ ਕਿਸਾਨੀ ਪ੍ਰਤੀ ਪੂਰੀ ਤਰ੍ਹਾਂ ਬੇਰੁਖੀ ਦਿਖਾ ਰਹੀਆਂ ਹਨ, ਉਥੇ ਆਮ ਲੋਕਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਨੂੰ ਵੀ ਮਹਿਸੂਸ ਨਹੀਂ ਕਰ ਰਹੀਆਂ। ਇਸੇ ਗੱਲ ਦਾ ਨਤੀਜਾ ਹੈ ਕਿ ਰਾਜ ਸਰਕਾਰ ਨੇ ਗੱਲਬਾਤ ਲਈ ਮੀਟਿੰਗ ਵੀ ਦੋ ਦਿਨ ਬਾਅਦ ਹੀ ਸੱਦੀ ਹੈ। ਸਾਥੀ ਸੰਧੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਦੇ ਦਰਦ ਦਾ ਅਹਿਸਾਸ ਕਰਦਿਆਂ ਅੰਦੋਲਨ ਨੂੰ ਆਪਣਾ ਸਮੱਰਥਨ ਜਾਰੀ ਰੱਖਣ।
ਸ਼ਨੀਵਾਰ ਨੂੰ ਹੋਈ ਮੀਟਿੰਗ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਦੇ ਪ੍ਰਗਟ ਸਿੰਘ ਜਾਮਾਰਾਏ, ਬੀ ਕੇ ਯੂ ਏਕਤਾ ਉਗਰਾਹਾਂ ਦੇ ਝੰਡਾ ਸਿੰਘ ਜੇਠੂਕੇ, ਬੀ ਕੇ ਯੂ ਏਕਤਾ ਡਕੌਂਦਾ ਦੇ ਬੂਟਾ ਸੰਘ ਬੁਰਜ ਗਿੱਲ, ਬੀ ਕੇ ਯੂ ਕਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ, ਕਿਸਾਨ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪਨੂੰ, ਦੂਸਰੀ ਕਿਸਾਨ ਸੰਘਰਸ਼ ਕਮੇਟੀ ਦੇ ਕੰਵਲਪ੍ਰੀਤ ਸਿੰਘ ਪਨੂੰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ੋਰਾ ਸਿੰਘ ਨਸਰਾਲੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਦਰਬਾਰਾ ਸਿੰਘ ਫੂਲੇਵਾਲ, ਮਜ਼ਦੂਰ ਮੁਕਤੀ ਮੋਰਚਾ ਦੇ ਬਲਕਰਨ ਸਿੰਘ ਤੇ ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਘ ਦਾਊਦ ਨੇ ਹਿੱਸਾ ਲਿਆ।
ਸਾਥੀ ਸੰਧੂ ਨੇ ਦੱਸਿਆ ਕਿ ਸੰਘਰਸ਼ਸ਼ੀਲ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਅੰਦੋਲਨ ਦਾ ਅਗਲਾ ਰੁਖ ਕੀ ਹੋਵੇਗਾ, ਇਹ ਮੁੱਖ ਮੰਤਰੀ ਨਾਲ 12 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਦੇ ਨਤੀਜੇ ਹੀ ਤੈਅ ਕਰਨਗੇ।
ਵਰਨਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਇਸ ਗੱਲ 'ਤੇ ਲਗਾਤਾਰ ਜ਼ੋਰ ਦੇ ਰਹੀਆਂ ਹਨ ਕਿ ਕਿਸਾਨੀ 'ਤੇ ਇਹ ਸੰਕਟ ਕਿਸੇ ਕੁਦਰਤੀ ਆਫਤ ਕਾਰਨ ਨਹੀਂ ਆਇਆ, ਸਗੋਂ ਮੰਤਰੀਆਂ, ਸਰਕਾਰੀ ਅਧਿਕਾਰੀਆਂ ਅਤੇ ਖੇਤੀ ਮਹਿਕਮੇ ਦੇ ਉੱਚ ਅਫਸਰਾਂ ਦੀ ਮਿਲੀਭੁਗਤ ਕਾਰਨ ਨਕਲੀ ਬੀਜਾਂ ਤੇ ਨਕਲੀ ਦਵਾਈਆਂ ਕਾਰਨ ਆਇਆ ਹੈ। ਇਸ ਗੱਲ ਦੀ ਪੁਸ਼ਟੀ ਕਿਸਾਨਾਂ ਨਾਲ ਹੋਈ ਸਰਕਾਰ ਦੀ ਮੀਟਿੰਗ ਦੌਰਾਨ ਖੁਦ ਸਰਕਾਰੀ ਅਧਿਕਾਰੀ ਕਰ ਚੁੱਕੇ ਹਨ। ਉਨ੍ਹਾਂ ਦੀ ਮੰਗ ਹੈ ਕਿ ਕਿਸਾਨਾਂ ਨੂੰ ਕਪਾਹ, ਨਰਮਾ, ਗੁਵਾਰਾ ਤੇ ਮੂੰਗੀ ਦੀ ਹੋਈ ਬਰਬਾਦੀ ਦਾ ਮੁਆਵਜ਼ਾ ਕੁਦਰਤੀ ਆਫਤ ਰਾਹਤ ਅਧੀਨ ਦੇਣ ਦੀ ਥਾਂ ਵਿਸ਼ੇਸ਼ ਤੌਰ 'ਤੇ ਦਿੱਤਾ ਜਾਵੇ, ਕਿਸਾਨਾਂ ਲਈ 40 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤ ਮਜ਼ਦੂਰਾਂ ਲਈ ਪ੍ਰਤੀ ਪਰਵਾਰ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਸੁਪਰਫਾਈਨ ਤੇ ਬਰਾਮਦੀ ਮਿਆਰ ਵਾਲੀ ਬਾਸਮਤੀ 1509 ਦਾ ਭਾਅ 4500 ਰੁਪਏ ਅਤੇ 1121 ਦਾ ਭਾਅ 5000 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ, ਖੰਡ ਮਿੱਲਾਂ ਵੱਲ ਗੰਨਾ ਉਤਪਾਦਕਾਂ ਦਾ 250 ਕਰੋੜ ਰੁਪਏ ਦਾ ਬਕਾਇਆ ਫੌਰੀ ਤੌਰ 'ਤੇ ਜਾਰੀ ਕੀਤਾ ਜਾਵੇ, ਖੰਡ ਮਿੱਲਾਂ ਗੰਨਾ ਬਾਂਡ ਕਰਕੇ ਜਲਦੀ ਚਲਾਈਆਂ ਜਾਣ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ 'ਤੇ ਲੀਕ ਮਾਰੀ ਜਾਵੇ, ਮਜਬੂਰੀਵੱਸ ਖੁਦਕੁਸ਼ੀਆਂ ਕਰ ਗਏ ਕਿਸਾਨਾਂ, ਮਜ਼ਦੂਰਾਂ ਦੇ ਪਰਵਾਰਾਂ ਨੂੰ ਪ੍ਰਤੀ ਪਰਵਾਰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਕਰਜ਼ਾ ਮੁਆਫ ਕਰਕੇ ਪਰਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਇਸ ਦੇ ਨਾਲ ਹੀ ਕਿਸਾਨ-ਮਜ਼ਦੂਰ ਆਗੂਆਂ 'ਤੇ ਝੂਠੇ ਪਰਚੇ ਰੱਦ ਕੀਤੇ ਜਾਣ।
ਰਾਮਪੁਰਾ ਫੂਲ (ਰਾਜ ਕੁਮਾਰ ਜੋਸ਼ੀ, ਦਰਸ਼ਨ ਜਿੰਦਲ) : ਰੇਲ ਰੋਕੋ ਅੰਦੋਲਨ ਦੇ ਅੱਜ ਚੌਥੇ ਦਿਨ ਰਾਮਪੁਰਾ ਰੇਲ ਨਾਕੇ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ, ਭਾ. ਕਿ ਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਨਥਾਣਾ ਨੇ ਜੁੜੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰ ਦੇ ਰਵੱਈਏ ਦੀ ਸਖਤ ਨਿਖੇਧੀ ਕੀਤੀ।
ਬੁਲਾਰਿਆਂ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਨੇ ਨਕਲੀ ਕੀਟਨਾਸ਼ਕਾਂ ਦੇ ਸਿੱਟੇ ਵੱਜੋਂ ਤਬਾਹ ਹੋਏ ਨਰਮੇ ਦੇ ਨੁਕਸਾਨ ਦੀ ਭਰਪਾਈ ਕਰ ਦਿੱਤੀ ਹੈ। ਰਿਸ਼ਵਤ ਲੈ ਕੇ ਨਕਲੀ ਕੀਟਨਾਸ਼ਕਾਂ ਦੀ ਸਪਲਾਈ ਕਰਾਉੇਣ ਵਾਲੇ ਦੋਸ਼ੀਆਂ ਨੂੰ ਨਸ਼ਰ ਕਰਕੇ ਸੀਖਾਂ ਪਿੱਛੇ ਬੰਦ ਕਰ ਦਿੱਤਾ ਹੈ। ਕੀ ਸਰਕਾਰ ਨੇ ਬਾਸਮਤੀ 1121 ਨੂੰ ਖਰੀਦਣ ਵਾਸਤੇ ਘੱਟੋ-ਘੱਟ ਭਾਅ ਦਾ ਐਲਾਨ ਕਰ ਦਿੱਤਾ ਹੈ? ਕੀ 1509 ਜੋ 1000 ਤੋਂ 1200 ਰੁਪਏ ਲਈ ਗਈ ਅਤੇ ਲੁੱਟੀ ਜਾ ਰਹੀ ਹੈ, ਬਾਰੇ ਕੋਈ ਫੈਸਲਾ ਕੀਤਾ ਹੈ? ਕੀ ਚਿੱਟੇ ਮੱਛਰ ਨਾਲ ਨਰਮੇ ਦੇ ਨਾਲ ਨੁਕਸਾਨੀਆਂ ਗਈਆਂ ਦੂਜੀਆਂ ਫਸਲਾਂ ਗੁਆਰਾ, ਮੂੰਗੀ, ਸਬਜ਼ੀਆਂ ਆਦਿ ਬਾਰੇ ਕੋਈ ਐਲਾਨ ਕੀਤਾ ਹੈ? ਕੀ ਪੀੜਤ ਕਿਸਾਨਾਂ ਦੇ ਕਰਜ਼ਿਆਂ ਬਾਰੇ ਕੋਈ ਐਲਾਨ ਕੀਤਾ ਹੈ? ਕੀ ਰੁਜ਼ਗਾਰ ਉਜਾੜੇ ਦਾ ਸ਼ਿਕਾਰ ਹੋਏ ਖੇਤ ਮਜ਼ਦੂਰਾਂ ਨੂੰ ਕੋਈ ਮੁਆਵਜ਼ਾ ਦੇ ਦਿੱਤਾ ਹੈ? ਕੀ ਉੇਕਤ ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਵਾਜਬ ਨਹੀਂ ਹਨ।
ਇਸ ਮੌਕੇ ਸੁਰਮੁੱਖ ਸਿੰਘ ਸੇਲਵਰਾਹ ਭਾ ਕਿ ਯੂ, ਜਗਜੀਤ ਸਿੰਘ ਭੂੰਦੜ ਭਾ ਕਿ ਯੂ ਏਕਤਾ ਉਗਰਾਹਾਂ, ਸਵਰਨਜੀਤ ਸਿੰਘ ਅਜੀਤ ਗਿੱਲ, ਨਾਜਰ ਸਿੰਘ ਭਾਈਰੂਪਾ ਸੂਬਾਈ ਆਗੂ ਬੀ ਕੇ ਯੂ ਡਕੌਂਦਾ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਹੁਣ ਦੇਖਣਾ ਹੈ ਕਿ ਸਰਕਾਰਾਂ ਕਿਸਾਨੀ ਦੇ ਦਰਦ ਨੂੰ ਕਦੋਂ ਮਹਿਸੂਸ ਕਰਦੀਆਂ ਹਨ। ਜੇ ਇਹ ਅੰਦੋਲਨ ਲੰਮਾ ਹੋਇਆ ਤਾਂ ਇਹ ਇੱਕ ਨਵੀਂ ਕ੍ਰਾਂਤੀ ਦਾ ਮੁਢ ਵੀ ਬਨ੍ਹੇਗਾ। 

No comments: