Friday, October 30, 2015

ਜ਼ੋਰਦਾਰ ਰੋਸ ਮੁਜ਼ਾਹਰਾ 4 ਨਵੰਬਰ ਨੂੰ ਡੀ.ਸੀ. ਦਫ਼ਤਰ, ਲੁਧਿਆਣਾ ਵਿਖੇ

Thu, Oct 29, 2015 at 3:29 PM
ਵਧਦੇ ਫਿਰਕੂ ਫਾਸੀਵਾਦ ਦੇ ਖਤਰੇ ਦੇ ਖਿਲਾਫ਼ ਬਣ ਰਹੀ ਨਵੀਂ ਲਹਿਰ
ਲੁਧਿਆਣਾ: 29 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):  

ਦੇਸ਼ ਵਿੱਚ ਵਧਦੇ ਫਿਰਕੂ ਫਾਸੀਵਾਦ ਦੇ ਖਤਰੇ ਦੀ ਚੁਣੌਤੀ ਦੇ ਮੱਦੇਨਜ਼ਰ ਅੱਜ ਵੱਖ-ਵੱਖ ਜਮਹੂਰੀ ਜੱਥੇਬੰਦੀਆਂ/ਸਭਾਵਾਂ, ਲੇਖਕਾਂ, ਬੁੱਧੀਜੀਵੀਆਂ ਵੱਲ਼ੋਂ ਗਠਿਤ 'ਫਿਰਕਾਪ੍ਰਸਤੀ ਵਿਰੋਧੀ ਸਾਂਝਾ ਮੋਰਚਾ, ਜ਼ਿਲਾ ਲੁਧਿਆਣਾ' ਵੱਲ਼ੋਂ ਇੱਕ ਜ਼ੋਰਦਾਰ ਮੁਜ਼ਾਹਰਾ 4 ਨਵੰਬਰ ਨੂੰ ਡੀ.ਸੀ. ਦਫ਼ਤਰ, ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ। ਮੁਜ਼ਾਹਰੇ ਤੋਂ ਪਹਿਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ (ਫਿਰੋਜਗਾਂਧੀ ਮਾਰਕੀਟ) ਤੋਂ ਭਾਰਤ ਨਗਰ ਚੌਂਕ ਤੇ ਡੀ.ਸੀ. ਦਫ਼ਤਰ ਤੱਕ ਇੱਕ ਪੈਦਲ ਮਾਰਚ ਕੀਤਾ ਜਾਵੇਗਾ। ਹਿੰਦੂਤਵੀ ਕੱਟੜਪੰਥੀ ਤਾਕਤਾਂ ਜਿਸ ਕਦਰ ਦੇਸ਼ ਵਿੱਚ ਧਾਰਮਿਕ ਘੱਟਗਿਣਤੀਆਂ, ਜਮਹੂਰੀ, ਵਿਗਿਆਨਕ ਸੋਚ ਰੱਖਣ ਵਾਲੇ ਸਮਾਜਿਕ ਕਾਰਕੁੰਨਾਂ, ਲੇਖਕਾਂ, ਪੱਤਰਕਾਰਾਂ ਆਦਿ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਹਨ ਉਸਨੂੰ ਗੰਭੀਰਤਾ ਨਾਲ਼ ਲੈਂਦੇ ਹੋਏ ਇਸ ਖਿਲਾਫ਼ ਜਨਤਕ ਟਾਕਰੇ ਦੀ ਲੋੜ ਮਹਿਸੂਸ ਕੀਤੀ ਗਈ ਹੈ। ਸਾਂਝੇ ਮੋਰਚੇ ਨੇ ਫਿਰਕੂ ਫਾਸੀਵਾਦ ਖਿਲਾਫ਼ ਡਟ ਕੇ ਲੜਾਈ ਲੜਨ ਦਾ ਫੈਸਲਾ ਕੀਤਾ ਹੈ।  
ਸਾਂਝੇ ਮੋਰਚੇ ਦਾ ਮੰਨਣਾ ਹੈ ਕਿ ਹਿੰਦੂਤਵੀ ਕੱਟੜਪੰਥੀ ਤਾਕਤਾਂ ਦਾ ਸਪੱਸ਼ਟ ਨਿਸ਼ਾਨਾ ਅਸਲ ਵਿੱਚ ਲੋਕਾਂ ਦੇ ਆਰਥਿਕ-ਸਿਆਸੀ, ਜਮਹੂਰੀ ਹੱਕ ਹਨ। ਭਾਰਤ ਦੀ ਕੇਂਦਰ ਸਰਕਾਰ ਉੱਤੇ ਕਾਬਜ਼ ਹਿੰਦੂਤਵੀ ਕੱਟੜਪੰਥੀ ਭਾਜਪਾ ਨੰਗੇ-ਚਿੱਟੇ ਰੂਪ ਵਿੱਚ ਦੇਸੀ-ਵਿਦੇਸ਼ੀ ਸਰਮਾਏਦਾਰ ਜਮਾਤ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ ਅਤੇ ਇਸ ਵਾਸਤੇ ਹਰ ਘਿਣਾਉਣਾ ਢੰਗ ਵਰਤਿਆ ਜਾ ਰਿਹਾ ਹੈ। ਸਾਂਝੇ ਮੋਰਚੇ ਦਾ ਇਹ ਮੰਨਣਾ ਹੈ ਕਿ ਭਾਂਵੇਂ ਹਿੰਦੂਤਵੀ ਕੱਟੜਪੰਥੀ ਫਾਸੀਵਾਦੀ ਤਾਕਤਾਂ ਲੋਕਾਂ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ ਪਰ ਹੋਰ ਧਾਰਮਿਕ ਫਿਰਕਾਪ੍ਰਸਤ ਤਾਕਤਾਂ ਵੀ ਲੋਕਾਂ ਦੀਆਂ ਦੁਸ਼ਮਣ ਹਨ ਅਤੇ ਇਹਨਾਂ ਖਿਲਾਫ਼ ਵੀ ਬੇਕਿਰਕ ਲੜਾਈ ਲੜਨੀ ਹੋਵੇਗੀ। ਘੱਟ ਗਿਣਤੀ ਫਿਰਕਾਪ੍ਰਸਤੀ ਵੀ ਅਸਲ ਵਿੱਚ ਹਿੰਦੂਤਵੀ ਫਾਸੀਵਾਦ ਦੀ ਪੂਰਕ ਹੈ। ਘੱਟ ਗਿਣਤੀ ਧਾਰਮਿਕ ਫਿਰਕਿਆਂ ਦੇ ਲੋਕਾਂ ਨੂੰ ਹਿੰਦੂਤਵੀ ਫਿਰਕਾਪ੍ਰਸਤੀ ਦਾ ਜਵਾਬ ਫਿਰਕਾਪ੍ਰਸਤ ਕੱਟੜਪੰਥ ਰਾਹੀਂ ਨਹੀਂ ਸਗੋਂ ਸਭ ਧਰਮਾਂ ਦੇ ਲੋਕਾਂ ਦੀ ਏਕਤਾ ਦੇ ਅਧਾਰ ਉੱਤੇ ਦੇਣਾ ਚਾਹੀਦਾ ਹੈ।
ਸਾਂਝੇ ਮੋਰਚੇ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਦੀ ਲੋੜ ਮਹਿਸੂਸ ਕਰਦਿਆਂ ਸਾਂਝੇ ਮੋਰਚੇ ਤੋਂ ਬਾਹਰ ਰਹਿ ਗਈਆਂ ਜੱਥੇਬੰਦੀਆਂ ਨੂੰ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਸੂਬੇ ਅਤੇ ਦੇਸ਼ ਪੱਧਰ ਉੱਤੇ ਫਿਰਕੂ ਫਾਸੀਵਾਦ ਖਿਲਾਫ਼ ਸਾਂਝਾ ਮੋਰਚੇ ਦੀ ਲੋੜ ਮਹਿਸੂਸ ਕਰਦਿਆਂ ਇਸ ਵਾਸਤੇ ਕੋਸ਼ਿਸ਼ਾਂ ਕਰਨ ਦਾ ਐਲਾਨ ਵੀ ਕੀਤਾ ਗਿਆ।
'ਫ਼ਿਰਕਾਪ੍ਰਸਤੀ ਵਿਰੋਧੀ ਸਾਂਝਾ ਮੋਰਚਾ, ਜ਼ਿਲਾ ਲੁਧਿਆਣਾ' ਵਿੱਚ ਜਮਹੂਰੀ ਅਧਿਕਾਰ ਸਭਾ, ਬਿਗੁਲ ਮਜ਼ਦੂਰ ਦਸਤਾ, ਏਟਕ, ਸੀ.ਆਈ.ਟੀ.ਯੂ., ਇਨਕਲਾਬੀ ਕੇਂਦਰ ਪੰਜਾਬ, ਪੰਜਾਬ ਲੋਕ ਸਭਿਆਚਾਰਕ ਮੰਚ, ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ, ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ, ਕੇਂਦਰੀ ਪੰਜਾਬੀ ਲੇਖਕ ਸਭਾ, ਇਪਟਾ, ਸੋਸ਼ਲ ਥਿੰਕਰਜ਼ ਫੋਰਮ, ਤਰਕਸ਼ੀਲ ਸੁਸਾਇਟੀ, ਡੀ.ਵਾਈ.ਐਫ.ਆਈ., ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਲੋਕ ਏਕਤਾ ਸੰਗਠਨ, ਲਫ਼ਜਾਂ ਦਾ ਪੁਲ ਸਾਹਿਤ ਸਭਾ, ਜੁਆਇੰਟ ਕਾਉਂਸਿਲ ਆਫ ਟ੍ਰੇਡ ਯੂਨੀਅਨਜ਼, ਟੀ.ਐਸ.ਯੂ., ਸੰਤ ਰਾਮ ਉਦਾਸੀ ਲਿਖਾਰੀ ਸਭਾ, ਮਹਾਂ ਸਭਾ, ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ, ਹੌਜ਼ਰੀ ਵਰਕਰਜ਼ ਯੂਨੀਅਨ, ਸਰਵ ਸਾਂਝਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਆਦਿ ਜਮਹੂਰੀ ਜੱਥੇਬੰਦੀਆਂ/ਸਭਾਵਾਂ ਸ਼ਾਮਲ ਹਨ। ਅਨੇਕਾਂ ਹੋਰਨਾਂ ਜੱਥੇਬੰਦੀਆਂ ਵੱਲ਼ੋਂ ਵੀ ਸਾਂਝੇ ਮੋਰਚੇ ਨੂੰ ਸਹਿਯੋਗ ਪ੍ਰਾਪਤ ਹੋ ਰਿਹਾ ਹੈ।
ਇਸ ਲਹਿਰ ਨਾਲ ਜੁੜਨ ਲਈ ਸੰਪਰਕ: ਲਖਵਿੰਦਰਬਿਗੁਲ ਮਜ਼ਦੂਰ ਦਸਤਾ, ਲੁਧਿਆਣਾ: ਮੋਬਾਈਲ 9646150249

No comments: