Thursday, October 29, 2015

ਨਰਮਾ ਬੈਲਟ ਦੀਆਂ 36 ਸੀਟਾਂ ਨੇ ਹੀ ਕਰਨਾ ਹੈ ਜਿੱਤ ਹਾਰ ਦਾ ਫੈਸਲਾ

ਤੁਮ੍ਹਾਰੇ ਪਾਓਂ ਕੇ ਨੀਚੇ ਕੋਈ ਜ਼ਮੀਨ ਨਹੀਂ, ਕਮਾਲ ਯਹ ਕਿ ਫਿਰ ਵੀ ਤੁਮ੍ਹੇਂ ਯਕੀਨ ਨਹੀਂ
ਕੀੜੇ ਮਾਰ ਤੋਂ ਮੁੱਦਾ ਪੰਜਾਬ ਮਾਰ ਦਾ
ਕੁਲਵੰਤ ਸਿੰਘ ਢੇਸੀ
kulwantsinghdhesi@hotmail.com
ਜੋਕੇ ਪੰਜਾਬ ਦੇ ਹਾਲਾਤਾਂ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਅਹਿਮ ਕਾਰਨ ਆਰਥਕ ਅਤੇ ਸਿਆਸੀ ਹਨ। ਸਿਆਸਤ ਭਾਵੇਂ ਭਾਜਪਾ ਦੀ ਹੋਵੇ ਜਾਂ ਬਾਦਲਾਂ ਦੀ ਉਹ ਫਿਰਕੂ ਸੰਦ ਨੂੰ ਆਪਣੇ ਮਨੋਰਥਾਂ ਲਈ ਵਰਤਣ ਲਈ ਪਤਾਲਾਂ ਤਕ ਜਾ ਡਿੱਗਦੇ ਹੋਣ ਕਾਰਨ ਅੱਜ ਭਾਰਤ ਅਤੇ ਪੰਜਾਬ ਅੱਗ ਦੀ ਲਪੇਟ ਵਿਚ ਹਨ। ਬਾਦਲਾਂ ਨੇ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਨੂੰ ਆਪਣੀ ਨਿੱਜੀ ਕੰਪਨੀ ਵਾਂਗ ਵਰਤ ਕੇ ਅੱਜ ਆਪਣੇ ਆਪ ਲਈ ਅਤੇ ਸਮੁੱਚੀ ਪੰਜਾਬੀ ਜਨਤਾ ਲਈ ਜੋ ਮੁਸੀਬਤ ਸਹੇੜ ਲਈ ਹੈ ਇਸ ਦੇ ਖ਼ਤਰਨਾਕ ਮੋੜ ਕੱਟਣ ਦੇ ਸੰਕੇਤ ਜਾਰੀ ਹਨ। ਹਰ ਪੰਜਾਬੀ ਇਸ ਸਬੰਧੀ ਫਿਕਰਮੰਦ ਹੈ। ਆਮ ਸਿੱਖ ਇਸ ਨੂੰ ਸਿਰਫ ਧਾਰਮਕ ਨਜ਼ਰੀਏ ਤੋਂ ਦੇਖਦਾ ਹੈ ਅਤੇ ਉਹ ਉਲਾਰ ਧਾਰਮਕ ਜਜ਼ਬਾਤ ਵਿਚ ਵਹਿ ਕੇ ਇਸ ਸਮੱਸਿਆ ਵਿਚ ਅਨਜਾਣੇ ਹੀ ਵਾਧਾ ਕਰਨ ਦਾ ਕਾਰਨ ਬਣਦਾ ਹੈ ਅਤੇ ਅਸਲ ਸਮੱਸਿਆ ਦੇ ਹੱਲ ਲਈ ਐਸੀ ਕੋਈ ਵੀ ਧਿਰ ਨਹੀਂ ਹੈ ਜਿਸ ਦੀ ਪਹੁੰਚ ਸੁਹਿਰਦ ਅਤੇ ਅਮਲੀ ਹੋਵੇ। ਆਮ ਆਦਮੀ ਨਾਮ ਦੀ ਨਵੀਂ ਪਾਰਟੀ ਕਾਂਗਰਸ ਵਾਂਗ ਸਿਰਫ ਇੱਕ ਹੀ ਵਚਨ ਦਿੰਦੀ ਹੈ ਕਿ ਉਹ ਕਿਸੇ ਵੀ ਫਿਰਕੇ ਦੇ ਧਾਰਮਕ ਅਮਲਾਂ ਵਿਚ ਦਖਲ ਨਹੀਂ ਦੇਵੇਗੀ ਪਰ ਪੰਜਾਬ ਦੀ ਕਿਸਾਨੀ ਨੂੰ ਜਿਸ ਮਸੀਹੇ ਦੀ ਲੋੜ ਹੈ ਉਸ ਦਾ ਫੈਸਲਾ ਸਾਲ 2017 ਨੇ ਕਰਨਾ ਹੈ ਕਿ ਉਹ ਸ: ਪ੍ਰਤਾਪ ਸਿੰਘ ਬਾਜਵਾ, ਕੈਪਟਨ ਅਮਰਿੰਦਰ ਸਿੰਘ ਜਾਂ ਕੇਜਰੀਵਾਲ ਵਿਚੋਂ ਕਿਸ ਨੂੰ ਚੁਣਦਾ ਹੈ।

ਪੰਜਾਬ ਦੇ ਸੌਦਾ ਸਾਧ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਮੁੱਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦੇ ਦਾ ਅਸਲ ਸਬੰਧ ਜਿਸ ਗੱਲ ਨਾਲ ਜੁੜਿਆ ਹੋਇਆ ਹੈ ਉਹ ਮੋਜੂਦਾ ਬਾਦਲ ਸਰਕਾਰ ਦੇ ਭ੍ਰਿਸ਼ਟ ਤੰਤਰ ਦਾ ਹੈ। ਇਹ ਤੰਤਰ ਰੱਜ ਕੇ ਬੇਈਮਾਨ, ਸਿਫਾਰਸ਼ੀ, ਤਲ ਚੱਟ ਅਤੇ ਰਿਸ਼ਵਤੀ ਹੋਣ ਕਾਰਨ ਇਸ ਨੇ ਆਖਰ ਪੰਜਾਬ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ। ਸਾਡੇ ਪਾਠਕ ਸ਼ਾਇਦ ਹੈਰਾਨ ਹੋਣ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ ਅੱਧੀਆਂ ਸੀਟਾਂ ਮਾਲਵਾ ਸੈਕਟਰ ਵਿਚੋਂ ਹਨ ਅਤੇ ਉਸ ਦਾ ਵੱਡਾ ਹਿੱਸਾ ਭਾਵ ਕਿ 36 ਸੀਟਾਂ ਨਰਮਾ ਬੈਲਟ ਵਿਚੋਂ ਹਨ ਜਿਹਨਾ ਵਿਚੋਂ 24 ਸੀਟਾਂ ਬਾਦਲ ਨੂੰ ਹਾਸਲ ਹਨ। ਇਹਨਾ ਸੀਟਾਂ ਨੇ ਹੀ ਉਸ ਦੀ ਹਾਰ ਜਿੱਤ ਦਾ ਫੈਸਲਾ ਵੀ ਕਰਨਾ ਹੈ। ਜਿਸ ਵੇਲੇ ਨਰਮੇ ਦੀ ਤਬਾਹ ਹੋਈ ਫਸਲ ਮਗਰ ਸ: ਬਾਦਲ ਦੇ ਆਪਣੇ ਹਲਕੇ ਲੰਬੀ ਨਾਲ ਸਬੰਧਤ ਖੇਤੀਬਾੜੀ ਡਾਇਰੈਕਟਰ ਮੰਗਲ ਸਿੰਘ ਦਾ ਘਪਲਾ ਸਾਹਮਣੇ ਆਇਆ ਤਾਂ ਸ: ਬਾਦਲ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਮੰਗਲ ਸਿੰਘ ਨੇ ਅਸਰ ਹੀਣ ਕੀੜੇ ਮਾਰ (ਚਿੱਟੀ ਮੱਖੀ ਸਬੰਧੀ) ਦਵਾਈ ਖ੍ਰੀਦ ਕੇ ਕਿਸਾਨਾਂ ਨੂੰ ਖੁਦਕਸ਼ੀ ਵਲ ਧੱਕ ਦਿੱਤਾ ਸੀ। ਘਬਰਾਹਟ ਦੇ ਇਹਨਾ ਦਿਨਾਂ ਵਿਚ ਹੀ ਆਪਣੀ ਖੁੱਸਦੀ ਜਾ ਰਹੀ ਮਾਲਵਾ ਵੋਟ ਦੇ ਬਚਾਅ ਲਈ ਬਾਦਲ ਨੇ ਇੱਕਦਮ ਸੌਧਾ ਸਾਧ ਨੂੰ ਕਲੀਨ ਚਿੱਟ ਦਿਵਾ ਦਿੱਤੀ। ਬਾਦਲ ਨੇ ਭਾਵੇਂ ਮੰਗਲ ਸਿੰਘ ਨੂੰ ਤਾਂ ਗ੍ਰਿਫਤਾਰ ਕਰਵਾ ਦਿੱਤਾ ਪਰ ਉਸ ਨੇ ਜਿਥੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਆਪਣੇ ਖੰਭਾਂ ਵਿਚ ਢਕ ਲਿਆ ਉਥੇ ਸਬੰਧਤ ਸਕੈਂਡਲ ਦੀ ਸੀ ਬੀ ਆਈ ਪੜਤਾਲ ਤੋਂ ਵੀ ਘੇਸਲ ਵੱਟ ਲਈ। ਨਰਮਾ ਬੈਲਟ ਦਾ ਸਵਾ ਬਾਰਾਂ ਲੱਖ ਏਕੜ ਦਾ ਰਕਬਾ ਬਾਦਲ ਦੇ ਇਸ ਭ੍ਰਿਸ਼ਟ ਤੰਤਰ ਦੀ ਮਾਰ ਹੇਠ ਆ ਗਿਆ ਅਤੇ ਫਿਰ ਹੋਇਆ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਸ਼ੁਰੂ। ਪੰਜਾਬ ਦੇ ਰੇਲਵੇ ਇਤਹਾਸ ਵਿਚ ਇਹ ਸਭ ਤੋਂ ਵੱਡਾ ਅੰਦੋਲਨ ਸੀ ਜਿਸ ਵਿਚ ਕਰੀਬ ਨੌਂ ਸੌਂ ਰੇਲ ਗੱਡੀਆਂ ਦੇ ਰੋਜ਼ਨਾਮਚੇ ਬਦਲੇ ਗਏ। ਕਿਸਾਨ ਅੰਦੋਲਨ ਨੂੰ ਅਸਰ ਹੀਣ ਕਰਨ ਲਈ ਸੌਦਾ ਸਾਧ ਸਬੰਧੀ ਹੁਕਮਨਾਮਾ ਹਾਵੀ ਕਰ ਦਿੱਤਾ ਗਿਆ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਸਾਰੇ ਪੰਜਾਬ ਤੇ ਛਾ ਹੋ ਗਿਆ। ਸੌਧਾ ਸਾਧ ਦਾ ਮੁੱਦਾ ਸਿੱਧਾ ਸਿੱਧਾ ਬਾਦਲ ਨਾਲ ਸਬੰਧਤ ਸੀ ਪਰ ਬੀੜਾਂ ਦੀ ਬੇਅਦਬੀ ਦੇ ਮੁੱਦੇ ਵਿਚ ਸ਼ਾਮਲ ਧਿਰਾਂ ਨੂੰ ਸਮੇਟਣ ਲਈ ਬਾਦਲੀ ਪੁਲਸ ਪ੍ਰਸ਼ਾਸਨ ਨੇ ਪੂਰੀ ਵਾਹ ਲਾਈ ਕਿ ਇਹ ਦੋਸ਼ ਸਿੱਖਾਂ ਦੇ ਸਿਰ ਹੀ ਮੜ੍ਹ ਦਿੱਤਾ ਜਾਵੇ ਤਾਂ ਕਿ ਸਰਕਾਰੀ ਏਜੰਸੀਆਂ ਵਲ ਕੋਈ ਉਂਗਲ ਨਾ ਉਠਾ ਸਕੇ। ਰੁਪਿੰਦਰ ਸਿੰਘ ਅਤੇ ਉਸ ਦੇ ਭਰਾ ਦੀ ਗ੍ਰਿਫਤਾਰੀ ਅਤੇ ਉਹਨਾ ਤੇ ਪਾਏ ਗਏ ਕੇਸਾਂ ਤੋਂ ਤਾਂ ਇਹ ਹੀ ਜ਼ਾਹਰ ਹੁੰਦਾ ਹੈ।
ਪੰਜਾਬ ਸਰਕਾਰ ਦਾ ਆਰਥਕ ਦਿਵਾਲਾ
ਪੰਜਾਬ ਵਿਚੋਂ ਸੋਸ਼ਲਿਸਟਾਂ ਦੇ ਦੇਸ਼ ਨਿਕਾਲੇ ਤੋਂ ਬਾਅਦ ਬਹੁਤ ਹੀ ਘੱਟ ਲੋਕ ਰਹਿ ਗਏ ਹਨ ਜੋ ਕਿ ਸੂਬੇ ਦੀ ਜੀਵਨ ਰੇਖਾ ਭਾਵ ਕਿ ਆਰਥਕ ਸਰੋਕਾਰਾਂ ਤੇ ਨਿੱਠ ਕੇ ਗੱਲ ਕਰ ਸਕਣ। ਬਾਦਲ ਵਿਰੋਧੀ ਸਿੱਖ ਜਥੇਬੰਦੀਆਂ ਦੀ ਪਹੁੰਚ ਤਾਂ ਵੈਸੇ ਹੀ ਪੰਜਾਬ ਦੀ ਜ਼ਮੀਨ ਵਲ ਹੋਣ ਦੀ ਬਜਾਏ ਉਪਰ ਅਕਾਸ਼ ਵਲ ਰਹਿੰਦੀ ਹੈ ਜਿਥੋਂ ਉਹਨਾ ਦੇ ਨਾਅਰਿਆਂ ਨੂੰ ਕੋਈ ਵੀ ਬੂਰ ਨਹੀਂ ਪੈਣਾ ਹੁੰਦਾ ਹੈ।
ਅਸਲ ਵਿਚ ਬਾਦਲ ਸਰਕਾਰ ਦਾ ਸਭ ਤੋਂ ਕਮਜ਼ੋਰ ਪਹਿਲੂ ਉਸ ਦੀ ਆਰਥਕ ਹਾਲਤ ਦਾ ਅਸਲੋਂ ਹੀ ਨਿੱਘਰ ਜਾਣਾ ਹੈ। ਪੰਜਾਬ ਸਿਰ ਨੌਂ ਹਜ਼ਾਰ ਕਰੋੜ ਦੇ ਕਰਜ਼ੇ ਦੀ ਕਿਸ਼ਤ ਏਨੀ ਹਾਵੀ ਹੈ ਕਿ ਸੂਬੇ ਦੀਆਂ ਆਪਣੀਆਂ ਤਨਖਾਹਾਂ ਅਤੇ ਹੋਰ ਖਰਚਿਆਂ ਲਈ ਦੋ ਹਜ਼ਾਰ ਕਰੋੜ ਵੀ ਪੂਰਾ ਨਹੀਂ ਪੈ ਰਿਹਾ। ਹੁਣ ਤਾਂ ਹਾਲਤ ਇਹ ਹੈ ਕਿ ਸਰਕਾਰ ਆਪਣੀਆਂ ਜਾਇਦਾਦਾਂ ਗਹਿਣੇ ਕਰਕੇ ਸਮਾਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਮੁਸ਼ਕਲ ਵਾਲੀ ਗੱਲ ਇਹ ਵੀ ਹੈ ਕਿ ਭਾਜਪਾ ਦੀ ਅਕਾਲੀ ਦਲ ਨਾਲ ਹਿੱਸੇਦਾਰੀ ਹੋਣ ਦੇ ਬਾਵਜ਼ੂਦ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਦਲ ਵੱਲ ਪਿੱਠ ਹੈ ਅਤੇ ਜੇਕਰ ਕੇਂਦਰ ਪੰਜਾਬ ਨੂੰ ਮੌਜੂਦਾ ਆਰਥਕ ਸੰਕਟ ਵਿਚੋਂ ਕੱਢਣ ਲਈ ਕੋਈ ਪੈਕੇਜ ਨਹੀਂ ਦਿੰਦੀ ਤਾਂ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ।
ਸਿੱਖ ਸ਼ਾਂਤਮਈ ਅੰਦੋਲਨ ਤੇ ਅਣਮਨੁੱਖੀ ਕਹਿਰ
ਬਰਗਾੜੀ ਕੋਟਕਪੂਰਾ ਦੇ ਵਾਹਿਗੁਰੂ ਦਾ ਨਾਮ ਜਪਦੇ ਸਿੱਖਾਂ ਤੇ ਗੰਦੇ ਪਾਣੀ ਦੀਆਂ ਬੁਛਾੜਾਂ, ਅਣਮਨੁੱਖੀ ਲਾਠੀਚਾਰਜ ਅਤੇ ਗੋਲੀਆਂ ਚਲਾ ਕੇ ਬਾਦਲ ਸਰਕਾਰ ਨੇ ਸਾਰੀ ਦੁਨੀਆਂ ਵਿਚ ਆਪਣਾ ਮੂੰਹ ਕਾਲਾ ਕਰਵਾ ਲਿਆ। ਅੱਜ ਜਿਥੇ ਲੰਦਨ ਅਤੇ ਹੋਰ ਦੇਸ਼ਾਂ ਵਿਚ ਉਸ ਦੇ ਖਿਲਾਫ ਮੁਜ਼ਾਹਰੇ ਹੋ ਰਹੇ ਹਨ ਉਥੇ ਇਸ ਸਬੰਧੀ ਇੱਕ ਨਿਰਪੱਖ ਕੌਮਾਂਤਰੀ ਐਨਾਲਿਸਟ ਨੇ ਇਹ ਵਿਚਾਰ ਦਿੱਤੇ ਹਨ-"Punjabi government is using police to enhance its agenda of state repression against peaceful protesters"

ਭਾਵ ਕਿ ਪੰਜਾਬ ਵਿਚ ਸਰਕਾਰ ਨੇ ਸ਼ਾਂਤਮਈ ਵਿਖਾਵਾਕਾਰੀਆਂ ਪ੍ਰਤੀ ਦਮਨ ਦੀ ਨੀਤੀ ਅਪਣਾਈ ਹੋਈ ਹੈ । ਇਹ ਗੱਲ ਜਨਾਬ ਇਕਤਦਾਰ ਚੀਮਾ ਨੇ ਕਹੀ ਜੋ ਕਿ ਮਨੁੱਖੀ ਅਧਿਕਾਰਾਂ ਸਬੰਧੀ ਕੌਮਾਂਤਰੀ ਪੱਧਰ ਤੇ ਜਾਣਿਆ ਨਾਮ ਹੈ।

ਬਰਗਾੜੀ ਦੇ ਗੋਲੀ ਕਾਂਡ ਵਿਚ ਗੁਰਜੀਤ ਸਿੰਘ ਸਰਾਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਨਾਮ ਦੇ ਦੋ ਸਿੰਘ ਵੀ ਸ਼ਹੀਦ ਹੋ ਗਏ ਜਿਸ ਕਾਰਨ ਸਿੱਖ ਸੰਗਤਾਂ ਦਾ ਗੁੱਸਾ ਸਰਕਾਰ ਪ੍ਰਤੀ ਹੋਰ ਵਧ ਗਿਆ।
ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ
ਜਿਸ ਵੇਲੇ ਪੰਜਾਬ ਸਰਕਾਰ ਦੇ ਜਨਤਕ ਦਮਨ ਦਾ ਮੁੱਦਾ ਕੌਮਾਂਤਰੀ ਮੰਚ ਤੇ ਭਖ ਪਿਆ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਸ਼ੁਰੂ ਹੋ ਗਈ। ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਮੁਤਾਬਕ ਇਹ ਕੁਕਰਮ ਸਰਕਾਰੀ ਏਜੰਸੀਆਂ ਹੀ ਕਰਵਾ ਰਹੀਆਂ ਹਨ ਜਦ ਕਿ ਪੰਜਾਬ ਸਰਕਾਰ ਆਰਥਕ ਤੌਰ ਤੇ ਹਰ ਪਹਿਲੂ ਤੇ ਫਿਹਲ ਹੋ ਚੁੱਕੀ ਹੈ। ਇਹ ਸਤਰਾਂ ਛਪਣ ਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਜੇ ਵੀ ਜਾਰੀ ਹੈ ਜਦ ਕਿ ਅਰਕਾਰ ਨੇ 26 ਅਕਤੂਬਰ ਦੀ ਬੈਠਕ ਵਿਚ ਧਰਨੇ ਦੇ ਅੰਦੋਲਨ ਨੂੰ ਸਖਤੀ ਨਾਲ ਨਜਿੱਠਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਨੰਗੀਆਂ ਕਿਰਪਾਨਾਂ ਵਾਲੇ ਮੁਜ਼ਾਹਰਾਕਾਰੀਆਂ ਖਿਲਾਫ ਪਰਚੇ ਦਰਜ ਕਰਨ ਦਾ ਨਵਾਂ ਬਿੱਲ ਵੀ ਲਿਆਂਦਾ ਹੈ। ਅਮਨ ਕਾਨੂੰਨ ਦੇ ਮੁੱਦੇ ਤੇ ਪਹਿਲਾ ਜਿੱਥੇ ਚਾਰ ਜ਼ਿਲਿਆਂ ਵਿਚ ਬੀ ਐਸ ਐਫ ਦੀਆਂ ਚਾਰ ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ ਉਥੇ ਹੁਣ ਪੰਜਾਬ ਦੇ ਡੀ ਜੀ ਪੀ ਸੁਮੇਧ ਸੈਣੀ ਨੂੰ ਬਦਲ ਕੇ ਸੁਰੇਸ਼ ਅਰੋੜਾ ਨੂੰ ਲਾ ਦਿੱਤਾ ਹੈ ਅਤੇ ਲੋਕਾਂ ਦੀਆਂ ਅੱਖਾਂ ਪੂੰਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜ ਪਿਆਰਿਆਂ ਦਾ ਮੁੱਦਾ
ਜਿਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਪੰਜਾਂ ਤਖਤਾਂ ਦੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਤਾਂ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਪੰਜ ਪਿਆਰੇ ਹੀ ਮੁਅੱਤਲ ਕਰ ਦਿੱਤੇ ਅਤੇ ਫਿਰ ਵਿਰੋਧ ਤੋਂ ਡਰਦਿਆਂ ਬਹਾਲ ਤਾਂ ਕਰ ਦਿੱਤੇ ਪਰ ਉਹਨਾ ਦੀ ਬਦਲੀ ਪੰਜਾਬ ਤੋਂ ਦੂਰ ਦੁਰੇਡੇ ਕਰ ਦਿੱਤੀ ਤਾਂ ਕਿ ਉਹ ਸਰਬਤ ਖਾਲਸੇ ਸਬੰਧੀ ਕੋਈ ਅਹਿਮ ਕਿਰਦਾਰ ਨਾ ਨਿਭਾ ਸਕਣ। ਸੰਗਤਾਂ ਦੇ ਮਨਾਂ ਵਿਚ ਇਸ ਪ੍ਰਤੀ ਗੁੱਸਾ ਤਾਂ ਹੈ ਪਰ ਸ਼੍ਰੋਮਣੀ ਕਮੇਟੀ ਦੀਆਂ ਆਪ ਹੁਦਰੀਆਂ ਸਬੰਧੀ ਲੋਕੀ ਮਜ਼ਬੂਰ ਹਨ।
ਸ਼ਾਂਤਮਈ ਮਤੇ
ਸ਼ਹੀਦ ਸਿੰਘਾਂ ਦੇ ਭੋਗ ਤੇ ਜਿਹਨਾ ਮਤਿਆਂ ਦੀ ਸੰਗਤਾਂ ਨੂੰ ਉਡੀਕ ਸੀ ਉਹਨਾ ਵਿਚ ਬਾਦਲ ਦੀ ਕੋਠੀ ਜਾਂ ਵਿਧਾਇਕਾਂ ਦੇ ਘਿਰਾਓ ਦੇ ਨਾਲ ਨਾਲ ਕਾਲੀ ਦਿਵਾਲੀ ਅਤੇ ਹੋਰ ਸਾਰੇ ਮਤੇ ਸ਼ਾਂਤਮਈ ਹਨ। ਕਮੇਟੀ ਹੁਣ ਨਾਂ ਤਾਂ ਸੜਕ ਰੋਕੋ ਧਰਨੇ ਦਵੇਗੀ ਅਤੇ ਨਾਂ ਹੀ ਪੰਜਾਬ ਬੰਦ ਕੀਤਾ ਜਾਵੇਗਾ। ਸਾਂਸਦ ਵਿਚ ਸਰਕਾਰ ਨੇ ਇਸੇ ਨੂੰ ਹਾਲਾਤਾਂ ਦਾ ਸੁਖਾਵੇਂ ਹੋਣਾ ਕਿਹਾ ਹੈ। ਦੁਨੀਆਂ ਭਰ ਵਿਚ ਸਿੱਖ ਜਿਥੇ ਆਪੋ ਆਪਣੇ ਵਿਤ ਮੁਤਾਬਕ ਰੋਸ ਮੁਜ਼ਾਹਰੇ ਕਰ ਰਹੇ ਹਨ ਉਥੇ ਯੂ ਕੇ ਵਿਚ ਲੰਦਨ ਦੇ ਮੁਜ਼ਾਹਰੇ ਮਗਰੋਂ ਸਿੱਖ ਜਥੇਬੰਦੀਆਂ ਵਲੋਂ ਗੁਰੂ ਨਾਨਕ ਗੁਰਦਵਾਰਾ ਵੈਸਟ ਬ੍ਰਾਮਵਿਚ (ਬ੍ਰਮੰਘਮ) ਵਿਖੇ 1 ਨਵੰਬਰ ਨੂੰ ਵਿਸ਼ਵ ਸਮਟ ਵੀ ਹੋ ਰਹੀ ਹੈ। ਪੰਜਾਬ ਤੋਂ ਬਾਹਰ ਇਹਨਾ ਸਰਗਰਮੀਆਂ ਦਾ ਬਾਦਲ ਸਰਕਾਰ ਤੇ ਕੋਈ ਅਸਰ ਹੋਵੇਗਾ ਕਹਿਣਾ ਮੁਸ਼ਕਲ ਹੈ।
ਪਰਨਾਲਾ ਉਥੇ ਦਾ ਉਥੇ
ਰਾਜਸੀ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੂੰ ਲੈ ਕੇ ਭਖਿਆ ਮੁੱਦਾ, ਪੰਜਾਬ ਦੀ ਕਿਸਾਨੀ ਨਾਲ ਮਿਲ ਕੇ ਸਰਕਾਰ ਲਈ ਏਨੀ ਵੱਡੀ ਚਣੌਤੀ ਬਣ ਜਾਵੇਗਾ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ। ਬਾਦਲ ਨੇ ਸੌਦਾ ਸਾਧ ਦੀ ਰਿਹਾਈ ਏਸੇ ਕਰਕੇ ਕੀਤੀ ਸੀ ਕਿ ਤਾਂ ਕਿ ਮਾਲਵੇ ਦੀ ਖੁਰਦੀ ਵੋਟ ਸੰਭਾਲੀ ਜਾਵੇ ਅਤੇ ਬਾਪੂ ਸੂਰਤ ਸਿੰਘ ਦੇ ਮਰਨ ਵਰਤ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ। ਇਸ ਤੋਂ ਮਗਰੋਂ ਬਰਗਾੜੀ ਦੇ ਗੋਲੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਮਗਰੋਂ ਤਾਂ ਸੰਨ ਚੁਰਾਸੀ ਦੇ ਹਾਲਾਤ ਹੀ ਤਾਜ਼ਾ ਹੋ ਗਏ।

ਅਸਲ ਮੁੱਦਾ ਜੋ ਸ਼੍ਰੋਮਣੀ ਕਮੇਟੀ ਦੇ ਸਿਆਸੀਕਰਨ ਦਾ ਅਤੇ ਪੰਜਾਬ ਦੀ ਕਿਸਾਨੀ ਦਾ ਹੈ ਉਹ ਹੁਣ ਫਿਰ ਖਟਾਈ ਵਿਚ ਪੈ ਗਿਆ ਹੈ। ਪੰਜਾਬ ਸਰਕਾਰ ਅਖੀਰ ਵਿਚ ਅਸਲ ਮੁੱਦਿਆਂ ਨੂੰ ਇਸ ਤਰਾਂ ਦਾ ਮੋੜ ਦੇਣ ਵਿਚ ਸਫਲ ਹੋ ਗਈ ਹੈ ਜੋ ਸੰਨ ਅਠੱਤਰ ਅਤੇ ਚੁਰਾਸੀ ਵਾਂਗ ਅਮਨ ਕਾਨੂੰਨ ਦੇ ਮੁੱਦੇ ਹੀ ਬਣ ਕੇ ਰਹਿ ਗਏ ਹਨ। ਬਾਦਲ ਵਿਰੋਧੀ ਧਿਰਾਂ ਨਾਂ ਤਾਂ ਜ਼ਮੀਨੀ ਪੱਧਰ ਤੇ ਖਾਲਸਾਈ ਕੀਮਤਾਂ ਸਥਾਪਤ ਕਰਨ ਵਿਚ ਕਾਮਯਾਬ ਹੋਈਆਂ ਹਨ ਅਤੇ ਨਾ ਹੀ ਮੌਜੂਦਾ ਸਿੱਖ ਉਭਾਰ ਨੂੰ ਸਿੱਖ ਇਨਕਲਾਬ ਦਾ ਰੂਪ ਦੇਣ ਵਿਚ ਕਾਮਯਾਬ ਹੋਈਆਂ ਹਨ। ਸੰਪਰਦਾਇਕ ਪਾੜੇ ਅਤੇ ਸਿਆਸੀ ਮਨੋਰਥਾਂ ਦੇ ਟਕਰਾਓ ਕਾਰਨ ਬਾਦਲ ਵਿਰੋਧੀ ਧਿਰਾਂ ਸਿੱਖ ਸੰਗਤਾਂ ਨੂੰ ਅਗਵਾਈ ਦਾ ਭਰਮ ਤਾਂ ਦਿੰਦੀਆਂ ਹਨ ਪਰ ਯੋਗ ਅਗਵਾਈ ਕਰ ਨਹੀਂ ਪਾਉਂਦੀਆਂ। 10 ਅਕਤੂਬਰ ਦਾ ਸਰਬਤ ਖਾਲਸਾ ਸੰਮੇਲਨ ਅਮਲੀ ਤੋਰ ਤੇ ਸਿੱਖ ਸਮਾਜ ਦਾ ਕੋਈ ਮਾਰਗ ਦਰਸ਼ਨ ਕਰਨ ਦੇ ਕਾਮਯਾਬ ਹੋ ਸਕੇਗਾ ਇਸ ਮੁੱਦੇ ਤੇ ਵੀ ਵੱਡਾ ਪ੍ਰਸ਼ਨ ਚਿੰਨ ਹੈ।
 “ਦੋਸਤਾਂ ਵਿਚ ਵੀ ਦਿਸੇ ਹਨ ਨਕਸ਼ ਸੱਪਾਂ ਦੇ ਜਹੇ, ਡੱਸਦੀਆਂ ਨਿੱਤ ਦਿਨ ਮੁਲਾਹਜੇਦਾਰੀਆਂ ਦਾ ਕੀ ਕਰਾਂ”

No comments: