Tuesday, October 20, 2015

ਪੰਜਾਬ ਕੈਬਨਿਟ ਦੀ ਹੰਗਾਮੀ ਮੀਟਿੰਗ 20 ਅਕਤੂਬਰ ਨੂੰ ਸ਼ਾਮੀ ਪੰਜ ਵਜੇ ?

ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਵਿਚਾਰ 
ਚੰਡੀਗੜ੍ਹ: 19 ਅਕਤੂਬਰ 2015 (ਪੰਜਾਬ ਸਕਰੀਨ ਬਿਊਰੋ): 
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਦੀ ਲਗਾਤਾਰ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਬਨਿਟ ਦੀ ਹੰਗਾਮੀ ਮੀਟਿੰਗ ਸੱਦ ਲਈ ਹੈ। ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ 'ਚ ਹਾਲਾਤ ਤਣਾਅ ਗ੍ਰਸਤ ਚੱਲ ਰਹੇ ਹਨ। ਰਾਜ 'ਚ ਚੱਲ ਰਹੀ ਕਾਨੂੰਨ ਵਿਵਸਥਾ 'ਤੇ ਚਰਚਾ ਲਈ ਵੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਮੰਗਲਵਾਰ 20 ਅਕਤੂਬਰ ਨੂੰ ਸ਼ਾਮ 5 ਵਜੇ ਹੋਵੇਗੀ। ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਮੰਗਾਂ ਦੇ ਦੌਰਾਨ ਹੰਗਾਮੀ ਮੀਟਿੰਗ ਦਾ ਸੱਦਿਆ ਜਾਣਾ ਕਾਫੀ ਮਹਤਵਪੂਰਣ ਹੈ। ਉਮੀਦ ਹੈ ਇਸ ਹੰਗਾਮੀ ਮੀਟਿੰਗ ਵਿੱਚ ਹੋਣ ਵਾਲੀਆਂ ਵਿਚਾਰਾਂ ਅਤੇ ਫੈਸਲਿਆਂ ਦਾ ਵੇਰਵਾ ਮੀਟਿੰਗ ਤੋਂ ਤੁਰੰਤ ਬਾਅਦ ਮੀਡੀਆ ਨੂੰ ਜਾਰੀ ਕਰ ਦਿੱਤਾ ਜਾਏਗਾ। 
ਕਿਸਾਨਾਂ ਦਾ ਅੰਦੋਲਨ, ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਲਗਾਤਾਰ ਚੱਲਿਆ ਸਿਲਸਿਲਾ ਕੁਲ ਮਿਲਾ ਕੇ ਹਾਲਾਤ ਕਾਫੀ ਨਾਜ਼ੁਕ ਹਨ। ਇੱਕ ਦੁਕ੍ਕਾ ਹਿੰਸਕ ਘਟਨਾਵਾਂ  ਤੋਂ ਇਲਾਵਾ ਕੋਈ ਵੱਡੀ ਘਟਨਾ ਨਾ ਵਾਪਰਨਾ ਇੱਕ ਸ਼ੁਭ ਸ਼ਗਨ ਹੈ। ਸਰਕਾਰ ਇਸ ਸਾਰੇ ਮਾਮਲੇ ਵਿੱਚ ਖੁਦ ਵੱਲ ਉਠ ਰਹੀਆਂ ਉਂਗਲਾਂ ਬਾਰੇ ਕੀ ਆਖਦੀ ਹੈ ਇਹ ਵੀ ਸਮਾਂ  ਆਉਣ ਤੇ ਹੀ ਪਤਾ ਲੱਗੇਗਾ। ਕਾਬਿਲੇ ਜ਼ਿਕਰ ਹੈ ਕਿ ਗੁਰੂਆਂ ਦੀ ਧਰਤੀ 'ਤੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਪਹਿਲਾਂ ਕਦੇ ਨਹੀਂ ਵਾਪਰੀਆਂ। "ਪੰਥ ਰਤਨ" ਦੇ ਖਿਤਾਬ ਨਾਲ ਸਨਮਾਨਿਤ ਮੁੱਖ ਮੰਤਰੀ ਦੇ ਸ਼ਾਸਨਕਾਲ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਹੋਰ ਵੀ ਗੰਭੀਰ ਹੈ। ਜੇ ਸਰਕਾਰ ਇਸ ਮਾਮਲੇ ਦੇ ਦੋਸ਼ੀਆਂ ਨੂੰ ਲੋਕਾਂ ਸਾਹਮਣੇ ਲਿਆ ਕੇ ਬਣਦੀ ਸਜ਼ਾ ਨ ਦੁਆ ਸਕੀ ਤਾਂ ਨੇੜ ਬ ਹਵਿੱਖ ਵਿੱਚ ਹੀ ਸਰਕਾਰ ਲਈ ਕਈ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ।
ਇਸੇ ਦੌਰਾਨ ਸਰਨਾ ਭਰਾਵਾਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਾਦਲ ਸਰਕਾਰ ਨੂੰ ਡਿਸਮਿਸ ਕੀਤੇ ਜਾਨ ਦੀ ਮੰਗ ਕਰ ਦਿੱਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਜੋ ਕੁੱਝ ਵੀ ਹੋਇਆ ਹੈ ਉਸਦੇ ਲਈ ਸਿੱਧੇ ਤੌਰ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਦਾਰ ਹਨ। ਉਹਨਾਂ ਸਾਫ਼ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਪੰਜਾਬ ਦੇ ਹਾਲਾਤ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੇ ਹਨ ਤੇ ਹੁਣ ਪੰਜਾਬ ਸਰਕਾਰ ਨੂੰ ਤੁਰੰਤ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਰਨਾ ਭਰਾ ਵੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰ ਚੁੱਕੇ ਹਨ।

ਸਰਨਿਆਂ ਵੱਲੋਂ ਪੰਜਾਬ 'ਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ

No comments: