Wednesday, September 02, 2015

ਭਾਜਪਾ ਦੇ ਮਜਦੂਰ ਵਿੰਗ BMS ਨੇ ਕੀਤਾ ਹੜਤਾਲ ਨਾਲੋਂ ਤੋੜ ਵਿਛੋੜਾ

CPI ਨੇ ਕੀਤੀ ਇਸ ਅਚਾਨਕ ਗੱਦਾਰੀ ਦੀ ਨਿਖੇਧੀ 
27 ਅਗਸਤ 2015 ਨੂੰ ਸਾਂਝੀ ਮੀਟਿੰਗ ਵਿੱਚ ਖੱਬੇ ਪੱਖੀ ਆਗੂਆਂ ਨਾਲ ਬੈਠੇ BMS ਲੀਡਰ ਨਾਗੇਸ਼ਵਰ ਸਿੰਘ 
ਚੰਡੀਗੜ੍ਹ: 1 ਸਤੰਬਰ 2015: (ਪੰਜਾਬ ਸਕਰੀਨ ਬਿਊਰੋ);
ਜਿਸ ਗੱਲ ਦਾ ਖਦਸ਼ਾ ਸੀ ਉਹੀ ਹੋਈ। ਭਾਰਤੀ ਜਨਤਾ ਪਾਰਟੀ ਵਾਲੀ ਟ੍ਰੇਡ ਯੂਨੀਅਨ BMS ਅਰਥਾਤ ਭਾਰਤੀ ਮਜ਼ਦੂਰ ਸੰਘ ਨੇ ਆਪਣੇ ਐਲਾਨਾਂ ਅਤੇ ਵਾਅਦਿਆਂ ਤੋਂ ਪਿਛੇ ਹਟਦਿਆਂ ਦੋ ਸਤੰਬਰ ਦੀ ਹੜਤਾਲ ਤੋਂ ਪਾਸਾ ਵੱਟ ਲਿਆ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾਈ ਇਕਾਈ ਦੇ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ BMS ਦੇ ਇਸ ਕਦਮ ਨੂੰ ਗੱਦਾਰੀ ਦੱਸਦਿਆਂ ਤਿੱਖੀ ਨਿਖੇਧੀ ਕੀਤੀ ਹੈ।  ਉਹਨਾਂ ਕਿਹਾ ਕਿ ਅਸੀਂ ਅਜਿਹੇ  ਦਗਾਬਾਜ਼ਾਂ ਅਤੇ ਮਜਦੂਰ ਵਿਰੋਧੀਆਂ ਨੂੰ  ਬੇਨਕਾਬ ਕਰਾਂਗੇ। BMS ਦੇ ਇਸ ਲੁਕਵੇਂ ਵਾਰ ਦਾ ਸ਼ੱਕ ਉਸ ਦਿਨ ਵੀ ਹੋਇਆ ਸੀ ਜਦੋਂ ਸੀਪੀਆਈ ਦੇ ਲੁਧਿਆਣਾ ਵਾਲੇ ਦਫਤਰ ਵਿੱਚ ਬੁਲਾਈ ਗਈ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ BMS ਆਗੂ ਨਾਗੇਸ਼ਵਰ ਸਿੰਘ ਨੇ ਮੀਡੀਆ ਸਾਹਮਣੇ ਇਸ ਹੜਤਾਲ ਦੇ ਹੱਕ ਵਿੱਚ ਬੋਲਣੋ ਇਨਕਾਰ ਕਰ ਦਿੱਤਾ ਸੀ। ਇੰਝ ਲੱਗਦਾ ਹੈ ਜਿਵੇਂ BMS ਵਾਲੇ ਬਾਕੀ 11 ਟ੍ਰੇਡ ਯੂਨੀਅਨਾਂ ਦੀ ਰਣਨੀਤੀ ਅਤੇ ਸਮਰਥਾ ਦਾ ਜਾਇਜਾ ਲੈਣ ਲਈ ਹੀ ਇਹਨਾਂ ਵਿੱਚ ਆਏ ਸਨ ਅਤੇ ਮਤਲਬ ਨਿਕਲਦੀਆਂ ਹੀ ਓਹ ਇਸ ਹੜਤਾਲ ਤੋਂ ਲਾਂਭੇ ਹੋ ਗਏ। 
ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਹਰਦੇਵ ਸਿੰਘ ਅਰਸ਼ੀ ਸਾਬਕਾ ਐੱਮ ਐੱਲ ਏ ਨੇ ਅੱਜ ਜਾਰੀ ਕੀਤੇ ਬਿਆਨ ਵਿਚ  ਆਪਣੀਆਂ ਪਾਰਟੀ ਇਕਾਈਆਂ, ਆਗੂਆਂ ਅਤੇ ਮੈਂਬਰਾਂ ਨੂੰ ਹਦਾਇਤ ਕੀਤੀ ਹੈ ਕਿ ਕੱਲ੍ਹ ਨੂੰ ਦੇਸ਼ ਭਰ ਵਿਚ ਹੋ ਰਹੀ ਮਜ਼ਦੂਰਾਂ ਦੀ ਹੜਤਾਲ ਦਾ ਡਟ ਕੇ ਸਮਰਥਨ ਕਰਨ ਲਈ ਪੂਰਾ ਵਾਹ ਲਾਇਆ ਜਾਏ। 
ਸ੍ਰੀ ਅਰਸ਼ੀ ਨੇ ਕਿਹਾ ਕਿ ਜਦੋਂ ਦੀ ਭਾਜਪਾ ਅਗਵਾਈ ਵਾਲੀ ਮੋਦੀ ਸਰਕਾਰ ਆਈ ਹੈ, ਉਹ ਕਾਰਪੋਰੇਟ ਘਰਾਣਿਆਂ ਦੇ ਪੱਖ ਵਿਚ ਨੀਤੀਆਂ, ਜੋ ਪਿਛਲੀ ਸਰਕਾਰ ਦੀਆਂ ਵੀ ਸਨ, ਨੂੰ ਹੋਰ ਤੇਜ਼ੀ ਨਾਲ ਚਲਾ ਰਹੀ ਹੈ ਅਤੇ ਨਵੇਂ ਪਾਸਾਰ ਜੋੜ ਰਹੀ ਹੈ। ਉਸ ਨੇ ਨਾ ਸਿਰਫ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ, ਜੋ ਅਖੀਰ ਖੱਬੀਆਂ ਪਾਰਟੀਆਂ, ਕਿਸਾਨ ਸੰਗਠਨਾਂ ਅਤੇ ਦੂਜੀਆਂ ਪਾਰਟੀਆਂ ਦੇ ਜ਼ਬਰਦਸਤ ਵਿਰੋਧ ਕਾਰਨ ਤਿੰਨ ਵਾਰੀ ਆਰਡੀਨੈਂਸ ਜਾਰੀ ਕਰਨ ਮਗਰੋਂ ਅਖੀਰ ਵਾਪਸ ਕਦਮ ਚੁਕਣਾ ਪਿਆ।
ਮੋਦੀ ਸਰਕਾਰ ਹੁਣ ਮਜ਼ਦੂਰਾਂ ਦੇ ਲੰਮੀ ਲੜਾਈਆਂ, ਸੰਘਰਸ਼ਾਂ ਨਾਲ ਜਿੱਤੇ ਜਮਹੂਰੀ ਅਤੇ ਟਰੇਡ ਯੂਨੀਅਨ ਅਧਿਕਾਰਾਂ ਉਤੇ ਹਮਲਾ ਕਰਕੇ ਕਾਰਪੋਰੇਟ ਘਰਾਣਿਆਂ, ਅਜਾਰੇਦਾਰਾਂ ਅਤੇ ਪੂੰਜੀਪਤੀਆਂ ਦੀ ਸੇਵਾ ਕਰਨਾ ਚਾਹੁੰਦੀ ਹੈ, ਜਿਸ ਖਿਲਾਫ ਦੇਸ਼ ਦੀਆਂ 11 ਕੇਂਦਰੀ ਮਜ਼ਦੂਰ ਜਥੇਬੰਦੀਆਂ ਨੇ 2 ਸਤੰਬਰ ਦੀ ਹੜਤਾਲ ਦਾ ਸੱਦਾ ਦਿੱਤਾ ਹੈ, ਐਨ ਮੌਕੇ 'ਤੇ ਆ ਕੇ ਭਾਜਪਾ ਅਗਵਾਈ ਵਾਲੀ ਭਾਰਤੀ ਮਜ਼ਦੂਰ ਸੰਘ ਮਜ਼ਦੂਰਾਂ ਨਾਲ ਦਗਾ ਕਰਕੇ ਸਰਕਾਰ ਦੇ ਮਜ਼ਦੂਰ-ਵਿਰੋਧੀ ਪੈਂਤੜੇ ਨਾਲ ਖੜ ਗਈ ਹੈ, ਪਰ ਮਜ਼ਦੂਰ ਜਮਾਤ ਇਹਨਾਂ ਫੁੱਟ-ਪਾਊਆਂ ਦਾ ਪਾਜ ਉਘੇੜਦੀ ਹੋਈ 2 ਸਤੰਬਰ ਦੀ ਹੜਤਾਲ ਨੂੰ ਪੂਰੇ ਜ਼ੋਰ ਨਾਲ ਸਫਲ ਕਰੇਗੀ।
ਉਹਨਾ ਕਿਹਾ ਕਿ ਕਮਿਊਨਿਸਟ ਪਾਰਟੀ 2 ਸਤੰਬਰ ਦੀ ਹੜਤਾਲ ਦਾ ਪੂਰਾ ਸਮਰਥਨ ਕਰਦੀ ਹੈ ਅਤੇ ਆਪਣੀਆਂ ਜ਼ਿਲ੍ਹਾ ਤੇ ਸਥਾਨਕ ਇਕਾਈਆਂ ਅਤੇ ਆਗੂਆਂ ਨੂੰ ਸੱਦਾ ਦਿੰਦੀ ਹੈ ਕਿ ਟਰੇਡ ਯੂਨੀਅਨਾਂ ਦੇ ਇਸ ਅੰਦੋਲਨ ਦੀ ਹਰ ਸੰਭਵ ਮਦਦ ਕਰਕੇ ਇਸ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਪਾਉਣ।
ਸ੍ਰੀ ਅਰਸ਼ੀ ਨੇ ਐੱਨ ਡੀ ਏ ਸਰਕਾਰ ਨੂੰ ਕਿਹਾ ਕਿ ਕਾਰਪੋਰੇਟ ਘਰਾਣਿਆਂ ਪੱਖੀ ਲੋਕ ਤੇ ਮਜ਼ਦੂਰ ਵਿਰੋਧੀ ਨੀਤੀਆਂ ਛੱਡ ਕੇ ਮਜ਼ਦੂਰਾਂ ਦੀਆਂ ਬਾਕੀ ਮੰਗਾਂ ਵੀ ਮੰਨੇ ਅਤੇ ਉਹਨਾਂ ਦੇ ਜਮਹੂਰੀ ਅਤੇ ਟਰੇਡ ਯੂਨੀਅਨ ਅਧਿਕਾਰਾਂ ਨੂੰ ਖੋਹਣ ਲਈ ਤਜਵੀਜ਼ੇ ਜਾ ਰਹੇ ਕਾਨੂੰਨਾਂ ਦਾ ਰਸਤਾ ਛੱਡੇ। ਮਜ਼ਦੂਰ ਜਮਾਤ ਅਤੇ ਮਿਹਨਤਕਸ਼ ਲੋਕ ਆਪਣੇ ਹੱਕਾਂ ਉਤੇ ਹੁੰਦੇ ਹਮਲਿਆਂ ਨੂੰ ਨਾ ਬਰਦਾਸ਼ਤ ਕਰਨਗੇ ਅਤੇ ਨਾ ਹੀ ਇਹਨਾਂ ਅੱਗੇ ਝੁਕਣਗੇ, ਸਗੋਂ ਆਪਣੀ ਏਕਤਾ ਹੋਰ ਵਿਸ਼ਾਲ ਤੇ ਡੂੰਘੀ ਕਰਕੇ ਅੰਦੋਲਨ ਨੂੰ ਅੱਗੇ ਵਧਾਉਣਗੇ।

No comments: