Sunday, September 20, 2015

ਇੱਕ ਵਾਰ ਫੇਰ ਲਾਲ ਝੰਡੇ ਵਾਲਿਆਂ ਦੇ ਏਕੇ ਵਿੱਚ ਲੱਗੀ ਸੰਨ

Thursday, September 3, 2015
ਖੁਲ੍ਹ ਕੇ ਆਹਮੋ ਸਾਹਮਣੇ ਆਏ "ਸੁਰਖ ਰੇਖਾ" ਦੇ ਦੋ ਗੁੱਟ 
ਜੇ ਲੋਕਾਂ ਨੂੰ ਕਿਸੇ ਤੇ ਰੱਬ ਤੋਂ ਵਧ ਵਿਸ਼ਵਾਸ ਸੀ ਤਾਂ ਓਹ ਸਨ ਲਾਲ ਝੰਡੇ ਵਾਲੇ। ਲਾਲ ਝੰਡੇ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਫੁੱਟ ਪਾਉਣ ਦੀਆਂ ਚਾਲਾਂ ਚੱਲੀਆਂ ਗਈਆਂ। ਸਿੱਟਾ ਇਹ ਹੋਇਆ ਕਿ ਲਾਲ ਝੰਡੇ ਵਾਲੇ ਕਈ ਨਾਵਾਂ ਹੇਠ ਵੰਡੇ ਗਏ। ਇਸ ਭਾਣੇ ਦੇ ਬਾਵਜੂਦ ਲੋਕ ਫਿਰ ਵੀ ਲਾਲ ਝੰਡੇ ਨਾਲ ਜੁੜੇ ਰਹੇ ਤਾਂ  ਲਾਲ ਝੰਡੇ ਦੇ ਦੁਸ਼ਮਨ ਚਿੰਤਿਤ ਹੋ ਗਏ।  ਇਹ ਅੱਡ ਅੱਡ ਹੋ ਕੇ ਵੀ ਵਿਚਾਰਾਂ ਨੂੰ ਅਧਾਰ ਬਣਾ ਕੇ ਫਿਰ ਇੱਕ ਜੁੱਟ ਹੋ ਜਾਂਦੇ ਸਨ। ਫਿਰ ਸੂਖਮ ਵਾਰ ਕੀਤੇ ਗਏ।  ਲਾਲ ਝੰਡੇ ਵਾਲੇ ਇੱਕ ਦੂਜੇ ਤੇ ਹੀ ਸ਼ੱਕ ਕਰਨ ਲੱਗੇ ਅਤੇ ਉਹ ਵੀ ਵਿਚਾਰਾਂ ਨੂੰ ਲੈ ਕੇ। ਹੋਲੀ ਹੋਲੀ ਅਥਾਹ ਕੁਰਬਾਨੀਆਂ ਵਾਲੀ ਇਹ ਲਹਿਰ ਵੰਡੀ ਗਈ। ਪੂੰਜੀਵਾਦ ਦਾ ਵਿਰੋਧ ਕਰਦੇ ਕਰਦੇ ਇਹ ਕਦੋਂ ਪੂੰਜੀਵਾਦ ਦੇ ਮਾਇਆਜਾਲ ਵਿੱਚ ਜਾ ਫਸੇ ਕਿਸੇ ਨੂੰ ਪਤਾ ਲੱਗਿਆ। ਇਸ ਭਾਰੀ ਨੁਕਸਾਨ ਦੇ ਬਾਵਜੂਦ ਇਸ ਲਹਿਰ ਦੇ ਕਈ ਅਹਿਮ ਹਿੱਸੇ ਬਚੇ ਰਹੇ। ਪੰਜਾਬ ਵਿੱਚ ਚੱਲੀ ਹਥਿਆਰਬੰਦ ਮੁਹਿੰਮ ਵੇਲੇ ਜੇ ਕਾਮਰੇਡਾਂ ਦਾ ਪੈਗਾਮ ਗਰੁੱਪ ਉਸਦਾ  ਸੀ ਤਾਂ ਸੁਰਖ ਰੇਖਾ ਜਬਰ ਅਤੇ ਫਿਰਕਾਪ੍ਰਸਤੀ ਦੋਹਾਂ ਦੇ ਖਿਲਾਫ਼ ਖੜਾ ਸੀ। ਹੋਰਨਾਂ ਲਈ ਪੰਜਾਬ ਮਸਲਾ ਗਏ ਗੁਜ਼ਰੇ ਜਮਾਨੇ ਦੀ ਗੱਲ ਹੋ ਸਕਦਾ ਹੈ ਪਰ ਲਾਲ ਝੰਡੇ ਵਾਲੇ ਸੇਵੇਵਾਲਾ ਨੂੰ ਵੀ ਨਹੀਂ ਭੁੱਲ ਸਕਦੇ ਅਤੇ  ਨੂੰ ਵੀ ਜਿਹੜੇ ਸਿਧਾਂਤ ਦੀ ਰਾਖੀ ਕਰਦਿਆਂ ਕੁਰਬਾਨੀ ਦੇ ਗਏ। ਅੱਜ ਸੁਰਖ ਰੇਖਾ ਵਿੱਚ ਆਈ ਤਰੇੜ ਉਹਨਾਂ ਸਾਰਿਆਂ ਲਈ ਚਿੰਤਾਜਨਕ ਹੈ ਜਿਹਨਾਂ ਨੇ ਸੁਰਖ ਰੇਖਾ ਨਾਲ ਜਜ਼ਬਾਤੀ ਸਾਂਝ ਰੱਖੀ ਹੈ। ਵਿਚਾਰਵਾਨ ਲੋਕਾਂ ਦਰਮਿਆਨ ਵਿਚਾਰਧਾਰਕ ਮਤਭੇਦ ਆਉਣਾ ਕੋਈ ਨਵੀਂ ਗੱਲ ਨਹੀਂ। ਉਮੀਦ  ਚਾਹੀਦੀ ਹੈ ਕਿ ਵਿਚਾਰਾਂ ਦੀ ਰੌਸ਼ਨੀ ਸਭ ਨੂੰ ਸੇਧ ਦੇ ਕੇ ਨੇੜੇ ਨੇੜੇ ਲਿਆਵੇਗੀ। ਨਾਜਰ  ਬੋਪਾਰਾਏ ਨੇ ਆਪਣੀ ਸਾਰੀ ਉਮਰ ਵਿਚਾਰਾਂ ਨੂੰ ਸਮਰਪਿਤ ਰਹਿੰਦਿਆਂ ਲੰਘੀ ਹੈ।  ਲੋਕਾਂ ਦੇ ਦੁੱਖ ਸੁੱਖ ਵਿੱਚ ਪਰਿਵਾਰ ਵਾਂਗ ਸ਼ਿਰਕਤ ਕੀਤੀ ਹੈ। ਜਸਪਾਲ ਜੱਸੀ ਅਤੇ ਅਮੋਲਕ ਸਿੰਘ ਵੀ ਉਸ ਵਿਚਾਰ ਦਾ ਖੰਡਣ ਬਣ ਕੇ ਵਿਚਰਦੇ ਰਹੇ ਹਨ ਜਿਸ ਵਿੱਚ ਕਿਹਾ ਗਿਆ ਸੀ ਕੌਣ ਜਾਣੇ ਪੀੜ੍ਹ ਪਰਾਈ। ਇਹਨਾਂ ਨੇ ਲੋਕਾਂ ਦੇ ਦਰਦਾਂ ਨੂੰ ਹਾਧਿਨ ਹੰਡਾਇਆ ਹੈ। ਸੁਰਖ ਰੇਖਾ ਦਾ ਜੋ ਮੌਜੂਦਾ ਸਚ ਸਾਹਮਣੇ ਆਇਆ ਹੈ ਉਹ ਅਸੀਂ  ਇਥੇ ਵੀ ਪਾਠਕਾਂ ਦੀ ਜਾਣਕਾਰੀ ਲਈ ਦੇ ਰਹੇ ਹਾਂ।    --ਰੈਕਟਰ ਕਥੂਰੀਆ 
ਸੁਰਖ਼ ਰੇਖਾ ਅਦਾਰੇ ਨਾਲ ਬੋਪਾਰਾਏ ਦਾ ਕੋਈ ਸਬੰਧ ਨਹੀਂ ਹੈ
ਜ਼ਰੂਰੀ ਸੂਚਨਾ   
ਸੁਰਖ਼ ਰੇਖਾ ਦੇ ਵਿਚਾਰਾਂ ਅਤੇ ਅਦਾਰੇ ਨਾਲ ਹੁਣ ਨਾਜ਼ਰ ਸਿੰਘ ਬੋਪਾਰਾਏ ਦਾ ਕੋਈ ਸਬੰਧ ਨਹੀਂ ਹੈ
ਸੁਰਖ਼ ਰੇਖਾ ਪਾਠਕ ਪਰਿਵਾਰ ਅਤੇ ਸਹਿਯੋਗੀਆਂ ਲਈ ਜ਼ਰੂਰੀ ਸੂਚਨਾ ਹੈ ਕਿ ਸ਼੍ਰੀ ਨਾਜ਼ਰ ਸਿੰਘ ਬੋਪਾਰਾਏ ਨੇ ਆਪਣੇ ਆਪ ਨੂੰ ਅਦਾਰਾ ਸੁਰਖ਼ ਰੇਖਾ ਦੇ ਵਿਚਾਰਾਂ ਨਾਲੋਂ ਵੱਖ ਕਰ ਲਿਆ ਹੈ। ਸੁਰਖ਼ ਰੇਖਾ ਪਰਿਵਾਰ ਨਾਲ ਹੁਣ ਉਨ•ਾਂ ਦਾ ਸਬੰਧ ਨਹੀਂ ਰਿਹਾ ਹੈ।
1994 'ਚ ਵਿਚਾਰਧਾਰਕ ਸਿਆਸੀ ਨੀਤੀਆਂ ਦੀ ਅਸੂਲੀ ਸਾਂਝ ਦੇ ਆਧਾਰ 'ਤੇ ਸੁਰਖ਼ ਰੇਖਾ ਅਤੇ ਇਨਕਲਾਬੀ ਜਨਤਕ ਲੀਹ ਦੇ ਅਦਾਰਿਆਂ ਨੇ ਆਪਸੀ ਏਕਤਾ ਦਾ ਕਦਮ ਲਿਆ ਸੀ। ਦੋ ਦਹਾਕਿਆਂ ਤੋਂ ਵੱਧ ਸਮੇਂ ਦੇ ਅਰਸੇ 'ਚ ਇਹ ਅਸੂਲੀ ਏਕਤਾ ਹੋਰ ਪ੍ਰਫੁੱਲਤ ਅਤੇ ਮਜ਼ਬੂਤ ਹੋਈ ਹੈ। ਸੁਰਖ਼ ਰੇਖਾ ਇਸ ਅਸੂਲੀ ਏਕਤਾ ਅਤੇ ਇਸ ਦੀ ਮਜ਼ਬੂਤੀ ਦੀ ਤਰਜਮਾਨੀ ਕਰਦਾ ਆਇਆ ਹੈ। ਸਮੁੱਚਾ ਸੁਰਖ਼ ਰੇਖਾ ਪਰਿਵਾਰ ਇਸ ਸਥਾਪਤ ਸਮਝ ਦੁਆਲੇ ਇਕਮੁੱਠ ਹੈ। ਪਰ ਨਾਜ਼ਰ ਸਿੰਘ ਬੋਪਾਰਾਏ ਨੇ ਇਸ ਸਮਝ 'ਤੇ ਆਪਣਾ ਵਿਸ਼ਵਾਸ਼ ਗੁਆ ਕੇ ਵੱਖਰਾ ਵਿਅਕਤੀਗਤ ਰਸਤਾ ਚੁਣ ਲਿਆ ਹੈ।
1994 'ਚ ਇਕਜੁੱਟ ਹੋਏ ਸੁਰਖ਼ ਰੇਖਾ ਅਦਾਰੇ ਨੇ ਪਰਚੇ ਦੀ ਮਾਲਕੀ ਲਈ ਨਾਜ਼ਰ ਸਿੰਘ ਬੋਪਾਰਾਏ ਦੇ ਨਾਮ ਦੀ ਵਰਤੋਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਸੀ। ਅਜਿਹਾ ਉਹਨਾਂ ਦੀ ਸਹਿਮਤੀ ਨਾਲ ਕੀਤਾ ਗਿਆ ਸੀ, ਕਿਉਂਕਿ ਉਹ ਅਦਾਰਾ ਸੁਰਖ਼ ਰੇਖਾ ਦੇ ਵਿਚਾਰਾਂ ਦਾ ਅਨੁਸ਼ਾਸਨ ਕਬੂਲ ਕਰਦੇ ਸਨ ਜਿਹੜੇ ਅਮੋਲਕ ਸਿੰਘ ਅਤੇ ਜਸਪਾਲ ਜੱਸੀ ਦੀ ਅਗਵਾਈ 'ਚ ਦੋਹਾਂ ਅਦਾਰਿਆਂ ਦੇ ਵਰਿ•ਆਂ ਲੰਮੇ ਵਿਚਾਰ ਵਟਾਂਦਰੇ ਰਾਹੀਂ ਨਿਤਾਰੇ ਅਤੇ ਅਪਣਾਏ ਗਏ ਸਨ। ਸੁਰਖ਼ ਰੇਖਾ ਘੇਰੇ ਨੇ ਨਾ ਸਿਰਫ਼ ਉਸ ਮੌਕੇ ਇਸ ਅਸੂਲੀ ਏਕਤਾ ਦਾ ਪੁਰਜੋਸ਼ ਸਵਾਗਤ ਕੀਤਾ ਸੀ, ਸਗੋਂ ਅੱਜ ਵੀ ਸੁਰਖ਼ ਰੇਖਾ ਪਰਿਵਾਰ ਵੱਲੋਂ ਇਹਨਾਂ ਵਿਚਾਰਾਂ ਅਤੇ ਨੀਤੀਆਂ ਦੀ ਡਟਵੀਂ ਇਕਮੁੱਠ ਪਹਿਰੇਦਾਰੀ 'ਤੇ ਗਹਿਰੀ ਤਸੱਲੀ ਮਹਿਸੂਸ ਕੀਤੀ ਜਾ ਰਹੀ ਹੈ।
ਸੁਰਖ਼ ਰੇਖਾ ਦੇ ਵਿਚਾਰਾਂ ਅਤੇ ਅਦਾਰੇ ਤੋਂ ਬਾਹਰ ਹੋ ਜਾਣ ਤੋਂ ਬਾਅਦ ਸ਼੍ਰੀ ਬੋਪਾਰਾਏ ਸੁਰਖ਼ ਰੇਖਾ ਦੇ ਪ੍ਰਕਾਸ਼ਨ 'ਚ ਤਕਨੀਕੀ ਮੁਸ਼ਕਲਾਂ ਖੜ•ੀਆਂ ਕਰਨ ਦੇ ਅਫ਼ਸੋਸਨਾਕ ਰਾਹ ਪੈ ਗਏ ਹਨ। ਉਹਨਾਂ ਨੇ ਇੱਕ ਵੱਖਰਾ ਪਰਚਾ ਸੁਰਖ਼ ਰੇਖਾ ਦੇ ਨਾਮ 'ਤੇ ਜਾਰੀ ਕਰ ਦਿੱਤਾ ਹੈ। ਇਸਨੂੰ ਚਲੇ ਆ ਰਹੇ ਸੁਰਖ਼ ਰੇਖਾ ਦੇ ਅਗਲੇ ਅੰਕ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਉਸ ਸੁਰਖ਼ ਰੇਖਾ ਅਦਾਰੇ ਵੱਲੋਂ ਜਾਰੀ ਹੋਇਆ ਪਰਚਾ ਨਹੀਂ ਹੈ ਜਿਸ ਵੱਲੋਂ 1994 ਤੋਂ ਸੁਰਖ਼ ਰੇਖਾ ਪ੍ਰਕਾਸ਼ਨ ਚਲਾਇਆ ਜਾ ਰਿਹਾ ਹੈ। ਸ਼੍ਰੀ ਬੋਪਾਰਾਏ ਨੇ ਆਪਣੇ ਆਪ ਨੂੰ ਸੁਰਖ਼ ਰੇਖਾ ਦਾ ''ਐਕਟਿੰਗ ਸੰਪਾਦਕ'' ਐਲਾਨ ਦਿੱਤਾ ਹੈ। ਉਹਨਾਂ ਵੱਲੋਂ ਫਿਲਹਾਲ ਦੇਸ਼ ਵਿਦੇਸ਼ ਦੇ ਪਾਠਕਾਂ ਨੂੰ ਇਸ ਗੱਲ ਬਾਰੇ ਸੋਚ-ਸਮਝ ਕੇ ਘਚੋਲੇ 'ਚ ਰੱਖਿਆ ਜਾ ਰਿਹਾ ਹੈ ਕਿ ਹੁਣ ਉਹ 1994 ਤੋਂ ਚਲੀ ਆ ਰਹੀ ਸੁਰਖ਼ ਰੇਖਾ ਦੀ ਸਮਝ ਅਤੇ ਅਦਾਰੇ ਦੇ ਅਧੀਨ ਨਹੀਂ ਰਹੇ।
ਸੁਰਖ਼ ਰੇਖਾ ਪਰਿਵਾਰ 'ਚੋਂ ਮੁਕੰਮਲ ਨਿਖੇੜੇ ਦੇ ਬਾਵਜੂਦ, ਨਾਜਰ ਸਿੰਘ ਨੇ ਅਜਿਹਾ ਕਦਮ ਲੈਣ ਦਾ ਹੌਂਸਲਾ ਨਿਰੋਲ ਇਸ ਗੱਲ ਦੇ ਸਿਰ 'ਤੇ ਕੀਤਾ ਹੈ ਕਿ ਤਕਨੀਕੀ ਤੌਰ 'ਤੇ ਪਰਚੇ ਦੀ ਮਾਲਕੀ ਉਹਨਾਂ ਦੇ ਨਾਮ ਹੈ ਅਤੇ ਇਸਦਾ ਲਾਹਾ ਲੈ ਕੇ ਉਹ ਪਰਚੇ ਦੇ ਨਾਮ ਅਤੇ ਮਕਬੂਲੀਅਤ ਨੂੰ ਆਪਣੇ ਵੱਖਰੇ ਮਨੋਰਥ ਲਈ ਵਰਤ ਸਕਦੇ ਹਨ। ਉਹ ਆਸਵੰਦ ਹਨ ਕਿ ਇਸ ਮਾਮਲੇ 'ਚ ਭਾਰਤੀ ''ਨਿਆਂਪਾਲਿਕਾ'' ਵੀ ਉਹਨਾਂ ਦੀ ਮਦਦਗਾਰ ਹੋ ਸਕਦੀ ਹੈ।
ਚੰਗੀ ਗੱਲ ਹੁੰਦੀ ਜੇ ਉਹ ਇਹ ਸੋਚ ਸਕਦੇ ਕਿ ਪਰਚੇ ਦੀ ਤਕਨੀਕੀ ਮਾਲਕੀ ਸੁਰਖ਼ ਰੇਖਾ ਪਰਿਵਾਰ ਵੱਲੋਂ ਸਮੂਹਕ ਤੌਰ 'ਤੇ ਉਹਨਾਂ ਨੂੰ ਸੌਂਪੀ ਗਈ ਅਮਾਨਤ ਹੈ। ਇਸ ਅਮਾਨਤ ਨੂੰ ਆਪਣਾ ਵਿਅਕਤੀਗਤ ਅਧਿਕਾਰ ਸਮਝਣ ਦਾ ਉਹਨਾਂ ਦਾ ਪ੍ਰਤੱਖ ਰੁਖ਼ ਵੇਖ ਕੇ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸੁਰਖ਼ ਰੇਖਾ ਦੇ ਸਥਾਪਤ ਵਿਚਾਰਾਂ ਦੇ ਸੰਚਾਰ ਲਈ ਕਿਸੇ ਵੱਖਰੇ ਨਾਮ ਦੀ ਚੋਣ ਕਰਨ 'ਚ ਸਾਨੂੰ ਕੋਈ ਸਮੱਸਿਆ ਨਹੀਂ ਹੈ। ਤਾਂ ਵੀ ਸਾਨੂੰ ਇਹ ਉਮੀਦ ਸੀ ਕਿ ਸ਼੍ਰੀ ਬੋਪਾਰਾਏ ਸੁਰਖ਼ ਰੇਖਾ ਦੇ ਨਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਜ਼ਰੂਰ ਸਪੱਸ਼ਟ ਕਰਨਗੇ ਕਿ ਸੁਰਖ਼ ਰੇਖਾ ਅਤੇ ਜਨਤਕ ਲੀਹ ਦੇ ਮੁੱਖ ਸੰਪਾਦਕਾਂ ਦੀ ਅਗਵਾਈ 'ਚ ਲੰਮੇ ਵਿਚਾਰ ਵਟਾਂਦਰੇ ਰਾਹੀਂ ਤਹਿ ਹੋਈਆਂ ਅਤੇ ਦੋ ਦਹਾਕਿਆਂ ਦੀਆਂ ਲਗਾਤਾਰ ਪ੍ਰਕਾਸ਼ਨਾਵਾਂ ਰਾਹੀਂ ਸਥਾਪਤ ਹੋਈਆਂ ਨੀਤੀਆਂ ਉਹਨਾਂ ਵੱਲੋਂ ਜਾਰੀ ਕੀਤੇ ਜਾ ਰਹੇ ਵੱਖਰੇ ਪਰਚੇ ਦੀਆਂ ਨੀਤੀਆਂ ਨਹੀਂ ਹੋਣਗੀਆਂ।
ਇਸੇ ਵਜ•ਾ ਕਰਕੇ ਅਸੀਂ ਉਹਨਾਂ ਵੱਲੋਂ ਪਰਚਾ ਜਾਰੀ ਕਰਨ ਤੋਂ ਪਹਿਲਾਂ ਪਾਠਕਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਸਮਝੀ। ਅਸੀਂ ਇਹ ਪੇਸ਼ਕਸ਼ ਅਤੇ ਉਮੀਦ ਵੀ ਕੀਤੀ ਸੀ ਕਿ ਵਿਚਾਰਾਂ 'ਚ ਬੁਨਿਆਦੀ ਵਖਰੇਵਾਂ ਆ ਜਾਣ ਦੀ ਹਕੀਕਤ ਸਚਿਆਰੇ ਢੰਗ ਨਾਲ ਸੁਰਖ਼ ਰੇਖਾ ਦੇ ਪੰਨਿਆਂ ਰਾਹੀਂ ਹੀ ਪਾਠਕਾਂ ਤੱਕ ਸਾਂਝੇ ਤੌਰ 'ਤੇ ਪਹੁੰਚਦੀ ਕਰ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਸ਼੍ਰੀ ਬੋਪਾਰਾਏ ਵਿਅਕਤੀਗਤ ਤੌਰ 'ਤੇ ਜਾਂ ਜੀਹਦੇ ਨਾਲ ਮਰਜ਼ੀ ਰਲ ਕੇ ਆਪਣੀਆਂ ਪ੍ਰਕਾਸ਼ਨਾਵਾਂ ਲਈ ਸੁਰਖ਼ ਰੇਖਾ ਦਾ ਨਾਮ ਵਰਤਣ ਦੀ ਆਪਣੀ ਬੇਕਾਬੂ ਇੱਛਾ ਪੂਰੀ ਕਰ ਸਕਣਗੇ।
ਖੈਰ! ਜੋ ਨਾਜਰ ਸਿੰਘ ਦੇ ਚਿੱਤ ਨੂੰ ਚੜ੍ਹਿਆ  ਉਹਨਾਂ ਕਰ ਦਿੱਤਾ ਹੈ। ਹਾਸਲ ਹਾਲਤ 'ਚ ਸਾਡਾ ਸਰੋਕਾਰ ਪਾਠਕਾਂ ਨੂੰ ਇਹ ਸਪੱਸ਼ਟ ਕਰਨਾ ਹੈ ਕਿ ਮਈ-ਜੂਨ, 2015 (ਅੰਕ-3) ਤੋਂ ਬਾਅਦ ਸੁਰਖ਼ ਰੇਖਾ ਦੇ ਨਾਮ ਹੇਠ ਜਾਰੀ ਹੋਈ ਕਿਸੇ ਵੀ ਪ੍ਰਕਾਸ਼ਨਾ ਨੂੰ ਸਾਡਿਆਂ ਵਿਚਾਰਾਂ ਦੀ ਅਧਿਕਾਰਤ ਤਰਜਮਾਨ ਸਮਝਣ ਦੀ ਗਲਤੀ ਨਾ ਕੀਤੀ ਜਾਵੇ। ਬੋਪਾਰਾਏ ਵੱਲੋਂ ਖੜ•ੀ ਕੀਤੀ ਤਕਨੀਕੀ ਮੁਸ਼ਕਲ ਨੂੰ ਲਾਂਭੇ ਕਰਕੇ, ਜਲਦੀ ਹੀ ਸੁਰਖ਼ ਰੇਖਾ ਦੀ ਵਿਚਾਰਧਾਰਾ, ਸਿਆਸਤ ਅਤੇ ਲੀਹ ਬਦਲਵੇਂ ਨਾਮ ਹੇਠ ਪਾਠਕਾਂ ਦੇ ਰੂਬਰੂ ਹੋਵੇਗੀ। ਸੁਰਖ਼ ਰੇਖਾ ਦਾ ਅਗਲਾ ਅੰਕ ਏਸੇ ਮਹੀਨੇ ਬਦਲਵੇਂ ਨਾਮ ਹੇਠ ਪਾਠਕਾਂ ਤੱਕ ਪੁੱਜ ਰਿਹਾ ਹੈ। ਬਿਹਤਰ ਮਿਆਰ ਅਤੇ ਸਮੱਗਰੀ ਨਾਲ ਅਸੀਂ ਜਲਦੀ ਹੀ ਪਾਠਕਾਂ ਦੇ ਵਡੇਰੇ ਘੇਰੇ ਨੂੰ ਮੁਖ਼ਾਤਬ ਹੋਵਾਂਗੇ।
ਉਦੋਂ ਤੱਕ ਸਭਨਾਂ ਮਕਸਦਾਂ ਲਈ ਸੁਰਖ਼ ਰੇਖਾ ਦੇ ਮਈ-ਜੂਨ ਅੰਕ 'ਚ ਪ੍ਰਕਾਸ਼ਤ ਫੋਨ ਨੰਬਰਾਂ ਅਤੇ ਪਤੇ ਦੀ ਵਰਤੋਂ ਕੀਤੀ ਜਾਵੇ। ਸਭਨਾਂ ਸਾਥੀਆਂ ਨੂੰ ਆਪੋ-ਆਪਣੇ ਸੂਚਨਾ ਵਸੀਲਿਆਂ (ਫੇਸਬੁੱਕ, ਵਟਸਐਪ, ਈਮੇਲ, ਬਲਾਗ, ਐਸ. ਐਮ. ਐਸ. ਆਦਿ) ਰਾਹੀਂ ਇਹ ਜਾਣਕਾਰੀ ਇਨਕਲਾਬੀ ਲਹਿਰ ਦੇ ਪਾਠਕ ਘੇਰੇ ਤੱਕ ਪੁੱਜਦੀ ਕਰਨ 'ਚ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ।
ਇਨਕਲਾਬੀ ਸ਼ੁਭ ਇੱਛਾਵਾਂ ਨਾਲ!
   ਜਸਪਾਲ ਜੱਸੀ – ਸੰਪਾਦਕ
ਅਮੋਲਕ ਸਿੰਘ – ਸਾਬਕਾ ਸੰਪਾਦਕ 

No comments: