Tuesday, September 22, 2015

ਪ੍ਰੋ. ਐਮ. ਕਲਬੁਰਗੀ ਤੋਂ ਬਾਅਦ ਹੁਣ ਨਿਸ਼ਾਨੇ 'ਤੇ ਰਵਿਸ਼ ਕੁਮਾਰ ?

Tue, Sep 22, 2015 at 12:08 PM
ਪ੍ਰਸਿਧ ਪੱਤਰਕਾਰ ਰਵੀਸ਼ ਕੁਮਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ
ਖੱਬੇਪੱਖੀ ਸੰਗਠਨਾਂ ਨੇ ਕੀਤੀ ਆਨਲਾਈਨ ਬਦਸਲੂਕੀ ਦੀ ਜ਼ੋਰਦਾਰ ਨਿੰਦਾ 
ਲੁਧਿਆਣਾ: 22 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਹਿੰਦੂਤਵੀ ਕੱਟੜਪੰਥੀਆਂ ਵੱਲੋਂ ਪ੍ਰਸਿੱਧ ਪੱਤਰਕਾਰ ਰਵਿਸ਼ ਕੁਮਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਅਤੇ ਉਹਨਾਂ ਨਾਲ਼ ਕੀਤੀ ਜਾ ਰਹੀ ਬਦਸਲੂਕੀ ਦੀਆਂ ਕਾਇਰਾਨਾ ਕਾਰਵਾਈਆਂ ਦੀ ਬਿਗੁਲ ਮਜ਼ਦੂਰ ਦਸਤਾ, ਕਾਰਖ਼ਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਸਖ਼ਤ ਨਿੰਦਾ ਕਰਦੇ ਹਨ। ਇਹਨਾਂ ਧਮਕੀਆਂ ਅਤੇ ਗਾਲ਼ੀ-ਗਲੋਚ ਦਾ ਨਿਸ਼ਾਨਾ ਸਿਰਫ਼ ਰਵਿਸ਼ ਕੁਮਾਰ ਨਹੀਂ ਹੈ ਸਗੋਂ ਫਿਰਕੂ ਫਾਸੀਵਾਦੀਆਂ ਖਿਲਾਫ਼ ਉੱਠੀ ਹਰ ਸੱਚ ਦੀ ਅਵਾਜ਼ ਹੈ। ਇਹ ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ 'ਤੇ ਹਮਲਾ ਹੈ। ਇਨਾਂ ਦੇ ਨਿਸ਼ਾਨੇ 'ਤੇ ਉਹ ਹਰੇਕ ਵਿਅਕਤੀ ਹੈ ਜੋ ਫਾਸੀਵਾਦੀ ਸਿਆਸਤ-ਅਰਥਨੀਤੀ ਖਿਲਾਫ਼ ਬੋਲਦਾ ਹੈ। ਸਭਨਾਂ ਜਮਹੂਰੀ-ਧਰਮਨਿਰਪੱਖ ਤਾਕਤਾਂ ਨੂੰ ਇਹਨਾਂ ਖਿਲਾਫ਼ ਇੱਕਮੁੱਠ ਲੜਾਈ ਲੜਨ ਲਈ ਅੱਗੇ ਆਉਣਾ ਹੋਵੇਗਾ।
ਫਾਸੀਵਾਦੀ ਤਾਕਤਾਂ ਲਗਾਤਾਰ ਜਮਹੂਰੀ-ਧਰਮਨਿਰਪੱਖ ਲੋਕਾਂ ਨੂੰ ਨਿਸ਼ਾਨਾਂ ਬਣਾ ਰਹੀਆਂ ਹਨ। ਡਾ. ਨਰਿੰਦਰ ਦਾਬੋਲਕਰ, ਕਾ. ਗੋਬਿੰਦ ਪਾਨਸਰੇ ਤੋਂ ਬਾਅਦ ਫਾਸੀਵਾਦੀਆਂ ਨੇ ਪ੍ਰੋ. ਐਮ. ਕਲਬੁਰਗੀ ਨੂੰ ਸਾਥੋਂ ਖੋਹ ਲਿਆ ਹੈ। ਕਲਬੁਰਗੀ ਦੇ ਲੇਖਕ ਸਾਥੀ ਕੇ.ਐਸ. ਭਗਵਾਨ ਨੂੰ ਜਾਨ ਤੋਂ ਮਾਰਨ ਦੀਆਂ ਧਮਕੀ ਦਿੱਤੀ ਗਈ ਹੈ । ਰਵਿਸ਼ ਕੁਮਾਰ ਇਹਨਾਂ ਦੇ ਮੁੱਖ ਨਿਸ਼ਾਨਿਆਂ ਚੋਂ ਇੱਕ ਹਨ। ਫਾਸੀਵਾਦੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਇਹਨਾਂ ਖਿਲਾਫ਼ ਜੁਝਾਰੂ ਲੋਕ-ਸਘੰਰਸ਼ ਖੜਾ ਕਰਨਾ ਹੋਵੇਗਾ। ਸੱਚ ਦੀ ਅਵਾਜ਼ ਨੂੰ ਦਬਾਉਣ ਦੀਆਂ ਸਾਜਿਸ਼ਾ 'ਚ ਸ਼ਾਮਲ ਤਾਕਤਾਂ ਖਿਲਾਫ਼ ਲੋਕਾਈ ਦੇ ਵੱਖ-ਵੱਖ ਹਿੱਸਿਆਂ - ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ, ਬੁੱਧੀਜੀਵੀਆਂ, ਲੇਖਕ-ਕਵੀਆਂ, ਸੱਭਿਆਚਾਰਕ ਕਾਮਿਆਂ ਨੂੰ ਸਾਂਝਾ ਮੋਰਚਾ ਬਣਾ ਕੇ ਸੰਘਰਸ਼ ਵਿੱਢਣਾ ਪਵੇਗਾ।
ਹਰ ਤਰਾਂ ਦੇ ਫਿਰਕੂ ਹੱਥਕੰਡੇ ਅਪਣਾਕੇ, ਹਿੰਦੂਤਵੀ ਕੱਟੜਪੰਥ ਦੇ ਸਹਾਰੇ, ਘੱਟਗਿਣਤੀ ਖਾਸਕਰ ਮੁਸਲਮਾਨਾਂ ਅਤੇ ਇਸਾਈਆਂ ਖਿਲਾਫ਼ ਨਫ਼ ਰਤ ਦਾ ਜ਼ਹਿਰ ਫੈਲਾਕੇ, ਥਾਂ-ਥਾਂ 'ਤੇ ਘੱਟਗਿਣਤੀਆਂ ਦਾ ਕਤਲੇਆਮ ਕਰਵਾਕੇ ਕੇਂਦਰ ਵਿੱਚ ਸਰਕਾਰ ਬਣਾਉਣ 'ਚ ਕਾਮਯਾਬ ਹੋਈ ਭਾਜਪਾ ਵੱਲੋਂ ਪਹਿਲੋਂ ਦੀਆਂ ਸਰਕਾਰਾਂ ਤੋਂ ਵੀ ਜਿਆਦਾ ਤੇਜੀ ਅਤੇ ਸਖ਼ਤੀ ਨਾਲ਼ ਨਿੱਜੀਕਰਨ-ਉਦਾਰੀਕਰਨ-ਭੂਮੰਡਲੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਘੋਰ ਲੋਕ-ਵਿਰੋਧੀ ਨੀਤੀਆਂ ਨੇ ਲੋਕਾਂ ਨੂੰ ਹੋਰ ਵੀ ਬਦਹਾਲ ਕਰ ਸੁੱਟਿਆ ਹੈ, ਜਿਸ ਖਿਲਾਫ਼ ਲੋਕਰੋਹ ਵੱਧਦਾ ਜਾ ਰਿਹਾ ਹੈ। ਇਹਨਾਂ ਲੋਕ-ਵਿਰੋਧੀ ਨੀਤੀਆਂ ਨੂੰ ਅੱਗੇ ਵਧਾਉਣ ਲਈ ਫਿਰਕਾਪ੍ਰਸਤੀ ਦੀ ਜਰੂਰਤ ਹੋਰ ਵੀ ਵੱਧਦੀ ਜਾ ਰਹੀ ਹੈ। ਫਿਰਕੂ ਤਾਕਤਾਂ ਕਿਸੇ ਵੀ ਤਰਾਂ ਦਾ ਵਿਰੋਧ ਸਹਿਣ ਨਹੀਂ ਕਰ ਸਕਦੀਆਂ। ਹਿੰਦੂਤਵੀ ਕੱਟੜਪੰਥੀ ਫਾਸੀਵਾਦੀਆਂ ਖਿਲਾਫ਼ ਲਿਖਣ-ਬੋਲਣ ਵਾਲੇ ਪ੍ਰਸਿੱਧ ਲੇਖਕਾਂ-ਸਮਾਜਿਕ ਕਾਰਕੁੰਨਾਂ-ਪੱਤਰਕਾਰਾਂ-ਸੱਭਿਆਚਾਰਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਕੇ ਇਹ ਫਾਸੀਵਾਦੀ ਵਿਰੋਧੀ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੇ ਹਨ। ਇਹਨਾਂ ਦਾ ਮੁੰਹ-ਤੋੜ ਜਬਾਬ ਦੇਣਾ ਸਮੇਂ ਦੀ ਜ਼ਰੂਰਤ ਹੈ। ਜੇਕਰ ਅਸੀਂ ਇਸ ਜ਼ਰੂਰਤ ਨੂੰ ਸਮਾਂ ਰਹਿੰਦਿਆਂ ਨਾ ਸਮਝਿਆ ਤਾ ਇਤਿਹਾਸ ਸਾਨੂੰ ਇਸਦੀ ਬੇਹੱਦ ਭਿਆਨਕ ਸਜਾ ਦੇਵੇਗਾ।
ਇਸ ਮੁਹਿੰਮ ਨਾਲ ਜੁੜਨ ਲਈ ਸੰਪਰਕ ਕਰੋ ਕਾਮਰੇਡ ਲਖਵਿੰਦਰ ਨਾਲ ਮੋਬਾਈਲ ਨੰਬਰ ਹੈ:--9646150249

No comments: