Friday, September 18, 2015

ਈਦ ਦੇ ਦਿਨ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਨਾ ਹੋਣਾ ਨਿਰਾਸ਼ਾਜਨਕ

ਸਿੱਖਿਆ ਕੇਂਦਰ ਧਾਰਮਿਕ ਭੇਦਭਾਵ ਨਾ ਕਰਨ: ਸ਼ਾਹੀ ਇਮਾਮ ਪੰਜਾਬ
ਲੁਧਿਆਣਾ: 18 ਸਤੰਬਰ 2015; (ਪੰਜਾਬ ਸਕਰੀਨ ਬਿਊਰੋ):
25 ਸਤੰਬਰ ਨੂੰ ਮਨਾਈ ਜਾਣ ਵਾਲੀ ਈਦ-ਉਲ-ਜੁਹਾ (ਬਕਰੀਦ) ਦੇ ਦਿਨ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਨਾ ਕਰਨਾ ਨਿਰਾਸ਼ਾਜਨਕ ਹੈ।  ਇਹ ਗੱਲ ਅੱਜ ਇਥੇ ਲੁਧਿਆਣਾ ਜਾਮਾ ਮਸਜ਼ਿਦ ਵਿਖੇ ਪੱਤਰਕਾਰ ਸੰਮੇਲਨ ਦੇ ਦੌਰਾਨ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਹੀ। ਉਹਨਾਂ ਨੇ ਕਿਹਾ ਕਿ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਅਕਸਰ ਸਕੂਲਾਂ ਅਤੇ ਕਾਲਜ਼ਾਂ ਦੀਆਂ ਕਮੇਟੀਆਂ ਨੇ ਈਦ-ਉਲ-ਜੁਹਾ ਦੀ ਛੁੱਟੀ ਤਾਂ ਕੀ ਕਰਨੀ ਸੀ, ਸਗੋਂ 25 ਤਾਰੀਖ ਨੂੰ ਪੇਪਰ ਵੀ ਰੱਖੇ ਹੋਏ ਹਨ। ਜਿਸਦੀ ਵਜ੍ਹਾ ਨਾਲ ਮੁਸਲਿਮ ਵਿਦਆਰਥੀ ਚਾਹ ਕੇ ਵੀ ਨਮਾਜ਼-ਏ-ਈਦ ਅਦਾ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਪੰਜਾਬ ਜੋ ਕਿ ਧਾਰਮਿਕ ਸਦਭਾਵਨਾ ਵਿਚ ਦੇਸ਼ ਦੇ ਲਈ ਇਕ ਮਿਸਾਲ ਰਿਹਾ ਹੈ। ਪਿਛਲੇ ਦੋ-ਤਿੰਨ ਸਾਲਾਂ ਤੋਂ ਪੰਜਾਬ ਵਿੱਚ ਸਕੂਲਾਂ ਅਤੇ ਕਾਲਜਾਂ ਦੀ ਮੰਨਮਰਜ਼ੀ ਨਾਲ ਭੇਦਭਾਵ ਦਾ ਮਾਹੌਲ ਪੈਦਾ ਹੋ ਰਿਹਾ ਹੈ। 
ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਇਸ ਦੌਰਾਨ ਜ਼ਿਆਦਾ ਨਿਰਾਸ਼ਾਜਨਕ ਸਥਿਤੀ ਤਾਂ ਪ੍ਰਸ਼ਾਸ਼ਨ ਦੀ ਬਣੀ ਹੋਈ ਹੈ, ਜੋ ਕਿ ਸਭ ਕੁਝ ਜਾਣਦੇ ਹੋਏ ਵੀ ਤਮਾਸ਼ਬੀਨ ਬਣਿਆ ਹੋਇਆ ਹੈ। ਉਹਨਾਂ ਦਸਿਆ ਕਿ ਇਸ ਸਬੰਧੀ ਕਈ ਵਾਰ ਜਾਮਾ ਮਸਜ਼ਿਦ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਰੱਜਤ ਅਗਰਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਵਲੋਂ ਸਮਾਂ ਨਾ ਦਿੱਤਾ ਗਿਆ। ਉਹਨਾਂ ਨੇ ਦਸਿਆ ਕਿ ਇਸ ਸਬੰਧ ਵਿਚ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਕੱਲ ਮਿਤੀ 17.09.2015 ਨੂੰ ਮੈਡਮ ਡਾਕਟਰ ਕੰਨੂ ਸ਼ਿਕਾਇਤ ਅਫਸਰ ਲੁਧਿਆਣਾ ਡੀ.ਸੀ ਦਫਤਰ ਨੂੰ ਸੌਪਿਆ ਗਿਆ। 
ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਸਕੂਲਾਂ ਅਤੇ ਕਾਲਜ਼ਾਂ ਦੇ ਵਲੋਂ ਈਦ ਤੇ ਛੁੱਟੀ ਨਾ ਕਰਨਾ ਨਿੰਦਾਯੋਗ ਨਹੀਂ ਬਲਕਿ ਨਿਰਾਸ਼ਾਜਨਕ ਹੈ। ਕਿਉਂਕਿ ਸਿੱਖਿਆ ਕੇਂਦਰ ਹੀ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਦੇ ਹਨ। ਜੇਕਰ ਇਥੋਂ ਹੀ ਇਸ ਤਰ੍ਹਾਂ ਦੇ ਫੈਸਲੇ ਹੋਣਗੇ ਤਾਂ ਬੱਚਿਆ ਤੇ ਇਸਦਾ ਕੀ ਅਸਰ ਪਵੇਗਾ। ਇਕ ਸਵਾਲ ਦੇ ਜਵਾਬ ਵਿੱਚ ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਜੇਕਰ ਸਕੂਲਾਂ ਅਤੇ ਕਾਲਜਾਂ ਵਲੋਂ ਈਦ ਦੇ ਦਿਨ ਛੁੱਟੀ ਨਹੀਂ ਕੀਤੀ ਜਾਂਦੀ ਤਾਂ ਉਹ ਮੁਸਲਿਮ ਸਮਾਜ ਨੂੰ ਅਪੀਲ ਕਰਨਗੇ ਕਿ ਈਦ ਦੇ ਦਿਨ ਕਾਲੀਆਂ ਪੱਟੀਆਂ ਬੰਨ ਕੇ ਨਮਾਜ਼ ਅਦਾ ਕਰਨ। ਇਸ ਮੌਕੇ ਤੇ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ, ਬਾਬੂਲ ਖਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।  

No comments: