Tuesday, September 15, 2015

ਕਈ ਕਾਰਨਾਂ ਕਰਕੇ ਹੋਇਆ ਨਰਮੇ ਦੀ ਫਸਲ ਦਾ ਨੁਕਸਾਨ

ਬੈਂਕ ਮਿੱਤਰਾਂ ਲਈ ਤਿੰਨ ਦਿਨਾਂ ਸਿਖਲਾਈ ਦਾ ਆਯੋਜਨ
ਸ੍ਰੀ ਮੁਕਤਸਰ ਸਾਹਿਬ: 15 ਸਤੰਬਰ 2015: (ਅਨਿਲ ਪਨਸੇਜਾ//ਪੰਜਾਬ ਸਕਰੀਨ):
ਰਿਜਰਵ ਬੈਂਕ ਆਫ ਇੰਡੀਆ ਦੀਆਂ ਹਿਦਾਇਤਾਂ ਅਨੁਸਾਰ ਸਟੇਟ ਬੈਂਕ ਆਫ ਪਟਿਆਲਾ ਦੀ ਪੇਂਡੂ ਸਵੈ-ਰੋਜ਼ਗਾਰ ਦੀ ਸਿਖਲਾਈ ਸੰਸਥਾ (ਆਰਸੈਟੀ ) ਸ਼੍ਰੀ ਮੁਕਤਸਰ ਸਾਹਿਬ ਵੱਲੋ ਬੀ.ਸੀ/ ਬੀ.ਸੀ.ਏ/ ਬੈਂਕ ਮਿੱਤਰ ਦੀ 3 ਦਿਨਾ ਦੀ  “ਕਪੈਸਿਟੀ ਬਿਲਡਿੰਗ ਟਰੇਨਿੰਗ ਪ੍ਰੋਗਰਾਮ” ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਸ਼੍ਰੀ ਨਵੀਨ ਪ੍ਰਕਾਸ਼, ਐਲ.ਡੀ.ਐਮ, ਲੀਡ ਬੈਂਕ, ਸਟੇਟ ਬੈਂਕ ਆਫ ਪਟਿਆਲਾ ਸ਼੍ਰੀ ਮੁਕਤਸਰ ਸਾਹਿਬ ਵਲੋਂ ਕੀਤਾ ਗਿਆ। ਇਸ ਟਰੇਨਿੰਗ ਵਿੱਚ ਜਿਲੇ ਦੇ ਵੱਖ-ਵੱਖ ਬੈਂਕਾ ਦੇ ਬੀ.ਸੀਜ਼ ਨੇ ਹਿੱਸਾ ਲਿਆ ਅਤੇ ਉਨਾਂਂ ਨੂੰ ਬੈਂਕਿੰਗ ਅਤੇ ਪ੍ਰਧਾਨ ਮੰਤਰੀ ਬੀਮਾ ਯੋਜਨਾਵਾਂ ਬਾਰੇ ਸ਼੍ਰੀ ਮਲਕੀਤ ਸਿੰਘ, ਕੌਂਸਲਰ, ਵਿੱਤੀ ਸ਼ਾਖਰਤਾ ਕੇਂਦਰ, ਲੀਡ ਬੈਂਕ , ਸ਼੍ਰੀ ਮੁਕਤਸਰ ਸਾਹਿਬ , ਸ਼੍ਰੀ ਓ.ਪੀ.ਗੁਪਤਾ, ਸਤਲੁਜ ਗ੍ਰਾਮੀਣ ਬੈਂਕ ਔਲਖ, ਸ਼੍ਰੀ ਹਰਜਿੰਦਰ ਕੁਮਾਰ, ਕੌ-ਆਪਰੈਟਿਵ ਬੈਂਕ, ਗਿੱਦੜਬਾਹਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਮੌਕੇ ਤੇ ਡਾਇਰੈਕਟਰ ਆਰਸੈਟੀ ਸ਼੍ਰੀ ਮਹਿੰਦਰ ਸਿੰਘ, ਜੁਆਇੰਟ ਡਾਇਰੈਕਟਰ ਸ਼੍ਰੀ ਵਨੀਸ਼ ਕਟਾਰੀਆ, ਆਫਿਸ ਅਸਿਸਟੈਂਟ ਸ਼੍ਰੀ ਅਸ਼ੀਸ਼ ਬਜਾਜ ਵੀ ਹਾਜਿਰ ਸਨ।
---------------------------------------
ਨਰਮੇ ਦੀ ਸੁਰੱਖਿਅਤ ਬਚੀ ਫਸਲ ਲਈ ਆਖਰੀ ਹੰਭਲੇ ਦੀ ਬੇਹੱਦ ਜਰੂਰਤ ਜ਼ਿਲਾ ਖੇਤੀਬਾੜੀ ਅਫ਼ਸਰ
ਸ੍ਰੀ ਮੁਕਤਸਰ ਸਾਹਿਬ:15 ਸਤੰਬਰ 2015: (ਅਨਿਲ ਪਨਸੇਜਾ//ਪੰਜਾਬ ਸਕਰੀਨ):
ਮਾਲਵਾ ਖੇਤਰ ਵਿਚ ਭਾਂਵੇਂ ਇਸ ਵਾਰ ਘੱਟ ਬਰਸਾਤਾਂ, ਵਧੇਰੇ ਖੁਸ਼ਕ ਮੌਸਮ, ਜਿਆਦਾ ਤਾਪਮਾਨ, ਗੈਰ ਸਿਫਾਰਸ਼ਸੁਦਾ ਕੀਟਨਾਸਕਾਂ ਦਾ ਛਿੜਕਾਅ, ਰਲਾ ਮਿਲਾ ਕੇ ਜ਼ਹਿਰਾਂ ਦੇ ਛਿੜਕਾਅ ਆਦਿ ਕਾਰਨਾਂ ਕਰਕੇ ਚਿੱਟੀ ਮੱਖੀ ਦਾ ਹਮਲੇ ਨਰਮੇ ਦੀ ਫਸਲ ਤੇ ਵਧੇਰੇ ਹੋਇਆ ਹੈ। ਜਿਸ ਨੇ ਨਰਮੇ ਦੀ ਫਸਲ ਨੂੰ ਕਾਫੀ ਜਿਆਦਾ ਪ੍ਰਭਾਵਿਤ ਕੀਤਾ ਹੈ ਪਰ ਜਿੰਨਾਂ ਕਿਸਾਨਾਂ ਨੇ ਜਬਰਦਸਤ ਹੰਭਲਾ ਮਾਰ ਕੇ ਆਪਣੀ ਫਸਲ ਨੂੰ ਮਹਫੂਜ਼ ਰਖਿਆ ਹੋਇਆ ਹੈ ਉਨਾਂ ਕਿਸਾਨਾਂ ਨੂੰ ਹਾਲੇ ਹੋਰ 10 12 ਦਿਨ ਖਾਸ ਤੱਵਜੋ ਦੇਣ ਦੀ ਜਰੂਰਤ ਹੈ ਤਾਂ ਕਿ ਇਹ ਕੀੜਾ ਫਸਲ ਦਾ ਹੋਰ ਨੁਕਸਾਨ ਨਾ ਕਰ ਸਕੇ। ਇਹ ਜਾਣਕਾਰੀ ਡਾ: ਬੇਅੰਤ ਸਿੰਘ ਜ਼ਿਲਾ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਨਾਂ ਨੇ ਕਿਹਾ ਕਿ ਕਿਸਾਨਾਂ ਦੀ ਇਸ ਮੁਸਕਿਲ ਦੀ ਘੜੀ ਵਿਚ ਪੰਜਾਬ ਸਰਕਾਰ, ਜ਼ਿਲਾ ਪ੍ਰਸਾਸ਼ਨ ਅਤੇ ਖੇਤੀਬਾੜੀ ਵਿਭਾਗ ਆਪਣੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ।
ਉਨਾਂ ਨੇ ਕਿਹਾ ਕਿ ਮੌਜੂਦਾ ਮੌਸਮ ਹਾਲੇ ਵਿਚ ਜਿਆਦਾ ਖੁਸਕੀ ਅਤੇ ਵਧੇਰੇ ਤਾਪਮਾਨ ਵਾਲਾ ਚੱਲ ਰਿਹਾ ਹੈ ਜੋ ਚਿੱਟੀ ਮੱਖੀ ਦੇ ਵਾਧੇ ਦਾ ਮੁੱਖ ਜ਼ਰੀਆ ਹੈ। ਇਸ ਲਈ ਕਿਸਾਨਾਂ ਨੂੰ ਵਧੇਰੇ ਚੌਕਸੀ ਰੱਖਣ ਦੀ ਜਰੂਰਤ ਹੈ। ਜਿੱਥੇ ਕਿਤੇ ਵੀ ਚਿੱਟੀ ਮੱਖੀ ਦਾ ਹਮਲਾ ਆਰਥਿਕ ਨੁਕਸਾਨ ਦੀ ਕਗਾਰ ਤੇ ਪਹੁੰਚ ਜਾਵੇ ਤਾਂ ਇਸ ਦੀ ਰੋਕਥਾਮ ਲਈ 800 ਮਿਲੀਲਿਟਰ ਇਥਿਆਨ ਜਾਂ 600 ਮਿਲੀਲਿਟਰ ਟਰਾਈਜੋਫਾਸ ਜਾਂ 200 ਗ੍ਰਾਮ ਪੋਲੋ ਜਾਂ 200 ਮਿਲੀਲਿਟਰ ਉਬਰਾਨ ਦਾ ਝਿੜਕਾਅ ਸਵੇਰੇ 10 ਵਜੇ ਤੋਂ ਪਹਿਲਾਂ ਜਾਂ ਸ਼ਾਮ 4 ਵਜੇ ਤੋਂ ਬਾਅਦ ਕਰਨਾ ਚਾਹੀਦਾ ਹੈ। ਵਧੇਰੇ ਤਸ਼ੱਲੀਬੱਖਸ਼ ਅਤੇ ਪ੍ਰਭਾਵਸ਼ਾਲੀ ਨਤੀਜੇ ਲੈਣ ਲਈ ਚੰਗਾ ਹੋਵੇਗਾ ਜੇਕਰ ਸਾਰੇ ਪਿੰਡ ਦੇ ਨਰਮਾ ਉਤਪਾਦਕ ਇੱਕਠੇ ਹੋ ਕੇ ਇੱਕੋ ਦਿਨ ਛਿੜਕਾਅ ਕਰਨ। ਉਨਾਂ ਨੇ ਕਿਹਾ ਕਿ ਜਿਹੜੇ ਨਰਮੇ ਦੇ ਖੇਤਾਂ ਵਿਚ ਚਿੱਟੀਮੱਖੀ ਦੇ ਵਧੇਰੇ ਹਮਲੇ ਕਰਕੇ ਪੱਤਿਆਂ ਉਪਰ ਕਾਲਸ (ਸੂਟੀ ਮੋਲਡ) ਪੈਦਾ ਹੋ ਗਈ ਹੈ ਉਹ ਕਿਸਾਨ ਆਪਣੀ ਫਸਲ ਉਪਰ ਕਾਪਰ ਆਕਸੀਕਲੌਰਾਈਡ ( ਬਲਾਈਟੌਕਸ ) 50 ਜਾਂ ਕੈਪਟਾਨ 83 (500 ਗ੍ਰਾਮ ਦਵਾਈ 200 ਲਿਟਰ ਪਾਣੀ ਵਿਚ) ਅਤੇ ਇਸ ਵਿਚ 3 ਗ੍ਰਾਮ ਸਟ੍ਰੈਪਟੋਸਾਈਕਲੀਨ ਮਿਲਾ ਕੇ  ਪ੍ਰਤੀ ਏਕੜ ਦੀ ਦਰ ਨਾਲ ਇਕ ਛਿੜਕਾਅ ਜਰੂਰ ਕਰ ਦੇਣ ਤਾਂ ਜੋ ਨਰਮੇ ਦੇ ਪੱਤਿਆਂ ਦੀ ਪ੍ਰਕਾਸ਼ ਸ਼ੰਸਲੇਸ਼ਨ ਦੀ ਕ੍ਰਿਆ ਦੁਆਰਾ ਖੁਰਾਕ ਬਣਾਉਣ ਦੀ ਸਮੱਰਥਾ ਬਰਕਰਾਰ ਰੱਖੀ ਜਾ ਸਕੇ।
ਡਾ: ਬੇਅੰਤ ਸਿੰਘ ਨੇ ਕਿਹਾ ਕਿ ਚਿੱਟੀ ਮੱਖੀ ਦੇ ਜੀਵਨ ਚੱਕਰ ਨੂੰ ਖਤਮ ਕਰਨ ਵਾਸਤੇ ਨਰਮੇ ਦੇ ਆਲੇ ਦੁਆਲੇ ਵੇਹਲੀਆਂ ਥਾਂਵਾਂ ਤੇ ਖੜੇ ਨਦੀਨਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਕੀੜਾ ਇੰਨਾਂ ਨਦੀਨਾਂ ਤੇ ਪਲ ਕੇ ਹੋਰ ਅਗਲੀਆਂ ਫਸਲਾਂ ਦਾ ਵੀ ਨੁਕਸਾਨ ਕਰ ਸਕਦਾ ਹੈ। 
ਇਸ ਤੋਂ ਇਲਾਵਾ ਨਰਮੇ ਨੂੰ ਖੁਸਕੀ ਤੋਂ ਬਚਾਉਣ ਲਈ ਲਗਾਤਾਰ ਪਾਣੀ ਦਿੰਦੇ ਰਹਿਣ ਦੀ ਸਲਾਹ ਦਿੰਦਿਆਂ ਉਨਾਂ ਨੇ ਕਿਹਾ ਕਿ ਜਦ ਤੱਕ ਨਰਮੇ ਤੇ ਫੁੱਲ ਡੋਡੀ ਆ ਰਹੀ ਹੈ ਤਦ ਤੱਕ ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ 2 ਪ੍ਰਤੀਸ਼ਤ (2 ਕਿਲੋ 100 ਲਿਟਰ ਪਾਣੀ ਵਿਚ) ਘੋਲ ਦੇ ਇਕ ਇਕ ਹਫਤੇ ਦੇ ਵਕਫੇ ਤੇ ਛਿੜਕਾਅ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨਾਂ ਨਾਲ ਡਾ: ਜਸਵੀਰ ਸਿੰਘ ਗੁੰਮਟੀ, ਡਾ: ਗੁਰਪ੍ਰੀਤ ਸਿੰਘ, ਡਾ: ਕਰਨ ਸਿੰਘ ਆਦਿ ਵੀ ਹਾਜਰ ਸਨ।

No comments: