Wednesday, September 02, 2015

ਸਰਕਾਰ ਲੋਕਾਂ ਦੇ ਗੁੱਸੇ ਤੋਂ ਸਬਕ ਸਿੱਖੇ

ਦੇਸ਼ ਵਿਆਪੀ ਹੜਤਾਲ ਨੇ ਦਿੱਤਾ ਦੇਸ਼ ਭਰ ਚੋਂ ਇਹੀ ਸੁਨੇਹਾ 
ਲੁਧਿਆਣਾ: 2 ਸਤੰਬਰ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਇਹ ਗੱਲ ਸਮੂਹ ਕੌਮੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਮਜ਼ਦੂਰਾਂ ਵਲੋਂ ਅੱਜ ਸਫ਼ਲ ਹੜਤਾਲ ਦੇ ਮੌਕੇ ਤੇ ਵੱਖ ਵੱਖ ਮਜ਼ਦੂਰ ਆਗੂਆਂ ਨੇ ਬੋਲਦਿਆਂ ਕਹੀ। ਹੜਤਾਲ ਵਿੱਚ ਏਟਕ, ਸੀਟੂ, ਇੰਟਕ, ਸੀਟੀਯੂ, ਅਤੇ ਹੋਰ ਕਈ ਜੱਥੇਬੰਦੀਆਂ ਨਾਲ ਸਬੰਧਤ ਕਾਮੇ ਸ਼ਾਮਿਲ ਹੋਏ। ਉਹ ਆਪਣੇ ਅਦਾਰਿਆਂ ਦੇ ਬਾਹਰ ਰੈਲੀਆਂ ਕਰਨ ਉਪਰੰਤ ਬੱਸ ਅੱਡੇ ਤੇ ਇੱਕਠੇ ਹੋਏ ਅਤੇ ਰੈਲੀ ਕੀਤੀ, ਜਿਸਦੀ ਪਰਧਾਨਗੀ ਕਾਮਰੇਡ ਉਮ ਪਰਕਾਸ਼ ਮਹਿਤਾ-ਏਟਕ, ਕਾਮਰੇਡ ਜਗਦੀਸ਼ ਚੰਦ-ਸੀਟੂ, ਸ: ਸਵਰਨ ਸਿੰਘ - ਇੰਟਕ, ਸ: ਪਰਮਜੀਤ ਸਿੰਘ - ਸੀ ਟੀ ਯੂ, ਨੇ ਕੀਤੀ। 
ਇਸ ਮੌਕੇ ਤੇ ਬੋਲਦਿਆਂ ਕਾਮਰੇਡ ਇੰਦਰਜੀਤ ਸਿੰਘ ਗਰੇਵਾਲ-ਪਰਧਾਨ ਸੀ ਟੀ ਯੂ ਪੰਜਾਬ, ਡੀ ਪੀ ਮੌੜ-ਏਟਕ, ਕਾਮਰੇਡ ਜਤਿੰਦਰ ਪਾਲ ਸਿੰਘ - ਸੀਟੂ, ਸਵਰਣ ਸਿੰਘ- ਇੰਟਕ,  ਸ: ਪਰਮਜੀਤ ਸਿੰਘ - ਸੀ ਟੀ ਯੂ, ਨੇ ਕਿਹਾ ਕਿ ਸਰਕਾਰ ਵਲੋਂ ਲਗਾਤਾਰ ਲਏ ਜਾ ਰਹੇ ਫ਼ੈਸਲੇ ਸਰਕਾਰ ਦੀਆਂ ਆਰਥਿਕ ਨੀਤੀਆਂ ਵਿੱਚ ਸੱਜੇਪੱਖੀ ਬਦਲਾਅ ਨੂੰ ਸਾਫ਼ ਦਰਸਾਂਦੇ ਹਨ। ਸਰਕਾਰ ਕੋਮਾਂਤ੍ਰੀ ਵਿੱਤੀ ਸੰਸਥਾਵਾਂ ਦੀਆਂ ਹਿਦਾਇਤਾਂ ਅਨੁਸਾਰ ਫ਼ੈਸਲੇ ਲੈ ਰਹੀ ਹੈ। ਵੱਧ ਰਹੀਆਂ ਕੀਮਤਾਂ ਆਮ ਆਦਮੀ ਦੀ ਜ਼ਿੰਦਗੀ ਨੂੰ ਦੂਭਰ ਬਣਾ ਰਹੀਆਂ ਹਨ ਅਤੇ ਖੇਤੀ ਵਿੱਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਜੋ  ਕਿ ਕਿਸਾਨਾਂ ਵਲੋਂ ਵੱਡੀ ਗਿਣਤੀ ਵਿੱਚ ਕਰਜ਼ਈ ਹੋ ਕੇ ਆਤਮ ਹੱਤਿਆਵਾਂ ਕਰਨ ਤੋਂ ਸਾਫ਼ ਨਜ਼ਰ ਆਉਂਦਾ ਹੈ। ਇੱਕ ਰਿਪੋਰਟ ਮੁਤਾਬਕ 100 ਪਰਿਵਾਰਾਂ ਦੇ ਕੋਲ 22 ਲੱਖ ਕਰੋੜ ਧਨ ਹੈ ਜਦੋਂ ਕਿ 70% ਅਬਾਦੀ ਹਰ ਰੋਜ਼ 16 ਰੁਪਏ 60 ਪੈਸੇ ਤੇ ਗੁਜ਼ਾਰਾ ਕਰਦੀ ਹੈ। ਨੌਕਰੀਆਂ ਵਿੱਚ ਕਮੀ ਆਉਣ ਦੇ ਕਾਰਨ ਬੇਰੁਜ਼ਗਾਰੀ 10 ਕਰੋੜ ਦਾ ਆਂਕੜਾ ਪਾਰ ਕਰ ਗਈ ਹੈ। ਜਦੋਂ ਇੱਕ ਪਾਸੇ ਅਮੀਰਾਂ ਦੇ ਕੋਲ ਧੰਨ ਲਗਾਤਾਰ 
ਵੱਧ ਰਿਹਾ ਹੈ ਪਰ ਦੂਜੇ ਪਾਸੇ 30 ਪ੍ਰਤੀਸ਼ਤ ਅਬਾਦੀ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੀ ਤੇ ਦੇਸ਼ ਦੀ 85 ਪ੍ਰਤੀਸ਼ਤ ਅਬਾਦੀ ਸਿਹਤ ਸੇਵਾਵਾਂ, ਪੀਣ ਨੂੰ ਸਾਫ਼ ਪਾਣੀ, ਚੰਗੀ ਸਿੱਖਿਆ ਅਤੇ ਕਈ ਹੋਰ ਜ਼ਰੂਰੀ ਲੋੜਾਂ ਤੋਂ ਵਾਂਝੀ ਹੈ। ਪਰੰਤੂ ਦੇਸ਼ ਦਾ ਪ੍ਰਧਾਨ ਮੰਤਰੀ ਖੁਲ੍ਹੇ ਆਮ ਕਾਰਪੋਰੇਟ ਜਗਤ ਦੀ ਹਿਮਾਇਤ ਕਰ ਰਿਹਾ ਹੈ। ਅਸੁੱਰਖਿਆ ਵੱਧ ਰਹੀ ਹੈ। ਦੂਜੇ ਪਾਸੇ ਸਰਕਾਰ ਸਾਰੇ ਕਿਤਿੱਆਂ ਨੂੰ ਠੇਕੇਦਾਰਾਂ ਨੂੰ ਸੌਪ ਰਹੀ ਹੈ; ਲੇਬਰ  ਵੀ ਠੇਕੇਦਾਰਾਂ ਦੇ ਰਹਿਮੋਕਰਮ ਤੇ ਛੱਡ ਦਿੱਤੀ ਗਈ ਹੈ। ਯੂਨੀਅਨ ਬਨਾਉਣ ਦੇ ਅਧਿਕਾਰ ਤੇ ਸੱਟ ਮਾਰੀ ਜਾ ਰਹੀ ਹੈ ਅਤੇ ਕਾਨੂੰਨ ਵਿੱਚ ਪਰੀਵਰਤਨ ਕਰਕੇ ਯੂਨੀਅਨ ਬਨਾਉਣ ਤੋਂਂ ਰੋਕਣ ਦੇ ਲਈ ਮਜ਼ਦੂਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਦੇਸ਼ ਦੇ ਕੌਮੀ ਸੋਮੇ ਕੋਮਾਂਤ੍ਰੀ ਅਤੇ ਕੌਮੀ ਕਾਰਪੋਰਟਾਂ ਨੂੰ ਕੌਡੀਆਂ ਦੇ ਭਾਅ ਦਿੱਤੇ ਜਾ ਰਹੇ ਹਨ। 
ਖੁਦਰਾ ਵਪਾਰ ਵਿੱਚ ਵਿਦੇਸ਼ੀ ਪੂੰਜੀ ਨੂੰ ਖੱਲ ਦੇਣ ਦੇ ਨਾਲ  ਛੋਟੇ ਵਪਾਰੀ, ਦੁਕਾਨਦਾਰ, ਛੋਟੇ ਉਦੱਮੀ, ਛੋਟੇ ਤੇ ਮੱਧਮ ਕਿਸਾਨ ਰੁਲ ਜਾਣਗੇ। ਸਿਰਫ਼ ਇੱਕ ਸਾਲ ਦੇ ਰਾਜ ਭਾਗ ਦੇ ਅੰਦਰ ਹੀ ਸਰਕਾਰ ਦੇ ਵੱਡੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਏ ਗਏ ਹਨ। ਇਸ ਕਾਰਨ ਸਰਕਾਰੀ ਖਜਾਨੇ ਤੇ ਦੇਸ਼ ਦੀ ਸੰਪਤੀ ਨੂੰ ਅਥਾਹ ਨੁਕਸਾਨ ਹੋ ਰਿਹਾ ਹੈ। ਇਸ ਹੜਤਾਲ ਰਾਹੀਂ ਦੇਸ਼ ਭਰ ਦੇ ਕਾਮੇ ਮੰਗ ਕਰਦੇ ਹਨ  ਕਿ ਵਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਬੰਦ ਕੀਤੀ ਜਾਵੇ, ਸਾਰੇ ਕਾਮਿਆਂ ਦੇ ਲਈ ਡਾਕਟਰੀ ਇਲਾਜ, ਪੈਨਸ਼ਨ, ਗਰੈਚੁਟੀ, ਪ੍ਰਾਵੀਡੈੰਟ ਫ਼ੰਡ ਅਤੇ ਬੋਨਸ ਯਕੀਨੀ ਬਣਾਇਆ ਜਾਵੇ। 
ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ। ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਐਨ ਆਰ ਐਚ ਐਮ ਕਾਮਿਆਂ ਨੂੰ ਵੀ ਪੱਕਾ ਕੀਤਾ ਜਹਵੇ, 1-1-2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇੇ ਪੁਰਾਣੀ ਹੀ ਲਾਗੂ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਏ। ਇਸ ਮੌਕੇ ਬੋਲਦਿਆਂ  ਕਾ ਨਰੇਸ਼ ਗੌੜ, ਚਰਨ ਸਰਾਭਾ ਐਸ ਕੇ ਤਿਵਾੜੀ ਗੁਰਨਾਮ ਸਿੱਧੂ, ਡਾ ਅਰੁਣ ਮਿੱਤਰਾ, ਸੂਭਾਸ਼ ਰਾਨੀ - ਆਂਗਨਵਾੜੀ, ਗੁਰਮੇਲ ਮੈਡਲੇ, ਤਰਸੇਮ ਜੋਧਾਂ ਨੇ ਅੱਗੇ ਮੰਗ ਕੀਤੀ ਕਿ ਗੈਰ ਹੁਨਰਮੰਦ ਕਾਮਿਆਂ ਲਈ ਘੱਟੋ ਘੱਟ ਉਜਰਤ 15,000/- ਰੁਪਏ, ਅਰਧ ਹੁਨਰਮੰਦ ਲਈ 20,000/- ਰੁਪਏ ਅਤੇ ਹੁਨਰਮੰਦ ਕਾਮਿਆਂ ਦੇ ਲਈ 25,000/- ਰੁਪਏ ਤੈਅ ਕੀਤੀ ਜਾਏ। ਇਹ ਮੰਗ ਭਾਰਤੀ ਲੇਬਰ ਕਾਨਫ਼੍ਰੰਸ ਦੇ ਅਨੁਸਾਰ ਹੈ ਜਿਸਦੇ ਮੁਤਾਬਿਕ ਗੈਰ ਹੁਨਰਮੰਦ ਮਜ਼ਦੂਰ ਨੂੰ 20,000/- ਰੁਪਏ ਦੇਣ ਦੀ ਗੱਲ ਕਹੀ ਗਈ ਸੀ ਤੇ ਸੁਪਰੀਮ ਕੋਰਟ ਨੇ ਇਸਦੇ ਵਿੱਚ 25% ਦਾ ਵਾਧਾ ਕਰਨ ਬਾਰੇ ਕਿਹਾ। ਪਰ ਅਸੀ ਤਾਂ ਕੇਵਲ 15,000 ਰੁਪਏ ਹੀ ਮੰਗ ਰਹੇ ਹਾਂ। ਪਰ ਸਰਕਾਰ ਲੇਬਰ ਕਾਨਫ਼੍ਰੰਸ ਦੀਆਂ ਇਹਨਾਂ ਮੰਨੀਆਂ ਗੱਲਾਂ ਤੋਂ ਭੱਜ ਰਹੀ ਹੈ। ਇਸਤੋਂ ਇਲਾਵਾ ਸਿਹਤ ਖੋਜ ਸੰਸਥਾ ਇੰਡੀਅਨ ਕੌਂਸਲ ਫ਼ਾਰ ਮੈਡੀਕਲ ਰਿਸਰਚ ਦੇ ਮੁਤਾਬਿਕ ਹਰ ਰੋਜ਼ ਇੱਕ  ਬੰਦੇ ਨੂੰ ਜੀਣ ਦੇ ਲਈ 2100 ਕੈਲੋਰੀਆਂ ਦੀ ਲੋੜ ਹੈ ਜਿਹੜੀਆਂ ਕਿ ਅੱਜ ਦੀ ਮਹਿੰਗਾਈ ਵਿੱਚ ਇੱਨੀ ਥੋੜੀਆਂ ਤਨਖ਼ਾਵਾਂ ਦੇ ਨਾਲ ਪੂਰੀ ਨਹੀਂ ਹੁੰਦੀ। ਬੁਲਾਰਿਆਂ ਨੇ ਕਿਹਾ ਕਿ ਲੇਬਰ ਕਾਨੂੰਨਾਂ ਪੂਰੀ ਤਰਾਂ ਲਗੂ ਕੀਤੇ ਜਾਣ। ਉਹਨਾਂ ਅੱਗੇ ਮੰਗ ਕੀਤੀ ਕਿ ਆਸ਼ਾ, ਆਂਗਨਵਾੜੀ ਅਤੇ ਮਿੱਡ ਡੇ ਮੀਲ ਵਿੱਚ ਕੰਮ ਕਰ ਰਹੀਆਂ ਇਸਤਰੀ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇ। 
ਅੱਜ ਦੀ ਹੜਤਾਲ ਵਿੱਚ ਹੋਰਾਂ ਤੋਂ ਇਲਾਵਾ ਸਨਅੱਤੀ ਮਜ਼ਦੂਰ, ਉਸਾਰੀ ਮਜ਼ਦੂਰ, ਹੌਜ਼ਰੀ ਮਜ਼ਦੂਰ, ਰੋਡਵੇਜ਼ ਕਾਮੇ, ਬੈਂਕ, ਬਿਜਲੀ, ਆਸ਼ਾ ਵਰਕਰ, ਨਗਰ ਨਿਗਮ ਦੇ ਮਲਾਜ਼ਮ, ਬੀ ਐਸ ਐਨ ਐਲ ਕਾਮੇ, ਪੀ ਐਸ ਐਸ ਐਫ਼, ਦਰਜਾ ਚਾਰ, ਪਬਲਿਕ ਹੈਲਥ ਕਾਮੇ ਅਤੇ ਕਈ ਹੋਰ ਗੈਰ ਜੱਥੇਬੰਦ ਖੇਤਰਾਂ ਦੇ ਨੁਮਾਇੰਦੇ ਅਤੇ ਆਗੂ ਸ਼ਾਮਿਲ ਹੋਏ। ਉਪਰੋਕਤ ਤੋਂ ਇਲਾਵਾ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਕਾਮਰੇਡ ਸਨ ਹਨੁਮਾਨ ਪਰਸਾਦ ਦੂਬੇ, ਬਲਰਾਮ, ਰਮਿੰਦਰ ਸਿੰਘ, ਦਲਜੀਤ ਸ਼ਾਹੀ, ਦੇਵ ਰਾਜ, ਸੁਦੇਸ਼ਵਰ, ਸਮਰ ਬਹਾਦੁਰ, ਸੁਬੇਗ ਸਿੰਘ, ਮਨਜੀਤ ਸਿੰਘ, ਗੁਰਨਾਮ ਗਿੱਲ, ਵਿਜੈ ਕੁਮਾਰ, ਕੇਵਲ ਕਿ੍ਰਸ਼ਨ, ਫ਼ਿਰੋਜ਼ ਮਾਸਟਰ, ਲੱਡੂ ਸ਼ਾਹ, ਕਾਮੇਸ਼ਵਰ ਯਾਦਵ, , ਰਮੇਸ਼ ਰਤਨ, ਮਨਜੀਤ ਸਿੰਘ ਰੋਡਵੇਜ਼, ਸ਼੍ਰੀ ਗੁਰਬਖਸ਼ ਰਾਏ, , ਸੁਰੇਸ਼ ਸੂਦ, ਸਰਬਜੀਤ ਸਿੰਘ ਸਰਹਾਲੀ, ਰਾਜਾ ਰਾਮ, ਗੁਰਦੀਪ ਸਿੰਘ ਕਲਸੀ। 

No comments: