Wednesday, September 02, 2015

ਸ਼ਾਰਟ ਸਰਕਟ ਨਾਲ ਅੱਗ ਲਗਣ ਦੀਆਂ ਵਾਰਦਾਤਾਂ ਜਾਰੀ

ਸਮਰਾਲਾ ਚੋਂਕ ਨੇੜੇ ਧਾਗਾ ਫੈਕਟਰੀ 'ਚ ਹੋਇਆ ਭਾਰੀ ਨੁਕਸਾਨ 
ਲੁਧਿਆਣਾ: 1 ਸਤੰਬਰ  2015: (ਪੰਜਾਬ ਸਕਰੀਨ ਬਿਊਰੋ):  
ਤਕਨੀਕੀ ਵਿਕਾਸ ਸਿਖਰਾਂ ਛੋ ਰਿਹਾ ਹੈ ਪਰ ਸ਼ਾਰਟ ਸਰਕਟ  ਨਾਲ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ।  ਇਹਨਾਂ ਦੀ ਕੋਈ ਰੋਕਥਾਮ ਨਹੀਂ ਹੋ ਰਹੀ। ਹੁਣ ਲੁਸ਼ਿਆਨਾ ਦੇ ਸੰਘਣੀ ਆਵਾਜਾਈ ਵਾਲੇ ਸਮਰਾਲਾ ਚੋਂਕ ਵਿੱਚ ਅੱਗ ਲੱਗੀ ਹੈ। ਸਮਰਾਲਾ ਚੌਕ ਦੇ ਨੇੜੇ ਇਕ ਧਾਗਾ ਫੈਕਟਰੀ 'ਚ ਬਿਜਲੀ ਦੇ ਕਥਿਤ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਨਾਲ ਜਿਥੇ ਕਰੋੜਾਂ ਰੁਪਏ ਦਾ ਸਾਮਾਨ ਸੜ ਗਿਆ, ਉਥੇ ਫਾਇਰ ਬ੍ਰਿਗੇਡ ਦੀਆਂ ਸੈਂਕੜੇ ਗੱਡੀਆਂ ਨੂੰ ਅੱਗ 'ਤੇ ਕਾਬੂ ਪਾਉਣ ਸਿਰਤੋੜ ਯਤਨ ਕਰਨੇ ਪਏ।  ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ.-4 ਸਤਵੀਰ ਸਿੰਘ ਅਟਵਾਲ, ਏ. ਸੀ. ਪੀ. ਗੁਰਜੀਤ ਸਿੰਘ ਅਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਫੋਰਸ ਮੌਕੇ 'ਤੇ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਵੱਲਭ ਵੂਲਜ਼ ਤੇ ਕਰਨ ਇੰਪੋਰਟ ਅਤੇ ਐਕਸਪੋਰਟ 'ਚ ਹੋਏ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਹੇਮ ਰਾਜ ਜੈਨ ਨੇ ਦੱਸਿਆ ਕਿ ਉਕਤ ਫਰਮਾਂ 'ਚ ਉਨ੍ਹਾਂ ਵੱਲੋਂ ਧਾਗਾ ਤਿਆਰ ਕੀਤਾ ਜਾਂਦਾ ਹੈ। ਸਵੇਰੇ ਕਰੀਬ 11 ਵਜੇ ਫੈਕਟਰੀ ਦੇ ਗੇਟਮੈਨ ਨੇ ਸੂਚਨਾ ਦਿੱਤੀ ਕਿ ਫੈਕਟਰੀ 'ਚ ਅੱਗ ਲੱਗੀ ਹੈ, ਜਦੋਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਅੱਗ ਭਿਆਨਕ ਤਰੀਕੇ ਨਾਲ ਫੈਲੀ ਹੋਈ ਸੀ, ਜਿਸ 'ਤੇ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।   ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਫੈਕਟਰੀ ਮਾਲਕ ਅਨੁਸਾਰ ਇਸ ਅੱਗ ਨਾਲ ਉਨ੍ਹਾਂ ਦਾ ਲਗਭਗ 5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਬਹੁਤ ਹੀ ਭਿਆਨਕ ਸੀ। 
ਅੱਗ ਇਕ ਦਮ ਧਮਾਕੇ ਨਾਲ ਲੱਗੀ?
ਫੈਕਟਰੀ ਦੇ ਗੇਟਮੈਨ ਰਾਮ ਪਰਾਗ ਨੇ ਦੱਸਿਆ ਕਿ ਫੈਕਟਰੀ ਦੀ ਉੱਪਰਲੀ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਬਿਜਲੀ ਦੇ ਉਪਕਰਨਾਂ 'ਚੋਂ ਨਿਕਲੀਆਂ ਕਥਿਤ ਅੱਗ ਦੀਆਂ ਲਪਟਾਂ ਕਾਰਨ ਅੱਗ ਫੈਲਣ ਲੱਗੀ। ਭਾਵੇਂ ਫੈਕਟਰੀ 'ਚ ਕੰਮ ਕਰ ਰਹੇ ਵਰਕਰਾਂ ਨੇ ਅੱਗ ਬੁਝਾਊ ਯੰਤਰਾਂ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੇ ਭਿਆਨਕ ਤਰੀਕੇ ਨਾਲ ਫੈਲਣ 'ਤੇ ਵਰਕਰ ਆਪਣੀ ਜਾਨ ਬਚਾ ਕੇ ਬਾਹਰ ਨਿਕਲ ਗਏ। ਘਟਨਾ ਸਮੇਂ ਫੈਕਟਰੀ 'ਚ ਲਗਭਗ 8-9 ਵਰਕਰ ਕੰਮ ਕਰ ਰਹੇ ਸਨ। ਇਸ ਘਟਨਾ 'ਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਸੈਂਕੜੇ ਗੱਡੀਆਂ ਦੇ ਬਾਵਜੂਦ ਵੀ ਅੱਗ ਹੋਈ ਬੇਕਾਬੂ: 
ਧਾਗਾ ਫੈਕਟਰੀ 'ਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ। ਸਵੇਰੇ ਕਰੀਬ 11 ਵਜੇ ਤੋਂ ਲੱਗੀ ਅੱਗ ਦੇਰ ਸ਼ਾਮ ਤੱਕ ਮੁੜ-ਮੁੜ ਉੱਠਦੀ ਰਹੀ। ਅੱਗ 'ਤੇ ਕਾਬੂ ਪਾਉਣ ਲਈ ਲੱਗੀਆਂ ਫਾਇਰ ਬ੍ਰਿਗੇਡ ਦੀਆਂ ਸੈਂਕੜੇ ਗੱਡੀਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਸਨ ਪਰ ਅੱਗ ਸ਼ਾਂਤ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਹੀ। ਅੱਗ ਬੁਝਾਉਣ ਲਈ ਕਰੇਨਾਂ ਬਿਲਡਿੰਗ ਨੂੰ ਵੱਖ-ਵੱਖ ਹਿੱਸਿਆਂ ਤੋਂ ਤੋੜ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। 
ਅੱਗ ਬਾਰ ਬਾਰ ਉੱਠਦੀ ਰਹੀ:
ਅੱਗ ਬੁਝਣ ਤੋਂ ਬਾਅਦ ਅਚਾਨਕ ਹੀ ਫਿਰ ਉਠ ਪੈਂਦੀ।  ਇਸ ਤਰਾਂ ਕਈ ਵਾਰ ਹੋਇਆ। ਸ਼ਾਇਦ ਇਹ ਸਭ ਧਾਗੇ ਦੇ ਮਾਲ ਕਾਰਣ ਹੋ ਰਿਹਾ ਸੀ।  ਅੱਗ ਉੱਪਰੋਂ ਉੱਪਰੋਂ ਬੁਝ ਜਾਂਦੀ ਪਰ ਹੇਠਾਂ ਕਿਤੇ ਸੁਲਗਦੀ ਰਹਿੰਦੀ।  ਮਾੜੀ ਮੋਟੀ ਹਵਾ ਮਿਲਦਿਆਂ ਹੀ ਉਹ ਫਿਰ ਭੜਕ ਪੈਂਦੀ। 


No comments: