Monday, September 21, 2015

ਜ਼ਮੀਨ ਕੁਰਕ ਕਰਾਉਣ ਦੀਆਂ ਧਮਕੀਆਂ ਦੇ ਕੇ ਕੀਤਾ ਖੁਦਕੁਸ਼ੀ ਲਈ ਮਜਬੂਰ

ਚਿੱਟੀ ਮੱਖੀ ਵੱਲੋਂ ਕੀਤੀ ਤਬਾਹੀ ਨੇ ਵੀ ਕੀਤਾ ਹੋਇਆ ਸੀ ਨਿਰਾਸ਼ 
ਸੀਂਗੋ ਮੰਡੀ: 20 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਭਾਵੇਂ ਕਲਿਯੁਗ ਹੈ ਪਰ ਫਿਰ ਵੀ ਕਿਸੇ ਨੂੰ ਕਤਲ ਕਰਨਾ ਪਾਪ  ਹੈ। ਇਸ ਲਈ ਸ਼ਾਤਰ ਕਿਸਮ ਦੇ ਲੋਕ ਆਪਣੇ ਦੁਸ਼ਮਨ ਨੂੰ ਏਨਾ ਤੰਗ ਕਰਦੇ ਹਨ ਕਿ ਉਹ ਖੁਦ ਹੀ ਆਪਣੀ ਜਾਨ ਲੈ ਲਵੇ।  ਵਾਪਰਿਆ ਪਿੰਡ ਜਗ੍ਹਾ ਰਾਮ ਤੀਰਥ ਦੇ ਕਿਸਾਨ ਦੇ ਨਾਲ ਜਿਸ ਨੂੰ ਧਮਕੀਆਂ ਦੇ ਕੇ ਆਤਮ ਹੱਤਿਆ ਲਈ ਮਜਬੂਰ ਕਰ ਦਿੱਤਾ ਗਿਆ। ਖੁਦਕੁਸ਼ੀ ਲਈ ਉਕਸਾਉਣ ਵਾਲੇ ਤਿੰਨ ਕਥਿਤ ਦੋਸ਼ੀਆਂ 'ਤੇ ਥਾਣਾ ਤਲਵੰਡੀ ਸਾਬੋ ਵਿਚ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕਰ ਦਿੱਤੀ ਹੈ। ਇਸ ਸਬੰਧੀ ਦਰਜ ਕੀਤੇ ਗਏ ਮਾਮਲੇ ਅਨੁਸਾਰ ਮ੍ਰਿਤਕ ਕਿਸਾਨ ਟਹਿਲ ਸਿੰਘ (46) ਪੁੱਤਰ ਕਰਤਾਰ ਸਿੰਘ ਵਾਸੀ ਜਗ੍ਹਾ ਰਾਮ ਤੀਰਥ ਦੇ ਟਰੈਕਟਰ ਨਾਲ ਹੋਏ ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ, ਜਿਸ ਦਾ ਕੇਸ ਮ੍ਰਿਤਕ ਵਿਅਕਤੀ 'ਤੇ ਚਲਦਾ ਸੀ ਤੇ ਉਹ ਇਕ ਵਾਰ ਕੋਰਟ ਵਿਚੋਂ ਬਰੀ ਹੋ ਚੁੱਕਿਆ ਸੀ, ਪਰ ਮ੍ਰਿਤਕ ਪੁਲਿਸ ਮੁਲਾਜ਼ਮ ਦੇ ਵਾਰਸਾਂ ਨੇ ਕੇਸ ਹਾਈਕੋਰਟ ਵਿਚ ਕਰ ਦਿੱਤਾ ਸੀ, ਜਿਥੋਂ ਮ੍ਰਿਤਕ ਕਿਸਾਨ ਟਹਿਲ ਸਿੰਘ 'ਤੇ ਕੋਰਟ ਨੇ 11 ਲੱਖ 18 ਹਜ਼ਾਰ ਦਾ ਕਲੇਮ ਪਾ ਦਿੱਤਾ ਸੀ ਤੇ ਗੁਰਦਾਸ ਸਿੰਘ, ਪਰਮਜੀਤ ਕੌਰ ਵਾਸੀ ਜੌੜਕੀਆਂ ਤੇ ਸੁਖਦੇਵ ਸਿੰਘ ਵਾਸੀ ਚੈਹਿਲਾਂ ਵਾਲੀ ਮ੍ਰਿਤਕ ਕਿਸਾਨ ਨੂੰ ਉਸਦੀ ਜਮੀਨ ਕੁਰਕ ਕਰਵਾਉਣ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ, ਕਲੇਮ ਦੇਣ ਲਈ ਉਸਦੀ ਫਸਲ ਵੀ ਚਿੱਟੀ ਮੱਖੀ ਦੇ ਭੇਂਟ ਚੜ੍ਹ ਕੇ ਤਬਾਹ ਹੋ ਗਈ ਸੀ, ਜਿਸ ਤੋਂ ਉਹ ਮਾਨਸਿਕ ਤੌਰ ਤੇ ਬਹੁਤ ਹੀ ਜਿਆਦਾ ਪ੍ਰੇਸ਼ਾਨ ਰਹਿੰਦਾ ਸੀ। ਇਸ ਸਾਰੇ ਘਟਨਾਕ੍ਰਮ ਤੋਂ ਦੁਖੀ ਹੋ ਕੇ ਮ੍ਰਿਤਕ ਕਿਸਾਨ ਟਹਿਲ ਸਿੰਘ ਨੇ ਕੋਈ ਜਹਿਰੀਲਾ ਕੀਟਨਾਸ਼ਕ ਨਿਗਲ ਕੇ ਆਤਮ ਹੱਤਿਆ ਕਰ ਲਈ ਸੀ। ਪੁਲਿਸ ਨੇ ਗੁਰਦਾਸ ਸਿੰਘ, ਪਰਮਜੀਤ ਕੌਰ ਵਾਸੀ ਜੌੜਕੀਆਂ ਤੇ ਸੁਖਦੇਵ ਸਿੰਘ ਵਾਸੀ ਚੈਹਿਲਾਂਵਾਲੀ ਤੇ ਮ੍ਰਿਤਕ ਦੇ ਲੜਕੇ ਸੁਰਿੰਦਰ ਸਿੰਘ ਵਾਸੀ ਜਗ੍ਹਾ ਰਾਮ ਤੀਰਥ ਦੇ ਬਿਆਨਾਂ ਤੇ ਧਾਰਾ 306 ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਹੁਣ ਦੇਖਣਾ ਹੈ ਕਿਦੋਸ਼ੀਆਂ ਨੂੰ ਉਹਨਾਂ ਦੇ ਕੀਤੇ ਦੀ  ਮਿਲਦੀ ਹੈ?

No comments: