Wednesday, September 23, 2015

ਆਪਣੇ ਹੀ ਦੋਸਤ ਦਾ ਕਤਲ ਕਰਕੇ ਸੁੱਟ ਦਿੱਤੀ ਨਹਿਰ ਵਿੱਚ ਲਾਸ਼

ਕਾਨੂੰਨ ਦੇ ਲੰਮੇ ਹੱਥ ਜਾ ਪਹੁੰਚੇ ਕਾਤਲਾਂ ਤੱਕ 
ਲੁਧਿਆਣਾ: 23 ਸਤੰਬਰ 2015: (ਪੰਜਾਬ ਸਕਰੀਨ ਬਿਓਰੋ):
ਜੁਰਮ ਆਪਣੇ ਆਪ ਵਿੱਚ ਹੀ ਖਤਰਨਾਕ ਹੁੰਦਾ ਹੈ ਪਰ ਜੇ ਉਸ ਵਿੱਚ ਪੁਲਿਸ ਦਾ ਕੋਈ ਸਾਬਕਾ ਮੁਲਾਜਮ ਵੀ ਰਲ ਜਾਵੇ ਤਾਂ ਗੱਲ ਹੋਰ ਵੀ ਖਤਰਨਾਕ ਹੋ ਜਾਂਦੀ ਹੈ। ਪਿੰਡ ਕਟਾਣੀ ਕਲਾਂ ਵਿਚ ਪਿਛਲੇ ਮਹੀਨੇ ਹੋਏ ਇਕ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਸਾਬਕਾ ਪੁਲਿਸ ਮੁਲਾਜ਼ਮ ਅਤੇ ਉਸਦੇ ਇਕ ਸਾਥੀ ਨੂੰ ਗਿ੍ਫ਼ਤਾਰ ਕੀਤਾ ਹੈ। ਅੱਜ ਖਚਾਖਚ ਭਰੀ ਪ੍ਰੈਸ ਕਾਨਫਰੰਸ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਸ੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਸਰਬਜੀਤ ਸਿੰਘ ਉਰਫ਼ ਸਾਬੀ ਅਤੇ ਪ੍ਰਭਜੋਤ ਸਿੰਘ ਉਰਫ਼ ਰਿੰਕਲ ਸ਼ਾਮਿਲ ਹਨ। ਸਾਬੀ ਪੰਜਾਬ ਪੁਲਿਸ ਦਾ ਬਰਖਾਸਤ ਕੀਤਾ ਮੁਲਾਜ਼ਮ ਹੈ। ਉਨ੍ਹਾਂ ਦੱਸਿਆ ਕਿ 27 ਅਗਸਤ ਨੂੰ ਪਿੰਡ ਕਟਾਣੀ ਵਿਚੋਂ ਇਕ ਨੌਜਵਾਨ ਦੀ ਲਾਸ਼ ਪੁਲਿਸ ਨੇ ਬਰਾਮਦ ਕੀਤੀ ਸੀ, ਜਿਸਦੀ ਸ਼ਨਾਖ਼ਤ ਬਾਅਦ ਵਿਚ ਜਤਿੰਦਰ ਸਿੰਘ ਵਜੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮਿ੍ਤਕ ਜਤਿੰਦਰ ਅਤੇ ਗਿ੍ਫ਼ਤਾਰ ਕੀਤੇ ਦੋਵੇਂ ਕਥਿਤ ਦੋਸ਼ੀ ਨਸ਼ਾ ਕਰਨ ਦੇ ਆਦੀ ਹਨ। ਘਟਨਾ ਵਾਲੇ ਦਿਨ ਪੈਸੇ ਦੇ ਲੈਣ ਦੇਣ ਕਾਰਨ ਇਨ੍ਹਾਂ ਦਾ ਝਗੜਾ ਹੋ ਗਿਆ ਸੀ, ਗੁੱਸੇ ਵਿਚ ਇਨ੍ਹਾਂ ਕਥਿਤ ਦੋਸ਼ੀਆਂ ਨੇ ਜਤਿੰਦਰ ਦਾ ਕਤਲ ਕਰ ਦਿੱਤਾ। ਉਸਦੀ ਲਾਸ਼ ਨੂੰ ਆਲਟੋ ਕਾਰ ਵਿਚ ਸੁੱਟ ਲਿਆ ਤੇ ਬਾਅਦ ਵਿਚ ਕਟਾਣੀ ਕਲਾਂ ਦੀ ਨਹਿਰ ਵਿਚ ਸੁੱਟ ਦਿੱਤਾ। ਇਹ ਇੱਕ ਦੋਸਤ  ਦਾ ਜਿਹਾ ਅੰਤ ਸੀ ਜਿਸ ਬਾਰੇ ਕਾਤਲਾਂ ਨੇ ਸੋਚਿਆ ਸੀ ਕਿ ਹੁਣ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਪਰ ਖੂਨ ਕਦ ਛੁਪਦਾ ਹੈ।  ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਮਿ੍ਤਕ ਦਾ ਮੋਟਰਸਾਈਕਲ ਜੰਗਲ ਵਿਚ ਰੱਖ ਦਿੱਤਾ ਸੀ। ਆਪਣੀ ਵੱਲੋਂ ਉਹਨਾਂ ਸਾਰੇ ਪ੍ਰਬੰਧ ਬੜੇ ਪੁਖਤਾ ਕੀਤੇ ਸਨ ਪਰ ਕਾਨੂੰਨ ਦੇ ਲੰਮੇ ਹੱਥ ਫਿਰ ਵੀ ਕਾਤਲਾਂ ਤੱਕ ਪਹੁੰਚ ਹੀ ਗਏ।  
ਪੁਲਿਸ ਵੱਲੋਂ ਕਤਲ ਵਿਚ ਵਰਤੀ ਕਾਰ ਅਤੇ ਮਿ੍ਤਕ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਪਹਿਲਾਂ ਇਸ ਮਾਮਲੇ ਵਿਚ ਧਾਰਾ 174 ਅਧੀਨ ਕਾਰਵਾਈ ਕੀਤੀ ਸੀ, ਪਰ ਬਾਅਦ ਵਿਚ ਪੁਲਿਸ ਨੇ ਇਸ ਮਾਮਲੇ ਵਿਚ ਕਤਲ ਦਾ ਮੁਕੱਦਮਾ ਦਰਜ ਕਰ ਲਿਆ। ਪੁਲਿਸ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ। ਉਮੀਦ ਹੈ ਛੇਤੀ ਹੀ ਕਈ ਹੋਰ ਗੱਲਾਂ ਵੀ ਸਹਮੇ ਆਉਣਗੀਆਂ। 

No comments: