Sunday, September 13, 2015

ਭਾਰਤੀ ਜੇਲ੍ਹਾਂ:ਸੀਮਾ ਆਜ਼ਾਦ ਅਤੇ ਅਰੁਨ ਫਰੇਰਾ ਨੇ ਸੁਣਾਈਆਂ ਆਪਬੀਤੀਆਂ

ਵਿਚਾਰਧਾਰਕ ਵਿਰੋਧਾਂ ਕਾਰਨ ਗੁਜ਼ਾਰੇ ਕਈ ਸਾਲ ਜੇਹਲਾਂ ਵਿੱਚ 
ਲੁਧਿਆਣਾ: 13 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਤੁਸੀਂ ਸੁਣੇ  ਅਤੇ ਪੜ੍ਹੇ ਹੋਣੇ ਹਨ ਵੱਖ ਵੱਖ ਖੂਬਸੂਰਤ ਸੈਲਾਨੀ ਥਾਵਾਂ ਦੇ ਦਿਲਚਸਪ ਵੇਰਵੇ> ਤੁਸੀਂ ਅੰਡੇਮਾਨ ਨੀਕੋਬਾਰ ਅਤੇ ਕਾਲੇ ਪਾਣੀਆਂ ਦਾ ਜ਼ਿਕਰ ਵੀ ਸੁਣਿਆ ਹੋਣਾ ਹੈ। ਵਿਕਾਸ ਦੇ ਰੌਲੇ ਰੱਪੇ ਵਿੱਚ ਸ਼ਾਇਦ ਤੁਸੀਂ ਨਾ ਸੁਣ ਸਕੇ ਹੋਵੋ ਅੱਜ ਦੇ ਆਧੁਨਿਕ ਯੁਗ ਵਿੱਚ ਦਿੱਤੇ ਜਾਂਦੇ ਵਹਿਸ਼ੀਆਨਾ ਤਸੀਹਿਆਂ ਬਾਰੇ। ਇਹ ਸਾਰਾ ਕੁਝ ਸੁਣਾਉਣ ਲਈ ਪੁੱਜੇ ਸਨ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਪੱਤਰਕਾਰ ਸੀਮਾ ਆਜ਼ਾਦ ਅਤੇ ਅਰੁਣ ਫਰੇਰਾ। ਆਯੋਜਨ ਕੀਤਾ ਸੀ ਜਮਹੂਰੀ ਅਧਿਕਾਰ ਸਭਾ ਨੇ। ਜਦੋਂ ਸਿਰਫ ਕਿਸੇ ਇੱਕ ਫਿਰਕੇ ਦੇ  ਕੈਦੀਆਂ ਦੀ ਰਿਹਾਈ ਲਈ ਕੌਮਾਂਤਰੀ ਪ੍ਰਸਿਧੀ ਵਾਲੇ ਸੰਘਰਸ਼ ਚੱਲ ਰਹੇ ਹੋਣ ਉਦੋਂ ਸਮੂਹ ਸਿਆਸੀ ਕੈਦੀੰਦੀ ਰਿਹਾਈ ਵਾਲੀ ਮੰਗ ਕਿਸੇ ਕਰਿਸ਼੍ਮੇ ਤੋਂ ਘੱਟ ਨਹੀਂ। ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਹੀਦ ਜਤਿੰਦਰਨਾਥ ਦਾਸ ਦੇ 87ਵੇਂ ਸ਼ਹਾਦਤ ਦਿਵਸ ਮੌਕੇ ਸਿਆਸੀ ਕੈਦੀਆਂ ਦੇ ਹੱਕਾਂ ਅਤੇ ਜ਼ੇਲ੍ਹਾਂ ਵਿਚ ਸੁਧਾਰਾਂ ਦੇ ਮੁੱਦੇ 'ਤੇ ਪੰਜਾਬੀ ਭਵਨ ਵਿਚ ਸੂਬਾ ਪੱਧਰ ਦੀ ਕਨਵੈਨਸ਼ਨ ਕਰਵਾਈ ਗਈ, ਜਿਸ ਵਿਚ ਬੁਲਾਰਿਆਂ ਨੇ ਸਿਆਸੀ ਕੈਦੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਸਮੁੱਚੇ ਵਿਸ਼ਵ ਵਿਚ ਰਾਜਸੀ ਜ਼ਬਰ ਦਾ ਸਾਹਮਣਾ ਕਰ ਰਹੀਆਂ ਕੌਮਾਂ ਦੇ ਜੁਝਾਰੂਆਂ ਦੇ ਮਨੁੱਖੀ ਹੱਕਾਂ ਪ੍ਰਤੀ ਲੋਕ ਰਾਏ ਬਣਾਉਣ ਦਾ ਸੱਦਾ ਦਿੱਤਾ।  ਕਨਵੈਨਸ਼ਨ ਦੇ ਮੁੱਖ ਵਕਤਾ ਮਨੁੱਖੀ ਅਧਿਕਾਰ ਕਾਰਕੁਨ/ਸੰਪਾਦਕ ਸੀਮਾ ਆਜ਼ਾਦ ਅਤੇ ਅਰੁਣ ਫਰੇਰਾ ਨੂੰ ਵੀ ਆਪਣੇ ਸਥਾਪਤੀ ਵਿਰੋਧੀ ਵਿਚਾਰਾਂ ਕਾਰਨ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ ਤਹਿਤ ਕਈ ਕਈ ਸਾਲ ਜੇਲ੍ਹਾਂ ਵਿਚ ਗੁਜ਼ਾਰਨੇ ਪਏ। ਪ੍ਰਧਾਨਗੀ ਮੰਡਲ ਮੁੱਖ ਵਕਤਾ ਤੋਂ ਇਲਾਵਾ ਪ੍ਰੋਫੈਸਰ ਏ. ਕੇ. ਮਲੇਰੀ, ਪੋ੍ਰੋਫੈਸਰ ਜਗਮੋਹਣ ਸਿੰਘ, ਡਾ. ਪਰਮਿੰਦਰ, ਡਾ. ਹਰਬੰਸ ਸਿੰਘ ਗਰੇਵਾਲ ਅਤੇ ਪ੍ਰੌਫੇਸਰ ਅਜਮੇਰ ਸਿੰਘ ਔਲੱਖ ਸ਼ਾਮਲ ਸਨ। ਸੀਮਾ ਆਜ਼ਾਦ ਅਤੇ ਅਰੁਨ ਫਰੇਰਾ ਨੇ ਆਪਣੇ ਸੰਬੋਧਨ ਵਿਚ ਜੇਲ੍ਹਾਂ ਦੇ ਹਾਲਾਤ, ਸਿਆਸੀ ਕੈਦੀਆਂ ਨਾਲ ਅਣਮਨੁੱਖੀ ਸਲੂਕ ਤੇ ਕਾਨੂੰਨੀ ਸਹਾਇਤਾ ਦੀ ਅਣਹੋਂਦ ਵਿਚ ਸਿਆਸੀ ਕੈਦੀਆਂ ਨੂੰ ਆਪਣੇ ਘਰਾਂ ਤੋਂ ਬਹੁਤ ਦੂਰ ਦੀਆਂ ਜੇਲ੍ਹਾਂ 'ਚ ਬਿਨਾ ਮੁਕੱਦਮਾ ਚੱਲੇ ਸੜਦੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਸੂਬਾ ਪ੍ਰਧਾਨ ਪ੍ਰੋ: ਮਲੇਰੀ ਵੱਲੋਂ ਪੇਸ਼ ਕੀਤੇ ਮਤੇ 'ਚ ਮੰਗ ਕੀਤੀ ਕਿ ਜੇਲ੍ਹਾਂ ਦੀਆਂ ਹਾਲਤਾਂ ਵਿਚ ਸੁਧਾਰ ਕੀਤੇ ਜਾਣ, ਕੈਦੀਆਂ ਨੂੰ ਇਕਾਂਤ ਕੋਠੜੀਆਂ 'ਚ ਕੈਦ ਰੱਖਕੇ ਮਾਨਸਿਕ ਤਸੀਹੇ ਦੇਣ ਸਮੇਤ ਉਨ੍ਹਾਂ ਉਪਰ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਅਤੇ ਉਨ੍ਹਾਂ ਨਾਲ ਅਣਮਨੁੱਖੀ ਸਲੂਕ ਬੰਦ ਕੀਤਾ ਜਾਵੇ। ਪੰਜਾਬ ਸਮੇਤ ਪੂਰੇ ਦੇਸ਼ ਵਿਚ ਜੇਲ੍ਹਾਂ ਵਿਚ ਹੋ ਰਹੀਆਂ ਮੌਤਾਂ ਦੀ ਉਚ ਪੱਧਰੀ ਜੁਡੀਸ਼ੀਅਲ ਜਾਂਚ ਕਰਾਈ ਜਾਵੇ। ਇਕ ਹੋਰ ਮਤੇ ਰਾਹੀਂ ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਮੌਕੇ ਸਮੁੱਚੇ ਚੰਡੀਗੜ੍ਹ ਦੇ ਲੋਕਾਂ ਨੂੰ ਘਰਾਂ ਵਿਚ ਬੰਦੀ ਬਣਾਉਣ, ਸਿਹਤ ਸੇਵਾਵਾਂ ਅਤੇ ਸ਼ਮਸ਼ਾਨਘਾਟ ਬੰਦ ਕਰਕੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਵਾਲਾ ਜਮਹੂਰੀ ਸਭਿਆਚਾਰ ਖ਼ਤਮ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਡਾ. ਸੁਖਦੇਵ ਸਿੰਘ, ਪ੍ਰੋਫੈਸਰ ਬਾਵਾ ਸਿੰਘ, ਡਾ. ਭੀਮਇੰਦਰ ਸਿੰਘ, ਪ੍ਰੋਫੈਸਰ ਪਰਮਿੰਦਰ ਭੋਗਲ, ਪ੍ਰੋਫੈਸਰ ਸੁਰਿੰਦਰ ਖੰਨਾ, ਪ੍ਰੋਫੈਸਰ ਰੁਚੀ ਖੰਨਾ, ਪ੍ਰੋਫੈਸਰ ਆਰਤੀ ਸੱਭਰਵਾਲ, ਡਾ.ਰਾਕੇਸ਼, ਮਿੱਤਰਸੈਨ ਮੀਤ ਆਦਿ ਹਾਜ਼ਰ ਸਨ।

No comments: