Wednesday, September 02, 2015

ਕਿਓਂ ਕੀਤੀ ਬੈਂਕਾਂ ਨੇ ਹੜਤਾਲ?

Wed, Sep 2, 2015 at 4:18 PM
ਲੋਕਾਂ ਦੇ ਪੈਸੇ ਨੂੰ ਕਾਰਪੋਰੇਟ ਡਿਫਾਲਟਰਾਂ ਵੱਲੋਂ ਲੁੱਟਣ ਤੋਂ ਰੋਕਣਾ ਜ਼ਰੂਰੀ 
ਲੁਧਿਆਣਾ: 2 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਸੁਧਾਰਾਂ ਅਤੇ ਮਜ਼ਦੂਰ ਵਿਰੋਧੀ ਕਿਰਤ ਸੁਧਾਰਾਂ ਦੇ ਵਿਰੋਧ ਵਿੱਚ 10 ਕਰੋੜ ਮੁਲਾਜ਼ਮ ਤੇ ਮਜ਼ਦੂਰਾਂ ਵੱਲੋਂ ਆਲ ਇੰਡੀਆ ਹੜਤਾਲ ਦੇ ਸੱਦੇ ਤੇ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ.), ਏ.ਆਈ.ਬੀ.ਓ.ਏ., ਇੰਨਬੌਕ, ਐੱਨ.ਓ.ਬੀ. ਡਬਲਯੂ, ਇਨਬੈਫ ਅਤੇ ਨੋਬੋ ਵੱਲੋਂ ਬੈਂਕਾਂ ਵਿੱਚ ਮੁਕੰਮਲ ਹੜਤਾਲ ਕੀਤੀ ਗਈ । ਇਸ ਸੰਬੰਧ ਵਿੱਚ ਇੱਥੇ ਭਾਰਤ ਨਗਰ ਚੌਂਕ ਸਥਿਤ ਕੇਨਰਾ ਬੈਂਕ ਦੇ ਸਾਹਮਣੇ ਪੰਜਾਬ ਬੈਂਕ ਇੰਪਲਾਈਜ ਫੈਡਰੇਸ਼ਨ ਦੀ ਲੁਧਿਆਣਾ ਇਕਾਈ ਵਲੋਂ ਜਬਰਦਸਤ ਪ੍ਰਦਸ਼ਨ ਕੀਤਾ ਗਿਆ ਜਿਸ ਨੂੰ ਪੰਜਾਬ ਬੈਂਕ ਇੰਪਲਾਈਜ ਫੈਡਰੇਸ਼ਨ ਲੁਧਿਆਣਾ ਇਕਾਈ ਦੇ ਸਕੱਤਰ ਕਾ. ਨਰੇਸ਼ ਗੌੜ, ਸੀਨੀਅਰ ਉਪ ਪ੍ਰਧਾਨ ਕਾ. ਹਰਵਿੰਦਰ ਸਿੰਘ ਪ੍ਰਧਾਨ ਕਾ. ਪਵਨ ਠਾਕੁਰ, ਏ.ਆਈ. ਬੀ.ਓ.ਏ. ਵੱਲੋਂ ਕਾ. ਗੁਰਮੀਤ ਸਿੰਘ ਅਤੇ ਕਾ. ਚਿੰਰਨਜੀਵ ਜੋਸ਼ੀ ਅਤੇ ਜਾਇੰਟ ਕੌਂਸਲ ਆਫ ਟਰੇਡ ਯੂਨੀਅਨਜ਼ ਦੇ ਜਨਰਲ ਸਕੱਤਰ ਕਾ. ਡੀ.ਪੀ. ਮੌੜ ਨੇ ਸੰਬੋਧਨ ਕੀਤਾ । ਮੰਗਾਂ ਵਿੱਚ ਮਜ਼ਦੂਰ ਮੁਲਾਜ਼ਮ ਵਿਰੋਧੀ ਕਿਰਤ ਕਾਨੂੰਨਾਂ ਵਿੱਚ ਸੋਧਾਂ ਨੂੰ ਰੋਕਣ, ਲੋਕ ਵਿਰੋਧੀ ਬੈਂਕਿੰਗ ਸੁਧਾਰਾਂ ਨੂੰ ਰੋਕਣ, ਲੋਕਾਂ ਦੇ ਪੈਸੇ ਨੂੰ ਕਾਰਪੋਰੇਟ ਕਰਜਾ ਡਿਫਾਲਟਰਾਂ ਵੱਲੋਂ ਲੁੱਟਣ ਤੋਂ ਰੋਕਣ, ਬੈਂਕਾਂ ਦੇ ਪੈਸੇ ਨੂੰ ਜਾਣ ਬੁੱਝ ਕੇ ਨਾ ਮੋੜਨ ਨੂੰ ਅਪਰਾਧ ਘੋਸ਼ਿਤ ਕਰਨ ਅਤੇ ਬੈਂਕਾਂ ਦੇ ਕੰਮਾਂ ਨੂੰ ਬਾਹਰੋਂ ਠੇਕੇ ਤੇ ਕਰਵਾਉਣ ਨੂੰ ਬੰਦ ਕਰਨਾ ਸ਼ਾਮਿਲ ਹਨ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਵੱਲੋਂ ਮਜ਼ਦੂਰਾਂ ਅਤੇ ਉਹਨਾਂ ਦੇ ਟਰੇਡ ਯੂਨੀਅਨ ਦੇ ਹੱਕਾਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ । ਕਿਰਤ ਕਾਨੂੰਨਾਂ ਨੂੰ ਸਰਮਾਏਦਾਰ, ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵ-ਉਦਾਰਵਾਦੀ ਆਰਥਿਕ ਨੀਤੀਆਂ ਕਰਕੇ ਮਜ਼ਦੂਰਾਂ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਦਿਨ-ਬ-ਦਿਨ ਵੱਧ ਰਹੀਆਂ ਹਨ । ਰੇਲਵੇ, ਰੱਖਿਆ ਅਤੇ ਵਿੱਤੀ ਖੇਤਰ ਵਿੱਚ ਸਿੱਧੀ ਵਿਦੇਸ਼ੀ ਪੂੰਜੀ ਨਿਵੇਸ਼ ਦੀ ਆਗਿਆ, ਕਿਸਾਨ ਵਿਰੋਧੀ ਭੌਂ-ਪ੍ਰਾਪਤੀ ਐਕਟ, ਈ.ਪੀ.ਐੱਫ ਅਤੇ ਈ.ਐੱਸ.ਆਈ. ਨੂੰ ਬੰਦ ਕਰਨ ਦੇ ਰਾਹ ਤੇ ਲੈ ਕੇ ਜਾਣਾ ਲੋਕ ਵਿਰੋਧੀ ਫੈਸਲੇ ਹਨ। ਬੈਂਕਿੰਗ ਖੇਤਰ ਨੂੰ ਵੀ ਲਗਾਤਾਰ ਨਿੱਜੀਕਰਨ ਵੱਲ ਧੱਕਣਾ, ਬੈਂਕਾਂ ਦੇ ਰਲੇਵੇਂ, ਪ੍ਰਾਈਵੇਟ ਖੇਤਰ ਨੂੰ ਉਤਸ਼ਾਹਿਤ ਕਰਨਾ ਅਤੇ ਸਿੱਧੀ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਵਧਾਉਣਾ ਕੇਂਦਰ ਦੀਆਂ ਪਬਲਿਕ ਸੈਕਟਰ ਵਿਰੋਧੀ ਨੀਤੀਆਂ ਹਨ । ਬੈਂਕਾਂ ਵਿੱਚ ਲੋੜੀਂਦਾ ਸਟਾਫ ਅਤੇ ਮੂਲਭੂਤ ਢਾਂਚਾ ਦਿੱਤੇ ਬਿਨ੍ਹਾਂ ਪਬਲਿਕ ਸੈਕਟਰ ਬੈਂਕਾਂ ਤੋਂ ਸਰਕਾਰ ਦੀਆਂ ਸਕੀਮਾਂ ਲਾਗੂ ਕਰਵਾ ਕੇ ਵਾਹ-ਵਾਹ ਖੱਟੀ ਜਾ ਰਹੀ ਹੈ । ਬੈਂਕਾਂ ਦੇ ਅਫ਼ਸਰਾਂ ਨੂੰ ਨਿਯਮਤ ਕੰਮਕਾਰ ਦੇ ਘੰਟੇ ਮੁਹੱਈਆ ਕਰਵਾਉਣ ਤੋਂ ਵੀ ਨਾਂਹ ਕੀਤੀ ਜਾ ਰਹੀ ਹੈ । ਬੈਂਕਾਂ ਦੀਆਂ ਪੱਕੀਆਂ ਨੌਕਰੀਆਂ ਦੇ ਕੰਮਾਂ ਨੂੰ ਠੇਕੇ ਤੇ ਦਿੱਤਾ ਜਾ ਰਿਹਾ ਹੈ। ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਜੋਨਲ ਸਕੱਤਰ ਕਾ. ਐੱਮ.ਐੱਸ. ਭਾਟੀਆ ਨੇ ਰੈਲੀ ਤੋਂ ਬਾਅਦ ਸਾਡੇ ਪੱਤਰ ਪਰੇਰਕ ਨੂੰ ਦੱਸਿਆ ਕਿ ਇਹਨਾਂ ਹਾਲਾਤਾਂ ਦੇ ਹੁੰਦੇ ਹੋਏ ਬੈਂਕ ਕਰਮਚਾਰੀ ਦੇਸ਼ ਦੀਆਂ ਬਾਕੀ ਸਾਰੀਆਂ ਟ੍ਰੇਡ ਯੂਨੀਅਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਅੰਦੋਲਨ ਵਿੱਚ ਕੁੱਦਿਆ ਹੈ। ਉਹਨਾਂ ਦੱਸਿਆ ਕਿ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਔਰਤ ਕਰਮਚਾਰੀ ਵੀ ਸ਼ਾਮਿਲ ਹੋਏ। ਹੜਤਾਲ ਪੂਰੀ ਤਰ੍ਹਾਂ ਕਾਮਯਾਬ ਰਹੀ।


No comments: