Wednesday, September 02, 2015

ਇੰਦਰਾਣੀ ਸਬੂਤ ਹੈ ਪੂੰਜੀਵਾਦੀ ਯੁਗ ਦੀਆਂ ਸ਼ਰਮਨਾਕ ਬੁਰਾਈਆਂ ਦਾ

ਆਓ! ਇੰਦਰਾਣੀ ਬਾਰੇ ਨਹੀਂ ਖੁਦ ਬਾਰੇ ਸੋਚਿਏ ਕਿਧਰ ਜਾ ਰਹੇ ਹਾਂ ਅਸੀਂ?
ਕੋਲਕਾਤਾ: 1 ਸਤੰਬਰ  2015: (ਪੰਜਾਬ ਸਕਰੀਨ ਬਿਊਰੋ): 
ਇੰਦਰਾਣੀ ਦੇ ਬਹਾਨੇ ਜੋ ਕੁਝ  ਵੀ ਸਾਹਮਣੇ ਆਇਆ ਜਾਂ ਆ ਰਿਹਾ ਹੈ ਉਹ ਕਿਸੇ ਇੱਕ ਔਰਤ ਦੇ ਕਿਰਦਾਰ ਦੀ ਕਹਾਣੀ ਨਹੀਂ।  ਇੰਦਰਾਣੀ ਨੂੰ ਭਲਾ ਬੁਰਾ ਕਹਿ ਕੇ ਕੁਝ ਨੀ ਮਿਲਣ ਵਾਲਾ। ਹੋ ਸਕਦਾ ਹੈ ਉਸਨੂੰ ਸਜ਼ਾ ਹੋ ਜਾਏ। ਜੇ ਫਾਂਸੀ ਹੋਈ ਤਾਂ ਉਹ ਸਦਾ ਲਈ ਮੁਕਤ ਹੋ ਜਾਏਗੀ ਇਸ ਜੰਜਾਲ ਵਿੱਚੋਂ ਤੇ ਜੇ ਉਮਰਕੈਦ ਹੋਈ ਤਾਂ ਜੇਲ੍ਹ ਵਿੱਚ ਇੱਕ ਇੱਕ ਪਲ ਉਸ ਲਈ ਸਦੀਆਂ ਜਿੱਡਾ ਹੋ ਜਾਏਗਾ। ਉਸਨੇ ਪੰਜ ਵਿਆਹ ਤਾਂ ਕਰਵਾ ਲਏ ਪਰ ਨਾ ਉਸ ਕੋਲ  ਦ੍ਰੋਪਦੀ ਵਰਗੀ ਸਮਰਥਾ ਸੀ, ਨਾ ਹੀ ਉਸ ਤਰਾਂ ਦੀ ਸੁੰਦਰਤਾ ਅਤੇ ਨਾ ਹੀ ਉਹ ਪ੍ਰਤਿਭਾ। ਹੁਣ ਉਸਦਾ ਇੱਕ ਸਾਬਕਾ ਪਤੀ ਸਾਹਮਣੇ ਆਇਆ ਹੈ।  ਸ਼ੀਨਾ ਦਾ ਪਿਤਾ। ਸ਼ੀਨਾ ਬੋਰਾ ਹੱਤਿਆ ਮਾਮਲੇ 'ਚ ਦੋਸ਼ੀ ਇੰਦਰਾਨੀ ਮੁਖਰਜੀ ਦੇ ਪਹਿਲੇ ਪਤੀ ਸਿਧਾਰਥ ਦਾਸ ਨੇ ਅੱਜ ਖੁਲ੍ਹ ਕੇ ਕਾਫੀ ਕੁਝ ਕਿਹਾ।  ਪਤਾ ਨਹੀਂ ਕੀ ਕੁਝ ਕਿੰਨੀ ਦੇਰ ਦਾ ਦੱਬਿਆ ਪਿਆ ਸੀ।ਸਿਧਾਰਥ ਨੇ ਕਿਹਾ ਕਿ ਸ਼ੀਨਾ ਉਸਦੀ ਬੇਟੀ ਸੀ। ਮਿਖਾਇਲ ਤੇ ਸ਼ੀਨਾ ਦੇ ਉਹ ਪਿਤਾ ਹਨ। ਸਿਧਾਰਥ ਨੇ ਖੁਲਾਸਾ ਕੀਤਾ ਕਿ ਇੰਦਰਾਨੀ ਪੈਸਿਆਂ ਲਈ ਕੁਝ ਵੀ ਕਰ ਸਕਦੀ ਹੈ। ਉਹ ਪੈਸਿਆਂ ਦੀ ਬਹੁਤ ਲਾਲਚੀ ਹੈ। ਉਸ ਨੂੰ ਹਮੇਸ਼ਾ ਤੋਂ ਪੈਸਿਆਂ ਦਾ ਬਹੁਤ ਲਾਲਚ ਰਿਹਾ। ਸਿਧਾਰਥ ਦੇ ਮੁਤਾਬਕ ਉਸਨੂੰ ਨਹੀਂ ਪਤਾ ਕਿ ਕਿਸ ਲਈ ਸ਼ੀਨਾ ਦੀ ਹੱਤਿਆ ਕੀਤੀ ਗਈ। ਇੰਦਰਾਣੀ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ ਇਸ ਲਈ ਉਹ ਸ਼ੀਨਾ ਤੇ ਮਿਖਾਇਲ ਨੂੰ ਕਦੀ ਨਹੀਂ ਮਿਲੇ। ਸਿਧਾਰਥ ਨੇ ਸਾਫ਼ ਸਾਫ਼ ਕਿਹਾ ਕਿ ਸ਼ੀਨਾ ਦੇ ਹਤਿਆਰਿਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਸਿਧਾਰਥ ਨੇ ਕਿਹਾ ਕਿ ਇਸ ਮਾਮਲੇ 'ਚ ਉਹ ਡੀ.ਐਨ.ਏ. ਟੈੱਸਟ ਲਈ ਤਿਆਰ ਹਨ।
ਇਹ ਗੱਲ ਬੜਾ ਧਿਆਨ ਦੇਣ ਵਾਲੀ ਹੈ ਕਿ ਇੰਦਰਾਣੀ ਪੈਸੇ ਲਈ ਕੁਝ ਵੀ ਕਰ ਸਕਦੀ ਹੈ। ਇੰਦਰਾਣੀ ਦੇ ਬਹਾਨੇ ਬੇਨਕਾਬ ਹੋਈ ਹੈ ਪੂੰਜੀਵਾਦੀ ਯੁਗ ਦੀ ਹਕੀਕਤ। ਸਾਹਿਰ ਲੁਧਿਆਣਵੀ ਹੁਰਾਂ ਨੇ ਕਈ ਦਹਾਕੇ ਪਹਿਲਾਂ ਆਖਿਆ ਸੀ--
ਕਹਿਤੇ ਹੈਂ ਜਿਸੇ ਪੈਸਾ ਬੱਚੋ ਵੋ ਚੀਜ਼ ਬੜੀ ਮਾਮੂਲੀ ਹੈ,
ਲੇਕਿਨ ਇਸ ਪੈਸੇ ਕੇ ਪੀਛੇ ਸਬ ਦੁਨੀਆ ਰਸਤਾ ਭੂਲੀ ਹੈ। 
ਪੈਸੇ ਨੇ ਸਮਾਜ ਦੀਆਂ ਸਾਰੀਆਂ ਕਦਰਾਂ ਕੀਮਤਾ ਚੱਟ ਕਰ ਲਈਆਂ। ਸਾਰੇ ਰਿਸ਼ਤੇ ਨਾਤੇ ਕਿਸੇ ਗਏ ਗੁਜ਼ਰੇ ਜਮਾਨੇ ਦੀ ਗੱਲ ਕਰ ਦਿੱਤੇ। ਪੂੰਜੀਵਾਦ ਦੇ ਇਸ ਖੋਖਲੇਪਨ ਨੂੰ ਓਸ਼ੋ ਨੇ ਬੜੀ ਵਾਰ ਦਰਸਾਇਆ। ਓਸ਼ੋ ਨੇ ਪੂੰਜੀਵਾਦ ਦੇ ਗਧ ਵਿੱਚ ਜਾ ਕੇ ਕਮਿਊਨ ਸਥਾਪਿਤ ਕੀਤਾ ਜਿਥੇ ਸਭ ਨੂੰ ਸਭ ਕੁਝ ਮਿਲਦਾ ਸੀ ਪਰ ਉੱਥੇ ਕਰੰਸੀ ਕੋਈ ਨਹੀਂ ਸੀ ਚਲਦੀ। ਬਿਨਾ ਕਰੰਸੀ ਦੇ ਏਨਾ ਵੱਡਾ ਸਿਸਟਮ ਚਲਦਾ ਦੇਖ ਕੇ ਅਮਰੀਕਾ ਵਰਗੀ ਮਹਾਂ ਸ਼ਕਤੀ ਨੂੰ ਘਬਰਾਹਟ ਹੋਣ ਲੱਗ ਪਈ। ਓਸ਼ੋ ਨੂੰ ਜਹਿਰ ਵੀ ਦਿੱਤਾ ਗਿਆ ਅਤੇ ਅਮਰੀਕਾ ਚੋਂ ਨਿਕਲ ਜਾਣ ਦਾ ਹੁਕਮ ਵੀ। 
ਆਓ ਇੰਦਰਾਣੀ ਦੀ ਦਾਸਤਾਨ ਤੋਂ ਕੁਝ ਸਿੱਖੀਏ ਅਤੇ ਪੈਸੇ ਦੀ ਹਕੀਕਤ ਲੋਕਾਂ ਨੂੰ ਦੱਸੀਏ। ਇਸ ਪੈਸੇ ਪਿੱਛੇ ਅਸੀਂ ਸਾਰੀ ਜ਼ਿੰਦਗੀ ਦਾ ਚੈਨ ਗੁਆ ਬੈਠਦੇ ਹਾਂ। ਸਾਡਾ ਬਚਪਨ ਕਦੋਂ ਆਇਆ ਕਦੋਂ ਚਲਾ ਗਿਆ ਕੁਝ ਪਤਾ ਨਹੀਂ, ਜਵਾਨੀ ਕਦੋਂ ਆਈ ਅਤੇ ਕਦੋਂ ਬੁਢਾਪੇ ਨੇ ਆ ਘੇਰਿਆ ਕੁਝ ਪਤਾ ਨਹੀਂ। ਸਾਡੇ ਰਿਸ਼ਤੇ ਨਾਤੇ, ਸਦੀਆਂ ਰਸਮਾ, ਸਾਡੇ ਰਿਵਾਜ, ਸਾਡੇ ਧਾਰਮਿਕ ਅਸਥਾਨ---ਹਰ ਥਾਂ ਤੇ ਪੈਸਾ ਹੀ ਭਾਰੂ ਹੈ ਤਾਂ ਸਾਨੂੰ ਆਪਣੇ ਆਪ ਬਾਰੇ ਦੁਬਾਰਾ ਸੋਚਣ ਦੀ ਲੋੜ ਹੈ ਕਿ ਇੰਦਰਾਣੀ ਨਹੀਂ ਅਸੀਂ ਕਿਧਰ ਜਾ ਰਹੇ ਹਾਂ?

No comments: